Breaking News
Home / ਨਜ਼ਰੀਆ / ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ

ਔਰੰਗਜੇਬ ਨੇ ਜਦੋਂ ਸੀ ਹਿੰਦ ਅੰਦਰ,
ਥਾਂ ਥਾਂ ਹਿੰਦੂਆਂ ‘ ਤੇ ਅਤਿਆਚਾਰ ਕੀਤਾ।
ਨਹੀਂ ਸੀ ਕਿਸੇ ਦੀ ਕੋਈ ਵੀ ਪੇਸ਼ ਜਾਂਦੀ,
ਹਿੰਦੂ ਧਰਮ ਨੂੰ ਬੜਾ ਲਾਚਾਰ ਕੀਤਾ।
ਪੱਤ ਰੋਲਦੇ ਦਿਨ ਦਿਹਾੜੇ ਹੈ ਸੀ,
ਧੀਆਂ ਭੈਣਾਂ ਨੂੰ ਬੜਾ ਖੁਆਰ ਕੀਤਾ।
ਜੰਝੂ ਸਵਾ ਮਣ ਲਾਹ ਕੇ ਖਾਏ ਰੋਟੀ,
ਏਨਾ ਉਸ ਨੇ ਸੀ ਆਵਾਜ਼ਾਰ ਕੀਤਾ।
ਡਰਦਾ ਉਸਦੇ ਅੱਗੇ ਨਾ ਕੋਈ ਬੋਲੇ,
ਹੱਦੋਂ ਵੱਧ ਕੇ ਜ਼ੁਲਮ ਕਮਾਂਦਾ ਸੀ ਉਹ।
ਜ਼ਬਰੀ ਮੁਸਲਮਾਨ ਕਰਦਾ ਸੀ ਹਿੰਦੂਆਂ ਨੂੰ,
ਬੇਖ਼ੌਫ ਹੋ ਮੰਦਰ ਢਾਂਦਾ ਸੀ ਉਹ।

ਦੁਖੀ ਹੋ ਕੇ ਕਸ਼ਮੀਰ ਦੇ ਕੁਝ ਪੰਡਤ,
ਪਹੁੰਚੇ ਆਣ ਕੇ ਗੁਰੂ ਦਰਬਾਰ ਅੰਦਰ।
ਰੋ ਰੋ ਕੇ ਦੱਸਿਆ ਉਨ੍ਹਾਂ ਹਾਲ ਸਾਰਾ,
ਜੋ ਜੋ ਬੀਤਿਆ ਹੈ ਸੀ ਪਰਿਵਾਰ ਅੰਦਰ।
ਉਹਦੇ ਜ਼ੁਲਮ ਨੂੰ ਵੇਖ ਕੇ ਛਿੜੇ ਕੰਬਣੀ,
ਹਾ ਹਾ ਮੱਚ ਗਈ ਸਾਰੇ ਸੰਸਾਰ ਅੰਦਰ।
ਹਿੰਦੂ ਧਰਮ ਅੱਜ ਡੁੱਬਦਾ ਜਾ ਰਿਹਾ ਏ,
ਜ਼ਿੰਦਗੀ ਘਿਰੀ ਹੋਈ ਏ ਮੰਝਧਾਰ ਅੰਦਰ।
ਅਸੀਂ ਆਪ ਦੀ ਚੱਲ ਕੇ ਸ਼ਰਨ ਆਏ,
ਹੋ ਕੇ ਸੱਭਨਾਂ ਦੇ ਕੋਲੋਂ ਨਿਰਾਸ਼ ਦਾਤਾ।
ਗੱਲ ਪੰਡਤਾਂ ਦੀ ਗਹੁ ਦੇ ਨਾਲ ਸੁਣਕੇ,
ਸਤਿਗੁਰ ਜੀ ਫੇਰ ਵਿਚਾਰਣ ਲੱਗੇ।
ਵਿਗੜੀ ਹੋਈ ਸੀ ਜਿਹੜੀ ਨਿਤਾਣਿਆਂ ਦੀ,
ਵੇਖੋ ਕਿਵੇਂ ਤਕਦੀਰ ਸਵਾਰਣ ਲੱਗੇ।
ਜ਼ੂਲਮ ਕਰ ਕਰ ਤਪਾਈ ਜੋ ਜ਼ਾਲਮਾਂ ਨੇ,
ਧੀਰਜ ਦੇ ਦੇ ਆਤਮਾ ਠਾਰਨ ਲੱਗੇ।
ਦਿੱਤਾ ਹੌਂਸਲਾ ਨਾਲੇ ਦਿਲਾਸਾ ਦਿੱਤਾ,
ਦਰ ‘ਤੇ ਡਿੱਗਿਆਂ ਤਾਂਈ ਸਤਿਕਾਰਨ ਲੱਗੇ।
ਗੋਬਿੰਦ ਰਾਏ ਨੇ ਆਣ ਕੇ ਕਿਹਾ ਏਦਾਂ,
ਕੀ ਫਰਿਆਦ ਇਹ ਪਿਤਾ ਜੀ ਕਰ ਰਹੇ ਨੇ।
ਹੰਝੂ ਨੈਣਾਂ ਦੇ ਵਿੱਚੋਂ ਵਹਾ ਰਹੇ ਨੇ,
ਕਿਹੜੀ ਆਫਤ ਦੇ ਕੋਲੋਂ ਇਹ ਡਰ ਰਹੇ ਨੇ।

ਸਾਰੀ ਹਿੰਦ ਦੇ ਵਿੱਚ ਹੀ ਹਿੰਦੂਆਂ ਤੇ,
ਔਰੰਗਜੇਬ ਇਹ ਜ਼ੁਲਮ ਕਮਾ ਰਿਹਾ ਏ।
ਉਹਦੇ ਤੁਅੱਸਬ ਪੁਣੇ ਦੀ ਹੱਦ ਮੁੱਕ ਗਈ,
ਥਾਂ ਥਾਂ ਸ਼ਰਾ ਦੇ ਜਾਲ ਵਿਛਾ ਰਿਹਾ ਏ।
ਟਿੱਕੇ ਮੱਥਿਆਂ ਤੋਂ ਪੂੰਝੀ ਜਾ ਰਿਹਾ ਏ,
ਜੰਝੂ ਗਲਾਂ ਦੇ ਵਿੱਚੋਂ ਲੁਹਾ ਰਿਹਾ ਏ।
ਦਿਲੋਂ ਖੌਫ ਖੁਦਾ ਦਾ ਭੁਲਿਆ ਏ,
ਮੰਦਰ ਹਿੰਦੂਆਂ ਦੇ ਢਾਹੀ ਜਾ ਰਿਹਾ ਏ।
ਧਰਮ ਇਨ੍ਹਾਂ ਦਾ ਬੱਚਦਾ ਏ ਤਾਂ ਪੁੱਤਰ,
ਮਹਾਂਪੁਰਖ ਜੇ ਕੋਈ ਕੁਰਬਾਨ ਹੋਵੇ।
ਗੋਬਿੰਦ ਬੋਲਿਆ ਧਰਮ ਦੀ ਕਰੋ ਰੱਖਿਆ,
ਹਿੰਦੂ ਧਰਮ ਦਾ ਉੱਚਾ ਨਿਸ਼ਾਨ ਹੋਵੇ।

ਰਾਖੀ ਕਰਨ ਲਈ ਹੰਝੂਆਂ ਜੰਜੂਆਂ ਦੀ,
ਦੇ ਕੇ ਗੋਬਿੰਦ ਰਾਏ ਨੂੰ ਪਿਆਰ ਤੁਰਿਆ।
ਗੱਦੀ ਨਾਨਕ ਦੀ ਤੂੰ ਸੰਭਾਲਣੀ ਏ,
ਕਹਿ ਕੇ ਏਸ ਤਰ੍ਹਾਂ ਨੌਂਵਾਂ ਦਾਤਾਰ ਤੁਰਿਆ।
ਡੁੱਬਦਾ ਜਾ ਰਿਹਾ ਸੀ ਜਿਹੜਾ ਹਿੰਦੂਆਂ ਦਾ,
ਬੇੜਾ ਕਰਨ ਦੇ ਲਈ ਉਹ ਪਾਰ ਤੁਰਿਆ।
ਬਲੀ ਦੇਣ ਲਈ ਚਾਂਦਨੀ ਚੌਂਕ ਅੰਦਰ,
ਬਣਕੇ ਪੰਡਤਾਂ ਦਾ ਮਦਦਗਾਰ ਤੁਰਿਆ।
ਸੀਸ ਵਾਰਿਆ ਸੀ ਨਾ ਰਤਾ ਕੀਤੀ,
ਜ਼ਾਲਮਰਾਜ ਨੂੰ ਜ੍ਹੜੋਂ ਹਿਲਾ ਦਿੱਤਾ।
ਅੱਜ ਉਹ ਤੇਗ਼ ਬਹਾਦਰ ਨੂੰ ਭੁੱਲ ਗਏ ਨੇ,
ਹਿੰਦੂ ਧਰਮ ਨੂੰ ਜਿਨ੍ਹਾਂ ਬਚਾ ਲਿੱਤਾ।
-ਪ੍ਰਿੰ. ਗਿਆਨ ਸਿੰਘ ਘਈ
ਫ਼ੋਨ: 91-94635-72150

 

 

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …