Breaking News
Home / ਨਜ਼ਰੀਆ / ਉਹ ਤੁਰਦੈ ਤਾਂ… ਰਾਹ ਬਣਦੇ…

ਉਹ ਤੁਰਦੈ ਤਾਂ… ਰਾਹ ਬਣਦੇ…

ਪ੍ਰੋ. ਤਲਵਿੰਦਰ ਮੰਡ
ਸਾਹਿੱਤ ਅਕਾਦਮੀ ਦਿੱਲੀ ਵਲੋਂ ਇਸ ਵਰ੍ਹੇ ਦੇ ਇਨਾਮ ਲਈ ਡਾ ਸਵਰਾਜਬੀਰ ਨੂੰ ਉਸ ਦੇ ਨਾਟਕ, ‘ਸੱਮਿਆ ਦੀ ਰਾਤ’ ਲਈ ਚੁਣਿਆ ਗਿਆ ਹੈ। ਇਸ ਖ਼ਬਰ ਨੇ ਪੰਜਾਬੀ ਸਾਹਿਤ ਜਗਤ ਵਿੱਚ ਸੱਚੀ-ਮੁੱਚੀਂ ਖੁਸ਼ੀ ਦੀ ਲਹਿਰ ਪੈਦਾ ਕੀਤੀ ਹੈ। ਪੰਜਾਬੀ ਪਾਠਕਾਂ ਅਤੇ ਸਾਹਿਤ-ਰਚੇਤਿਆਂ ਨੂੰ ਸਹੀ ਅਰਥਾਂ ਵਿੱਚ ਲੱਗ ਰਿਹਾ ਹੈ ਕਿ ਇਹ ਇਨਾਮ ਬਿਨ੍ਹਾਂ ਕਿਸੇ ‘ਜੁਗਾੜ’ ਦੇ… ਨਿਰੋਲ ਮੈਰਿਟ-ਅਧਾਰਤ ਚੋਣ ਕਰਕੇ ਦਿੱਤਾ ਗਿਆ ਹੈ। ਇਸ ਲਈ ਪੰਜਾਬੀ ਜ਼ੁਬਾਨ ਦੇ ਬੋਲਣਹਾਰੇ ਇਸ ਨਾਲ ਆਪਣੇ ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕਰ ਰਹੇ ਹਨ। ਅਜੇਹਾ ਕਦੇ-ਕਦੇ ਹੀ ਹੁੰਦਾ ਹੈ, ਨਹੀਂ ਤਾਂ ਬਹੁਤੀ ਵਾਰੀ ਤਾਂ ਚੋਣ ਕਰਨ ਵਾਲੀ ਕਮੇਟੀ ਅਤੇ ਜਿਸ ਕਿਤਾਬ ਨੂੰ ਇਨਾਮ ਲਈ ਚੁਣਿਆਂ ਜਾਂਦਾ ਹੈ, ਦਾ ਲੇਖਕ ਸਨਮਾਨਿਤ ਹੋ ਕੇ ਵੀ ਲੰਬੇ ਸਮੇਂ ਤੱਕ ਸ਼ਰਮਿੰਦੀ ਮਹਿਸੂਸ ਕਰਦੇ ਰਹਿੰਦੇ ਹਨ  ਅਤੇ ਲੰਬਾ ਸਮਾਂ ਉਨ੍ਹਾਂ ਨੂੰ ਲੋਕ-ਅਲੋਚਨਾ ਦਾ ਸਾਹਮਣਾ ਵੀ ਕਰਨਾ ਪੈਦਾ ਹੈ।
ਇਸ ਵਾਰੀ ਚੋਣ ਕਮੇਟੀ ਦੀ ਪਿੱਠ ਥਾਪਣਨੀ ਬਣਦੀ ਹੈ ਕਿਉਂਕਿ ਉਸ ਨੇ ਇਸ ਇਨਾਮ ਦੇ ਪਿਛਲੇ ਸਾਲਾਂ ਵਿੱਚ ਡਿੱਗੇ ਵਕਾਰ ਨੂੰ ਮੁੜ ਬਹਾਲ ਕੀਤਾ ਹੈ।
ਜਦੋਂ ਇਹ ਇਨਾਮ ਦੀ ਖ਼ਬਰ ਮੈਂ ਪੜੀ ਤਾਂ ਨੇੜਿਉ ਤੱਕੇ ਸਵਰਾਜਬੀਰ ਦਾ ਚੇਹਰਾ ਮੇਰੇ ਚੇਤਿਆਂ ਵਿੱਚ ਫਿਰ ਤੋਂ ਉਕਰਿਆਂ ਗਿਆ।
ਪਹਿਲੀ ਨਜ਼ਰੇ ਤੱਕਿਆਂ ਉਹ ਪੁਲੀਸ ਅਫ਼ਸਰ ਨਹੀਂ, ਇੱਕ ਦਾਰਸ਼ਨਿਕ ਲਗਦਾ ਹੈ।
ਜਦੋਂ ਉਹ ਆਪਣੀਆਂ ਨਜ਼ਰ ਦੀਆਂ ਐਨਕਾਂ ਵਿੱਚੋਂ ਮੋਹਰਲੇ ਆਦਮੀ ਨੂੰ ਤੱਕਦਾ ਹੈ ਤਾਂ ਇਉਂ ਜਾਪਦੈ ਹੈ ਕਿ ਉਹ ਸਾਹਮਣੇ ਵਾਲੇ ਦੇ ਚੇਹਰੇ ਨੂੰ ਵੇਖਦਿਆਂ ਹੋਇਆ ਵੀ ਉਸ ਤੋਂ ਅੱਗੇ ਕਿਤੇ ਹੋਰ ਵੇਖ ਰਿਹਾ ਹੈ। ਇਹੀ ਉਸ ਦੀ ਸ਼ਖਸੀਅਤ ਦੀ ਦਿੱਭ-ਦ੍ਰਿਸ਼ਟੀ ਨੂੰ ਉਜਾਗਰ ਕਰਦੀ ਨੀਝ ਉਸ ਨੂੰ ਕਿਸੇ ਪੁਲੀਸ ਅਫਸਰ ਨਾਲੋਂ ਨਿਖੇੜ ਕੇ ਕਿਸੇ ਦਾਰਸ਼ਨਿਕ ਦੇ ਨੇੜੇ ਵੱਧ ਲੈ ਜਾਂਦੀ ਹੈ। ਸਵਰਾਜਬੀਰ ਦੀ ਇਹ ਡੁੰਘਾਈ ਉਸ ਦੀਆਂ ਰਚਨਾਵਾਂ ਵਿੱਚ ਵੀ ਵੇਖੀ ਜਾ ਸਕਦੀ ਹੈ।
ਮੈਂ ਜਦੋਂ ਉਸ ਨੂੰ ਪਹਿਲੀ ਵਾਰੀ ਪ੍ਰੋ ਸੁਰਜੀਤ ਜੱਜ ਦੇ ਘਰ ਫਗਵਾੜੇ ਵੇਖਿਆ ਸੀ ਤਾਂ ਲੱਗਾ ਸੀ ਕਿ ਉਹ ਦਿੱਲੀ ਦੀ ਕਿਸੇ ਯੁਨੀਵਰਸਿਟੀ ਦਾ ਕੋਈ ਸਾਇੰਸ ਵਿਭਾਗ ਦਾ ਟੀਚਰ ਹੋਣੈ।
ਸਾਡੀ ਸਾਹਿੱਤ ਸਭਾ ‘ਕੌਮਾਂਤਰੀ ਲੇਖਕ ਮੰਚ’ ਫਗਵਾੜਾ (ਕਲਮ) ਦਾ ਉਸ ਸਾਲ ਦਾ ਸਮਾਗਮ ਨਕੋਦਰ ਦੇ ਕੁੜੀਆਂ ਵਾਲੇ ਕਾਲਜ ਵਿੱਚ ਰੱਖਿਆ ਗਿਆ ਸੀ ਅਤੇ ਮੇਰੀ ਡਿਉਟੀ ਆਪਣੀ ਕਾਰ ਵਿੱਚ ਡਾ ਸਵਰਾਜਬੀਰ ਅਤੇ ਡਾ ਮੋਹਨਜੀਤ ਨੂੰ ਜੱਜ ਦੇ ਘਰੋਂ ਨਕੋਦਰ ਲੈ ਕੇ ਜਾਣ ਅਤੇ ਵਾਪਸ ਲਿਆਉਣ ਦੀ ਸੀ। ਬੱਸ ਏਨੇ ਕੁ ਸਮੇਂ ਵਿੱਚ ਮੈਂ ਉਸ ਬਾਰੇ ਕੋਈ ਬਹੁਤਾ ਨਾ ਜਾਣ ਸਕਿਆ। ਮੈਂ ਕਾਰ ਚਲਾਉਦਾ ਰਿਹਾ ਅਤੇ ਉਹ ਡਾ ਮੋਹਨਜੀਤ ਨਾਲ ਮਗਰਲੀ ਸੀਟ ਉਪਰ ਬੈਠਾ ਕਦੀ ਕਦੀ ਕੋਈ ਗੱਲ ਕਰਦਾ, ਬਹੁਤਾ ਸਮਾਂ ਚੁੱਪ ਹੀ ਰਿਹਾ। ਮੈਡਮ ਭੁਪਿੰਦਰ ਜੱਜ ਨੇ ਵੀ ਸਾਡੇ ਨਾਲ ਹੀ ਇਸ ਸਮਾਗਮ ਵਿੱਚ ਨਕੋਦਰ ਜਾਣਾ ਸੀ, ਉਹ ਮੇਰੇ ਨਾਲ ਵਾਲੀ ਸੀਟ ਉਪਰ ਬੈਠੇ ਸਨ। ਸਮਾਗਮ ਤੋਂ ਬਾਅਦ ਜਦੋਂ ਅਸੀਂ ਵਾਪਸ ਫਗਵਾੜੇ ਆਏ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਸਾਨੂੰ ਰੇਲਵੇ ਸਟੇਸ਼ਨ ਉਪਰ ਉਤਾਰ ਦਿਉ ਉਥੇ ਅਸੀਂ ਆਪਣੀ ਦਿੱਲੀ ਦੀ ਸੀਟ ਬੁੱਕ ਕਰਨੀ ਹੈ ਅਤੇ ਆਪ ਹੀ ਘਰ ਪਹੁੰਚ ਜਾਵਾਂਗੇ।
ਇਸ ਮਿਲਣੀ ਤੋਂ ਬਾਅਦ ਕਦੇ ਸਵਰਾਜਬੀਰ ਦੀ ਕੋਈ ਗੱਲ ਨਹੀਂ ਹੋਈ। ਉਹ ਮੇਰੇ ਲਈ ਅਜਨਬੀ ਹੀ ਰਿਹਾ।
ਕੁਝ ਸਾਲਾਂ ਬਾਅਦ ਮੇਰਾ, ਪ੍ਰੋ ਜੱਜ ਅਤੇ ਹਰਵਿੰਦਰ ਚੰਡੀਗੜ੍ਹ ਦਾ ਸਬੱਬ ਮੇਘਾਲਿਆ ਗਰਮੀਆਂ ਦੀਆਂ ਛੁੱਟੀਆਂ ਵਿੱਚ ਘੁੰਮਣ ਦਾ ਬਣਿਆ। ਇਸ ਟੂਰ ਦੌਰਾਨ ਅਸੀਂ ਡਾ ਸਵਰਾਜਬੀਰ ਦੇ ਮਹਿਮਾਨ ਵਜੋਂ ਉਥੇ ਜਾ ਰਹੇ ਸੀ, ਕਿਉਂਕਿ ਸਵਰਾਜਬੀਰ ਮੇਘਾਲਿਆ ਦੀ ਰਾਜਧਾਨੀ ਸ਼ਿਲਾਗ ਵਿੱਚ ਆਈ ਪੀ ਐਸ ਅਫਸਰ ਦੇ ਤੌਰ ‘ਤੇ ਆਈ ਜੀ ਦੇ ਉੱਚ ਅਹੁੱਦੇ ਉਪਰ ਤਾਇਨਾਤ ਸੀ। (ਹੁਣ ਦਾ ਮੈਨੂੰ ਪਤਾ ਨਹੀਂ ਪਰ ਉਸ ਸਮੇਂ ਪੂਰੇ ਮੇਘਾਲਿਆ ਵਿੱਚ ਦੋ ਹੀ ਆਈ ਜੀ ਦੇ ਅਹੁੱਦੇ ਸਨ ਅਤੇ ਇਨਾ੍ਹਂ ਤੋਂ ਉਪਰ ਡੀ ਜੀ ਪੀ ਦਾ ਅਹੁੱਦਾ ਸੀ)
ਸਾਨੂੰ ਗੁਹਾਟੀ ਤੋਂ ਡਾਕਟਰ ਸਾਹਿਬ ਦੀ ਭੇਜੀ ਹੋਈ ਕਾਰ ਨੇ ਸ਼ਿਲਾਂਗ ਲੈ ਕੇ ਜਾਣਾ ਸੀ। ਇੱਕ ਰਾਤ ਦਾ ਪ੍ਰਬੰਧ ਗੁਹਾਟੀ ਦੇ ਬੀ ਐਸ ਐਫ ਕੈਂਪਸ ਵਿੱਚਲੇ ਰੈਸਟ ਹਾਉਸ ਵਿੱਚ ਸੀ। ਅਗਲੇ ਦਿਨ ਜਦੋਂ ਸ਼ਿਲਾਂਗ ਪਹੁੰਚੇ ਤਾਂ ਦੁਪਹਿਰ ਦਾ ਸਮਾਂ ਹੋ ਚੁੱਕਾ ਸੀ ਅਤੇ ਸਾਨੂੰ ਕਾਰ ਸਵਰਾਜਬੀਰ ਦੇ ਦਫਤਰ ਲੈ ਗਈ। ਜਦੋਂ ਅਸੀਂ ਸਿਕਿਉਰਿਟੀ ਪਾਰ ਕਰਕੇ ਦਫਤਰ ਗਏ ਤਾਂ ਸਾਹਮਣੇ ਉਹੀ ਭਾਜੀ ਜਿਹੜੇ ਨਕੋਦਰ ਮੇਰੇ ਨਾਲ ਗਏ ਸਨ, ਤਾਂ ਮੈਂ ਹੈਰਾਨ ਰਹਿ ਗਿਆ ਕਿ ਇਹ ਆਦਮੀ ਕੋਈ ਪ੍ਰੋਫੈਸਰ ਨਹੀਂ ਸਗੋਂ ਪੁਲੀਸ ਦਾ ਵੱਡਾ ਅਫਸਰ ਹੈ।
ਚਾਹ-ਪਾਣੀ ਸਾਨੂੰ ਦਫਤਰ ਅੰਦਰ ਪਰੇ ਪਈਆਂ ਕੁਰਸੀਆਂ ਅਤੇ ਮੇਜ਼ ਉਪਰ ਪਿਆਇਆ ਗਿਆ। ਸਵਰਾਜਬੀਰ ਆਪਣੇ ਦਫਤਰੀ ਕੰਮ ਕਰਦੇ ਰਹੇ ਅਤੇ ਕੁਝ ਸਮੇਂ ਬਾਅਦ ਉਹ ਸਾਨੂੰ ਸ਼ਿਲਾਂਗ ਦੇ ਕਿਸੇ ਵਧੀਆ ਹੋਟਲ ਵਿੱਚ ਦੁਪਹਿਰ ਦਾ ਲੰਚ ਕਰਵਾਉਣ ਲੈ ਕੇ ਗਏ। ਹੋਟਲ ਦਾ ਡਾਇਨਿੰਗ-ਰੂਮ ਲੋਕਾਂ ਨਾਲ ਪੂਰੀ ਤਰ੍ਹਾਂ ਭਰਿਆ ਪਿਆ ਸੀ। ਕੋਈ ਮੇਜ਼ ਬੈਠਣ ਲਈ ਖਾਲੀ ਨਹੀਂ ਸੀ।
ਮੈਨੂੰ ਇਸ ਸਮੇਂ ਪੰਜਾਬ ਪੁਲੀਸ ਯਾਦ ਆ ਗਈ ਕਿ ਵੱਡੇ ਅਫਸਰ ਲਈ ਹੁਣ ਹੋਟਲ ਵਾਲੇ ਕੋਈ ਵੱਖਰਾ ਇੰਤਜ਼ਾਮ ਕਰਨਗੇ…ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਸਵਰਾਜਬੀਰ ਨੇ ਆਪਣੀ ਸਿਕਿਉਰਿਟੀ ਵਾਲੇ ਜਵਾਨਾਂ ਨੂੰ ਪਿੱਛੇ ਹੀ ਖੜੇ ਕਰ ਦਿੱਤਾ ਸੀ, ਕੋਈ ਵੀ ਸਾਡੇ ਨਾਲ ਅੰਦਰ ਨਹੀਂ ਸੀ ਆਇਆ, ਕਿਸੇ ਨੇ ਵੀ ਹੋਟਲ ਮੈਨੇਜਮਿੰਟ ਨੂੰ ਨਹੀਂ ਦੱਸਿਆ ਕਿ ਕੋਈ ਵੱਡਾ ਅਫਸਰ ਉਥੇ ਰੋਟੀ ਖਾਣ ਆਇਆ ਹੈ ਅਤੇ ਅਸੀਂ ਸਾਰੇ ਜਣੇ ਉਸ ਨਾਲ ਸਾਈਡ ‘ਤੇ ਖੜ੍ਹ ਕੇ ਮੇਜ਼ ਖਾਲੀ ਹੋਣ ਦੀ ਉਡੀਕ ਕਰਦੇ ਰਹੇ। ਅੱਧੇ ਘੰਟੇ ਦੇ ਕਰੀਬ ਉਡੀਕ ਕਰਨੀ ਪਈ…ਇਸ ਸਮੇਂ ਦੌਰਾਨ ਮੈਂ ਵੇਖਦਾ ਰਿਹਾ ਕਿ ਇੱਕ ਵੱਡਾ ਪੁਲੀਸ ਅਫਸਰ ਕੀ ਰਿਐਟਕ ਕਰਦਾ ਹੈ, ਤਾਂ ਸਵਰਾਜਬੀਰ ਬਿਨ੍ਹਾਂ ਕਿਸੇ ਉਤੇਜਨਾ ਦੇ ਸਾਡੇ ਨਾਲ ਗੱਲਾਂ ਕਰਦਾ ਰਿਹਾ। ਜਦੋਂ ਵੇਟਰ ਨੇ ਖਾਲੀ ਮੇਜ਼ ਬਾਰੇ ਕਿਹਾ ਕਿ ਉਥੇ ਬੈਠ ਜਾਉ ਤਾਂ ਅਸੀਂ ਸਾਰੇ ਹੀ ਸਧਾਰਨ ਮਾਹੌਲ ਵਿੱਚ ਉਸ ਨਾਲ ਬੈਠ ਕੇ ਰੋਟੀ ਛੱਕਦੇ ਰਹੇ। ਮੈਂ ਉਥੇ ਬੈਠਿਆਂ ਇਹ ਸੋਚਦਾ ਰਿਹਾ ਕਿ ਹੋਟਲ ਵਾਲੇ ਇਸ ਕੋਲੋ ਬਿੱਲ ਨਹੀਂ ਲੈਣਗੇ। ਪਰ ਮੈਨੂੰ ਹੋਰ ਹੈਰਾਨੀ ਅਤੇ ਮਾਣ ਮਹਿਸੂਸ ਹੋਇਆ ਕਿ ਸਾਡਾ ਮੇਜ਼ਬਾਨ ਵੱਡਾ ਅਫਸਰ ਆਪ ਲਾਈਨ ਵਿੱਚ ਖੜ੍ਹ ਕੇ ਬਿੱਲ ਦਾ ਪੁਗਤਾਨ ਕਰ ਰਿਹਾ ਹੈ। ਮੈਨੂੰ ਬਾਅਦ ਵਿੱਚ ਇਸ ਗੱਲ ਦਾ ਅਹਿਸਾਸ ਵੀ ਹੋਇਆ ਕਿ ਇੱਕ ਲੇਖਕ ਸਮਾਜ ਵਿੱਚ ਵੱਡਾ ਅਫਸਰ ਹੋ ਕੇ ਵੀ ਦੁਨੀਆਂ ਨਾਲੋਂ ਵੱਖਰੀ ਸੋਚ ਰੱਖਦਾ ਹੈ।
ਸਾਡੀ ਯਾਤਰਾ ਦੌਰਾਨ ਕਾਰ ਦੇ ਡਰਾਈਵਰ ਨੇ ਦੱਸਿਆ ਕਿ ਜਿੰਨੇ ਵੀ ਮੁਲਾਜ਼ਮ ਸਾਹਿਬ ਦੇ ਨਾਲ ਲੱਗੇ ਹੋਏ ਹਨ, ਉਨ੍ਹਾਂ ਨੂੰ ਜਦੋਂ ਵੀ ਕੋਈ ਸਰੀਰਕ ਢਿੱਲ-ਮੱਠ ਹੁੰਦੀ ਹੈ ਤਾਂ ਉਹ ਕਿਸੇ ਬਾਹਰਲੇ ਡਾਕਟਰ ਤੋਂ ਦਵਾਈ ਨਹੀਂ ਲੈਂਦੇ ਸਗੋਂ ਸਾਹਿਬ ਦਵਾਈ ਲਿਖ ਦੇ ਦਿੰਦੇ ਹਨ ਤਾਂ ਬੀਮਾਰ ਜਲਦੀ ਹੀ ਠੀਕ ਹੋ ਜਾਂਦੇ ਹਨ…ਇਸ ਤੋਂ ਪਹਿਲਾਂ ਮੈਂ ਸਮਝਦਾ ਸੀ ਸਵਰਾਜਬੀਰ ਪੀ ਐਚ ਡੀ ਦੀ ਡਿਗਰੀ ਹੋਣ ਕਰਕੇ ਡਾਕਟਰ ਸਾਹਿਬ ਹਨ ਪਰ ਉਹ ਕਿਤਾਬਾਂ ਦੇ ਨਹੀਂ ਮਨੁੱਖਾ ਦੇ ਐਮ ਬੀ ਬੀ ਐਸ ਡਾਕਟਰ ਹਨ।
ਸਾਡੇ ਲਈ ਸ਼ਿਲਾਂਗ ਦੀ ਯੁਨੀਵਰਸਿਟੀ ਦੇ ਗੈਸਟ ਹਾਉਸ ਵਿੱਚ ਕਮਰੇ ਬੁੱਕ ਸਨ। ਸਾਨੂੰ ਇਹ ਦੱਸਿਆ ਗਿਆ ਕਿ ਰਾਹੁਲ ਗਾਂਧੀ ਜਦੋਂ ਸ਼ਿਲਾਂਗ ਆਇਆ ਸੀ ਤਾਂ ਉਸ ਦਾ ਨਿਵਾਸ ਇਨ੍ਹਾਂ ਹੀ ਗੈਸਟ ਹਾਉਸ ਦੇ ਕਮਰਿਆਂ ਵਿੱਚ ਸੀ।
ਇਕ ਦਿਨ ਸਵਰਾਜਬੀਰ ਨੇ ਸਾਨੂੰ ਆਪਣੇ ਘਰ ਰਾਤ ਦੀ ਰੋਟੀ ਲਈ ਬੁਲਾਇਆ। ਉਥੇ ਜਾ ਕੇ ਵੇਖਿਆ ਕਿ ਜਿਸ ਸਰਕਾਰੀ ਕੁਆਟਰ ਵਿੱਚ ਉਹ ਆਪਣੇ ਪਰਿਵਾਰ ਬੱਚੇ ਅਤੇ ਬੀਵੀ ਨਾਲ ਰਹਿ ਰਿਹਾ ਸੀ ਉਹ ਆਈ ਜੀ ਰੈਂਕ ਅਫਸਰ ਦਾ ਨਹੀਂ ਹੈ ਸਗੋਂ ਕਿਸੇ ਹੇਠਲੇ ਰੈਂਕ ਵਾਲੇ ਅਫਸਰ ਦਾ ਹੈ। ਪਤਾ ਲੱਗਾ ਕਿ ਜਿਹੜਾ ਬੰਗਲਾ ਆਈ ਜੀ ਲਈ ਰਾਖਵਾਂ ਹੈ ਉਹ ਅਜੇ ਪਹਿਲੇ ਆਈ ਜੀ ਦੀ ਬਦਲੀ ਦਿੱਲੀ ਹੋ ਜਾਣ ਤੋਂ ਬਾਅਦ ਵੀ ਇੱਕ ਸਾਲ ਤੋਂ ਛੱਡਿਆ ਨਹੀਂ ਗਿਆ। ਕਾਰਣ ਇਹ ਸੀ ਕਿ ਉਸ ਅਫਸਰ ਨੇ ਬੇਨਤੀ ਕੀਤੀ ਕਿ ਜਿੰਨਾ ਚਿਰ ਮੇਰੀ ਸੈਟਲਮਿੰਟ ਦਿੱਲੀ ਨਹੀਂ ਹੋ ਜਾਂਦੀ ਮੇਰੀ ਬੀਵੀ ਜੋ ਸ਼ਿਲਾਂਗ ਵਿੱਚ ਡਾਕਟਰੀ ਦੀ ਸਰਵਿਸ ਕਰ ਰਹੀ ਸੀ ਨੂੰ ਇਸ ਘਰ ਵਿੱਚ ਰਹਿਣ ਦਿੱਤਾ ਜਾਵੇ ਤਾਂ ਸਵਰਾਜਬੀਰ ਨੇ ਪਹਿਲੇ ਅਫਸਰ ਦੀ ਬੀਵੀ ਕੋਲੋ ਇਹ ਘਰ ਖਾਲੀ ਨਹੀਂ ਕਰਵਾਇਆ ਸਗੋਂ ਇਹ ਮੰਨ ਲਿਆ ਕਿ ਉਸ ਦਾ ਪਰਿਵਾਰ ਛੋਟਾ ਹੈ ਅਤੇ ਉਸ ਦਾ ਇਸ ਛੋਟੇ ਘਰ ਨਾਲ ਕੰਮ ਚੱਲ ਰਿਹਾ ਹੈ। ਜਿਸ ਦੇ ਕਰਕੇ ਅਫਸਰ ਦੀ ਡਾਕਟਰ ਬੀਵੀ ਪਿਛਲੇ ਲੱਗਭਗ ਸਾਲ ਤੋਂ ਉਸ ਬੰਗਲੇ ਵਿੱਚ ਰਹਿ ਰਹੀ ਸੀ। ਇਸ ਤਰ੍ਹਾਂ ਫੱਕਰ ਅਫਸਰ ਦੇ ਘਰ ਬੈਠਿਆਂ ਅਸੀਂ ਸਾਰੇ ਜਣੇ ਕਿਸੇ ਟਿੱਲੇ ਉਪਰ ਬੈਠੇ ਮਹਿਸੂਸ ਕਰ ਰਹੇ ਸੀ। ਉਸ ਰਾਤ ਸਾਹਿਤ ਦੀਆਂ ਗੱਲਾਂ ਹੋਈਆਂ ਸ਼ਾਇਰੀ ਸੁਣੀ, ਸੁਣਾਈ ਗਈ।
ਭਾਂਵੇਂ ਇਸ ਮਿਲਣੀ ਨੂੰ ਬੀਤਿਆਂ ਕਈ ਸਾਲ ਹੋ ਗਏ ਹਨ ਪਰ ਇਹ ਦਿਨ ਮੇਘਾਲਿਆ ਦੀ ਕੁਦਰਤੀ ਖੂਸਬੂਰਤੀ ਵਾਂਗ ਅੱਜ ਵੀ ਖੂਬਸੂਰਤ ਅਤੇ ਸਕੂਨ ਭਰੇ ਲਗਦੇ ਹਨ।
ਕੁਝ ਸਾਲ ਪਹਿਲਾਂ ਡਾ ਸਵਰਾਜਬੀਰ ਆਪਣੀ ਨਾਰਥ ਅਮਰੀਕਾ ਦੀ ਫੇਰੀ ਦੌਰਾਨ ਟੋਰਾਂਟੋ ਆਪਣੇ ਜਮਾਤੀ ਮਿੱਤਰ ਸੁਖਚੈਨ ਢਿੱਲੋਂ ਅਤੇ ਮੀਡੀਆ ਦੀ ਮਹਾਨ ਹਸਤੀ ਸੁਰਜਨ ਜ਼ੀਰਵੀ ਜੀ ਨੂੰ ਮਿਲਣ ਆਏ ਸੀ। ਢਿੱਲੋਂ ਸਾਹਿਬ ਨੇ ਉਨ੍ਹਾਂ ਨਾਲ ਇਥੋਂ ਦੀਆਂ ਸਾਹਿਤਕ ਹਸਤੀਆਂ ਨਾਲ ਰੂਬਰੂ ਦਾ ਪ੍ਰਬੰਧ ਵੀ ਕੀਤਾ ਸੀ। ਰੁਝੇਵਿਆਂ ਭਰੀ ਕੈਨੇਡੀਅਨ ਲਾਈਫ ਵਿਚੋਂ ਸਮਾਂ ਕੱਢ ਕੇ ਮੈਂ ਵੀ ਥੋੜੇ ਸਮੇਂ ਲਈ ਦਰਸ਼ਨ ਕਰਨ ਗਿਆ ਸੀ ਪਰ ਬਹੁਤੀ ਲੰਬੀ ਮੁਲਾਕਾਤ ਨਹੀਂ ਹੋ ਸਕੀ ਕਿਉਂਕਿ ਵੀਕ ਡੇਜ਼ ਵਿੱਚ ਹੀ ਉਨ੍ਹਾਂ ਅਮਰੀਕਾ ਇੰਡੀਆ ਵਾਪਸ ਚਲੇ ਜਾਣਾ ਸੀ।
ਜਦੋਂ ਕਿਸੇ ਆਦਮੀ ਦੇ ਜੀਵਨ ਵਿੱਚ ਦੰਭ ਨਾਂ ਦੀ ਚੀਜ਼ ਨਾ ਹੋਵੇ ਅਤੇ ਉਹ ਸਮਾਜ ਪ੍ਰਤੀ ਆਪਣੀਆਂ ਜ਼ਿਮੇਵਾਰੀਆਂ ਨੂੰ ਵੱਡਾ ਆਹੁੱਦੇਦਾਰ ਹੁੰਦਿਆਂ ਵੀ ਪਹਿਚਾਣੇ ਤਾਂ ਸਹਿਜ਼ੇ ਹੀ ਅਸੀਂ ਆਪਣੇ ਸਮਿਆਂ ਵਿੱਚ ਪੈਦਾ ਹੋਏ ਬਹੁਪੱਖੀ ਪ੍ਰਤਿਭਾ ਦੇ ਮਾਲਕ ਡਾਕਰਟ ਸਵਰਾਜਬੀਰ ਉਪਰ ਮਾਣ ਕਰਨ ਦਾ ਹੱਕ ਰੱਖ ਸਕਦੇ ਹਾਂ। ਉਸ ਦੀ ਨਾਟ ਸਿਰਜਣ ਪ੍ਰਕਿਰਿਆ ਨੂੰ ਪਹਿਚਾਣਦਿਆਂ ਦਿੱਤਾ ਗਿਆ ਅਕਾਦਮੀ ਇਨਾਮ ਪੰਜਾਬੀ ਸਾਹਿਤ ਨੂੰ ਹੋਰ ਉੱਚਾ ਚੁੱਕਦਾ ਹੈ। ਇਸ ਇਨਾਮ ਲਈ ਉਸ ਨੂੰ ਮੁਬਾਕਰਵਾਦ!
:::

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …