ਕੈਨੇਡਾ-150 ਮੁਕਾਬਲੇ ਵਿੱਚ ਤਿੰਨ ਜੇਤੂਆਂ ਨੂੰ ਇਨਾਮ ਦਿੱਤੇ
ਬਰੈਂਪਟਨ: ਕੈਨੇਡਾ ਦੇ ਕਨਫ਼ੈੱਡਰੇਸ਼ਨ ਬਣਨ ਦੀ 150ਵੀਂ ਵਰ੍ਹੇ-ਗੰਢ ਦੀ ਖ਼ੁਸ਼ੀ ਨੁੰ ਮੁੱਖ ਰੱਖਦਿਆਂ ਹੋਇਆਂ ਐੱਮ.ਪੀ. ਸੋਨੀਆ ਸਿੱਧੂ ਨੇ ਸਥਾਨਕ ਵਿਦਿਆਰਥੀਆਂ ਨੂੰ ‘ਮਾਈ ਕੈਨੇਡਾ’ ਮੁਕਾਬਲੇ ਲਈ ਆਪਣੀਆਂ ਐਂਟਰੀਆਂ ਭੇਜਣ ਲਈ ਕਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਕੋਈ ਆਰਟ-ਪੀਸ, ਲੇਖ ਜਾਂ ਮਨ ਦਾ ਵਲਵਲਾ ਲਿਖਤੀ ਰੂਪ ਵਿੱਚ ਭੇਜਣ ਲਈ ਆਖਿਆ ਹੈ। ਪਿਛਲੇ ਸ਼ੁੱਕਰਵਾਰ 16 ਜੂਨ ਨੂੰ ਉਨ੍ਹਾਂ ਇੱਕ ਅਜਿਹੇ ਮੁਕਾਬਲੇ ਵਿੱਚ ਤਿੰਨ ਵਿਦਿਆਰਥੀਆਂ ਜੇਤੂ ਕਰਾਰ ਦਿੰਦਿਆਂ ਹੋਇਆਂ ਕਿਹਾ ਕਿ ਏਨੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚੋਂ ਕੇਵਲ ਤਿੰਨਾਂ ਦੀ ਚੋਣ ਕਰਨੀ ਕਾਫ਼ੀ ਮੁਸ਼ਕਲ ਹੋ ਜਾਂਦੀ ਹੈ। ਉਨ੍ਹਾਂ ਕਿਹਾ,”ਮੈਂ ਇਸ ਮੁਕਾਬਲੇ ਵਿੱਚ ਪ੍ਰਾਪਤ ਹੋਈਆਂ ਐਂਟਰੀਆਂ ਦੀ ਗਿਣਤੀ ਅਤੇ ਗੁਣਵੱਤਾ ਦੋਹਾਂ ਤੋਂ ਹੀ ਬੜੀ ਪ੍ਰਭਾਵਿਤ ਹੋਈ ਹਾਂ। ਆਪਣੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਇੰਜ ਕਲਾਤਮਿਕ ਢੰਗ ਨਾਲ ਵਿਚਰਦਿਆ ਵੇਖ ਕੇ ਕਿੰਨਾ ਸੋਹਣਾ ਲੱਗਦਾ ਹੈ ਕਿ ਉਨ੍ਹਾਂ ਲਈ ਕੈਨੇਡੀਅਨ ਹੋਣ ਦੇ ਕੀ ਮਾਅਨੇ ਹਨ।” ਕੈਨੇਡਾ-150 ਦਾ ਹਿੱਸਾ ਬਣਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਕੈਨੇਡੀਅਨ ਹੋਣ ਦੇ ਨਾਤੇ ਉਨ੍ਹਾਂ ਨੇ ਬਰੈਂਪਟਨ ਦੇ ਨੌਜੁਆਨਾਂ ਨੂੰ ਕੈਨੇਡਾ ਦੇ ਬਾਰੇ ਜਾਣਕਾਰੀ ਦੇਣ ਸਬੰਧੀ ਸ਼ੁਗਲ ਵਾਲੇ ਢੰਗ-ਤਰੀਕੇ ਅਪਨਾਉਣ ਲਈ ਸੋਚ-ਵਿਚਾਰ ਕੀਤੀ ਹੈ। ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਕੈਨੇਡਾ ਦੇ ਮਜ਼ਬੂਤ ਹੋਣ ਦਾ ਕਾਰਨ ਆਪਣੀ ਵਖਰੇਵੇਂ ਨਹੀਂ, ਬਲਕਿ ਇੱਥੋਂ ਦੇ ਲੋਕਾਂ ਦੀ ‘ਅਨੇਕਤਾ ਵਿੱਚ ਏਕਤਾ’ ਹੈ। ਇਸ ਮੁਕਾਬਲੇ ਵਿੱਚ 45 ਵੱਖ-ਵੱਖ ਐਂਟਰੀਆਂ ਪ੍ਰਾਪਤ ਹੋਈਆਂ ਅਤੇ ਇਨ੍ਹਾਂ ਵਿੱਚ ਲੇਖ, ਆਰਟ ਵਰਕ, ਵੀਡੀਓ ਫਿਲਮਾਂ ਸ਼ਾਮਲ ਸਨ। ਜੇਤੂਆਂ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੇ ਸੇਂਟ ਅਗਸਟੀਨ ਸੀਨੀਅਰ ਸਕੂਲ ਦੇ ਵਿਦਿਆਰਥੀ ਐਂਡਰੇਸ ਲਿਕਟਾਸ ਨੂੰ ਸਤੰਬਰ ਵਿੱਚ ਰੇਲ ਰਾਹੀਂ ਔਟਵਾ ਤੇ ਪਾਰਲੀਮੈਂਟ ਦਾ ਟੂਰ, ਦੂਸਰੇ ਨੰਬਰ ‘ਤੇ ਏਸੇ ਸਕੂਲ ਦੀ ਮਰੀਅਮ ਕੁਰੈਸ਼ੀ ਤੇ ਕਰੇਮਾ ਬਰੇਰਾ ਰਹੀਆਂ ਜਿਨ੍ਹਾਂ ਨੂੰ ਸੋਨੀਆ ਨਾਲ ਬਰੈਂਪਟਨ ਸਾਊਥ ਦਾ ਇੱਕ ਦਿਨ ਦਾ ਟੂਰ ਅਤੇ ਤੀਸਰੇ ਨੰਬਰ ‘ਤੇ ਆਉਣ ਵਾਲੇ ਰੇਅਲਾਅਸਨ ਸਕੂਲ ਦੇ ਵਿਦਿਆਰਥੀ ਅਕਸ਼ਜ ਗੁਪਤਾ ਕਿਸੇ ਦਿਨ ਸੋਨੀਆ ਨਾਲ ਲੰਚ ਇਨਾਮ ਵਿੱਚ ਮਿਲੇ। ਇਹ ਮੁਕਾਬਲਾ ਬਰੈਂਪਟਨ ਸਾਊਥ ਦੇ ਐਲੀਮੈਂਟਰੀ ਤੇ ਸੈਕੰਡਰੀ ਸਕੂਲਾਂ ਵਿੱਚ ਕੈਨੇਡਾ ਦੀ 150ਵੀਂ ਵਰ੍ਹੇ-ਗੰਢ ਦੇ ਸਿਲਸਿਲੇ ‘ਚ ਆਯੋਜਿਤ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …