Breaking News
Home / ਰੈਗੂਲਰ ਕਾਲਮ / ਸਿਰ ‘ਤੇ ਘੁੰਮਦਾ ਮਨ ਦਾ ਪੱਖਾ -3

ਸਿਰ ‘ਤੇ ਘੁੰਮਦਾ ਮਨ ਦਾ ਪੱਖਾ -3

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਸਭਨਾਂ ਦੇ ਜ਼ੋਰ ਪਾਉਣ ‘ਤੇ ਦੁਰਗਾ ਦੱਤ ਬਿਮਲਾ ਨਾਲ ਕਸੌਲੀ ਜਾਣ ਲਈ ਤਿਆਰ ਹੋ ਗਿਆ। ਗੰਨਮੈਨ ਦੀ ਲੋੜ ਨਹੀਂ ਸੀ। ਡਰਾਈਵਰ ਨੇ ਹੀ ਨਾਲ ਜਾਣਾ ਸੀ। ਵਿਜੈ ਨੇ ਫੋਨ ਉਤੇ ਡਰਾਈਵਰ ਨੂੰ ਹਦਾਇਤਾਂ ਕੀਤੀਆਂ ਕਿ ਤੂੰ ਇਹਨਾਂ ਦਾ ਪੂਰਾ ਧਿਆਨ ਰੱਖਣਾ ਹੈ। ਪਹਿਲੀ ਘਰੋਂ ਨਿਕਲਣ ਲੱਗੇ ਨੇ। ਪਾਪਾ ਦੇ ਮਨ ‘ਤੇ ਬੋਝ ਹੈ, ਸੋ ਕੋਈ ਸ਼ਿਕਾਇਤ ਨਾ ਆਵੇ।
ਪੰਜਾਬ ਦੀ ਹੱਦ ਮੁੱਕੀ। ਜਿਉਂ-ਜਿਉਂ ਪਹਾੜੀ ਇਲਾਕਾ ਤੇ ਹਰੇਵਾਈ ਆਉਣ ਲੱਗੀ ਦੁਰਗਾ ਦੱਤ ਨੂੰ ਮਹਿਸੂਸ ਹੋਣ ਲੱਗਿਆ ਕਿ ਅਦਾਲਤੀ ਦੁਨੀਆਂ ਤੋਂ ਵੱਖਰੀ ਤੇ ਹਰੀ-ਭਰੀ ਦੁਨੀਆਂ ਵੀ ਬਾਹਰ ਵੱਸਦੀ ਹੈ। ਉਹ ਪਹਾੜਾਂ ਉਤੇ ਉਚੇ ਖਲੋਤੇ ਦਰੱਖਤਾਂ ਨੂੰ ਦੂਰ ਤੱਕ ਨਿਹਾਰਨ ਲੱਗਿਆ, ” ਦੇਖ ਬਿਮਲਾ ਔਧਰ, ਕਿੰਨੇ ਲੰਬੇ ਰੱਖ ਨੇ, ਕਿੰਨੇ ਸੋਹਣੇ ਲਗਦੇ ਆ।” ਕਸੌਲੀ ਪਹੁੰਚਕੇ ਦੁਰਗਾ ਦੱਤ ਨੂੰ ਚੰਗਾ-ਚੰਗਾ ਲੱਗਣ ਲੱਗਿਆ। ਦੋ ਦਿਨ ਬੀਤੇ। ਤੀਜੇ ਦਿਨ ਉਹ ਆਖਣ ਲੱਗਿਆ, ” ਕਦੋਂ ਜਾਣਾ ਘਰ ਬਿਮਲਾ?”
”ਪਰਸੋਂ ਚੱਲਾਂਗੇ, ਗਰ ਕੀ ਆ? ਸਾਰੀ ਉਮਰ ਘਰ ਵਿੱਚ ਹੀ ਰਹੇ ਆਂ, ਆਹ ਐਥੋ ਦਾ ਮਾਹੌਲ ਮੈਨੂੰ ਤਾਂ ਬਹੁਤ ਅੱਛਾ-ਅੱਛਾ ਲੱਗ ਰਿਹਾ ਏ।”
ਦੁਪੈਹਿਰ ਦਾ ਵਕਤ ਸੀ। ਬਿਮਲਾ ਤੇ ਦੁਰਗਾ ਦੱਤ ਹੋਟਲ ਦੇ ਬਾਹਰ ਇੱਕ ਫਾਰਮ ਨਾਲ ਲਗਦੇ ਘਾਹ ਦੇ ਲਆਨ ‘ਤੇ ਬੈਠੇ ਸਨ ਕਿ ਦੁਰਗਾ  ਬੋਲਿਆ, ” ਬਿਮਲਾ ਮੈਨੂੰ ਯਾਦ ਆਇਆ ਜਦ ਮੈਂ ਨਿੱਕਾ ਹੁੰਦਾ ਸੀ ਤਾਂ ਮੇਰੀ ਦਾਦੀ ਮੈਨੂੰ ਫੁੱਲੀਆਂ ਖਾਣ ਨੂੰ ਦਿਆ ਕਰਦੀ ਸੀ, ਬੜੀਆਂ ਸੁਆਦੀ ਹੁੰਦੀਆਂ ਸੀ ਫੁੱਲੀਆਂ, ਮੇਰਾ ਫੁੱਲੀਆਂ ਖਾਣ ਨੂੰ ਦਿਲ ਕਰਦਾ ਪਿਆ।”
”ਦੇਖੋ ਜੀ, ਹੁਣ ਤੁਸੀਂ ਆਪ ਹੀ ਦੇਖੌ ਕਿ ਏਥੇ ਹੋਟਲ ਵਿੱਚ ਫੁੱਲੀਆਂ ਕਿੱਥੇ ਮਿਲਣੀਆਂ ਨੇ, ਜਦ ਆਪਾਂ ਵਾਪਸ ਜਾਵਾਂਗੇ, ਰਸਤੇ ਵਿੱਚ ਲੈ ਲਵਾਂਗੇ ਫੁੱਲੀਆਂ।”
”ਨਹੀਂ ਨਹੀਂ, ਮਿਲ ਜਾਣਗੀਆਂ, ਉਹ ਹੋਟਲ ਈ ਕੀ ਹੋਇਆ ਜਿੱਥੇ ਫੁੱਲੀਆਂ ਨਾ ਹੋਣ, ਤੂੰ ਪਤਾ ਕਰ।”
ਬੁੜ-ਬੁੜ ਕਰਦੀ ਬਿਮਲਾ ਹੋਟਲ ਦੀ ਰਿਸੈਪਸ਼ ‘ਤੇ ਗਈ ਤੇ ਫੁੱਲੀਆਂ ਮਿਲਣ ਬਾਰੇ ਪੁਛਿਆ। ਹੋਟਲ ਦੇ ਕਰਿੰਦੇ ਨੇ ਉਹਨਾਂ ਦੇ ਡਰਾਈਵਰ ਨੂੰ ਸਮਝਾਇਆ ਕਿ ਇੱਥੋਂ ਦਸ ਕਿਲੋਮੀਟਰ ਦੂਰ ਇੱਕ ਕਸਬਾ ਆਵੇਗਾ। ਉਥੇ ਬਜ਼ਾਰ ਵਿੱਚੋਂ ਮਿਲ ਜਾਣਗੀਆਂ ਫੁੱਲੀਆਂ। ਦੁਰਗਾ ਦੱਤ ਦਾ ਡਰਾਈਵਰ ਪਹਾੜਾਂ ਤੋਂ ਗੱਡੀ ਲਾਹੁੰਦਾ-ਚੜ੍ਹਾਉਂਦਾ ਸੋਚਦਾ ਜਾ ਰਿਹਾ ਸੀ ਕਿ ਲਗਦਾ ਹੈ ਕਿ ਜੱਜ ਸਾਹਬ ਦਾ ਦਿਮਾਗ ਹੁਣ ਸੱਚਮੁਚ ਹੀ ਹਿੱਲ ਗਿਆ ਹੈ! ਇਸ ਉਮਰ ਵਿੱਚ ਫੁੱਲੀਆਂ! ਖੈਰ!
ਫੁੱਲੀਆਂ ਦਾ ਵੱਡਾ ਲਿਫਾਫਾ ਉਸ ਨੇ ਖਰੀਦਿਆ ਤੇ ਵਾਪਸ ਚਾਲੇ ਪਾਏ। ਗੱਡੀ ਪਾਰਕਿੰਗ ਕਰ ਕੇ, ਹੱਥ ਵਿੱਚ ਲਿਫਾਫਾ ਫੜ੍ਹੀ ਡਰਾਈਵਰ ਜੱਜ ਸਾਹਬ ਤੇ ਬੀਬੀ ਦੇ ਨੇੜੇ ਪੁੱਜਿਆ ਤਾਂ ਸਾਹਬ  ਕਿਸੇ ਨਿਆਣੇ ਵਾਂਗ ਬੜਾ ਖੁਸ਼ ਹੋਇਆ, ”ਵਾਹ ਬਈ ਵਾਹ, ਮੈਨੂੰ ਪਤਾ ਸੀ ਕਿ ਤੂੰ ਲੱਭ ਹੀ ਲਿਆਣੀਆਂ ਨੇ ਫੁੱਲੀਆਂ।”
ਤਿੰਨ ਬਾਂਦਰਾਂ ਨੇ ਲਾਅਨ ਵਿੱਚ ਛਾਂਲਾਂ ਮਾਰੀਆਂ ਤੇ ਫੁੱਲੀਆਂ ਵਾਲਾ ਲਿਫਾਫਾ ਝਪਟਣ ਲੱਗੇ। ਡਰਾਈਵਰ, ਜੱਜ ਸਾਹਬ ਤੇ ਬਿਮਲਾ ਬਾਂਦਰਾਂ ਤੋਂ ਬਚਾਓ ਲਈ ਏਧਰ-ਓਧਰ ਭੱਜੇ। ਬਾਂਦਰਾਂ ਨੇ ਲਿਫਾਫਾ ਖਿਲਾਰ ਦਿੱਤਾ। ਹੋਟਲ ਦਾ ਕਰਿੰਦਾ ਡਾਂਗ ਲੈ ਕੇ ਬਾਂਦਰਾਂ ਪਿੱਛੇ ਦੌੜਿਆ। ਦੁਰਗਾ ਦੱਤ ਰੌਲਾ ਪਾਉਣ ਲੱਗਿਆ, ”ਮੈਨੂੰ ਕੀ ਪਤਾ ਸੀ ਕਿ ਏਥੇ ਵੀ ਬਾਂਦਰ ਹੈਗੇ ਬਿਮਲਾ, ਉਥੋਂ ਦੇ ਬਾਂਦਰਾਂ ਤੋਂ ਖਹਿੜਾ ਛੁਡਾ ਕੇ ਤਾਂ ਏਥੇ ਘੁੰਮਣ ਆਏ ਸਾਂ।” ਇਹ ਸੁਣ ਡਰਾਈਵਰ ਦਾ ਹਾਸਾ ਫੁੱਟ ਪਿਆ।
”ਦੇਖ ਬਿਮਲਾ, ਮੇਰੀ ਤਾਂ ਫੁੱਲੀਆਂ ਖਾਣ ਦੀ ਖਾਹਸ਼ ਵੀ ਪੂਰੀ ਨਾ ਹੋਈ, ਪ੍ਰਮੋਸ਼ਿਨ ਹੋਣ ਦੀ ਕਿੱਥੋਂ ਹੋਣੀ ਸੀ!”
” ਤੁਸੀਂ ਫਿਰ ਪ੍ਰਮੋਸ਼ਿਨ ਦਾ ਸਿਆਪਾ ਲੈ ਕੇ ਬੇਠ ਗਏ ਓ?” ਬਿਮਲਾ ਰਾਣੀ ਨੇ ਤਲਖੀ ਵਿਖਾਈ। ਦੁਰਗਾ ਦੱਤ ਕੁਝ ਨਾ ਬੋਲਿਆ।
” ਬਿਮਲਾ, ਲੋਕਾਂ ਨੇ ਪੈਸਾ ‘ਕੱਠਾ ਕੀਤਾ, ਮੈਂ ਏਹ ਵੀ ਨਾ ਕੀਤਾ, ਲੋਕਾਂ ਨੇ ਪ੍ਰਮੋਸ਼ਿਨਾਂ ਲਈਆਂ, ਮੈਨੂੰ ਏਹ ਵੀ ਨਾ ਮਿਲੀਆਂ, ਲੋਕਾਂ ਨੇ ਇਨਜੁਆਏ ਕੀਤਾ, ਮੈਂ ਏਹ ਵੀ ਨਾ ਕੀਤਾ, ਕੀ ਲਾਈਫ ਹੋਈ?”
”ਮੈਨੂੰ ਪਤਾ ਤੁਹਾਡਾ ਏਥੇ ਦਿਲ ਨਹੀਂ ਲੱਗਿਆ, ਚਲੋ ਵਾਪਸ ਘਰ।” ਉਹ ਡਰਾਈਵਰ ਨੂੰ ਸਮਾਨ ਸੰਭਾਲਣ ਤੇ ਗੱਡੀ ਵਿੱਚ ਰੱਖਣ ਲਈ ਆਖਣ ਲਈ ਤੁਰ ਪਈ।
::::::
ਦੁਰਗਾ ਦੱਤ ਦੀ ਚੈਂਬਰ ਵਿਚ ਲੰਮੀ ਪਾਈਪ ਨਾਲ ਲਮਕਦਾ ਪੁਰਾਣਾ ਪੱਖਾ ਸੀ। ਇੰਜ ਪਹਿਲਾਂ ਕਦੇ ਨਹੀਂ ਸੀ ਹੋਇਆ। ਹੁਣ ਪੱਖੇ ਦੀ ‘ਖਰ-ਖਰ’ ਉਹਦਾ ਧਿਆਨ ਤੋੜਨ ਲੱਗੀ। ਉਪਰ ਉਤਾਂਹ ਨੂੰ ਝਾਕਦਾ ਤਾਂ ਸਟੈਨੋ ਤੇ ਰੀਡਰ ਵੀ ਨਾਲ ਦੇਖਣ ਲੱਗਦੇ।
”ਮੈਨੂੰ ਲਗਦਾ ਏ… ਇਹ ਡਿੱਗੂਗਾ ਆਪਣੇ ਉਤੇ… ਏਹਦੀ ਪਾਈਪ ਗਲ਼ ਗਈ ਹੋਣੀ… ਤਦੇ ਈ ਖਰ-ਖਰ ਕਰਦਾ ਏ ਡਿੱਗ ਪਿਆ ਤਾਂ ਆਪਾਂ ਨਹੀਂ ਬਚਣਾ।” ਜੱਜ ਸਾਹਬ ਦੀ ਗੱਲ ਸੁਣਕੇ ਨਾਲ ਬੈਠਾ ਸਟਾਫ਼ ਹੈਰਾਨ ਹੁੰਦਾ। ਰੀਡਰ -”ਨਹੀਂ ਸਰ ਸਾਰੀਆਂ ਕੋਰਟਾਂ ਦੀਆਂ ਛੱਤਾਂ ਉਚੀਆਂ ਨੇ… ਪੁਰਾਣੀਆਂ ਬਿਲਡਿੰਗਾਂ… ਏਹ ਪੱਖਿਆਂ ਦੀਆਂ ਪਾਈਪਾਂ ਬੜੀਆਂ ਮੋਟੀਆਂ ਤੇ ਜਬਰਦਸਤ ਨੇ… ਕਦੀ ਨੀਂ ਡਿਗਦਾ।”
ਜੱਜ – ”ਤੈਨੂੰ ਬਹੁਤਾ ਪਤੈ ਮੇਰੇ ਨਾਲੋਂ?”
ਸਾਰੇ ਚੁੱਪ ਕਰ ਗਏ। ਇਕ ਦਿਨ ਦੁਰਗਾ ਦੱਤ ਨੂੰ ਮਹਿਸੂਸ ਹੋਇਆ ਕਿ ਕਚਹਿਰੀ ਸੌ ਸਾਲ ਪੁਰਾਣੀ ਹੈ, ਛੱਤ ਵੀ ਉਪਰ ਗਿਰ ਸਕਦੀ ਹੈ। ਰਿਟਾਇੰਰਗ ਰੂਮ ਵਿਚ ਬੈਠੇ ਨੇ ਉਹਨੇ ਰੀਡਰ ਨੂੰ ਕੋਲ ਬੁਲਾ ਕੇ ਇਹ ਤੌਖਲਾ ਸਾਂਝਾ ਕੀਤਾ। ਰੀਡਰ ਨੇ ਫਿਰ ਤਸੱਲੀ ਕਰਵਾਈ ਕਿ ਨਹੀਂ ਸਰ ਐਸੀ ਕੋਈ ਗੱਲ ਨਹੀਂ। ਪਰ ਜੱਜ ਸਾਹਿਬ ‘ਤੇ ਰਤਾ ਅਸਰ ਨਾ ਹੋਇਆ।
”ਪੱਕੀ ਗੱਲ ਮੇਰੀ… ਅੱਜ ਇਹ ਡਿਗੂ ਆਪਣੇ ਉਤੇ… ਆਪਾਂ ਸਾਰੇ ਮਾਰੇ ਜਾਵਾਂਗੇ।” ਰਮੇਸ਼ ਰੀਡਰ ਚੁੱਪ ਕਰ ਕੇ ਬਾਹਰ ਆ ਗਿਆ।
ਉਹਨੀਂ ਦਿਨੀਂ ਅਖ਼ਬਾਰ ਵਿਚ ਖ਼ਬਰ ਆ ਗਈ ਕਿ ਇਕ ਜੱਜ ਦੇ ਗੰਨਮੈਨ ਤੋਂ ਗੋਲੀ ਚੱਲ ਗਈ। ਦੁਰਗਾ ਦੱਤ ਨੇ ਗੰਨਮੈਨ ਨੂੰ ਕੋਲ ਬੁਲਾ ਕੇ ਕਿਹਾ, ”ਤੈਂ ਸਟੇਨਗੰਨ ਲੈ ਕੇ ਮੇਰੇ ਨਾਲ ਨਹੀਂ ਚਲਣਾ ਅੱਜ ਤੋਂ… ਇਸ ਨੂੰ ਆਪਣੇ ਮਹਿਕਮੇ ਦੇ ਅਸਲੇ ਖਾਨੇ ਵਿਚ ਜਮ੍ਹਾਂ ਕਰਵਾ ਦੇ… ਮੈਨੂੰ ਤੂੰ ਮਾਰਨੈਂ?”
ਹੁਕਮ ਦੀ ਤਾਮੀਲ ਗੰਨਮੈਨ ਵੀ ਕਰ ਆਇਆ ਤੇ ਜੱਜ ਸਾਹਬ ਨਾਲ ਖ਼ਾਲੀ ਹੱਥ ਰਹਿਣ ਲੱਗ ਪਿਆ।

ਪਾਣੀ ਤੋਂ ਦੁਰਗਾ ਦੱਤ ਦਾ ਡਰ ਨਹੀਂ ਹਟਿਆ ਸੀ ਤੇ ਹੁਣ ਕੰਧਾਂ, ਪੱਖਿਆਂ, ਸਟੇਨਗੰਨਾਂ ਤੇ ਆਪਣੇ ਸਾਹਮਣੇ ਆਉਂਦੇ ਵਹੀਕਲਾਂ ਤੋਂ ਵੀ ਉਹ ਬੁਰੀ ਤਰ੍ਹਾਂ ਡਰਨ ਲੱਗ ਪਿਆ।
ਡਰਾਈਵਰ ਦੀ ਖਾਹ-ਮਖਾਹ ਟੋਕਾ ਟਾਕੀ ਕਰਨ ਲੱਗ ਪਿਆ ਸੀ, ”ਅਹੁ ਦੇਖ… ਅਹੁ ਦੇਖ ਭੈਂਅ… ਟਰੈਕਟਰ ਵਾਲਾ ਆਪਣੇ ਵੱਲ ਨੂੰ ਸਿੱਧਾ ਕਰੀ ਆ ਰਿਹੈ… ਤੂੰ ਪਾਸੇ ਹਟਾ ਲੈ ਕਾਰ… ਮਾਰ ਦੇਵੇਗਾ ਇਹ ਆਪਾਂ ਨੂੰ।”
ਹੋਰ ਸਟਾਫ਼ ਦੇ ਨਾਲ-ਨਾਲ ਡਰਾਈਵਰ ਵੀ ਦੁਖੀ ਹੋ ਗਿਆ ਸੀ। ਬਿਮਲਾ ਰਾਣੀ ਉਸ ਦਾ ਬਹੁਤ ਫ਼ਿਕਰ ਕਰਦੀ। ਇਕ ਦਿਨ ਕਹਿਣ ਲੱਗਾ, ”ਇਹ ਸਾਲੇ ਅਰਦਲੀ ਬੜੇ ਹਰਾਮਖੋਰ ਹੁੰਦੇ ਨੇ… ਜਦ ਖਾਣਾ ਬਣਾਵੇ ਇਹਦੇ ਕੋਲ ਖਲੋਇਆ ਕਰ… ਮੈਂ ਖ਼ਬਰ ਪੜ੍ਹੀ ਸੀ ਇਕ ਦਿਨ ਇਕ ਨੌਕਰ ਨੇ ਖਾਣੇ ਵਿਚ ਜ਼ਹਿਰ ਮਿਲਾ ਦਿੱਤੀ… ਮਾਰ ਦਏਗਾ ਆਪਾਂ ਨੂੰ… ਆਪਣਾ ਵਿਜੇ ਇਕੱਲਾ ਕੀ ਕਰੇਗਾ? ਕਿਥੇ ਜਾਏਗਾ…?” ਦੁਰਗਾ ਦੱਤ ਰੋਣ ਲੱਗਿਆ।
”ਹੁਣ ਠੰਢ ਆ ਗਈ ਏ… ਕਾਲਾ ਕੋਟ ਪਾ ਕੇ ਜਾਇਆ ਕਰੋ ਕੋਰਟ … ਠੰਢ ਆਂਦੀ-ਆਂਦੀ ਜਾਂ ਫਿਰ ਜਾਂਦੀ-ਜਾਂਦੀ ਲਗਦੀ ਏ ਬੰਦੇ ਨੂੰ… ਉਥੇ ਤਾਂ ਹੀਟਰ ਵੀ ਨਹੀਂ ਤੁਹਾਡੀ ਕੋਰਟ ਵਿਚ… ਠੰਢੇ ਕਮਰੇ… ਸਾਰਾ ਦਿਨ ਅੰਦਰ ਤੜੇ ਰਹਿਣਾ… ਕਾਲਾ ਕੋਟ ਪਰੈਸ ਕਰਵਾ ਦਿੱਤਾ ਏ… ਅੱਜ ਪਾ ਕੇ ਜਾਣਾ।” ”ਮੈਂ ਨਹੀਂ ਪਾਵਾਂਗਾ ਬਿਮਲਾ ਹੁਣ ਕਾਲਾ ਕੋਟ… ਮੈਨੂੰ ਨਫ਼ਰਤ ਏ ਇਸ ਤੋਂ… ਹੁਣ ਮੈਂ ਲਾਹੁਣ ਵਾਲਾ ਆਂ ਕਾਲਾ ਕੋਟ ਵੀ ਜ਼ਿੰਦਗੀ ਦਾ ਜੰਜਾਲ ਵੀ ਤੇ ਤੂੰ ਫੇਰ ਪਾਉਣ ਨੂੰ ਕਹਿੰਨੀ ਏ… ਮਹੀਨੇ ਤਾਂ ਸਾਰੇ ਦੋ ਰਹਿਗੇ ਨੇ…।”
ਚਿੱਟੀ ਸ਼ਰਟ ਤੇ ਹਰੇ ਰੰਗ ਦੀ ਪੈਂਟ ਪਾਈ ਦੁਰਗਾ ਦੱਤ ਕਾਰ ਵੱਲ ਤੁਰ ਪਿਆ। ਉਸ ਦੇ ਕਦਮ ਲੜ-ਖੜਾ ਰਹੇ ਸਨ। ਬਿਮਲਾ ਦੇਵੀ ਡਾਹਢੀ ਉਦਾਸ ਹੋ ਗਈ ਤੇ ਦੂਰ ਤੀਕ ਜਾਂਦੀ ਕਾਰ ਦਾ ਪਿੱਛਾ ਤਕਦੀ ਰਹੀ।
(ਸਮਾਪਤ)

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …