Breaking News
Home / ਕੈਨੇਡਾ / ਫ਼ੈੱਡਰਲ ਨੁਮਾਇੰਦਿਆਂ ਪੌਮ ਡਾਮੌਫ, ਓਮਰ ਅਲਗਬਰਾ ਅਤੇ ਸੋਨੀਆ ਸਿੱਧੂ ਨੇ ਫੋਰਡ ਸਰਕਾਰ ਨੂੰ ਕਿਹਾ

ਫ਼ੈੱਡਰਲ ਨੁਮਾਇੰਦਿਆਂ ਪੌਮ ਡਾਮੌਫ, ਓਮਰ ਅਲਗਬਰਾ ਅਤੇ ਸੋਨੀਆ ਸਿੱਧੂ ਨੇ ਫੋਰਡ ਸਰਕਾਰ ਨੂੰ ਕਿਹਾ

ਸ਼ੈਰੀਡਨ ਕਾਲਜ ਦੇ ਟਰਾਂਜ਼ਿਟ ਪਾਸ ਮੁੜ ਬਹਾਲ ਕੀਤੇ ਜਾਣ
ਬਰੈਂਪਟਨ/ਬਿਊਰੋ ਨਿਊਜ਼
ਫ਼ੈੱਡਰਲ ਸਰਕਾਰ ਦੇ ਨੁਮਾਇੰਦਿਆਂ ਓਕਵਿਲ ਨੌਰਥ ਬਰਲਿੰਘਟਨ ਦੇ ਐੱਮ.ਪੀ. ਪੈਮ ਡਾਮੌਫ਼, ਮਿਸੀਸਾਗਾ ਸੈਂਟਰ ਦੇ ਐੱਮ.ਪੀ. ਓਮਰ ਅਲਗ਼ਬਰਾ ਅਤੇ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਇਕ ਸਾਂਝੇ ਬਿਆਨ ਵਿਚ ਫ਼ੋਰਡ ਸਰਕਾਰ ਨੂੰ ਸ਼ੈਰੀਡਨ ਕਾਲਜ ਦੇ ਵਿਦਿਆਰਥੀਆਂ ਦੇ ਟਰਾਂਜ਼ਿਟ ਪਾਸ ਮੁੜ ਬਹਾਲ ਕਰਨ ਲਈ ਕਿਹਾ ਹੈ।
ਸ਼ੈਰੀਡਨ ਕਾਲਜ ਸੰਸਾਰ ਪੱਧਰ ਦੀ ਜਾਣੀ-ਪਛਾਣੀ ਵਿੱਦਿਅਕ ਸੰਸਥਾ ਹੈ ਅਤੇ ਇਸ ਦੇ ਵਿਦਿਆਰਥੀ ਓਕਵਿਲ, ਮਿਸੀਸਾਗਾ ਤੇ ਬਰੈਂਪਟਨ ਵਿਚ ਵਿਚਰ ਰਹੀਆਂ ਸਾਡੀਆਂ ਕਮਿਊਨਿਟੀਆਂ ਦਾ ਮਹੱਤਵ-ਪੂਰਨ ਅੰਗ ਹਨ। ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਸ਼ੈਰੀਡਨ ਕਾਲਜ ਵਰਗੀਆਂ ਸੰਸਥਾਵਾਂ ਦੇ ਵਿਦਿਆਰਥੀ ਸਾਡੇ ਓਨਟਾਰੀਓ ਪ੍ਰੋਵਿੰਸ ਦਾ ਭਵਿੱਖ ਹਨ। ਸਾਨੂੰ ਉਨ੍ਹਾਂ ਦੀ ਪੜ੍ਹਾਈ ਵਿਚ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਕਾਲਜ ਆਉਣ-ਜਾਣ ਵਿਚ ਕੋਈ ਮੁਸ਼ਕਲ ਨਹੀਂ ਖੜ੍ਹੀ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਸ਼ਨਲ ਸਟੂਡੈਂਟਸ ਫ਼ੀਸ ਸਬੰਧੀ ਬਣਾਈਆਂ ਗਈਆਂ ਪਾਲਸੀਆਂ ਸ਼ੈਰੀਡਨ ਕਾਲਜ ਦੇ ਵਿਦਿਆਰਥੀਆਂ ਦੇ ਪਬਲਿਕ ਟਰਾਂਜ਼ਿਟ ਪਾਸ ਖ਼ਤਮ ਕਰ ਰਹੀਆਂ ਹਨ, ਜਦਕਿ ਇਸ ਮੰਤਵ ਲਈ ਪਿਛਲੇ ਸਾਲ ਹੋਈ ਚੋਣ ਵਿਚ ਇਸ ਕਾਲਜ ਦੇ ਤਿੰਨਾਂ ਹੀ ਕੈਂਪਸਾਂ ਦੇ ਵਿਦਿਆਰਥੀਆਂ ਵੱਲੋਂ ਭਾਰੀ ਗਿਣਤੀ ਵਿਚ ਯੂ-ਪਾਸ ਦੇ ਹੱਕ ਵਿਚ ਵੋਟਾਂ ਪਾਈਆਂ ਗਈਆਂ ਹਨ। ਓਨਟਾਰੀਓ ਦੀ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਨਜ਼ਰ-ਅੰਦਾਜ਼ ਕਰ ਰਹੀ ਹੈ ਅਤੇ ਨੌਜੁਆਨਾਂ ਨੂੰ ਮਿਲਣ ਵਾਲੀ ਇਸ ਸਹੂਲਤ ਦੇ ਭਵਿੱਖ ਤੋਂ ਵਾਂਝਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਇਸ ਨੂੰ ਬਰੌਕ ਯੂਨੀਵਰਸਿਟੀ ਅਤੇ ਵੈੱਸਟਰਨ ਯੂਨੀਵਰਸਿਟੀ ਵਰਗੇ ਪੋਸਟ-ਸੈਕੰਡਰੀ ਅਦਾਰਿਆਂ ਲਈ ਇਨ੍ਹਾਂ ਦੀਆਂ ਲੋੜੀਂਦੀਆਂ ਫ਼ੀਸਾਂ ਦੇ ਨਾਲ ਟਰਾਂਜ਼ਿਟ ਪਾਸਾਂ ਦੀ ਸਹੂਲਤ ਲਈ ਆਗਿਆ ਦੇ ਰਹੀ ਹੈ।
ਸਾਨੂੰ ਸਾਰੇ ਓਨਟਾਰੀਓ-ਵਾਸੀਆਂ ਅਤੇ ਕੈਨੇਡੀਅਨਾਂ ਦੇ ਲਈ ਅਰਥਚਾਰੇ ਦੇ ਵਿਕਾਸ ਲਈ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਇਹ ਸਾਡੇ ਕਾਲਜਾਂ, ਯੂਨੀਵਰਸਿਟੀਆਂ ਤੇ ਵੱਖ-ਵੱਖ ਟਰੇਡ ਪ੍ਰੋਗਰਾਮਾਂ ਦੇ ਟੇਲੈਂਟ-ਭਰਪੂਰ ਵਿਦਿਆਰਥੀਆਂ ਤੋਂ ਬਿਨਾਂ ਸੰਭਵ ਨਹੀਂ ਹੈ। ਪੋਸਟ ਸੈਕੰਡਰੀ ਪੜ੍ਹਾਈ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਲਈ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਉਹ ਕਰਜ਼ੇ ਦੇ ਬੋਝ ਹੇਠਾਂ ਨਾ ਆ ਜਾਣ। ਅਸੀਂ ਜਾਣਦੇ ਹਾਂ ਕਿ ਵਿਦਿਆਰਥੀਆਂ ਲਈ ਉਨ੍ਹਾਂ ਦੀ ਵਿੱਤੀ ਸਮਰੱਥਾ ਅਨੁਸਾਰ ਯਥਾਯੋਗ ਆਵਾਜਾਈ ਦੀ ਅਤਿਅੰਤ ਲੋੜ ਹੈ। ਜੇਕਰ ਉਨ੍ਹਾਂ ਨੂੰ ਆਪੋ ਆਪਣੇ ਵਾਹਨਾਂ ‘ਤੇ ਆਉਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਤਾਂ ਇਸ ਦੇ ਨਾਲ ਜੀਟੀਏ ਦੀਆਂ ਪਹਿਲਾਂ ਹੀ ਟਰੈਫ਼ਿਕ ਨਾਲ ਭਰਪੂਰ ਸੜਕਾਂ ਉੱਪਰ ਹੋਰ ਵਧੇਰੇ ਭੀੜ ਹੋ ਜਾਏਗੀ। ਉਨ੍ਹਾਂ ਹੋਰ ਕਿਹਾ ਕਿ ਸੂਬਾ ਸਰਕਾਰ ਦੀ ਸੋਚ ਦੇ ਉਲਟ ਸਾਡੀ ਫ਼ੈੱਡਰਲ ਸਰਕਾਰ ਮਿਊਂਸਪੈਲਿਟੀਆਂ ਨਾਲ ਪਬਲਿਕ ਟਰਾਂਜ਼ਿਟ ਸਬੰਧੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਉਹ ਸਾਡੀਆਂ ਕਮਿਊਨਿਟੀਆਂ ਲਈ ਪਬਲਿਕ ਆਵਾਜਾਈ ਨੂੰ ਹੋਰ ਵਧਾਉਣ ਲਈ ਲਗਾਤਾਰ ਪੂੰਜੀ ਨਿਵੇਸ਼ ਕਰ ਰਹੀ ਹੈ, ਜਦਕਿ ਸੂਬਾ ਸਰਕਾਰ ਆਪਣੀ ਇਸ ਪਬਲਿਕ ਜ਼ਿੰਮੇਵਾਰੀ ਤੋਂ ਪਾਸਾ ਵੱਟ ਰਹੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …