Breaking News
Home / ਨਜ਼ਰੀਆ / 100ਵਾਂ ਵਰ੍ਹਾ : ਸਦੀ ਦਾ ਦੂਜਾ ਨਾਂ ਜਸਵੰਤ ਸਿੰਘ ਕੰਵਲ

100ਵਾਂ ਵਰ੍ਹਾ : ਸਦੀ ਦਾ ਦੂਜਾ ਨਾਂ ਜਸਵੰਤ ਸਿੰਘ ਕੰਵਲ

ਪ੍ਰਿੰ. ਸਰਵਣ ਸਿੰਘ
ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੈਂਚਰੀ ਮਾਰਦੇ ਮਾਰਦੇ ਰਹਿ ਗਏ ਸਨ। ਹੁਣ ਆਸ ਜਸਵੰਤ ਕੰਵਲ ਉਤੇ ਹੈ। 27 ਜੂਨ 2018 ਨੂੰ ਉਹਦਾ ਸੌਵਾਂ ਜਨਮ ਦਿਵਸ ਸੀ। ਉਸ ਦੇ ਪਿੰਡ ਢੁੱਡੀਕੇ ਵਿਚ ਉਸ ਨੂੰ ‘ਪੰਜਾਬ ਗੌਰਵ’ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਇਸ ਵੇਲੇ ਪੰਜਾਬੀ ਦਾ ਉਹ ਸਭ ਤੋਂ ਵੱਡਉਮਰਾ ਲੇਖਕ ਹੈ। ਭਾਈ ਜੋਧ ਸਿੰਘ 31 ਮਈ 1882 ਤੋਂ 4 ਦਸੰਬਰ 1981 ਤਕ 99 ਸਾਲ 6 ਮਹੀਨੇ 4 ਦਿਨ ਜੀਵਿਆ ਸੀ। ਖੁਸ਼ਵੰਤ ਸਿੰਘ 2 ਫਰਵਰੀ 1915 ਤੋਂ 20 ਮਾਰਚ 2014 ਤਕ 99 ਸਾਲ 1 ਮਹੀਨਾ 18 ਦਿਨ ਜਿਉਂਦਾ ਰਿਹਾ। ਦੇਵਿੰਦਰ ਸਤਿਆਰਥੀ 28 ਮਈ 1908 ਤੋਂ 12 ਫਰਵਰੀ 2003 ਤੇ ਕਰਤਾਰ ਸਿੰਘ ਦੁੱਗਲ 1 ਮਾਰਚ 1917 ਤੋਂ 26 ਜਨਵਰੀ 2012 ਤਕ ਲਗਭਗ 95 ਸਾਲ ਜੀਵੇ। ਜਗਜੀਤ ਸਿੰਘ ਅਨੰਦ 28 ਦਸੰਬਰ 1921 ਤੋਂ 19 ਜੂਨ 2015 ਤਕ, ਕਰਨੈਲ ਸਿੰਘ ਪਾਰਸ 28 ਜੂਨ 1916 ਤੋਂ 28 ਫਰਵਰੀ 2009, ਨਾਟਕਕਾਰ ਹਰਚਰਨ ਸਿੰਘ 10 ਦਸੰਬਰ 1914 ਤੋਂ 4 ਦਸੰਬਰ 2006, ਪ੍ਰੋ. ਪ੍ਰੀਤਮ ਸਿੰਘ 11 ਜਨਵਰੀ 1918 ਤੋਂ 26 ਅਕਤੂਬਰ 2008 ਤੇ ਡਾ. ਜਸਵੰਤ ਸਿੰਘ ਨੇਕੀ 27 ਅਗੱਸਤ 1925 ਤੋਂ 11 ਸਤੰਬਰ 2015 ਤਕ ਜਿਉਂਦੇ ਰਹੇ। ਨੱਬੇ ਸਾਲਾਂ ਦੀ ਤੋਂ ਟੱਪਣ ਵਾਲੇ ਇਹੀ ਕੁਝ ਕੁ ਨਾਮੀ ਲੇਖਕ ਹਨ।
ਭਾਈ ਵੀਰ ਸਿੰਘ, ਭਾਈ ਸਾਹਿਬ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਪ੍ਰੋ. ਕਿਸ਼ਨ ਸਿੰਘ, ਸੋਹਣ ਸਿੰਘ ਸੀਤਲ, ਡਾ.ਮੋਹਨ ਸਿੰਘ ਦੀਵਾਨਾ, ਪਿਆਰਾ ਸਿੰਘ ਸਹਿਰਾਈ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ, ਡਾ. ਹਰਿਭਜਨ ਸਿੰਘ, ਸੁਖਬੀਰ ਤੇ ਗੁਰਦਿਆਲ ਸਿੰਘ ਹੋਰੀਂ ਅੱਸੀਆਂ ਨੂੰ ਤਾਂ ਟੱਪ ਗਏ ਸਨ, ਕਈਆਂ ਨੇ ਚੁਰਾਸੀ ਵੀ ਕੱਟ ਲਈ ਸੀ ਪਰ ਨੱਬਿਆਂ ਦੀ ਪੌੜੀ ਨਾ ਚੜ੍ਹ ਸਕੇ। ਭਾਈ ਕਾਨ੍ਹ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ, ਨਾਨਕ ਸਿੰਘ, ਪ੍ਰਿੰ. ਤੇਜਾ ਸਿੰਘ, ਆਈ.ਸੀ.ਨੰਦਾ, ਪ੍ਰੋ. ਮੋਹਨ ਸਿੰਘ, ਬਾਵਾ ਬਲਵੰਤ, ਬਲਰਾਜ ਸਾਹਨੀ ਤੇ ਕੁਲਵੰਤ ਸਿੰਘ ਵਿਰਕ ਹੋਰੀਂ ਅੱਸੀਆਂ ਨੂੰ ਵੀ ਨਹੀਂ ਢੁੱਕੇ। ਸ਼ਿਵ ਕੁਮਾਰ, ਸੰਤ ਰਾਮ ਉਦਾਸੀ, ਅਮਿਤੋਜ, ਕਰਮਜੀਤ ਕੁੱਸਾ ਤੇ ਪਾਸ਼ ਹੋਰੀਂ ਜੁਆਨੀ ਪਹਿਰੇ ਹੀ ਚਲੇ ਗਏ ਜਿਵੇਂ ਅੰਗਰੇਜ਼ੀ ਦਾ ਕਵੀ ਕੀਟਸ ਗਿਆ ਸੀ। ਸ਼ੈਕਸਪੀਅਰ 52 ਸਾਲ ਤੇ ਮੁਨਸ਼ੀ ਪ੍ਰੇਮ ਚੰਦ 56 ਸਾਲ ਜੀਵੇ। ਟੈਗੋਰ ਨੇ 80 ਸਾਲ ਤੇ ਬਰਟਰੰਡ ਰੱਸਲ ਨੇ 97 ਸਾਲ ਉਮਰ ਭੋਗੀ। ਲਿਓ ਤਾਲਸਤਾਏ ਨੇ 82 ਸਾਲ, ਜਦ ਕਿ ਦੁਨੀਆ ਦੇ ਬਹੁਤ ਸਾਰੇ ਨਾਮਵਰ ਲੇਖਕ ਸੱਤਰ ਬਹੱਤਰ ਸਾਲਾਂ ਤੋਂ ਵੀ ਘੱਟ ਜੀਵਨ ਜੀਵੇ। ਨਾਵਲਕਾਰ ਕੰਵਲ ਨੂੰ 27 ਜੂਨ ਨੂੰ ਸੌਵਾਂ ਸਾਲ ਲੱਗ ਰਿਹੈ। ਸੌਵਾਂ ਸਾਲ ਕ੍ਰਿਕਟ ਦੀ ਸੈਂਚਰੀ ਵਾਂਗ ਸੌਵੇਂ ਰੱਨ ਵਾਂਗ ਹੀ ਰਿਸਕੀ ਹੁੰਦੈ। ਜੇਕਰ ਉਹਦੀ ਸੈਂਚਰੀ ਵੱਜ ਗਈ ਤਾਂ ਵਿਸ਼ਵ ਲੇਖਕਾਂ ਵਿਚ ਸਾਡੇ ਇਸ ਪੰਜਾਬੀ ਲੇਖਕ ਦਾ ਵਿਸ਼ਵ ਰਿਕਾਰਡ ਹੋਵੇਗਾ!
ਕੰਵਲ ਦੀ ਸਿਹਤ ਹਾਲੇ ਕਾਇਮ ਹੈ। ਅੰਦਰਲੇ ਘਰੋਂ ਬਾਹਰਲੇ ਤੇ ਬਾਹਰਲੇ ਘਰੋਂ ਅੰਦਰਲੇ ਘਰ ਗੇੜੇ ਮਾਰਦਾ ਰਹਿੰਦੈ। ਕਦੇ ਕਦੇ ਪਿੰਡ ਦੀ ਫਿਰਨੀ ‘ਤੇ ਤੁਰਿਆ ਜਾਂਦਾ ਆਪਣੇ ਆਪ ਨਾਲ ਗੱਲਾਂ ਕਰਦਾ ਵੀ ਵੇਖਿਆ ਜਾ ਸਕਦੈ। ਹਵਾ ‘ਚ ਹੱਥ ਦੀਆਂ ਉਂਗਲਾਂ ਤਾਣਦਾ ਆਪਣੇ ਜਾਣੇ ਨੁਕਤੇ ਸਿੱਧ ਕਰਦਾ ਲੱਗਦੈ। ਉਹ 1943 ਤੋਂ ਕਿਤਾਬਾਂ ਲਿਖਦਾ ‘ਜੀਵਨ ਕਣੀਆਂ’ ਤੋਂ ‘ਧੁਰ ਦਰਗਾਹ’ ਤਕ ਪਹੁੰਚ ਗਿਐ। ਉਹਦੀਆਂ ਕਿਤਾਬਾਂ ਦਾ ਸੈਂਕੜਾ ਵੀ ਹੋਣ ਵਾਲਾ ਹੈ। ‘ਧੁਰ ਦਰਗਾਹ’ ਦੇ ਸਰਵਰਕ ਉਤੇ ਸਤਰਾਂ ਛਪੀਆਂ ਹਨ: ਦਿਲ ਦੇ ਤਾਰਿਓ! ਰੂਹ ਦੇ ਪਿਆਰਿਓ! ਵਿਛੜਨ ਦਾ ਵੇਲਾ ਧੱਕਾ ਦੇ ਕੇ ਆ ਗਿਆ ਏ। ਧੱਕੇ ਮਾਰਦੇ ਮੇਲੇ ਨੇ ਇਕ ਦਿਨ ਖਿਲਰਣਾ ਹੀ ਹੈ। ਆਓ ਰਲ ਮਿਲ ਕੇ ਇਸ ਮੇਲੇ ਨੂੰ ਯਾਦਗਾਰੀ ਬਣਾਈਏ। ਯਾਰਾਂ ਦੋਸਤਾਂ, ਪਾਠਕਾਂ, ਲੇਖਕਾਂ ਤੇ ਅਨਾਦੀ ਮੇਲ ਮਿਲਾਪੀਆਂ ਨੂੰ, ਘੁੱਟ ਘੁੱਟ ਜੱਫੀਆਂ ਪਾ ਕੇ ਮਿਲੀਏ ਤੇ ਪਿਆਰ ਦੀਆਂ ਪੱਕੀਆਂ ਲੀਹਾਂ ਨੂੰ ਯਾਦਗਾਰੀ ਬਣਾਈਏ…। ਕਿਤਾਬ ਦੇ ਅੰਤ ਵਿਚ ਲਿਖਿਆ ਹੈ-ਨਾ ਮਰਿਆ ਨਾ ਜੀਵਿਆ, ਜਸਵੰਤ ਸਿੰਘ ਕੰਵਲ।
28 ਜਨਵਰੀ 2018 ਨੂੰ ਅਸੀਂ ‘ਕੱਠਿਆਂ ਨੇ ਢੁੱਡੀਕੇ ਦਾ ਖੇਡ ਮੇਲਾ ਵੇਖਿਆ। ਮੈਂ ਕੈਨੇਡਾ ਤੋਂ ਢੁੱਡੀਕੇ ਪਹੁੰਚਿਆ ਸਾਂ। ਠੰਢ ਹੋਣ ਕਰਕੇ ਕੰਵਲ ਭੂਰੀ ਦੀ ਬੁੱਕਲ ਮਾਰੀ ਬੈਠਾ ਸੀ। ਮੇਲੇ ਜਾਣ ਨੂੰ ਆਖਿਆ ਤਾਂ ਉਹ ਜਕੋ-ਤਕੇ ਵਿਚ ਪੈ ਗਿਆ ਪਰ ਮੈਂ ਇਹ ਕਹਿ ਕੇ ਤਿਆਰ ਕਰ ਲਿਆ, ”ਕੀ ਪਤਾ ਮੁੜ ਕੇ ‘ਕੱਠਿਆਂ ਮੇਲਾ ਵੇਖਣਾ ਨਸੀਬ ਹੀ ਨਾ ਹੋਵੇ!”
ਕੰਵਲ ਕਾਰ ਵਿਚ ਬਹਿਣ ਲੱਗਾ ਤਾਂ ਮੈਂ ਪਹਿਲੀ ਵਾਰ ਉਹਦੇ ਹੱਥ ‘ਚ ਖੂੰਡੀ ਵੇਖੀ ਜੋ ਤੁਰਨ ਲੱਗਿਆਂ ਉਹਦੇ ਲੜਕੇ ਸਰਬਜੀਤ ਨੇ ਮੱਲੋ-ਮੱਲੀ ਫੜਾਈ। ਮੇਲੇ ‘ਚ ਸਟੇਜ ਦੀਆਂ ਉੱਚੀਆਂ ਪੌੜੀਆਂ ਚੜ੍ਹਨ ਦੀ ਥਾਂ ਅਸੀਂ ਹੇਠਲੀਆਂ ਕੁਰਸੀਆਂ ‘ਤੇ ਹੀ ਬੈਠ ਗਏ। ਮੇਲਾ ਵੇਖਦਿਆਂ ਉਸ ਨੇ ਖੁਸ਼ ਹੋ ਕੇ ਕਿਹਾ, ”ਲੈ ਮੈਂ ਹੁਣ ਸਾਲ ਭਰ ਨੀ ਡੋਲਦਾ!” 1961-62 ਵਿਚ ਜਦੋਂ ਮੈਂ ਮੁਕਤਸਰ ਬੀ. ਐੱਡ. ਕਰਦਾ ਸਾਂ ਤਾਂ ਇਹੋ ਜਿਹਾ ਡਾਇਲਾਗ ਹੀ ਮਾਘੀ ਦੇ ਮੇਲੇ ਵਿਚ ਇਕ ਛੜੇ ਦੇ ਮੂੰਹੋਂ ਸੁਣਿਆ ਸੀ। ਉਸ ਨੂੰ ਤੀਵੀਂ ਬਣੇ ਨਚਾਰ ਨੇ ਫੱਟੇ ਉਤੇ ਨੱਚਦਿਆਂ ਅੱਖ ਮਾਰੀ ਤਾਂ ਉਸ ਨੇ ਛਾਤੀ ‘ਤੇ ਹੱਥ ਰੱਖ ਕੇ ਕਿਹਾ ਸੀ, ”ਲੈ ਮੈਂ ਹੁਣ ਛੇ ਮਹੀਨੇ ਨੀ ਡੋਲਦਾ!” 2009 ‘ਚ ਕੰਵਲ ਦਾ 91ਵਾਂ ਜਨਮ ਦਿਨ ਢੁੱਡੀਕੇ ਖੇਡ ਮੇਲੇ ਵਿਚ ਹੀ ਮਨਾਇਆ ਗਿਆ ਸੀ। ਮੈਂ ਮਾਈਕ ਤੋਂ ਕਿਹਾ ਸੀ, ”ਆਓ ਕੰਵਲ ਸਾਹਿਬ ਨੂੰ ਵਧਾਈਆਂ ਦੇਈਏ ਤੇ ਦੁਆਵਾਂ ਕਰੀਏ ਬਈ ਇਸ ਮੇਲੇ ਦਾ ਬਾਨੀ, ਬਾਈ ਕੰਵਲ ਸੌ ਸਾਲ ਜੀਵੇ!” ਉਦੋਂ ਤੋਂ ਉਹਦਾ ਜਨਮ ਦਿਨ ਪਿੰਡ ਵੱਲੋਂ ਹੀ ਮਨਾਇਆ ਜਾ ਰਿਹੈ।
1950ਵਿਆਂ ਵਿਚ ਕੰਵਲ ਪਿੰਡ ਦਾ ਸਰਪੰਚ ਬਣਿਆ ਤਾਂ ਉਸ ਨੇ ਲਾਲਾ ਲਾਜਪਤ ਰਾਏ ਦੇ ਸਾਥੀ ਲਾਲਾ ਮੋਹਨ ਲਾਲ ਐੱਮ. ਐੱਲ. ਸੀ. ਨਾਲ ਰਲ ਕੇ ਲਾਲੇ ਦੇ ਜਨਮ ਸਥਾਨ ਢੁੱਡੀਕੇ ਦੇ ਵਿਕਾਸ ਦੀ ਸਕੀਮ ਬਣਾਈ। 28 ਜਨਵਰੀ 1956 ਨੂੰ ਲਾਲਾ ਜੀ ਦੇ ਜਨਮ ਦਿਵਸ ‘ਤੇ ‘ਕੱਠ ਕਰ ਕੇ ਲਾਜਪਤ ਰਾਏ ਖੇਡ ਮੇਲਾ ਕਰਾਉਣ ਦਾ ਪ੍ਰੋਗਰਾਮ ਉਲੀਕਿਆ। ਜੁਲਾਈ 1959 ਵਿਚ ਲਾਲ ਬਹਾਦਰ ਸ਼ਾਸ਼ਤ੍ਰੀ ਢੁੱਡੀਕੇ ਆਏ। ਫਿਰ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਨੇ ਲਾਲਾ ਜੀ ਦੇ ਜਨਮ ਸਥਾਨ ਮੈਮੋਰੀਅਲ ਦੀ ਬੁਨਿਆਦ ਰੱਖੀ ਤੇ ਲਾਲਾ ਜੀ ਦੀ ਪਹਿਲੀ ਜਨਮ ਸ਼ਤਾਬਦੀ ਮੌਕੇ 28 ਜਨਵਰੀ 1965 ਨੂੰ ਤੱਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤ੍ਰੀ ਨੇ ਲਾਜਪਤ ਰਾਏ ਸੈਂਟੇਨਰੀ ਕਾਲਜ ਦਾ ਨੀਂਹ ਪੱਥਰ ਰੱਖਿਆ। ਸੀਮੈਂਟ ਵਾਲੇ ਤਸਲੇ ਨਾਲ ਸ਼ਾਸ਼ਤ੍ਰੀ ਦੀ ਉਂਗਲ ‘ਤੇ ਝਰੀਟ ਆ ਗਈ ਜਿਸ ਨਾਲ ਖੂੰਨ ਦੀਆਂ ਕੁਝ ਬੂੰਦਾਂ ਵੀ ਨੀਂਹ ਵਿਚ ਪੈ ਗਈਆਂ। ਮੈਨੂੰ ਇਸ ਕਾਲਜ ਵਿਚ ਤੀਹ ਸਾਲ ਪੜ੍ਹਾਉਣ ਦਾ ਮੌਕਾ ਮਿਲਿਆ ਅਤੇ ਮੈਂ ਵੀਹ ਸਾਲ ਕੰਵਲ ਦੇ ਗੁਆਂਢ ਰਿਹਾ।
ਕੰਵਲ ਨਾਵਲਕਾਰ ਹੀ ਨਹੀਂ, ਕਹਾਣੀਕਾਰ, ਵਾਰਤਾਕਾਰ, ਕਵੀ, ਪੱਤਰਕਾਰ, ਚਿੱਠੀ ਲੇਖਕ, ਰੇਖਾ ਚਿਤਰਕਾਰ, ਸਾਹਿਤ ਸਭੀਆ, ਕਾਨਫ੍ਰੰਸੀਆ, ਇਨਾਮੀਆ, ਸੈਲਾਨੀ, ਰਾਜਸੀ ਪਾਰਟੀਆਂ ਦਾ ਸਲਾਹਕਾਰ, ਸ਼ਤਰੰਜ ਦਾ ਖਿਡਾਰੀ ਤੇ ਕਬੀਲਦਾਰ ਵੀ ਹੈ। ਉਸ ਨੇ ਆਸ਼ਕੀ ਵੀ ਕੀਤੀ ਜਿਸ ਦਾ ਵੇਰਵਾ ਉਹਦੀ ਪੁਸਤਕ ‘ਪੁੰਨਿਆਂ ਦਾ ਚਾਨਣ’ ਵਿਚੋਂ ਪੜ੍ਹਿਆ ਜਾ ਸਕਦੈ। ਉਹ ਦਸਵੀਂ ਤਕ ਹੀ ਪੜ੍ਹ ਸਕਿਆ ਸੀ। ਫਿਰ ਮਲਾਇਆ ‘ਚ ਜਾਗਾ ਰਿਹਾ, ਮੁੜ ਕੇ ਖੇਤੀ ਕੀਤੀ, ਸਾਧ ਤੋਂ ਵੇਦਾਂਤ ਪੜ੍ਹਿਆ ਅਤੇ ਸਾਧ ਬਣਦਾ-ਬਣਦਾ ਬਚਿਆ। ਪਿੰਡ ਦੇ ਪਾਰਟੀਬਾਜ਼ੀ ਵਾਲੇ ਮਾਹੌਲ ਵਿਚ ਵੈੱਲੀ ਬਣਨ ਦੇ ਆਸਾਰ ਸਨ ਪਰ ਉਹ ਵੈੱਲੀ/ਬਦਮਾਸ਼ ਬਣਨੋਂ ਵੀ ਬਚ ਗਿਆ। ਫਿਰ ਸ਼੍ਰੋਮਣੀ ਕਮੇਟੀ ਦੀ ਕਲੱਰਕੀ ਕੀਤੀ। ਮਲਾਇਆ ਵਿਚ ਉਹਦੇ ‘ਤੇ ਇਕ ਚੀਨਣ ਤੇ ਇਕ ਮਲਾਇਣ ਮਾਇਲ ਹੋਈਆਂ ਰਹੀਆਂ ਪਰ ਉਹ ਉਹਨਾਂ ਦੇ ਹੱਥ ਨਾ ਆਇਆ। ਕਰਮਾਂ ਦੀ ਖੇਡ ਵੇਖੋ ਕਿ ਦਸਵੀਂ ਫੇਲ੍ਹ ਅਤੇ ਪੰਜ ਬੱਚਿਆਂ ਦੇ ਬਾਪ ਉਤੇ ਲਾਹੌਰ ਤੋਂ ਐਮ. ਬੀ. ਬੀ. ਐਸ. ਪਾਸ ਡਾਕਟਰ ਜਸਵੰਤ ਗਿੱਲ ਮਰ ਮਿਟੀ ਜਿਸ ਦੀ ਯਾਦ ਵਿਚ ਉਸ ਨੇ ‘ਪੁੰਨਿਆਂ ਦਾ ਚਾਨਣ’ ਤੇ ‘ਧੁਰ ਦਰਗਾਹ’ ਪੁਸਤਕਾਂ ਲਿਖੀਆਂ ਅਤੇ ਹਰ ਸਾਲ ਜਸਵੰਤ ਗਿੱਲ ਯਾਦਗਾਰੀ ਅਵਾਰਡ ਦਿੱਤਾ ਜਾ ਰਿਹੈ। ‘ਭਾਵਨਾ’ ਕਾਵਿ ਸੰਗ੍ਰਹਿ ਦੀ ਪਾਰਵਤੀ ਤਾਂ ਸੀ ਹੀ ਜਸਵੰਤ ਗਿੱਲ ਜਿਸ ਦਾ ਕਈ ਸਾਲਾਂ ਬਾਅਦ ਪਤਾ ਲੱਗਾ। ਕੰਵਲ ਨੂੰ ‘ਭੇਤ’ ਛੁਪਾ ਕੇ ਰੱਖਣਾ ਆਉਂਦੈ। ਕਈ ਸਾਲ ਮੈਂ ਕੋਲ ਰਹਿੰਦਾ ਹੋਇਆ ਵੀ ਉਹਦਾ ਭੇਤ ਨਹੀਂ ਸੀ ਪਾ ਸਕਿਆ। ਬੜੀ ਦੇਰ ਬਾਅਦ ਉਸ ਨੇ ਕਿਹਾ, ”ਲਿਖ ਦੇ ਜਸਵੰਤ ਗਿੱਲ ਮੇਰੀ ਪਤਨੀ ਹੈ।”
***
ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਨੂੰ ਸਰੂ ਦਾ ਰੁੱਖ ਕਿਹਾ ਜਾ ਸਕਦੈ। ਉਹ ਵਗਦੀਆਂ ਹਵਾਵਾਂ ਦੇ ਵੇਗ ‘ਚ ਝੂੰਮਦੈ। ਕਦੇ ਖੱਬੇ ਲਹਿਰਾਉਂਦੈ, ਕਦੇ ਸੱਜੇ ਤੇ ਕਦੇ ਵਾਵਰੋਲੇ ਵਾਂਗ ਘੁੰਮਦੈ। ਉਹਦੀਆਂ ਟਾਹਣੀਆਂ ਲਚਕਦਾਰ ਹਨ, ਤਣਾ ਮਜ਼ਬੂਤ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਵਾਵਰੋਲੇ ਤਾਂ ਕੀ, ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹ ਜਿੰਨਾ ਧਰਤੀ ਤੋਂ ਉੱਤੇ ਹੈ ਉਨਾ ਹੀ ਧਰਤੀ ਦੇ ਥੱਲੇ ਹੈ। ਉਹ ਵੇਗਮੱਤਾ ਲੇਖਕ ਹੈ ਤੇ ਲੋਹੜੇ ਦਾ ਜਜ਼ਬਾਤੀ। ਉਹਦੇ ਰੁਮਾਂਚਿਕ ਰਉਂ ‘ਚ ਲਿਖੇ ਜਜ਼ਬਾਤੀ ਸੰਵਾਦ ਸਿੱਧੇ ਦਿਲਾਂ ‘ਤੇ ਵਾਰ ਕਰਦੇ ਹਨ। ਮਿਹਣੇ ਮਾਰਦੇ ਤੇ ਆਰਾਂ ਲਾਉਂਦੇ ਹਨ। ਉਸ ਨੇ ਹਜ਼ਾਰਾਂ ਸੰਵਾਦ ਰਚੇ ਜੋ ਨੌਜੁਆਨਾਂ ਤੇ ਮੁਟਿਆਰਾਂ ਦੀਆਂ ਡਾਇਰੀਆਂ ਉਤੇ ਚੜ੍ਹਦੇ ਰਹੇ। ਉਹਦੀ ਪ੍ਰੀਤਭਿੱਜੀ ਰੁਮਾਂਚਿਕ ਸ਼ੈਲੀ ਨੇ ਲੱਖਾਂ ਪਾਠਕ ਪੱਟੇ। ਡਾ. ਜਸਵੰਤ ਗਿੱਲ ਉਹਦੇ ਨਾਵਲ ‘ਰਾਤ ਬਾਕੀ ਹੈ’ ਦੀ ਪੱਟੀ ਢੁੱਡੀਕੇ ਆ ਬੈਠੀ ਸੀ।
ਕੰਵਲ ਦੀ ਵਡਿਆਈ ਇਸ ਗੱਲ ਵਿਚ ਹੈ ਕਿ ਉਸ ਨੇ ਪਹਿਲੀ ਵਾਰ ਪੰਜਾਬ ਦੇ ਪੇਂਡੂ ਜੀਵਨ ਨੂੰ ਆਪਣੇ ਨਾਵਲਾਂ ਵਿਚ ਦਰਸਾਇਆ। ਉਹਦੇ ਕਈ ਨਾਵਲਾਂ ਦੀਆਂ ਦਰਜਨ ਤੋਂ ਵੱਧ ਐਡੀਸ਼ਨਾਂ ਛਪੀਆਂ। ਉਹਦੀਆਂ ਕਿਤਾਬਾਂ ਦੀਆਂ ਕੁਲ ਕਾਪੀਆਂ ਦਸ ਲੱਖ ਤੋਂ ਵੀ ਵੱਧ ਛਪ ਗਈਆਂ ਹੋਣਗੀਆਂ। ਇਕ ਕਾਪੀ ਦੀ ਦਸ ਵੀਹ ਰੁਪਏ ਵੀ ਰਾਇਲਟੀ ਮਿਲੀ ਹੋਵੇ ਤਾਂ ਲਾ ਲਓ ਹਿਸਾਬ ਕਿੰਨੀ ਰਾਇਲਟੀ ਮਿਲੀ? ਜਿਹੜੇ ਕਹਿੰਦੇ ਹਨ ਕਿ ਪੰਜਾਬੀ ਵਿਚ ਲਿਖਣਾ ਖ਼ਾਕ ਛਾਨਣਾ ਹੈ, ਕੰਵਲ ਨੂੰ ਪੁੱਛੋ ਕਿਤਾਬਾਂ ਲਿਖ ਕੇ ਕੀ ਖੱਟਿਆ?ਪੰਜਾਬੀ ਵਿਚ ਉਸ ਦੇ ਸਭ ਤੋਂ ਬਹੁਤੇ ਪਾਠਕ ਹਨ/ਸਨ। ਉਸ ਨੇ ਕਲਮ ਦੀ ਕਮਾਈ ਨਾਲ ਪਰਿਵਾਰ ਪਾਲਿਆ, ਚਾਰੇ ਧੀਆਂ ਹੋਸਟਲਾਂ ਵਿਚ ਐਮ.ਐਸਸੀ. ਤਕ ਪੜ੍ਹਾਈਆਂ ਅਤੇ ਡਾਕਟਰ, ਪ੍ਰੋਫ਼ੈਸਰ ਤੇ ਇੰਜਨੀਅਰ ਜੁਆਈਆਂ ਦੇ ਲੜ ਲਾਈਆਂ। ਜਿੰਨੀ ਜ਼ਮੀਨ ਉਹਨੂੰ ਵਿਰਸੇ ‘ਚ ਮਿਲੀ ਸੀ ਓਦੂੰ ਵੱਧ ਕਲਮ ਦੀ ਕਮਾਈ ਨਾਲ ਬਣਾਈ। ਦੇਸ਼ ਵਿਦੇਸ਼ ਦੀਆਂ ਸੈਰਾਂ ਵੱਖ ਕੀਤੀਆਂ। ਬਣਦਾ ਸਰਦਾ ਦਸਵੰਧ ਵੀ ਪਿੰਡ ਦੇ ਲੇਖੇ ਲਾਇਆ। ਸਾਹਿਤ ਟ੍ਰੱਸਟ ਢੁੱਡੀਕੇ ਵੱਲੋਂ ਲੱਖਾਂ ਦੇ ਇਨਾਮ ਦਿੱਤੇ। ਪੰਜਾਹ ਸਾਲ ਪਹਿਲਾਂ ਜਦੋਂ ਕਾਲਜ ਦੇ ਪ੍ਰੋਫ਼ੈਸਰਾਂ ਤੇ ਪ੍ਰਿੰਸੀਪਲ ਨੂੰ ਵੀ ਇਨਕਮ ਟੈਕਸ ਨਹੀਂ ਸੀ ਭਰਨਾ ਪੈਂਦਾ ਕੰਵਲ ਉਦੋਂ ਵੀ ਰਾਇਲਟੀ ਦਾ ਇਨਕਮ ਟੈਕਸ ਭਰਦਾ ਸੀ।
ਕੰਵਲ ਦਾ ਕੱਦ ਸਰੂ ਵਾਂਗ ਲੰਮਾ ਹੈ ਤੇ ਉਮਰ ਦੇ 100ਵੇਂ ਸਾਲ ਵਿਚ ਵੀ ਉਹ ਸਿੱਧਾ ਸਲੋਟ ਹੈ। ਸਿਰਫ਼ ਖੱਬੀ ਅੱਖ ਦੀ ਨਜ਼ਰ ਕੁਝ ਕਮਜ਼ੋਰ ਹੋਈ ਹੈ। ਦਿਲ ਨੂੰ ਤਕਲੀਫ਼ ਹੋਈ ਸੀ ਜੋ ਇਲਾਜ ਕਰਾਉਣ ਨਾਲ ਠੀਕ ਹੋ ਗਈ। ਖਾਣ ਪੀਣ ਲੱਗਾ ਅਜੇ ਵੀ ਅੱਧੀ ਰੋਟੀ ਸ਼ੱਕਰ ਘਿਉ ਨਾਲ ਖਾਂਦੈ। ਚਮਚਾ ਕੁ ਦਾਰੂ ਵੀ ਦਰਕਾਰ ਹੈ। ਕਿਤਾਬਾਂ ਲਿਖਣ ਦਾ ਰਿਕਾਰਡ ਤਾਂ ਹੈ ਹੀ, ਸੰਭਵ ਹੈ ਸਾਹਿਤਕ ਉਮਰ ਦਾ ਰਿਕਾਰਡ ਵੀ ਰੱਖ ਜਾਵੇ। ‘ਜੀਵਨ ਕਣੀਆਂ’ ਤੋਂ ‘ਧੁਰ ਦਰਗਾਹ’ ਤਕ ਪੁੱਜੇ ਨੂੰ ਵੀ ਨਾ ਪ੍ਰਕਾਸ਼ਕ ਰਾਇਲਟੀ ਦੇਣੋ ਹਟਦੇ ਨੇ ਤੇ ਨਾ ਉਹ ਲਿਖਣੋ ਬੱਸ ਕਰ ਰਿਹੈ।
ਬਾਈ ਕੰਵਲ ਨਾਲ ਮੇਰੀ ਮਿਲਣੀ ਨਾਵਲ ‘ਪੂਰਨਮਾਸ਼ੀ’ ਪੜ੍ਹਨ ਨਾਲ ਹੋਈ ਸੀ। ਉਸ ਨੂੰ ਮਿਲਣ ਤੋਂ ਪਹਿਲਾਂ ਮੈਂ ਉਹਦੇ ਪਾਤਰਾਂ ਨੂੰ ਮਿਲਿਆ। ਰੂਪ ਨੂੰ ਮਿਲਿਆ, ਚੰਨੋ ਨੂੰ ਮਿਲਿਆ, ਸ਼ਾਮੋ ਨੂੰ, ਜਗੀਰ ਨੂੰ ਤੇ ਦਿਆਲੇ ਅਮਲੀ ਨੂੰ ਮਿਲਿਆ। ਉਹਦੇ ਨਾਵਲ ਵਿਚਲੇ ‘ਨਵੇਂ ਪਿੰਡ’ ਉਰਫ ਢੁੱਡੀਕੇ ਨੂੰ ਮਿਲਿਆ ਜਿਥੇ ਰੂਪ ਦਾ ਖੂਹ ਚਲਦਾ ਸੀ ਤੇ ਬਚਨੋ ਗੋਹੇ ਵਾਲਾ ਬੱਠਲ ਧੋਣ ਆਈ ਸੀ। ਇਹ ਮੂੰਹ ‘ਨੇਰ੍ਹੇ ਮਿਲਣ ਦਾ ਬਹਾਨਾ ਸੀ। ਖੁਸ਼ਵੰਤ ਸਿੰਘ ਨੇ ਇਸ ਚਲਦੇ ਖੂਹ ਦੇ ਬਿਰਤਾਂਤ ਨੂੰ ਇਲੱਸਟ੍ਰੇਟਿਟ ਵੀਕਲੀ ਵਿਚ ਵਡਿਆਇਆ ਸੀ। ਜਿਥੇ ਖੂਹ ਹੁੰਦਾ ਸੀ, ਖੇਤ ਹੁੰਦੇ ਸਨ ਤੇ ਬਚਨੋ ਰੂਪ ਨੂੰ ਮਿਲੀ ਸੀ ਉਥੇ ਹੁਣ ਕੰਵਲ ਦਾ ਘਰ ਹੈ। ਖੂਹ ਬੇਆਬਾਦ ਹੋ ਗਿਐ ਪਰ ਪੂਰਨਮਾਸ਼ੀ ਵਿਚ ਆਬਾਦ ਹੈ।
ਉਸ ਖੂਹ ਦੀ ਮੌਣ ਉਤੇ ਬਲਰਾਜ ਸਾਹਨੀ ਵੀ ਬੈਠਿਆ ਤੇ ਆਉਂਦੇ ਜਾਂਦੇ ਵੀ ਬਥੇਰੇ ਬੈਠੇ। ਉਹਦੀ ਨਿਸ਼ਾਨੀ ਅਜੇ ਵੀ ਕਾਇਮ ਹੈ। ਪੂਰਨਮਾਸ਼ੀ ਲੋਕ ਗੀਤਾਂ ਨਾਲ ਭਰੀ ਪਈ ਸੀ। ਹਰ ਕਾਂਡ ਦੇ ਅੱਗੇ ਤੇ ਪਿੱਛੇ ਇਕ ਟੱਪਾ ਸੀ। ਮੈਂ ਪੂਰਨਮਾਸ਼ੀ ਕਾਹਦੀ ਪੜ੍ਹੀ ਬੱਸ ਕੰਵਲ ਦਾ ਹੋ ਕੇ ਰਹਿ ਗਿਆ। ਫਿਰ ਮੈਂ ਉਸ ਨੂੰ ਏਨਾ ਮਿਲਿਆ ਕਿ ਹੁਣ ਤਕ ਮਿਲਦਾ ਹੀ ਆ ਰਿਹਾਂ। ਪੌਣੀ ਸਦੀ ਲੰਘ ਗਈ ਉਹਨੂੰ ਲਿਖਦਿਆਂ ਅਤੇ ਉਹ ਅਜੇ ਵੀ ਲਿਖੀ ਜਾ ਰਿਹੈ। ਉਹਦੀ ਰਚਨਾਤਮਿਕਤਾ ਦਾ ਕੋਈ ਹੱਦਬੰਨਾ ਨਹੀਂ। ਉਹ ਸਿਰਜਣਾ ਦਾ ਭਰ ਵਗਦਾ ਦਰਿਆ ਹੈ। ਉਸ ਨੇ ਪੰਜ ਲੱਖ ਤੋਂ ਵੱਧ ਸੰਵਾਦ ਤੇ ਪੰਜਾਹ ਲੱਖ ਤੋਂ ਵੱਧ ਲਫ਼ਜ਼ ਲਿਖ ਛੱਡੇ ਨੇ! ਉਹਦੀ ਲਿਖਣ ਦੀ ਮੈਰਾਥਨ ਅਜੇ ਵੀ ਜਾਰੀ ਹੈ। ਉਸ ਨੇ ਕਈ ਵਾਰ ਕਿਹਾ ਹੈ ਕਿ ਆਹ ਉਹਦੀ ਆਖ਼ਰੀ ਪੁਸਤਕ ਹੈ ਪਰ ਲੱਗਦੈ ਉਹ ਤਦ ਤਕ ਲਿਖਦਾ ਰਹੇਗਾ ਜਦ ਤਕ ਅੰਤਮ ਸਵਾਸ ਨਹੀਂ ਲੈ ਲੈਂਦਾ!
ਮੈਂ ਉਹਨੂੰ ਉਠਦਾ ਬੈਠਦਾ, ਤੁਰਦਾ ਫਿਰਦਾ, ਪੜ੍ਹਦਾ ਲਿਖਦਾ, ਬੋਲਦਾ ਚਲਦਾ, ਹਸਦਾ ਖੇਡਦਾ, ਮਸਤੀ ਮਾਰਦਾ, ਇਸ਼ਕ ਕਰਦਾ ਤੇ ਹੰਝੂ ਵਹਾਉਂਦਾ ਵੇਖਦਾ ਰਿਹਾਂ। ਕਦੇ ਖੇੜੇ ‘ਚ ਖਿੜਦਾ, ਕਦੇ ਉਦਾਸੀ ‘ਚ ਝੂਰਦਾ। ਕਦੇ ਕਾਨਫਰੰਸਾਂ ‘ਤੇ ਜਾਂਦਾ, ਕਦੇ ਸਾਹਿਤ ਸਭਾਵਾਂ ‘ਚ ਬੋਲਦਾ। ਕਦੇ ਕੋਟ ਪੈਂਟ ਪਾਏ ਹੁੰਦੇ, ਕਦੇ ਲੁੰਗੀ ਲਾਈ ਹੁੰਦੀ। ਕਦੇ ਮੰਡਾਸਾ ਮਾਰਿਆ ਹੁੰਦਾ, ਕਦੇ ਲੋਈ ਲਈ ਹੁੰਦੀ। ਕਦੇ ਨੰਗੇ ਸਿਰ ਤੇ ਕਦੇ ਪਰਨਾ ਵਲ੍ਹੇਟਿਆ ਹੁੰਦਾ। ਕਦੇ ਕੰਬਲੀ ਦੀ ਬੁੱਕਲ, ਕਦੇ ਖੇਸ ਦੀ ਬੁੱਕਲ। ਕਦੇ ਧੂਣੀ ਰਮਾਉਂਦਾ, ਕਦੇ ਧੁੱਪ ਸੇਕਦਾ। ਕਦੇ ਵੱਟ ਬੰਨੇ, ਕਦੇ ਟਾਹਲੀ ਦੀ ਛਾਵੇਂ। ਕਦੇ ਪੱਬਾਂ ਭਾਰ ਬੈਠਾ ਤੇ ਕਦੇ ਝੂਲਾ ਝੂਲਦਾ। ਕਦੇ ਨਿਆਣਿਆਂ ਨਾਲ ਕੌਡਾਂ ਖੇਡਦਾ। ਕਦੇ ਅੰਦਰਲੇ ਘਰ, ਕਦੇ ਬਾਹਰਲੀ ਕੋਠੀ। ਕਦੇ ਤਾਸ਼ ਖੇਡਦਾ, ਕਦੇ ਸ਼ਤਰੰਜ। ਕਦੇ ਡਾਕਘਰ, ਕਦੇ ਢੁੱਡੀਕੇ ਦੀ ਫਿਰਨੀ ‘ਤੇ। ਕਦੇ ‘ਕੱਲਾ ਬੈਠਾ ਆਪਣੇ ਆਪ ਨਾਲ ਗੱਲਾਂ ਕਰਦਾ। ਕਦੇ ਬਰਾਂਡੇ ਵਿਚ ਕੁਰਸੀ ਮੇਜ਼ ‘ਤੇ ਪੜ੍ਹਦਾ ਲਿਖਦਾ। 1967 ਵਿਚ ਕੰਵਲ ਨੇ ਹੀ ਮੈਨੂੰ ਦਿੱਲੀ ਦੇ ਖ਼ਾਲਸਾ ਕਾਲਜ ਤੋਂ ਪੱਟਿਆ ਸੀ ਵਰਨਾ ਮੈਂ ਦਿੱਲੀ ‘ਚ ਹੀ ਦਿਲ ਲਾਈ ਰੱਖਣਾ ਸੀ। ਵੇਖਦੇ ਹਾਂ ਉਹ ਸੈਂਚਰੀ ਕਿਵੇਂ ਮਾਰਦੈ? ਅਨੂਪ ਵਿਰਕ ਉਹਦੇ ਬਾਰੇ ਲਿਖਦੈ:
-ਉਹ ਚੰਨ ਚਾਨਣੀ ਰਾਤ ਜਿਹਾ
ਔੜਾਂ ਵਿਚ ਹੋਈ ਬਰਸਾਤ ਜਿਹਾ
ਉਹ ਸੁਪਨਾ ਸਾਹਿਤ ਸਮੁੰਦਰ ਦਾ
ਉਹ ਅਕਾਸ਼ ਦੀ ਖੁੱਲ੍ਹੀ ਕਿਤਾਬ ਜਿਹਾ
ਉਹ ਇਸ਼ਟ ਜਿਹਾ ਉਹ ਇਸ਼ਕ ਜਿਹਾ
ਮੇਰੇ ਸੀਨੇ ਅੰਦਰ ਲਿਸ਼ਕ ਰਿਹਾ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …