ਪੈਨਸ਼ਨਰਾਂ ਦੇ ਏਰੀਅਰ ਦੇ ਕੱਟੇ ਪੈਸੇ ਆਉਣੇ ਸ਼ੁਰੂ
ਬਰੈਂਪਟਨ/ਅਜੀਤ ਸਿੰਘ ਰੱਖੜਾ
ਖਬਰ ਮਿਲੀ ਹੈ ਕਿ ਕੈਲਗਰੀ ਸ਼ਹਿਰ ਵਿਚ ਕੰਸਰਵੇਟਿਵ ਸਰਕਾਰ ਦੀਆਂ ਮਨਮਾਨੀਆਂ ਕਾਰਨ ਕਈ ਸਾਲਾਂ ਤੋਂ ਸੰਤਾਪ ਹੰਡਾਅ ਰਹੇ ਬਜ਼ੁਰਗ ਪੈਨਸ਼ਨਰਾਂ ਦੀ ਜਾਨ ਵਿਚ ਜਾਨ ਆ ਗਈ ਹੈ, ਜਦ ਦਰਜਨ ਤੋਂ ਵਧ ਲੋਕਾਂ ਨੂੰ ਕੱਟੇ ਹੋਏ ਪੈਸੇ ਦੇ ਏਰੀਅਰ ਆਉਣੇ ਸ਼ੁਰੂ ਹੋ ਗਏ ਹਨ। ਇਹ ਏਰੀਅਰ ਕੋਈ ਸੈਂਕੜਿਆਂ ਵਿਚ ਨਹੀਂ, ਸਗੋਂ ਹਜ਼ਾਰਾਂ ਵਿਚ ਹਨ। ਇਸ ਚੰਗੀ ਖਬਰ ਦਾ ਜਸ਼ਨ ਮਨਾਉਣ ਲਈ ਦਸਮੇਸ਼ ਕਲਚਰ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਬੰਧਕ ਆਪਣੀਆਂ ਧਾਰਮਿਕ ਭਾਵਨਾਵਾਂ ਅਨੁਸਾਰ ਇਸ ਨੂੰ ਸੈਲੀਬਰੇਟ ਕਰਨਗੇ। ਭਾਵੇਂ ਇਹ ਕੰਮ ਲਿਬਰਲ ਸਰਕਾਰ ਦੀ ਨੀਤੀ ਮੁਤਾਬਿਕ ਹੋਇਆ ਹੈ ਪਰ ਇਸ ਨੂੰ ਐਕਸਪੀਡਾਈਟ ਕਰਵਾਉਣ ਦਾ ਸਿਹਰਾ ਐਮਪੀ ਦਰਸ਼ਨ ਸਿੰਘ ਕੰਗ, ਡਾਇਰੈਕਟਰ ਓਲਡਏਜ ਸੈਕਿਓਰਟੀ ਮਿਸਟਰ ਬਾਬ ਕੋਅ ਅਤੇ ਸੀਨੀਅਰ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਖੈਰਾ ਦੇ ਸਿਰ ਉਪਰ ਬੱਝਦਾ ਹੈ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਹ ਸਭ ਕੁਝ ਸੰਭਵ ਹੋਇਆ ਹੈ।
ਯਾਦ ਰਹੇ ਕਿ ਕੈਨੇਡਾ ਭਰ ਵਿਚ ਅਲਬਰਟਾ ਅਤੇ ਹੋਰ ਸੂਬਿਆਂ ਵਿਖੇ ਕੰਸਰਵੇਟਿਵ ਸਰਕਾਰ ਨੇ ਪਿਛਲੇ ਕਈ ਸਾਲਾਂ ਵਿਚ ਤਕਰੀਬਨ 140,000 ਲੋਕਾਂ ਦੀਆਂ ਫਾਈਲਾਂ ਇਸ ਕਾਰਣ ਰੀਵੀਊ ਕਰਨ ਲਈ ਖੋਲੀਆਂ ਸਨ ਕਿ ਕੌਣ-ਕੌਣ ਆਪਣੀਆਂ ਵਿਦੇਸ਼ੀ ਆਮਦਨਾਂ ਦਾ ਵੇਰਵਾ ਨਹੀਂ ਦੇ ਰਿਹਾ। ਇੰਟੈਗਰਿਟੀ ਆਫੀਸਰਾਂ ਨੇ ਬਹੁਤ ਸਾਰੇ ਲੋਕਾਂ ਦੀਆਂ, ਮੂ੍ਹੰਹ ਜ਼ੁਬਾਨੀ ਦੱਸੀਆਂ ਜਾਣਕਾਰੀਆਂ ਅਧਾਰਿਤ ਕਟੌਤੀਆਂ ਸ਼ੁਰੂ ਕਰ ਦਿਤੀਆਂ ਸਨ। ਐਥੋਂ ਤੱਕ ਕਿ ਕਈ ਲੋਕਾਂ ਦੀ ‘ਜੀ ਆਈ ਐਸ’ ਹੀ ਬੰਦ ਕਰ ਦਿਤੀ ਗਈ ਸੀ। ਫਲਸਰੂਪ ਬਜ਼ੁਰਗਾਂ ਵਿਚ ਚੀਕ ਚਿਹਾੜਾ ਸ਼ੁਰੂ ਹੋ ਗਿਆ ਸੀ। ਕਈ ਲੋਕ ਇਸ ਦੁੱਖ ਕਾਰਨ ਮਾਨਸਿਕ ਬੀਮਾਰ ਹੋ ਗਏ ਅਤੇ ਜ਼ੇਰੇ ਇਲਾਜ ਹਸਪਤਾਲਾਂ ਵਿਚ ਪਹੁੰਚ ਗਏ ਸਨ। ਕੈਲਗਰੀ ਵਿਖੇ ਇਕ ਮਾਤਾ ਤੇਜ ਕੌਰ ਧਾਲੀਵਾਲ ਸਦਮੇ ਕਾਰਨ ਪਰਾਣ ਹੀ ਤਿਆਗ ਗਈ ਸੀ। ਦੱਸਿਆ ਜਾਂਦਾ ਹੈ ਕਿ ਲੋਕਾਂ ਦੇ ਇਸੇ ਸਰਬ ਵਿਆਪੀ ਰੋਸ ਕਾਰਨ ਹੀ ਕੰਸਰਵੇਟਿਵ ਸਰਕਾਰ ਮੂੰਹ ਭਾਰ ਗਿਰੀ ਸੀ। ਇਸੇ ਨਾਹਰੇ ਦੇ ਬਲਬੂਤੇ ਲਿਬਰਲ ਸਰਕਾਰ ਨੇ 2015 ਵਿਚ ਇਲੈਕਸ਼ਨਾਂ ਜਿੱਤੀਆਂ ਸਨ, ਕਿ ਅਸੀਂ ਨਾਜਾਇਜ਼ ਹੋਈਆਂ ਕੁਰੀਤੀਆਂ ਨੂੰ ਸੁਧਾਰਾਂਗੇ। ਲਿਬਰਲ ਸਰਕਾਰ ਐਸੇ ਚੰਗੇ ਕਾਰਨਾਂ ਕਰਕੇ ਹੀ ਲੋਕਪ੍ਰਿਯ ਹੋ ਰਹੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …