ਬਿਨਾ ਇਜਾਜ਼ਤ ਕੈਂਡਲ ਮਾਰਚ ਕੱਢਣ ਦੀ ਕਰ ਰਹੇ ਸਨ ਤਿਆਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਜਲੰਧਰ ‘ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਵਾਲੇ ਸਨ ਕਿ ਪੁਲਿਸ ਨੇ ਖਹਿਰਾ ਤੇ ਉਸ ਦੇ 20 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਡੀ.ਸੀ.ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਖਹਿਰਾ ਨੇ ਕੈਂਡਲ ਮਾਰਚ ਕੱਢਣ ਦੀ ਆਗਿਆ ਨਹੀਂ ਲਈ ਸੀ।ઠਡੀਸੀਪੀ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਕੈਂਡਲ ਮਾਰਚ ਵਾਲੀ ਥਾਂ ‘ਤੇ ਪਹੁੰਚੀ ਅਤੇ ਸੁਖਪਾਲ ਖਹਿਰਾ ਨੂੰ ਸਾਥੀਆਂ ਸਮੇਤ ਫੜ ਕੇ ਥਾਣੇ ਲੈ ਗਈ ਅਤੇ ਵਿਧਾਇਕ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਕੇਸ ਦਰਜ ਕਰ ਲਿਆ । ਪੁਲਿਸ ਦਾ ਕਹਿਣਾ ਹੈ ਕਿ ਖਹਿਰਾ ਨੇ ਕਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਕਰਫਿਊ ਵਿੱਚ ਲੋਕਾਂ ਦੀ ਜਾਨ ਲਈ ਖ਼ਤਰਾ ਪੈਦਾ ਕੀਤਾ ਹੈ। ਖਹਿਰਾ ਨੇ ਆਪਦਾ ਪ੍ਰਬੰਧਨ ਐਕਟ ਅਤੇ ਮਹਾਂਮਾਰੀ ਸਬੰਧੀ ਐਕਟ ਦੀ ਉਲੰਘਣਾ ਕੀਤੀ ਹੈ। ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਕੁੱਝ ਸਮੇਂ ਬਾਅਦ ਹੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।