Breaking News
Home / ਨਜ਼ਰੀਆ / ਦੋਹੇ

ਦੋਹੇ

ਮੇਰੇ ਪਿੰਡ ਦੀ ਜੂਹ

ਭੁੱਲੇ ਨਾ ਮੈਨੂੰ ਕਦੇ ਵੀ, ਮੇਰੇ ਪਿੰਡ ਦੀ ਜੂਹ,
ਜਾਣਾ ਉੱਥੇ ਲੋਚਦੀ, ਰਹੇ ਤੜਫ਼ਦੀ ਰੂਹ।

ਗਲੀਆਂ ਵਿੱਚ ਘੁੰਮ ਕੇ, ਲਿਆ ਬੜਾ ਅਨੰਦ,
ਲੁਕਣ ਮੀਟੀ ਖੇਡਣਾ, ਹੋਏ ਨਾ ਕਦੇ ਪਾਬੰਦ।

ਆਪਣੀ ਨੀਦੋਂ ਜਾਗਣਾ, ਨਾ ਸੌਣ ਦੀ ਕਾਹਲ,
ਕੋਈ ਕਦੇ ਨਾ ਪੁੱਛਦਾ, ਨਾ ਕੀਤਾ ਕਿਸੇ ਸਵਾਲ।

ਬੂਹੇ ਖੁੱਲ੍ਹੇ ਰੱਖਣੇ, ਨਹੀਂ ਸੀ ਹੁੰਦਾ ਡਰ,
ਭਾਈਚਾਰਕ ਸਾਂਝ ਸੀ, ਸਾਂਝੇ ਹੁੰਦੇ ਘਰ।

ਕੇਹੀ ਹਨ੍ਹੇਰੀ ਆ ਗਈ, ਰਿਹਾ ਨਾ ਕੋਈ ਸਬੰਧ,
ਸਾਂਝਾ ਵਿਹੜਾ ਸੀ ਕਦੇ, ਫੁੱਟ ਨੇ ਕੀਤੀ ਕੰਧ।

ਸਿੱਧੇ ਸਾਦੇ ਲੋਕ ਵੀ, ਬੜੇ ਦਿਲਾਂ ਦੇ ਸਾਫ਼,
ਗ਼ਲਤੀ ਕੋਈ ਹੋ ਗਈ, ਕਰ ਦਿੰਦੇ ਸੀ ਮਾਫ਼।

ਗੁਰੂਘਰਾਂ ‘ਚ ਗੂੰਜਦੇ, ਸ਼ਬਦ ਸਵੇਰੇ ਸ਼ਾਮ,
ਜਾ ਕੇ ਮੱਥਾ ਟੇਕਣਾ, ਲੈ ਗੁਰਾਂ ਦਾ ਨਾਮ।

ਸੱਥਾਂ ਵਿੱਚ ਬੈਠਿਆਂ, ਪੈ ਜਾਂਦੀ ਸੀ ਰਾਤ,
ਲੜੀ ਕਦੇ ਨਾ ਟੁੱਟਦੀ, ਬਾਬੇ ਪਾਉਂਦੇ ਬਾਤ।

ਖੇਤਾਂ ਵਿੱਚ ਫੁੱਲ ਖਿੜ੍ਹੇ, ਜਾਪਣ ਵਾਂਙ ਗੁਲਾਬ,
ਇਹ ਨਜ਼ਾਰਾ ਦੇਖ ਕੇ, ਮਿਲੇ ਖੁਸ਼ੀ ਬੇਹਿਸਾਬ।

ਖੁੱਲ੍ਹਾ ਖਾਣ ਪੀਣ ਨੂੰ, ਆਪਸ ਵਿੱਚ ਪਿਆਰ,
ਖੇਡਣ ਜਦੋਂ ਕਬੱਡੀ, ਰਲ ਜੁੰਡੀ ਦੇ ਯਾਰ।

ਆ ਗਏ ਫੋਨ ਜਦੋਂ ਦੇ, ਦਿੱਤੀ ਏ ਮੱਤ ਮਾਰ,
ਕੋਈ ਕਰਦਾ ਗੱਲ ਨਾ, ਇਕੱਠੇ ਬੈਠੇ ਚਾਰ।

ਮਹੌਲ ਸਾਰਾ ਬਦਲਿਆ, ਪੂਰ ਦਿੱਤੇ ਨੇ ਖੂਹ,
ਰੂਹ ਕਰੂ ਕੀ ਜਾ ਕੇ, ਨਹੀਂ ਲੱਭਣੀ ਉਹ ਜੂਹ।

ਇਹੀ ਸਭ ਕੁੱਝ ਸੋਚ ਕੇ, ਬੈਠਾਂ ਮਨ ਮਸੋਸ,
ਠੰਢਾ ਹੋਇਆ ਅੰਦਰੋਂ, ਜਿੰਨਾ ਮੇਰਾ ਜੋਸ਼।

ਆ ‘ਜੇ ਮੁੜ ਉਹੀ ਸਮਾਂ, ਰੋਜ਼ ਕਰਾਂ ਅਰਦਾਸ,
ਕਿਉਂ ਰੂਹ ਤਰਸੇ ਜੂਹ ਨੂੰ, ਪੂਰੀ ਹੋਵੇ ਆਸ।

ਦੋਹੇ ਲਿਖ ਕੇ ਮਿੱਤਰੋ, ਕੱਢੀ ਮਨੋਂ ਭੜਾਸ,
ਅੰਦਰੋਂ ਅਜੇ ਮੁੱਕੀ ਨਾ, ਵਤਨਾਂ ਦੀ ਪਿਆਸ।
– ਸੁਲੱਖਣ ਮਹਿਮੀ
+647-786-6329

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …