Breaking News
Home / ਕੈਨੇਡਾ / ਯੂਨਾਈਟਿਡ ਸਿਖ਼ਸ ਵਲੋਂ ਕੀਰਤਨ ਦਰਬਾਰ ਕਰਵਾਇਆ

ਯੂਨਾਈਟਿਡ ਸਿਖ਼ਸ ਵਲੋਂ ਕੀਰਤਨ ਦਰਬਾਰ ਕਰਵਾਇਆ

logo-2-1-300x105-3-300x105ਹੈਮਿਲਟਨ : ਯੂਨਾਈਟਿਡ ਸਿਖ਼ਸ ਵਲੋਂ ਮਿਤੀ 16 ਅਕਤੂਬਰ 2016 ਨੂੰ ਗੁਰਦਵਾਰਾ ਸ਼ਹੀਦਗੜ੍ਹ ਸਾਹਿਬ ਹੈਮਿਲਟਨ ਦੀ ਸਹਾਇਤਾ ਨਾਲ ਯੂਥ ਕੀਰਤਨ ਦਰਬਾਰ ਕਰਵਾਇਆ ਗਿਆ। ਇਹ ਕੀਰਤਨ ਦਰਬਾਰ ਸੇਵਾ/ਸਿਮਰਨ ਦੇ ਉਦੇਸ਼ ‘ਤੇ ਅਧਾਰਿਤ ਸੀ। ਇਸ ਕੀਰਤਨ ਦਰਬਾਰ ਵਿਚ ਉਨਟਾਰੀਉ ਭਰ ਤੋਂ 37 ਦੇ ਕਰੀਬ ਜਥਿਆਂ ਨੇ ਪਰਿਵਾਰਾਂ ਸਮੇਤ ਕੀਰਤਨ ਕੀਤਾ। ਸਵੇਰ 9:30 ਵਜੇ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕਰਨ ਉਪਰੰਤ ਇਹ ਕੀਰਤਨ ਦਰਬਾਰ ਸ਼ੁਰੂ ਹੋ ਕੇ ਸ਼ਾਮ 6:00 ਵਜੇ ਸਮਾਪਤ ਹੋਇਆ।
ਜਿਵੇਂ ਜਿਵੇਂ ਦਿਨ ਬੀਤਦਾ ਗਿਆ ਬੱਚਿਆਂ ਅਤੇ ਉਹਨਾਂ ਦੇ ਪਰਿਵਾਰ ਆਪਣੀ ਆਪਣੀ ਵਾਰੀ ਅਨੁਸਾਰ ਬਹੁਤ ਹੀ ਮਨਮੋਹਕ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਜ਼ਿਆਦਾਤਰ ਬੱਚਿਆਂ ਨੇ ਕਲਾਸੀਕਲ ਰਾਗਾਂ ਵਿਚ ਕੀਰਤਨ ਕੀਤਾ। ਇਹ ਸਾਰੇ ਬੱਚੇ ਪ੍ਰੋ. ਪ੍ਰਸ਼ੋਤਮ ਸਿੰਘ ਜਿਹੜੇ ਕਿ ਪਿਛਲੇ 35 ਸਾਲ ਤੋਂ ਉਨਟਾਰੀਉ ਭਰ ਦੇ ਬੱਚਿਆਂ ਨੂੰ ਕੀਰਤਨ ਵਿਦਿਆ ਸਿਖਾ ਰਹੇ ਹਨ, ਦੇ ਸ਼ਾਗਿਰਦ ਸਨ। ਇਸ ਕੀਰਤਨ ਦਾ ਇਕ ਖਾਸ ਆਕਰਸ਼ਣ ਇਹ ਸੀ ਕਿ ਭਾਰੀ ਤਾਦਾਦ ਵਿਚ ਹੈਮਿਲਟਨ ਅਤੇ ਆਸਪਾਸ ਦੇ ਇਲਾਕਿਆਂ ਤੋਂ ਭਾਰਤ ਤੋਂ ਇਥੇ ਪੜ੍ਹਨ ਆਏ ਹੋਏ ਵਿਦਿਆਰਥੀਆਂ ਨੇ ਵੀ ਇਸ ਕੀਰਤਨ ਦਰਬਾਰ ਦਾ ਆਨੰਦ ਮਾਣਿਆ। ਯੂਨਾਈਟਿਡ ਸਿਖ਼ਸ ਕੈਨੇਡਾ ਨੇ ਸਾਡੇ ਨੌਜਵਾਨ-ਸਾਡਾ ਭਵਿਖ ਦੇ ਉਦੇਸ਼ ਤਹਿਤ ਕਾਫ਼ੀ ਪ੍ਰੋਗਰਾਮ ਕਰਵਾਏ ਹਨ ਜਿਵੇਂ ਦੀਵਾ ਪ੍ਰੋਜੈਕਟ ਅਧੀਨ ਨਸ਼ਿਆਂ ਦੀ ਰੋਕਥਾਮ ਅਤੇ ਬਚਾ ਸਬੰਧੀ ਵੱਖ-ਵੱਖ ਗੁਰਦਵਾਰਿਆਂ ਵਿਚ ਸੈਮੀਨਾਰ, ਘਰੇਲੂ ਹਿੰਸਾ ਦੇ ਨਤੀਜੇ ਅਤੇ ਰੋਕਥਾਮ, ਨੌਜਵਾਨਾਂ ਨੂੰ ਰੋਜ਼ਗਾਰ ਸੰਬੰਧੀ ਸੇਧ ਤਹਿਤ ਸੈਮੀਨਾਰ। ਗੁਰਦਵਾਰਾ ਸ਼ਹੀਦਗੜ ਸਾਹਿਬ ਦੀ ਸਮੁਚੀ ਪ੍ਰਬੰਧਕੀ ਕਮੇਟੀ ਜਿਸ ਵਿਚ ਜੋਗਾ ਸਿੰਘ, ਜਸਵੀਰ ਸਿੰਘ, ਮਨੀਤ ਸਿੰਘ ਅਤੇ ਸੇਵਾ ਸਿੰਘ ਨੇ ਇਸ ਕੀਰਤਨ ਦਰਬਾਰ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਨਾ ਛਡੀ।
ਇਸ ਕੀਰਤਨ ਦਰਬਾਰ ਦਾ ਨਿਵੇਕਲਾਪਨ ਇਹ ਸੀ ਕਿ ਬੱਚਿਆਂ ਨੇ ਇਸ ਕੀਰਤਨ ਦਰਬਾਰ ਰਾਹੀਂ ਯੂਨਾਈਟਿਡ ਸਿਖ਼ਸ ਦੇ ਪ੍ਰੋਜੈਕਟ ‘ਸਿਤਾਰੇ’ ਲਈ ਫੰਡ ਇਕਠਾ ਕੀਤਾ। ਸਿਤਾਰੇ ਪ੍ਰੋਜੈਕਟ ਅਧੀਨ ਯੂਨਾਈਟਿਡ ਸਿਖ਼ਸ ਨਵੀਂ ਦਿਲੀ ਵਿਚ ਸਿਖਲੀਗਰ ਬੱਚਿਆਂ ਦੀ ਪੜਾਈ ਵਿਚ ਮਦਦ ਕਰਦਾ ਹੈ। ਇਹ ਤਕਰੀਬਨ 53 ਬੱਚੇ ਹਨ ਜਿਹੜੇ ਕਿ ਆਰਥਿਕ ਮੰਦਹਾਲੀ ਕਾਰਣ ਪੜਾਈ ਬਹੁਤ ਮੁਸ਼ਕਿਲ ਨਾਲ ਕਰ ਪਾਉਂਦੇ ਹਨ, ਸੋ ਯੂਨਾਈਟਿਡ ਸਿਖ਼ਸ ਇਹਨਾਂ ਬੱਚਿਆਂ ਦਾ ਪੜਾਈ ਅਤੇ ਸਕੂਲ ਦੇ ਹੋਰ ਖਰਚਿਆਂ ਵਿਚ ਮਦਦ ਕਰਦਾ ਹੈ। ਕੀਰਤਨ ਦਰਬਾਰ ਵਿਚ ਸਾਰੀ ਸੇਵਾ ਜਿਵੇਂ ਚੌਰ ਸਾਹਿਬ, ਅਰਦਾਸ, ਪ੍ਰਸਾਦ ਵੰਡਣਾ, ਹੁਕਮਨਾਮਾ ਲੈਣਾ ਅਤੇ ਲੰਗਰ ਵਰਤਾਉਣਾ ਆਦਿ ਬੱਚਿਆਂ ਵਲੋਂ ਹੀ ਕੀਤੀ ਗਈ। ਯੂਨਾਈਟਿਡ ਸਿਖ਼ਸ ਵਲੋਂ ਸੇਵਾ ਵਿਸ਼ੇ ਨੂੰ ਵਿਸਥਾਰ ਵਿਚ ਸਮਝਾਉਣ ਲਈ ਬੁਲਾਰੇ ਵੀ ਬੁਲਾਏ ਗਏ ਸਨ। ਜਗਮੀਤ ਸਿੰਘ ਜਿਹੜੇ ਕਿ ਐਨ. ਡੀ. ਪੀ. ਪਾਰਟੀ ਦੇ ਡਿਪਟੀ ਲੀਡਰ ਹਨ ਅਤੇ ਬਰੈਂਪਟਨ ਤੋਂ ਐਮ. ਪੀ. ਪੀ. ਹਨ ਨੇ ਸੇਵਾ ਦੇ ਵਿਸ਼ੇ ਤੇ ਬੋਲਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਲੰਗਰ ਰਾਹੀਂ ਅਸੀਂ ਲੋੜਵੰਦਾਂ ਦੀ ਸੇਵਾ ਕਰ ਸਕਦੇ ਹਾਂ। ਉਹਨਾਂ ਕਿਹਾ, ”ਗੁਰੂ ਦੇ ਸਿਮਰਨ ਨਾਲ ਸਾਨੂੰ ਸੇਵਾ ਕਰਨ ਦੀ ਸ਼ਕਤੀ ਮਿਲਦੀ ਹੈ ਅਤੇ ਸਿੱਖੀ ਦਾ ਮੁਖ ਧੁਰਾ ਹੀ ਸੇਵਾ ਅਤੇ ਸਿਮਰਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿਚ ਇਕ ਓਂਕਾਰ ਦਰਜ ਹੈ ਜਿਸ ਤੋਂ ਭਾਵ ਹੈ ਕਿ ਅਸੀਂ ਸਾਰੇ ਇਕ ਹਾਂ ਅਤੇ ਸਿੱਖ ਹੋਣ ਦੇ ਨਾਤੇ ਸੇਵਾ ਅਤੇ ਸਿਮਰਨ ਸਾਡਾ ਫ਼ਰਜ਼ ਹੈ।” ਮਨਦੀਪ ਸਿੰਘ ਨੇ ਸਾਡੀ ਮਾਤ ਭਾਸ਼ਾ ਗੁਰਮੁਖੀ ਦੀ ਮਹੱਤਤਾ ਬਾਰੇ ਦਸਿਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਗੁਰਮੁਖੀ ਸਿਖਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ।  ਮੇਜਰ ਸਿੰਘ ਨਾਗਰਾ ਜਿਹੜੇ ਕਿ ਗੁਰੂ ਨਾਨਕ ਕਮਿਊਨਿਟੀ ਸਰਵਿਸ ਫ਼ਾਊਂਡੇਸ਼ਨ ਤੋਂ ਪਹੁੰਚੇ ਸਨ ਨੇ ਦਸੰਬਰ ਮਹੀਨੇ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਕੀਰਤਨ ਦਰਬਾਰ ਮੁਕਾਬਲੇ ਦੀ ਜਾਣਕਾਰੀ ਸੰਗਤ ਨੂੰ ਦਿੱਤੀ। ਇਸ ਪ੍ਰੋਗਰਾਮ ਦੇ ਅੰਤ ਵਿਚ ਕੀਰਤਨ ਦਰਬਾਰ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਯੂਨਾਈਟਿਡ ਸਿਖ਼ਸ ਕੈਨੇਡਾ ਦੇ ਡਾਇਰੈਕਟਰ ਤਨਬੀਰ ਕੌਰ ਨੇ ਗੁਰਦਵਾਰਾ ਕਮੇਟੀ ਦਾ ਬੁਲਾਰਿਆਂ ਦਾ ਅਤੇ ਸਮੁਚੀ ਸੰਗਤ ਦਾ ਧੰਨਵਾਦ ਕੀਤਾ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …