Breaking News
Home / ਪੰਜਾਬ / ਮਿਆਰੀ ਸਿੱਖਿਆ ਦੇ ਧੁਰੇ ਵਜੋਂ ਉੱਭਰੇਗਾ ਪੰਜਾਬ : ਭਗਵੰਤ ਮਾਨ

ਮਿਆਰੀ ਸਿੱਖਿਆ ਦੇ ਧੁਰੇ ਵਜੋਂ ਉੱਭਰੇਗਾ ਪੰਜਾਬ : ਭਗਵੰਤ ਮਾਨ

ਆਈਆਈਐੱਮ ਅਹਿਮਦਾਬਾਦ ਤੋਂ ਸਿਖਲਾਈ ਲੈਣ ਲਈ ਰਵਾਨਾ ਕੀਤੇ ਮੁੱਖ ਅਧਿਆਪਕ
ਮੁਹਾਲੀ : ਸਿੱਖਿਆ ਦੇ ਖੇਤਰ ਵਿੱਚ ਇਨਕਲਾਬ ਲਿਆਉਣ ਦੇ ਉਦੇਸ਼ ਨਾਲ ਇੱਕ ਹੋਰ ਅਹਿਮ ਪਹਿਲਕਦਮੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈਆਈਐੱਮ) ਅਹਿਮਦਾਬਾਦ ਤੋਂ ਵਿਸ਼ੇਸ਼ ਸਿਖਲਾਈ ਲੈਣ ਲਈ ਸਕੂਲ ਮੁਖੀਆਂ ਦੇ ਪਹਿਲੇ ਬੈਚ ਨੂੰ ਮੁਹਾਲੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਇਸ ਦਿਨ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਜਿੱਥੇ ਪ੍ਰਿੰਸੀਪਲਾਂ ਦਾ ਵਫ਼ਦ ਸਿੰਗਾਪੁਰ ਤੋਂ ਸਿਖਲਾਈ ਲੈ ਕੇ ਵਾਪਸ ਆ ਰਿਹਾ ਹੈ, ਉੱਥੇ ਇਕ ਹੋਰ ਬੈਚ ਆਪਣੀ ਮੁਹਾਰਤ ਨਿਖਾਰਨ ਲਈ ਅਹਿਮਦਾਬਾਦ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਪਹਿਲੀ ਤਰਜੀਹ ਹੈ ਤਾਂ ਜੋ ਉਹ ਵਿਸ਼ਵ ਭਰ ਵਿੱਚ ਕਾਨਵੈਂਟ ਸਕੂਲਾਂ ‘ਚ ਪੜ੍ਹੇ-ਲਿਖੇ ਵਿਦਿਆਰਥੀਆਂ ਦਾ ਮੁਕਾਬਲਾ ਕਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਚੰਗੇ ਕੋਚ ਵਧੀਆ ਖਿਡਾਰੀ ਪੈਦਾ ਕਰਦੇ ਹਨ, ਉਵੇਂ ਇੱਕ ਤਜਰਬੇਕਾਰ ਅਧਿਆਪਕ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਕਰਨ ਵਿੱਚ ਸਹਾਈ ਹੋਵੇਗਾ। ‘ਸਿੱਖਿਆ ਖੇਤਰ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਵਿਦਿਆਰਥੀਆਂ ਨੂੰ ਗੁਣਕਾਰੀ ਵਿਦਿਆ ਦੇਣ ਲਈ ਹਰਸੰਭਵ ਯਤਨ ਕੀਤੇ ਜਾਣਗੇ।’ ਉਨ੍ਹਾਂ ਕਲਪਨਾ ਕੀਤੀ ਕਿ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਭਰ ਵਿੱਚ ਮਿਆਰੀ ਸਿੱਖਿਆ ਦੇ ਧੁਰੇ ਵਜੋਂ ਉੱਭਰੇਗਾ।
ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨੇ ਸਾਧਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੁਰਾਣੇ ਆਗੂ ਸੱਤਾ ਹਥਿਆਉਣ ਤੋਂ ਬਾਅਦ ਲੋਕਾਂ ਵਿੱਚ ਜਾਣਾ ਪਸੰਦ ਨਹੀਂ ਕਰਦੇ ਸਨ। ਇਸ ਦੇ ਉਲਟ ਉਹ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਕਿਸੇ ਨਾ ਕਿਸੇ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ, ਵਿਧਾਇਕ ਕੁਲਵੰਤ ਸਿੰਘ ਤੇ ਕੁਲਜੀਤ ਸਿੰਘ ਰੰਧਾਵਾ, ਚੇਅਰਪਰਸਨ ਪ੍ਰਭਜੋਤ ਕੌਰ, ਡੀਸੀ ਆਸ਼ਿਕਾ ਜੈਨ ਅਤੇ ਹੋਰ ਹਾਜ਼ਰ ਸਨ।
‘ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਮੁੱਦੇ ‘ਤੇ ਵਿਰੋਧੀ ਲੋਕਾਂ ਨੂੰ ਕਰ ਰਹੇ ਨੇ ਗੁਮਰਾਹ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਅੜਚਨਾਂ ਨੂੰ ਦੂਰ ਕਰਦਿਆਂ 12710 ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਹਮੇਸ਼ਾ ਏਜੰਡੇ ‘ਤੇ ਰੱਖਿਆ ਅਤੇ ਇਸ ਦਾ ਮਨੋਰਥ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣਾ ਹੈ ਕਿਉਂਕਿ ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਜੇਕਰ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੈ ਤਾਂ ਹੀ ਉਹ ਵਿਦਿਆਰਥੀਆਂ ਦੀ ਕਿਸਮਤ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਇਸ ਮੁੱਦੇ ‘ਤੇ ਵੀ ਤਰਕਹੀਣ ਅਤੇ ਬੇਬੁਨਿਆਦ ਟਿੱਪਣੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦੋਂਕਿ ਸੱਚਾਈ ਇਹ ਹੈ ਕਿ ਪਿਛਲੀ ਸਰਕਾਰਾਂ ਨੇ ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਕੋਈ ਠੋਸ ਨੀਤੀ ਹੀ ਨਹੀਂ ਘੜੀ ਸੀ।
ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਛੇਤੀ ਹੋਵੇਗੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਅਤੇ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਕੈਬਨਿਟ ਨੇ ਨਵੀਂ ਖੇਡ ਨੀਤੀ-2023 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਨੀਤੀ ਵਿੱਚ ਪਿੰਡ ਪੱਧਰ ‘ਤੇ ਖਿਡਾਰੀਆਂ ਲਈ ਨੌਕਰੀਆਂ, ਸਿਖਲਾਈ, ਵੱਖ-ਵੱਖ ਲਾਭ ਅਤੇ ਮਜ਼ਬੂਤ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਕਰਕੇ ਖੇਡ ਸੱਭਿਆਚਾਰ ਨੂੰ ਮੁੜ ਪ੍ਰਫੁੱਲਤ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਖੇਡਾਂ ਵਿੱਚ ਮੱਲ੍ਹਾਂ ਮਾਰ ਸਕਣ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਖਿਡਾਰੀਆਂ ਨੂੰ ਮਜ਼ਬੂਤ ਬੁਨਿਆਦੀ ਢਾਂਚਾ, ਕੋਚਿੰਗ ਅਤੇ ਸਹੂਲਤਾਂ ਪ੍ਰਦਾਨ ਕਰਨ ਤੋਂ ਇਲਾਵਾ ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ‘ਤੇ ਵੀ ਜ਼ੋਰ ਦਿੱਤਾ ਜਾਵੇਗਾ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …