Breaking News
Home / ਨਜ਼ਰੀਆ / ਭਾਰਤ ਦੀ ਪਹਿਲੀ ਔਰਤ ਅਧਿਆਪਕ ਅਤੇ ਸਮਾਜ-ਸੁਧਾਰਕ-ਸਵਿੱਤਰੀ ਬਾਈ ਫੂਲੇ

ਭਾਰਤ ਦੀ ਪਹਿਲੀ ਔਰਤ ਅਧਿਆਪਕ ਅਤੇ ਸਮਾਜ-ਸੁਧਾਰਕ-ਸਵਿੱਤਰੀ ਬਾਈ ਫੂਲੇ

ਡਾ: ਹਰਕਮਲਜੋਤ
ਭਾਰਤ ਦੀ ਪਹਿਲੀ ਔਰਤ ਅਧਿਆਪਕ ਸਵਿੱਤਰੀ ਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਮਹਾਂਰਾਸ਼ਟਰ ਦੇ ਨਏਗਾਓਂ ਵਿੱਚ ਹੋਇਆ। ਉਸ ਸਮੇਂ ਦੇ ਰਿਵਾਜ ਮੁਤਾਬਕ ਉਸਦੀ ਸ਼ਾਦੀ 9 ਸਾਲ ਦੀ ਉਮਰ ਵਿੱਚ ਹੀ 12 ਵਰ੍ਹਿਆਂ ਦੇ ਜਯੋਤੀ ਰਾਓ ਫੂਲੇ ਨਾਲ 1840 ਵਿੱਚ ਹੋ ਗਈ। ਜਿਸ ਨੇ ਸਵਿੱਤਰੀ ਬਾਈ ਨੂੰ ਘਰੇ ਪੜ੍ਹਨਾ ਲਿਖਣਾ ਸਿਖਾਇਆ ਅਤੇ ਹੋਰਨਾਂ ਨੂੰ ਪੜ੍ਹਾਉਣ ਦੀ ਟਰੇਨਿੰਗ ਦਿੱਤੀ। ਦੋਹਾਂ ਪਤੀ ਪਤਨੀ ਨੇ ਆਪਣੀ ਜਿੰਦਗੀ ਔਰਤਾਂ ਦੀ ਵਿੱਦਿਆ ਅਤੇ ਸਮਾਜ ਸੁਧਾਰ ਲਈ ਅਰਪਣ ਕੀਤੀ। ਉਸ ਸਮੇਂ ਲੜਕੀਆਂ ਦੀ ਸਿੱਖਿਆ ਲਈ ਕੋਈ ਪਰਬੰਧ ਨਹੀਂ ਸਨ। ਉਹਨਾਂ ਨੇ 1848 ਵਿੱਚ ਭਿੱਡੇਵਾੜਾ ਵਿੱਚ ਲੜਕੀਆਂ ਲਈ ਪਹਿਲਾ ਸਕੂਲ ਖੋਲ੍ਹਿਆ ਇਸ ਤਰ੍ਹਾਂ ਉਹ ਭਾਰਤ ਦੇ ਲੜਕੀਆਂ ਦੇ ਪਹਿਲੇ ਸਕੂਲ ਦੀ ਪਹਿਲੀ ਔਰਤ ਅਧਿਆਪਕ ਬਣੀ। ਇਸ ਤੋਂ ਬਾਦ ਉਹਨਾਂ ਦੁਆਰਾ ਅਜਿਹੇ 18 ਸਕੂਲ ਖੋਲ੍ਹੇ ਗਏ। ਇਸ ਵਾਸਤੇ ਸਵਿੱਤਰੀ ਬਾਈ ਨੂੰ ਰੂੜ੍ਹਵਾਦੀਆਂ ਵਲੋਂ ਬਹੁਤ ਕੁੱਝ ਸਹਿਣਾ ਪਿਆ। ਉਨ੍ਹਾ ਉੱਤੇ ਅਖੋਤੀ ਉੱਚ ਜਾਤੀ ਦੀਆਂ ਔਰਤਾਂ ਵਲੋਂ ਬੋਲੀ ਬਾਣਾਂ ਤੋਂ ਬਿਨਾਂ ਗੋਹਾ ਅਤੇ ਗੰਦਾ ਪਾਣੀ ਵੀ ਸੁੱਟਿਆ ਜਾਂਦਾ ਰਿਹਾ। ਪਰ ਉਨ੍ਹਾ ਨੇ ਆਪਣਾ ਮਿਸ਼ਨ ਨਹੀਂ ਛੱਡਿਆ। ਔਰਤਾਂ ਦੀ ਸਿੱਖਿਆ ਦੇ ਨਾਲ ਹੀ ਸਵਿੱਤਰੀ ਬਾਈ ਨੇ ਔਰਤਾਂ ਦੇ ਹੱਕਾਂ ਦੇ ਨਾਲ ਹੀ ਲਿੰਗ ਅਤੇ ਜਾਤ-ਪਾਤ ਦੇ ਆਧਾਰ ਤੇ ਹੋ ਰਹੇ ਵਿਤਕਰੇ ਵਿਰੁੱਧ ਬਹੁਤ ਹੀ ਜੋਦਾਰ ਢੰਗ ਨਾਲ ਆਵਾਜ਼ ਉਠਾਈ। ਉਹਨਾਂ ਸਮਿਆਂ ਵਿੱਚ ਬਾਲ-ਵਿਆਹ ਦਾ ਰਿਵਾਜ਼ ਸੀ ਅਤੇ ਬਾਲ ਵਿਧਵਾਵਾਂ ਦੀ ਗਿਣਤੀ ਬਹੁਤ ਜਿਆਦਾ ਹੁੰਦੀ ਸੀ। ਵਿਧਵਾ ਵਿਆਹ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਵਿਧਵਾਵਾਂ ਨੂੰ ਸਿਰ ਮੁੰਨਾ ਕੇ ਬਹੁਤ ਹੀ ਤਰਸ ਭਰੀ ਜਿੰਦਗੀ ਜਿਉਣੀ ਪੈਂਦੀ ਸੀ। ੳਨ੍ਹਾ ਦਾ ਬਹੁਤ ਹੀ ਜਿਆਦਾ ਸ਼ੋਸ਼ਣ ਹੁੰਦਾ ਸੀ ਖਾਸ ਤੌਰ ਤੇ ਜਿਣਸੀ ਸੋਸ਼ਣ। ਜਿਸ ਨਾਲ ਗਰਭਵਤੀ ਹੋਣ ਤੇ ੳਨ੍ਹਾਂ ਨੂੰ ਜਾਂ ਤਾਂ ਖੁਦਕਸ਼ੀ ਕਰਨੀ ਪੈਂਦੀ ਸੀ ਜਾਂ ਆਪਣਾ ਗਰਭਪਾਤ ਕਰਾਉਣਾ ਪੈਂਦਾ ਸੀ। ਇਸ ਵਾਸਤੇ ਫੂਲੇ ਜੋੜੀ ਨੇ ”ਬਾਲ-ਹਤਿੱਆ ਪ੍ਰਤੀਬੰਧਕ ਗ੍ਰਹਿ” ਬਣਾਇਆ ਜਿੱਥੇ ਇਨ੍ਹਾ ਮਜ਼ਬੂਰ ਔਰਤਾਂ ਨੂੰ ਸ਼ਰਨ ਦਿੱਤੀ ਜਾਂਦੀ ਸੀ। ਛੂਤ-ਛਾਤ ਦਾ ਬਹੁਤ ਹੀ ਜਿਆਦਾ ਬੋਲਬਾਲਾ ਸੀ। ਅਛੂਤ ਲੋਕ ਪਾਣੀ ਤੋਂ ਅਵਾਜ਼ਾਰ ਸਨ। ਇਸ ਦੇ ਹੱਲ ਲਈ ਉਨ੍ਹਾ ਆਪਣੇ ਘਰ ਵਿੱਚ ਖੂਹ ਲਗਵਾਇਆ ਜਿੱਥੋਂ ਅਛੂਤ ਪਾਣੀ ਲੈ ਸਕਦੇ ਸਨ। ਉਨਾ੍ਹਂ ਆਪਣੀ ਸਾਰੀ ਉਮਰ ਜਾਤ-ਪਾਤ,ਛੂਤ-ਛਾਤ, ਸਤੀ-ਪ੍ਰਥਾ, ਬਾਲ-ਵਿਆਹ, ਮਰਦ ਤੇ ਔਰਤ ਦੀ ਨਾਬਰਾਬਰੀ ਅਤੇ ਹੋਰ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਘਾਲਣਾ ਕੀਤੀ।
ਸੰਨ 1897 ਵਿੱਚ ਜਦ ਪਲੇਗ ਮਹਾਂਮਾਰੀ ਫੈਲੀ ਤਾਂ ਇਹਨਾਂ ਦੇ ਗੋਦ ਲਏ ਪੁੱਤਰ ਯਸ਼ਵੰਤ ਰਾਓ ਨੇ ਪਲੇਗ ਦੇ ਮਰੀਜ਼ਾਂ ਦੇ ਇਲਾਜ ਲਈ ਪੂਨੇ ਦੇ ਬਾਹਰਵਾਰ ਕਲਿਨਿਕ ਖੋਲ੍ਹਿਆ। ਸਵਿੱਤਰੀ ਦੇਵੀ ਪਲੇਗ ਦੇ ਮਰੀਜ਼ਾਂ ਨੂੰ ਉੱਥੇ ਆਪ ਲੈ ਕੇ ਜਾਂਦੀ ਤੇ ਉਹਨਾਂ ਦੀ ਸੇਵਾ ਕਰਦੀ। ਇੰਝ ਕਰਦਿਆ ਇਸ ਬੀਮਾਰੀ ਦੀ ਜਕੜ ਵਿੱਚ ਖੁਦ ਆ ਗਈ ਤੇ 10 ਮਾਰਚ 1897 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ
ਸਵਿੱਤਰੀ ਬਾਈ ਸਮਾਜ ਸੁਧਾਰਕ ਦੇ ਨਾਲ ਇੱਕ ਵਧੀਆ ਕਵਿੱਤਰੀ ਵੀ ਸੀ ਜਿਸ ਨੇ ਆਪਣੀਆਂ ਕਵਿਤਾਵਾਂ ਨੂੰ ਆਪਣੇ ਮਿਸ਼ਨ ਲਈ ਵਰਤਿਆ। ਉਸਦੀਆਂ ਕਵਿਤਾਵਾਂ ਵਿਤਕਰੇ ਅਤੇ ਭੇਦ-ਭਾਵ ਦੇ ਉਲਟ ਅਤੇ ਗਿਆਨ ਪ੍ਰਾਪਤੀ ਦਾ ਸੁਨੇਹਾ ਦੇਣ ਵਾਲੀਆਂ ਹਨ। ਇਨ੍ਹਾ ਕਵਿਤਾਵਾਂ ਦਾ ਸੁਨੇਹਾ ਸੀ, ” ਜਾਓ, ਵਿੱਦਿਆ ਪ੍ਰਾਪਤ ਕਰੋ”, ” ਵਿੱਦਿਆ ਪ੍ਰਾਪਤੀ ਦੇ ਸੁਨਹਿਰੀ ਮੌਕੇ ਦਾ ਲਾਭ ਉਠਾਓ”, ”ਬਿਨਾਂ ਗਿਆਨ, ਸਬ ਕੁੱਝ ਦਾ ਨੁਕਸਾਨ”, ”ਮਿਹਨਤ ਕਰੋ ਤੇ ਆਤਮ ਨਿਰਭਰ ਬਣੋ”, ”ਸਿੱਖੋ ਤੇ ਜਾਤਾਂ ਦੇ ਬੰਧਨ ਤੋੜ ਦਿਓ”। ਉਹਨਾਂ ਦੇ ਦੋ ਕਾਵਿ ਸੰਗ੍ਰਿਹ ”ਕਾਵਿਯਾ-ਫੂਲੇ” ਸੰਨ 1934 ਅਤੇ ਅਤੇ ”ਬਾਵਨ ਕਾਸ਼ੀ ਸੁਬੋਧ ਰਤਨਾਕਰ” ਸੰਨ 1982 ਵਿੱਚ ਛਪੇ।
ਮਹਾਰਾਸ਼ਟਰ ਦੀ ਸਰਕਾਰ ਵਲੋਂ ਉਨ੍ਹਾ ਦੀ ਯਾਦ ਵਿੱਚ ਹਰ ਸਾਲ ਸਮਾਜ -ਸੁਧਾਰ ਲਈ ਕੰਮ ਕਰਨ ਵਾਲੀ ਔਰਤ ਨੂੰ ਅਵਾਰਡ ਦਿੱਤਾ ਜਾਂਦਾ ਹੈ। ਸੰਨ 1998 ਵਿੱਚ 10 ਮਾਰਚ ਨੂੰ ਉਨ੍ਹਾ ਦੀ ਯਾਦ ਵਿੱਚ ਡਾਕ-ਤਾਰ ਵਿਭਾਗ ਵਲੋਂ ਡਾਕ ਟਿਕਟ ਜਾਰੀ ਕੀਤਾ ਗਿਆ। ਸੰਨ 2015 ਵਿੱਚ ਉਨ੍ਹਾਂ ਦੇ ਸਨਮਾਨ ਹਿੱਤ ‘ਪੂਨਾ ਯੂਨੀਵਰਸਿਟੀ’ ਦਾ ਨਾਂ ‘ਸਵਿੱਤੀ ਬਾਈ ਫੂਲੇ ਪੂਨਾ ਯੂਨੀਵਰਸਿਟੀ’ ਰੱੀਖਆ ਗਿਆ। ਹੁਣੇ ਹੀ 3 ਜਨਵਰੀ ਨੂੰ ਗੂਗਲ ਦੁਆਰਾ ਉਹਨਾਂ ਦੇ 186ਵੇਂ ਜਨਮ ਦਿਨ ਤੇ ਸਨਮਾਨ ਹਿੱਤ ਗੂਗਲ ਡੂਡਲ ਜਾਰੀ ਕੀਤਾ ਜਿਸ ਵਿੱਚ ਸਵਿੱਤਰੀਬਾਈ ਨੂੰ ਆਪਣੇ ਪੱਲੂ ਹੇਠ ਔਰਤਾਂ ਨੂੰ ਆਪਣੀ ਬੁੱਕਲ ਵਿੱਚ ਲੈਂਦੇ ਦਿਖਾਇਆ ਗਿਆ ਹੈ।
– 94170-92800

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …