Breaking News
Home / ਭਾਰਤ / ਸੁਪਰੀਮ ਕੋਰਟ ਦਾ ਫੈਸਲਾ, ਮੁਸਲਿਮ ਔਰਤਾਂ ਦੀ ਜਿੱਤ

ਸੁਪਰੀਮ ਕੋਰਟ ਦਾ ਫੈਸਲਾ, ਮੁਸਲਿਮ ਔਰਤਾਂ ਦੀ ਜਿੱਤ

ਤਿੰਨ ਤਲਾਕ ‘ਤੇ ਫੈਸਲੇ ਪਿੱਛੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਜਿੱਥੇ ਔਰਤਾਂ ਖੁਸ਼ ਹਨ, ਉਥੇ ਕੁਝ ਮਰਦਾਂ ਨੇ ਇਸ ‘ਤੇ ਖਾਮੋਸ਼ੀ ਧਾਰ ਲਈ ਹੈ। ਇਸ ਫੈਸਲੇ ਨਾਲ ਜਿੱਥੇ ਕਈ ਤਲਾਕ ਪੀੜਤਾਂ ਨੂੰ ਇਨਸਾਫ ਮਿਲਣ ਦੀ ਉਮੀਦ ਬੱਝੀ ਹੈ, ਉਥੇ ਸਿਆਸੀ ਪਾਰਟੀਆਂ ਵੀ ਇਸ ਫੈਸਲੇ ਦਾ ਸਵਾਗਤ ਕਰ ਰਹੀਆਂ ਹਨ। ਦੋ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਸੂਬੇ ਦੀਆਂ ਲੱਖਾਂ ਔਰਤਾਂ ਵਿਚ ਉਮੀਦ ਦੀ ਇਕ ਨਵੀਂ ਕਿਰਨ ਜਾਗੀ ਹੈ। ਹੁਣ ਉਨ੍ਹਾਂ ਨੂੰ ਉਡੀਕ ਹੈ ਕਿ ਕੇਂਦਰ ਸਰਕਾਰ ਕੀ ਨੀਤੀ ਅਪਣਾਏਗੀ ਕਿ ਔਰਤਾਂ ਹੋਰ ਵਧੇਰੇ ਮਜ਼ਬੂਤ ਹੋ ਸਕਣ।
ਚੰਡੀਗੜ੍ਹ : ઠਸੁਪਰੀਮ ਕੋਰਟ ਦੇ ਤਿੰਨ ਤਲਾਕ ‘ਤੇ ਫੈਸਲੇ ਨੂੰ ਲੈ ਕੇ ਮੁਸਲਿਮ ਔਰਤਾਂ ਖੁਸ਼ ਹਨ, ਜਦੋਂਕਿ ਮਜ਼੍ਹਬ ਪ੍ਰਸਤਾਂ ਨੂੰ ਇਤਰਾਜ਼ ਹੈ। ਚੰਡੀਗੜ੍ਹ ਵਿਚ ਮੁਸਲਿਮ ਆਬਾਦੀ 40 ਹਜ਼ਾਰ ਤੋਂ ਵੱਧ ਹੈ। ਪੰਜਾਬ ਵਿਚ 5.35 ਲੱਖ ਅਤੇ ਹਰਿਆਣਾ ਵਿਚ 25 ਲੱਖ ਦੇ ਲੱਗਭਗ ਮੁਸਲਮਾਨ ਰਹਿੰਦੇ ਹਨ। ਸੂਤਰਾਂ ਦੀ ਮੰਨੀਏ ਤਾਂ ਚੰਡੀਗੜ੍ਹ ਦੇ ਮੁਸਲਿਮ ਭਾਈਚਾਰੇ ਵਿਚ 20 ਸਾਲ ਵਿਚ ਮੁਸ਼ਕਲ ਨਾਲ 10 ਪਤੀਆਂ ਨੇ ਤਿੰਨ ਤਲਾਕ ਕਹਿ ਕੇ ਪਤਨੀਆਂ ਨੂੰ ਛੱਡਿਆ ਹੋਵੇਗਾ। ਜਾਮੀਆ ਮਸਜਿਦ ਦੇ ਚੇਅਰਮੈਨ ਦੀ ਮੰਨੀਏ ਤਾਂ 10 ਤਲਾਕ ਜੇ ਹੋਏ ਵੀ ਹਨ ਤਾਂ ਪਤੀਆਂ ਨੇ ਪਤਨੀਆਂ ਨੂੰ ਖਰਚੇ ਤੋਂ ਵਾਂਝਾ ਨਹੀਂ ਰੱਖਿਆ। ਬੱਚਿਆਂ ਦੇ ਪਾਲਣ ਪੋਸ਼ਣ ਤੋਂ ਲੈ ਕੇ ਪਤਨੀ ਦੇ ਰਹਿਣ-ਸਹਿਣ ਤੱਕ ਦਾ ਸਾਰਾ ਖਰਚਾ ਵੀ ਉਠਾਇਆ ਹੈ। ਜੇ ਦੋ ਵਿਅਕਤੀ ਸਹਿਮਤੀ ਨਾਲ ਵੱਖ ਹੋਏ ਹਨ ਤਾਂ ਕੀ ਗਲਤ ਹੈ। ਦੂਜੇ ਧਰਮਾਂ ਨਾਲ ਜੁੜੇ ਹਜ਼ਾਰਾਂ ਤਲਾਕਾਂ ਦੇ ਮਾਮਲੇ ਅਦਾਲਤਾਂ ‘ਚ ਵਿਚਾਰ ਅਧੀਨ ਹਨ। ਮੁਸਲਿਮ ਔਰਤਾਂ ਮੰਨਦੀਆਂ ਹਨ ਕਿ ਇਸ ਫੈਸਲੇ ਪਿੱਛੋਂ ਔਰਤਾਂ ਨੂੰ ਰਹਿਣ ਦੀ ਆਜ਼ਾਦੀ ਮਿਲੇਗੀ।
3 ਜੱਜਾਂ ਨੇ ਹੀ ਗੈਰ-ਸੰਵਿਧਾਨਕ ਦੱਸਿਆ : ਅਜ਼ਮਲ
ਚੰਡੀਗੜ੍ਹ ਦੇ ਸੈਕਟਰ 20 ਦੀ ਮਸਜਿਦ ਦੇ ਇਮਾਮ ਮੌਲਾਨਾ ਅਜ਼ਮਲ ਨੇ ਕਿਹਾ ਹੈ ਕਿ ਹਜ਼ਾਰਾਂ ਤਲਾਕ ਦੇ ਮਾਮਲੇ ਅਦਾਲਤਾਂ ਵਿਚ ਵਿਚਾਰ ਅਧੀਨ ਹਨ ਪਰ ਮੁਸਲਿਮ ਭਾਈਚਾਰੇ ਵਿਚ ਤਲਾਕ ਸਿਰਫ ਇਕ ਫੀਸਦੀ ਹੁੰਦਾ ਹੈ। ਕੁਰਾਨ ਸ਼ਰੀਫ ਵਿਚ ਤਿੰਨ ਤਲਾਕ ਦੀ ਗੱਲ ਲਿਖੀ ਹੈ।
ਸੁਪਰੀਮ ਕੋਰਟ ਨੇ ਬੇਸ਼ੱਕ ਫੈਸਲਾ ਸੁਣਾ ਦਿੱਤਾ ਹੈ ਪਰ 5 ਵਿਚੋਂ 3 ਜੱਜਾਂ ਨੇ ਹੀ ਇਸ ਨੂੰ ਗੈਰ-ਸੰਵਿਧਾਨਕ ਮੰਨਿਆ ਹੈ। 2 ਹੋਰਨਾਂ ਨੇ ਇੰਝ ਨਹੀਂ ਕਿਹਾ। ਜੱਜਾਂ ਨੇ ਇਹ ਦਲੀਲ ਦਿੱਤੀ ਕਿ ਇਕੋ ਵੇਲੇ ਤਿੰਨ ਤਲਾਕ ਨਹੀਂ ਦਿੱਤੇ ਜਾ ਸਕਦੇ। ਜਸਟਿਸ ਨਜੀਰ ਨੇ ਕਿਹਾ ਕਿ ઠਪਰਸਨਲ ਲਾਅ ਦਾ ਮਾਮਲਾ ਅਦਾਲਤ ਨਹੀਂ ਛੂਹ ਸਕਦੀ।
ਫੈਸਲੇ ਕਾਰਨ ਔਰਤਾਂ ਦੀ ਸ਼ਾਨ ਵਧੀ : ਚੁੱਘ
ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਅਸੀਂ ਫੈਸਲੇ ਦਾ ਸਵਾਗਤ ਕਰਦੇ ਹਾਂ। ਸੁਪਰੀਮ ਕੋਰਟ ਨੇ ਔਰਤਾਂ ਦਾ ਸਨਮਾਨ ਵਧਾਇਆ ਹੈ। ਸਪੱਸ਼ਟ ਹੈ ਕਿ ਦੇਸ਼ ਦੀ ਬੇਟੀ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ, ਉਸ ਨੂੰ ਬਰਾਬਰ ਦੇ ਅਧਿਕਾਰ ਹਾਸਲ ਹੋਣੇ ਚਾਹੀਦੇ ਹਨ। ਔਰਤਾਂ ਦੀ ਸ਼ਾਨ ਇਸ ਫੈਸਲੇ ਨਾਲ ਵਧੀ ਹੈ।
ਬਹੁਤ ਵੱਡੀ ਬੁਰਾਈ ਦਾ ਹੋਇਆ ਅੰਤ : ਰਣਜੀਤਾ
ਹਰਿਆਣਾ ਮਹਿਲਾ ਕਾਂਗਰਸ ਦੀ ਸੀਨੀਅਰ ਉਪ ਪ੍ਰਧਾਨ ਰਣਜੀਤਾ ਮਹਿਤਾ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਮੁਸਲਿਮ ਭੈਣਾਂ 3 ਤਲਾਕ ਦੇ ਡਰ ਨੂੰ ਸਹਿ ਰਹੀਆਂ ਸਨ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਇਸ ਤੋਂ ਮੁਕਤੀ ਦਿਵਾ ਦਿੱਤੀ ਹੈ। ਫੈਸਲਾ ਮੁਸਲਿਮ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਅਤੇ ਉਨ੍ਹਾਂ ਨੂੰ ਸਵੈ-ਮਾਣ ਨਾਲ ਜਿਉਣ ਦਾ ਅਧਿਕਾਰ ਦਿੰਦਾ ਹੈ। ਇਸ ਫੈਸਲੇ ਨਾਲ ਮੁਸਲਿਮ ਔਰਤਾਂ ਦੀ ਹਾਲਤ ਵਿਚ ਤਬਦੀਲੀ ਹੋਵੇਗੀ ਅਤੇ ਉਨ੍ਹਾਂ ਦਾ ਸਮਾਜਿਕ ਵਕਾਰ ਵਧੇਗਾ। ਤਿੰਨ ਤਲਾਕ ਪ੍ਰਥਾ ਦਾ ਅੰਤ ਇਕ ਬਹੁਤ ਵੱਡੀ ਬੁਰਾਈ ਦਾ ਅੰਤ ਹੈ।
ਫੈਸਲੇ ਦਾ ਸਤਿਕਾਰ ਕੀਤਾ ਜਾਵੇ : ਬਾਂਸਲ
ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ઠਤਿੰਨ ਤਲਾਕ ਬਾਰੇ ਆਏ ਫੈਸਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਹ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਨਿੱਜੀ ਮਾਮਲਾ ਹੈ। ਇਸ ‘ਤੇ ਵਧੇਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਸਲਾਮ ਵਿਚ ਤਲਾਕ ਨੂੰ ਲੈ ਕੇ ਕੀ ਲਿਖਿਆ ਹੈ, ਉਸ ਬਾਰੇ ਮੈਂ ਵਧੇਰੇ ਨਹੀਂ ਜਾਣਦਾ। ਅਦਾਲਤ ਨੇ ਤਿੰਨ ਤਲਾਕ ਨੂੰ ਗੈਰ-ਸੰਵਿਧਾਨਕ ਕਿਹਾ ਹੈ। ਬੈਂਚ ਨੇ ਕਿਹਾ ਹੈ ਕਿ ਇਕੋ ਵੇਲੇ ਤਿੰਨ ਤਲਾਕ ਇਸਲਾਮ ਨੇ ਵੀ ਗੈਰ-ਕਾਨੂੰਨੀ ਮੰਨਿਆ ਹੈ। ਗੁੱਸੇ ਵਿਚ ਆ ਕੇ ਪਤਨੀ ਨੂੰ ਤਲਾਕ-ਤਲਾਕ-ਤਲਾਕ ਕਹਿ ਕੇ ਛੱਡਣਾ ਠੀਕ ਨਹੀਂ ਹੈ।

 

Check Also

500 ਤੋਂ ਜ਼ਿਆਦਾ ਵਕੀਲਾਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਲਿਖੀ ਚਿੱਠੀ – ਕਿਹਾ : ਨਿਆਂ ਪਾਲਿਕਾ ਖਤਰੇ ’ਚ 

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸਾਬਕਾ ਸੌਲੀਸਿਟਰ ਜਨਰਲ ਹਰੀਸ਼ ਸਾਲਵੇ ਸਣੇ 500 ਤੋਂ ਜ਼ਿਆਦਾ ਸੀਨੀਅਰ …