ਕੋਰਟ ਨੇ ਕਿਰਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ‘ਚ ਤਿੰਨ ਹੋਰਨਾਂ ਨੂੰ ਵੀ ਸੁਣਾਈ ਸਜ਼ਾ ਪੰਜ ਹਜ਼ਾਰ ਟਕਾ ਬੌਂਡ ਭਰਨ ਮਗਰੋਂ ਇਕ ਮਹੀਨੇ ਦੀ ਜ਼ਮਾਨਤ ਮਿਲੀ
ਢਾਕਾ/ਬਿਊਰੋ ਨਿਊਜ਼ : ਬੰਗਲਾਦੇਸ਼ ਦੇ ਨੋਬੇਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਡਾ.ਮੁਹੰਮਦ ਯੂਨਸ ਨੂੰ ਕਿਰਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਅਦਾਲਤ ਨੇ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਯੂਨਸ ਦੇ ਹਮਾਇਤੀਆਂ ਨੇ ਕੋਰਟ ਦੇ ਫ਼ੈਸਲੇ ਨੂੰ ‘ਸਿਆਸਤ ਤੋਂ ਪ੍ਰੇਰਿਤ’ ਕਰਾਰ ਦਿੱਤਾ ਹੈ। ਲੇਬਰ ਕੋਰਟ ਦੀ ਜੱਜ ਸ਼ੇਖ ਮੈਰੀਨਾ ਸੁਲਤਾਨਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, ”ਯੂਨਸ ਉੱਤੇ ਲੱਗੇ ਕਿਰਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਸਾਬਤ ਹੋਏ ਹਨ। ਇੰਜ ਲੱਗਦਾ ਹੈ ਕਿ ਦੋਸ਼ ਕਿਸੇ ਹੱਦਾਂ ਵਿੱਚ ਨਹੀਂ ਬੱਝੇ।” ਸਜ਼ਾ ਸੁਣਾਏ ਜਾਣ ਮੌਕੇ 83 ਸਾਲਾ ਯੂਨਸ ਕੋਰਟ ਵਿੱਚ ਹੀ ਮੌਜੂਦ ਸੀ। ਦਿ ਥਰਡ ਲੇਬਰ ਕੋਰਟ ਦੇ ਜੱਜ ਨੇ ਕਿਹਾ ਕਿਹਾ ਕਿ ਯੂਨਸ ਨੇ ਗ੍ਰਾਮੀਣ ਟੈਲੀਕਾਮ ਚੇਅਰਮੈਨ ਦੇ ਅਹੁਦੇ ‘ਤੇ ਰਹਿੰਦਿਆਂ ਸਮਾਜਿਕ ਕਾਰੋਬਾਰੀ ਕੰਪਨੀ ਦੇ ਤਿੰਨ ਹੋਰ ਕਾਰਜਕਾਰੀਆਂ ਨਾਲ ਮਿਲ ਕੇ ਕਾਨੂੰਨ ਦੀ ਉਲੰਘਣਾ ਕੀਤੀ, ਜਿਸ ਲਈ ਇਨ੍ਹਾਂ ਨੂੰ ਛੇ ਮਹੀਨੇ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ। ਜੱਜ ਨੇ ਅਰਥਸ਼ਾਸਤਰੀ ਨੂੰ 25000 ਟਕੇ ਦਾ ਜੁਰਮਾਨਾ ਵੀ ਲਾਇਆ। ਜੱਜ ਨੇ 5000 ਟਕਾ ਦੇ ਬੌਂਡ ਉੱਤੇ ਇਕ ਮਹੀਨੇ ਦੀ ਜ਼ਮਾਨਤ ਦੇ ਦਿੱਤੀ।