Breaking News
Home / ਨਜ਼ਰੀਆ / ਸੇਖੇ ਪਿੰਡ ਦੀ ਫਿਰਨੀ ਤੋਂ ਚੱਲ ਕੇ ઠ”ਕੈਨੇਡਾ” ਤੱਕ ਦੇ ਸਫ਼ਰ ਦਾ ਸਫ਼ਲ ਪਾਂਧੀ

ਸੇਖੇ ਪਿੰਡ ਦੀ ਫਿਰਨੀ ਤੋਂ ਚੱਲ ਕੇ ઠ”ਕੈਨੇਡਾ” ਤੱਕ ਦੇ ਸਫ਼ਰ ਦਾ ਸਫ਼ਲ ਪਾਂਧੀ

ਬਲਜਿੰਦਰ ਸੇਖਾ
ਡਾ: ਰਛਪਾਲ ਗਿੱਲ ਟੋਰਾਂਟੋ
416-669-3434
ਬਲਜਿੰਦਰ ਸੇਖਾ ਪੰਜਾਬੀ ਭਾਈਚਾਰતੇ ‘તਚ ਇੱਕ ਜਾਣੀ-ਪਹਿਚਾਣੀ ਸ਼ਖ਼ਸੀਅਤ ਹੈ। ਸਾਫ਼-ਸੁਥਰੀ ਗਾਇਕੀ ਦਾ ਗਾਇਨ ਅਤੇ ਉੱਚ-ਪੱਧਰੀ ਕਵਿਤਾਵਾਂ ਦੀ ਰਚਨਾ ਕਰਨਾ ਉਹਦਾ ਪਰਮ-ਧਰਮ ਹੈ। ਆਮ ਸਧਾਰਨ ਪੈਂਡੂ ਬੱਚਿਆਂ ਵਾਂਗ ਬਲਜਿੰਦਰ ਦਾ ਬਚਪਨ ਵੀ ਜਾਨ-ਤੋੜਵੀਂ ਜੱਦੋ-ਜਹਿਦ ਅਤੇ ਬੜੇ ਹੀ ਤਰਸਯੋਗ-ਹਾਲਾਤ ਵਿਚ ਦੀ ਘੱਸ-ਘੱਸ ਤੇ ਖਹਿ-ਖਹਿ ਕੇ ਲੰਘਿਆ। ਕੱਚੇ ਘਰ ਦੀਆਂ ਡਿੱਗੂੰ-ਡਿੱਗੂੰ ਕਰਦੀਆਂ ਕੰਧਾਂ ਦੇ ਨਿੱਕੇ ਜਿਹੇ ਵਿਹੜੇ ਵਿਚ ਉਹਨੇ ਰਿੜ੍ਹਨਾ ਤੇ ਤੁਰਨਾ ਸਿਖਿਆ। ਬਚਪਨ ਵਿੱਚ ਜਦ ਵੀ ਉਹ ਪਿੰਡ ਦੀਆਂ ਕੱਚੀਆਂ ਗਲ਼ੀਆਂ ਵਿਚ ਆਪਣੇ ਹਾਣੀਆਂ ਨਾਲ਼ ਬਾਂਟੇ, ਖਿਦੋ-ਖੂੰਡੀ, ਤੇ ਗੁਲੀ-ਡੰਡਾ ઠਵਰਗੀਆਂ ਖੇਡਾਂ ਖੇਡਦਾ ਤਾਂ ਉਹ ਕਲਾ ਦੇ ਸੁਰਾਂ ਵਿਚ ਹੀ ਉਹਨਾਂ ਨੂੰ ਟੋਣੇ ਅਤੇ ਨਿਸ਼ਾਨੇ ਮਾਰਦਾ। ਉਹਦਾ ਸੁਭਾਅ ਆਪਣੇ ਆੜੀਆਂ ਨਾਲ਼ੋ ਬਿਲਕੁਲ ਵੱਖਰੀ ਕਿਸਮ ਦਾ ਭੋਲ਼ਾ-ਭਾਲ਼ਾ, ਸੰਜੀਦਾ, ਅਤੇ ਹਲੀਮੀਂ ਵਾਲ਼ਾ ਸੀ। ‘ਸੇਖਾ’ ਘਰਾਂ ਦੀਆਂ ਛੱਤਾਂ ਉੱਤੇ ਮੰਜਿਆਂ ‘ਤੇ ਬੰਨੇ ਸਪੀਕਰਾਂ ਕੋਲ਼ ਘੰਟਿਆਂ ਬੱਧੀ ਖੜਾ ਰਹਿ ਕੇ ਉਹਨਾਂ ਵਿਚੋਂ ਨਿਕਲ਼ਦੀਆਂ ਰਾਗ-ਰੰਗੀ ਤੇ ਸਾਹਿਤਕ ਲਹਿਰਾਂ ਨੂੰ ਫੜਨ ਦਾ ਯਤਨ ਕਰਦਾ। ਉਹਦੇ ਬਾਲ ਮਨ ਵਿੱਚ ਅੱਦਭੁੱਤ-ਹਲੂਣੇ ਉਠਦੇ ਰਹਿੰਦੇ, ਛੱਪੜ ਦੇ ਕਿਨਾਰਿਆਂ ਕੋਲ਼ ਆ ਕੇ ਰੁਕਦੀਆਂ ઠਨਿੱਕੀਆਂ-ਨਿੱਕੀਆਂ ਛੱਲਾਂ ਦੀਆਂ ਤਰੰਗਾਂ ਨੂੰ ਉਹ ਇੱਕ ਸੁਰ ਹੋਈਆਂ ਤੇ ਕੁੱਝ ਮਿੱਠਾ-ਮਿੱਠਾ ਰਾਗ ਅਲਾਪ ਦੀਆਂ ਹੋਈਆਂ ਮਹਿਸੂਸ ਕਰਦਾ।ઠ
ਆਥਣ ਵੇਲ਼ੇ ਸਕੂਲੋਂ ਵਾਪਿਸ ਆ ਕੇ ਉਹ ਪੈਲ਼ੀਆਂ ਵਿਚੋਂ ਘਾਹ ਖੋਤਦਾ, ਹੱਥੀਂ ਪੱਠੇ ਕੁਤਰਦਾ, ਤੇ ਛੱਪੜ ਵਿਚ ਮੱਝਾਂ ਨੂੰ ਨਹਾਉਣ ਲੈ ਜਾਣ ਵਰਗੇ ਹੋਰ ਛੋਟੇ ਛੋਟੇ ਕੰਮਾਂ ਵਿਚ ਮਸ਼ਰੂਫ ਰਹਿ ਕੇ ਵਕਤ ਗੁਜ਼ਾਰਦਾ । ਪੈਰੋਂ ਨੰਗਾ, ਪਾਟੇ, ਘੱਸੇ, ਤੇ ਮੈਲ਼ੇ ਜਿਹੇ ਲੀੜੇ ਪਹਿਨਕੇ ਵੀ ਉਹ ਨੂੰ ਹਮੇਸ਼ਾ ਬੇ-ਪ੍ਰਵਾਹ-ਮਸਤੀ ਦੀ ਖੁਮਾਰੀ ਚੜ੍ਹੀ ਰਹਿੰਦੀ। ਜਿੱਥੇ, ਜਦ ਕਦੇ ਵੀ ਬਾਲਕ ‘ਸੇਖਾ’ ਘਰੇਲੂ-ਮੰਦਾਹਾਲੀ ਦੀਆਂ ਥੁੜਾਂ ਦੀ ਚੱਕੀ ਵਿਚ ਪਿਸਣ ਦੇ ਦਰਦ ਦੀ ਥੋੜ੍ਹੀ-ਬਾਹਲ਼ੀ ਚੀਸ ਨਾਲ਼ ਥਿੜਕਣ ਲਗਦਾ ਤਾਂ ਉਹਦੇ ਸੁਹਿਰਦ-ਸਾਥੀ “ਸਤਪਾਲ ਸੇਖਾ” ਤੇ “ਡਾ: ਰਾਜਦੁਲਾਰ” ਹੋਰੀਂ ਉਹਦੇ ਢੱਠੇ-ਮਨ ਉੱਤੇ ਹੌਸਲੇ ਅਤੇ ਹੱਲਾ-ਸ਼ੇਰੀ ਦੀ ਲੋਈ ਦੇ ਦਿੰਦੇ, ਤਾਂ ਉੱਥੇ ਹੀ ਜਦੋਂ ਵੀ ਆਰਥਿਕ ਤੰਗੀਆਂ ਮੂਲ਼ੋਂ ਬਾਹਲ਼ੇ ਦੰਦ ਚੜ੍ਹਾਉਣ ਲਗਦੀਆਂ ਤਾਂ ਥੋੜ੍ਹਾ-ਬਾਹਲ਼ਾ ਦੁੱਖ ਘਟਾਉਣ ਲਈ ਸਲ੍ਹੀਣਿਓਂ ਨਾਨਕੇ ਝੱਟ ਆ ਬਹੁੜਦੇ। ਗ਼ਰੀਬ ਪਰਿਵਾਰ ਵਿਚ ਜੰਮੇਂ ਤੇ ਪਲ਼ੇ ਬਲਜਿੰਦਰ ਨੂੰ ਸਰਦੇ-ਵਰਦੇ ਟੱਬਰਾਂ ਦੇ ਜੁਵਾਕਾਂ ਵਰਗੀਆਂ ਸਹੂਲਤਾਂ ਅਤੇ ਮਿੱਠੇ ਲਾਡ-ਲਡਿੱਕੇ ਕਦੇ ਵੀ ਨਾ ਮਿਲ਼ੇ ਸਕੇ।ઠ
ਸੇਖੇ ਪਿੰਡੋਂ ਦਸਵੀਂ ਪਾਸ ਕਰਕੇ ਉਹਨੇ ਮੱਲਕੇ ਪਿੰਡ ਦੇ ਸਕੂਲ ਵਿਚੋਂ +2 ਪਾਸ ਕੀਤੀ। ਘਰੋਂ 3 ਕੁ ਕਿਲੋਮੀਟਰ ਦੀ ਦੂਰੀ ‘ਤੇ ਪੈਂਦੇ ਇਸ ਸਕੂਲ ‘ਚ ਪੜ੍ਹਨ ਲਈ ਉਹ ਨੂੰ ਪੈਦਲ ਹੀ ਜਾਣਾ ਪੈਂਦਾ। ਮੱਲਕਿਆਂ ਦੇ ਇਸ ਸਕੂਲ ਵਿਚ ਉਸ ਦਾ ਜਮਾਤੀ ਮਸ਼ਹੂਰ ਕਲਾਕਾਰ ‘ਰਾਜ ਬਰਾੜ’ ਉਹਦਾ ਪਿਆਰਾ ਬੇਲੀ ਬਣ ਗਿਆ। ਕਲਾ ਦੀਆਂ ਕਿਲਕਾਰੀਆਂ ਤਾਂ ਕੁਦਰਤ ਵੱਲੋਂ ਮੁੱਢ ਤੋਂ ਹੀ ਉਹਦੇ ਖੂਨ ਦੇ ਜ਼ਰੇ-ਜ਼ਰੇ ਵਿਚ ਕੁਰਬਲ਼-ਕੁਰਬਲ਼ ਕਰਦੀਆਂ ਰਹਿੰਦੀਆਂ ਸਨ।
ਬਲਜਿੰਦਰ ਅਤੇ ਰਾਜ ਬਰਾੜ ਜਦੋਂ ਸਕੂਲ ਦੀ ਬਾਲ ਸਭਾ ਵਿਚ ਮਿਲ਼ ਕੇ ਕਵਿਤਾਵਾਂ ਗਾਉਂਦੇ ਤੇ ਰੀਸਾਂ/ਨਕਲ਼ਾਂ ਲਾਉਂਦੇ ਤਾਂ ਸਾਰਾ ਸਕੂਲ ਅਤੇ ਸਟਾਫ਼ ਅਚੰਭਤ ਹੋ ਜਾਂਦਾ। ਇਸ ਗੁਣ ਨੇ ‘ਸੇਖੇ’ ਦੀ ਵਾਹ-ਵਾਹ ਨੇੜਲੇ ਗੁਆਂਢੀ ਪਿੰਡਾਂ ਦੀਆਂ ਸੱਥਾਂ ਤੱਕ ਜਾ ਫੈਲਾਈ। ਗ਼ਰੀਬੀ ਦੀ ਧੁਦਲ਼ ਵਿਚ ਧੁਸੇ ਇਸ ਹੀਰੇ ਨੂੰ ਸਮੇਂ ਨੇ ਹੌਲ਼ੀ-ਹੌਲ਼ੀ ਫੂਕਾਂ ਮਾਰ-ਮਾਰ ਕੇ ਤਰਾਸ਼ਣਾ ਤੇ ਚਮਕਾਉਣਾ ਸ਼ੁਰੂ ਕਰ ਦਿੱਤਾ।
ਰੋਟੀ-ਰੋਜ਼ੀ ਦੀ ਤਲਾਸ਼ ਵਿਚ ਉਹ ਨੂੰ ਲੁਧਿਆਣੇ ਦੇ ਕਈ ਕਾਰਖਾਨਿਆਂ ਅਤੇ ਹੌਜ਼ਰੀ ਦੀਆਂ ਅੜਬ-ਮਸ਼ੀਨਾਂ ਨਾਲ਼ ਆੜੀ ਪਾਉਣੀ ਪਈ। ਇੱਥੇ ਉਹ ਨੂੰ ਯੂ ਪੀ ਤੇ ਬਿਹਾਰ ਵਿਚੋਂ ਆਏ 12 ਨਾ-ਵਾਕਿਫ਼ ਕਾਮਿਆਂ ਨਾਲ਼ ਬੁੱਢੇ ਨਾਲ਼ੇ ਦੇ ਕੋਲ਼ ਇੱਕ ਕਮਰੇ ਵਿਚ ਕਈ ਮਹੀਨੇ ਮਜਬੂਰਨ ਰਹਿਣਾ ਵੀ ਪਿਆ। ਮਾਪਿਆਂ ‘ਤੇ ਬੋਝ ਨਾ ਬਣਨ ਦੇ ਜਜ਼ਬੇ ਤਹਿਤ ਬਲਜਿੰਦਰ ਨੇ ਗ਼ਰੀਬੀ ਦੇ ਦੈਂਤ ਨੂੰ ਜਫੋ-ਜੱਫੀ ਹੋ ਕੇ ਢਾਹੁਣ ਲਈ, ਕਿਸੇ ਵੀ ਤਰ੍ਹਾਂ ਦੇ ਕੰਮ ਕਰਨ ਤੋਂ ਕਦੇ ਵੀ ਕੰਨੀ ਨਾ ਕਤਰਾਈ। ਇੱਥੇ ਵੀ ਕਿਸਮਤ ਅਤੇ ਹਾਲਾਤ ਦੇ ਮੇਘ ਨੇ ਉਹਦਾ ਸਿਰ ਨਾ ਪਲੋਸਿਆ ਤੇ ਉਹ ਮਾਯੂਸ ਹੋ ਗਿਆ! ਅੰਤ, ਫਿਰ ਉਹਨੇ ਵਾਪਿਸ ਆਪਣੇ ਜੱਦੀ ਸ਼ਹਿਰ ਮੋਗੇ ਰਹਿੰਦੇ ਨਾਨਕੇ ਘਰ ਦਾ ਜਾ ਕੁੰਡਾ ਖੜਕਾਇਆ।ઠ
ਇੱਥੇ, ਕਿਸੇ ਜਾਣਕਾਰ ਨੇ ਉਹ ਨੂੰ ਇੱਕ ਖੋਖੇ ਵਿਚ ਕੰਮ ‘ਤੇ ਲੁਆ ਦਿੱਤਾ। ਉਸ ਅੜਬ ਤੇ ਧੱਕੜ ਜਿਹੇ ਬੰਦੇ ਨਾਲ਼ ਉਹ ਬਾਹਲ਼ਾ ਚਿਰ ਕੱਟ ਨਾ ਸਕਿਆ।
ਫਿਰ ਉਹ ਨੂੰ ਇੱਕ ਕੱਪੜੇ ਵੇਚਣ ਵਾਲ਼ੀ ਦੁਕਾਨ ‘ਤੇ ਕੰਮ ਮਿਲ਼ ਗਿਆ। ਇੱਥੇ ਬਲਜਿੰਦਰ ਨੇ 1986 ਤੋਂ 88 ਤੱਕ ਤਕਰੀਬਨ ਦੋ ਕੁ ਸਾਲ ਬੜੀ ਲਗਨ ਨਾਲ਼ ਕੰਮ ਕੀਤਾ। ਸੇਠ ਵੱਲੋਂ ਗ਼ਜ਼ ਘੁਮਾ ਕੇ ਦਿੱਤੇ ਜਾਂਦੇ ਇਸ਼ਾਰਿਆਂ ਨੂੰ ਸਮਝ ਕੇ, ਸ਼ਿਲਫਾਂ ਤੋਂ ਥਾਨ ਲਾਹ-ਲਾਹ ਕੇ ਗਾਹਕਾਂ ਮੂਹਰੇ ਸੁੱਟਣ ਦੀ ਮੁਹਾਰਤ ਉਹਨੇ ਛੇਤੀ ਹੀ ਕੰਠ ਕਰ ਲਈ। ਮਾਲਕ ਉਹ ਨੂੰ ਹਮੇਸ਼ਾ ਭਿਜਾਈ ਫਿਰਦਾ, ਅਤੇ ਕਦੇ ਔਹ ਕਰ ਤੇ ਕਦੇ ਆਹ ਕਰ ਦੀਆਂ ਹਦਾਇਤਾਂ ਨਾਲ਼ ਹਰ ਵੇਲ਼ੇ ਊਰੀ ਵਾਂਗ ਘੁਮਾਈ ਰਖਦਾ। ਗਾਹਕਾਂ ਲਈ ਚਾਹ ਵਾਲ਼ੇ ਖੋਖੇ ਤੋਂ ਤਾਰਾਂ ਦੇ ਬਣੇ ਛਕੰਜੇ ਵਿਚ ਚਾਹ ਦੇ ਗਲਾਸ ਲਿਆਉਣਾ ਵੀ ਉਹਦੀ ਨੌਕਰੀ ਦੇ ਹਿੱਸੇ ‘ਚ ਸ਼ਾਮਲ ਸੀ। ਉਹਨੇ ਪੋਚੇ ਲਾਏ ਤੇ ਹੋਰ ਬਹੁਤ ਸਾਰੇ ਸਖ਼ਤ ਕੰਮ ਵੀ ਕੀਤੇ, ਪਰ ਚਲਾਕ-ਗ਼ਰੀਬੀ ਨੇ ਬਲਜਿੰਦਰ ਨਾਲ਼ ਸਿਰੇ ਦੀ ਏਨੀ ਗੂੜੀ ਛਲ਼ੀਆ-ਲਿਹਾਜ਼ ਗੰਢ ਲਈ ਕਿ ਉਹਨੇ ਅੜੀਅਲ ਬਣ ਕੇ ‘ਸੇਖੇ’ ਨੂੰ ਕਦੇ ਵੀ ਆਪਣੀ ਬੁੱਕਲ਼ ਵਿਚੋਂ ਨਿਕਲਣ ਨਾ ਦਿੱਤਾ।ઠ
ਨਾਨਕੇ ਘਰ ਵਿਚ ਵੀ ਗ਼ਰੀਬੀ ਨੇ ਜਾਲ਼ ਵਿਛਾਇਆ ਹੋਇਆ ਸੀ, ਤੇ ਇਸ ਵਿਹੜੇ ‘ਚ ਵੀ ਆਰਥਿਕ ਤੰਗੀ ਕਾਰਨ ਉਹ ਨੂੰ ਬਹੁਤੀ ਵਾਰ ਫਾਕਿਆਂ ਨਾਲ਼ ਘੁਲਣਾ ਪਿਆ। ਕਈ ਵਾਰ ਭੁੱਖ ਲਗਣ ‘ਤੇ ਉਹ ਰੇਹੜੀ ਤੋਂ ਗਲ਼ੇ-ਸੜੇ ਫ਼ਲ਼ ਲੈ ਕੇ ਵਕਤ ਟਪਾ ਲੈਂਦਾ। ਉਹ ਜੋ ਕੁੱਝ ਲੋਚਦਾ, ਚਾਹੁੰਦਾ ਤੇ ਤਸੱਵਰ ਕਰਦਾ ਉਹ ਉਹਦੇ ਹੱਥ ਪੱਲੇ ਨਾ ਪੈਂਦਾ। ਨਾਨੇ-ਨਾਨੀ ਦੀ ਇਸ ਨਗਰੀ ਵਿਚ ਵੀ ਉਹਦਾ ਕਲਾਕਾਰੀ-ਮਨ ਨਾ ਹੀ ਖੁੱਭਿਆ ਤੇ ਨਾ ਹੀ ਟਿੱਕਿਆ। ਉਹ ਚੁੱਪ ਹੋ ਜਾਂਦਾ, ਕੁਝ ਨਵਾਂ ਕਰਨ ਦੀ ਤੜਪ ਦੇ ਸੁਪਨਿਆਂ ਵਿਚ ਗੁਆਚ ਜਾਂਦਾ, ਹਾਲਾਤ ਉਹਦੀ ਪੇਸ਼ ਨਾ ਜਾਣ ਦਿੰਦੇ, ਤੇ ਨਿਰਾਸਤਾ ਉਹਦੇ ਕੋਮਲ-ਜਜ਼ਬਿਆਂ ‘ਤੇ ਝੋਰੇ ਦੀਆਂ ਚੂੰਡੀਆਂ ਵੱਢਦੀ ਰਹਿੰਦੀ। ਮੋਗੇ ਦੇ ਮੁਕਾਮ ਦੌਰਾਨ ਬੋਝਲ ਵਕਤ ਨਾਲ਼ ਦਸਤ-ਪੰਜਾ ਲੜਾਉਂਦਿਆਂ ਅਤੇ ਦੁਸ਼ਵਾਰੀਆਂ ਨਾਲ਼ ਖਹਿਬੜਦਿਆਂ ਉਹ ਹੇਰਵੇ ਦੇ ਵਾਅ-ਵਰੋਲ਼ਿਆਂ ਵਿਚ ਘਿਰ ਗਿਆ ਤੇ ਤਕਦੀਰ ਉਹ ਨੂੰ ਫਿਰ “ਸੇਖੇ ਪਿੰਡ” ਦੇ ਕੱਚੇ ਕੋਠੇ ਦੀ ਵਲਗਣ ਵਿਚ ਲੈ ਆਈ।
ਕਿਉਂਕਿ, ਮੱਲਕੇ ਪਿੰਡ ਪੜ੍ਹਦਿਆਂ ਉਸਦੀ ਮੁਹੱਬਤ ਰਾਜ ਬਰਾੜ ਨਾਲ਼ ਗੂੜੀ ਹੋ ਗਈ ਸੀ, ਤੇ ਰਾਜ ਨੇ ਬਲਜਿੰਦਰ ਦੇ ਇਸ ਅਣੋਖੇ ਗੁਣ ਨੂੰ ਪਹਿਚਾਣ ਵੀ ਲਿਆ ਸੀ, ਇਸ ਕਰਕੇ ਰਾਜ ਬਰਾੜ ਨੇ ਬਲਜਿੰਦਰ ਨਾਲ਼ ਮਿਲ਼ ਕੇ ਇੱਕ ਕਾਮੇਡੀ ਆਡਿਓ ਕੈਸਿਟ “ਛਿੱਤਰੋ-ਛਿੱਤਰੀ” ਤਿਆਰ ਕੀਤੀ। ਇਸ ਕੈਸਿਟ ਵਿੱਚ ‘ਸੇਖੇ’ ਨੇ ਬੜੀ ਹੀ ਧੜੱਲੇਦਾਰ ਅਦਾਕਾਰੀ ਦਾ ਜਲਵਾ ਦਿਖਾਇਆ। ਲੋਕਾਂ ਨੇ ਉਸ ਨੂੰ ਬੜਾ ਹੀ ਜ਼ਿਆਦਾ ਪਸੰਦ ਕੀਤਾ। ਇਸ ਟੇਪ ਦੀ ਚੜ੍ਹਤ ਨੇ ਬਲਜਿੰਦਰ ਦੀ ਕੁੱਝ ਮਹੀਨਿਆਂ ਵਿਚ ਹੀ ਹਰ ਪਾਸੇ ઠਬੱਲੇ-ਬੱਲੇ ਕਰਵਾ ਦਿੱਤੀ ਤੇ ਇਹ ਸੁਨਿਹਰੀ ਮੌਕਾ ਉਹਦੇ ਲਈ ਜ਼ਿੰਦਗੀ ਦਾ ਇੱਕ ਮਹੱਤਵ-ਪੂਰਨ ਮੋੜ ਅਤੇ ਵਰਦਾਨ ਬਣ ਗਿਆ। ઠਕੈਸਿਟ ਏਨੀ ਜ਼ਿਆਦਾ ਚੱਲੀ ਕਿ ਮਾਲਵੇ ਇਲਾਕੇ ਦੇ ਲੋਕ ਆਪਣੇ ਪ੍ਰੋਗਰਾਮਾਂ ਵਿਚ ਬਲਜਿੰਦਰ ਨੂੰ ਸ਼ਿਰਕਤ ਕਰਨ ਲਈ ਸੱਦਣ ਲੱਗ ਪਏ। ਦਿਨਾਂ ਵਿਚ ਹੀ ਉਹ ਲੋਕਾਂ ਦਾ ਹਰਮਨ-ਪਿਆਰਾ ਅਦਾਕਾਰ ਤੇ ਕਲਾਕਾਰ ਬਣ ਗਿਆ। ਉਹਦੇ ਮਜ਼ਾਹੀਆ-ਹੁਨਰ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਵੇਲ਼ਿਆਂ ਦੇ ਬਹੁਤ ਸਾਰੇ ਨਾਮੀਂ ਗਵੱਈਆਂ, ਖਾਸ ਕਰਕੇ ਨਿਰਮਲ ਸਿੱਧੂ ਅਤੇ ਬਲਕਾਰ ਸਿੱਧੂ ਵਰਗੇ ਉੱਘੇ ਕਲਾਕਾਰਾਂ ਨੇ ਉਹ ਨੂੰ ਆਪਣੇ ਨਾਲ਼ ਲੈ ਜਾਣਾ ਸ਼ੁਰੂ ਕਰ ਦਿੱਤਾ। ਉਹ ਬਲਜਿੰਦਰ ਨੂੰ ਇੱਕ ਪ੍ਰੋਗਰਾਮ ਦਾ 200 ਰੁਪੈ ਦਿੰਦੇ। ‘ਸੇਖੇ’ ਨੇ ਇਹਨਾਂ ਗਵੱਈਆਂ ਨੂੰ ਤਿੰਨ ਕੁ ਸਾਲ ਦਾ ਪੂਰਾ ਜੋਬਨ-ਮੱਤਾ ਸਾਥ ਦਿੱਤਾ। ਇਸ ਦੇ ਨਾਲ਼ ਨਾਲ਼ ਚਰਨਜੀਤ ਸਲ੍ਹੀਣਾ, ਜੋ ਖੁਦ ਵੀ ਗਾਉਂਦਾ ਸੀ, ਨੇ ‘ਸੇਖੇ’ ਦੇ ਸ਼ੌਕੀ-ਪਤੰਗ ਨੂੰ ਨਾ ਤਾਂ ਕਦੇ ਝੋਲਾ ਵੱਜਣ ਦਿੱਤਾ, ਤੇ ਨਾਂ ਹੀ ਉਹਦੇ ਜੋਸ਼ ਨੂੰ ਮੱਠਾ ਪੈਣ ਦਿੱਤਾ। ਹੁਣ ਸੇਖਾ ਅੰਦਰੋ-ਅੰਦਰੀ ਬੜਾ ਖੁਸ਼ ਰਹਿਣ ਅਤੇ ਉਡੂੰ-ਉਡੂੰ ਕਰਦਾ ਮਹਿਸੂਸ ਕਰਨ ਲੱਗ ਪਿਆ।
ਜਦੋਂ ਬਲਜਿੰਦਰ ਦੀ ਬੱਲੇ-ਬੱਲੇ ਦੀ ਚਰਚਾ ਨੇ ਰਾਜ ਬਰਾੜ ਦੇ ਦਰਵਾਜ਼ੇ ‘ਤੇ ਦਸਤਕ ਦਿੱਤੀ ਤਾਂ ਉਹ ਸੇਖੇ ਨੂੰ ਚੰਡੀਗੜ੍ਹ ਲੈ ਗਿਆ। ‘ਰਾਜ’ ਦੀ ਕੈਸਿਟ “‘ਸਾਡੇ ਵਾਰੀ ਰੰਗ ਮੁੱਕਿਆ'” ਵਿੱਚ ਬਲਜਿੰਦਰ ਨੇ ਪਿੱਛੇ ਰਹਿ ਕੇ, ਨਿਰ-ਸੁਆਰਥ ਹੋ ਕੇ ਅਜਿਹਾ ਪੁਖਤਾ-ਇੰਤਜ਼ਾਮ ਅਤੇ ਉੱਚਿਤ ਦੇਖਭਾਲ ਕੀਤੀ ਕਿ ਇਸ ਉਦੇਸ਼ ਵਿੱਚ ਰਾਜ ਬਰਾੜ ਨੂੰ ਕਮਾਲ ਦੀ ਸਫ਼ਲਤਾ ਮਿਲ਼ੀ। ਕੈਸਿਟ ਲੋਹੜਿਆਂ ਦੀ ਹਿੱਟ ਹੋ ਗਈ। ਬਲਜਿੰਦਰ ਕੋਲ਼ੋਂ ਚਾਅ ਨਾ ਚੁੱਕੇ ਗਏ। ਇਸ ਤੋਂ ਬਾਅਦ ਚੱਲ ਸੋ ਚੱਲ ਦਾ ਸਿਲਸਲਾ ਅਜਿਹੀਆਂ ਪੁਲਾਘਾਂ ਪੁੱਟਣ ਲੱਗਿਆ ਕਿ ਪੂਰੇ ਢਾਈ ਸਾਲ ਬਲਜਿੰਦਰ ਅਤੇ ਰਾਜ ਬਰਾੜ ਇੱਕ ਦੂਜੇ ਦੀ ਅਨੂਠੀ ਤੇ ਸੰਗੀਤਕ-ਸੰਗਤ ਦਾ ਮਾਣ-ਮੱਤਾ ਨਿਘਾਸ ਮਾਣ ਦੇ ਰਹੇ। ਚੰਡੀਗੜ੍ਹ ਰਹਿੰਦਿਆਂ ਮੁਲਾਕਾਤਾਂ ਦੇ ਝਰਨੇ ਫੁਟਣ ਲੱਗ ਪਏ ਅਤੇ ਜਾਣ-ਪਹਿਚਾਣ ਦੀ ਕਿਆਰੀ ਵਿਚ ਅਦਬੀ ਫੁੱਲਾਂ ਨੇ ਖਿੜਨਾ ਤੇ ਟਹਿਕਣਾ ਸ਼ੁਰੂ ਕਰ ਦਿੱਤਾ। ਇਉਂ, ਸੇਖੇ ਦੀ ਵਾਕਫੀਅਤ ਬਹੁਤ ਸਾਰੇ ਨਾਮੀਂ ਕਲਾਕਾਰਾਂ ਨਾਲ਼ ਹੋ ਗਈ, ਤੇ ਉਹ ਉਹਨਾਂ ਵਿਚ ਚੰਗੀ ਤਰ੍ਹਾਂ ਰਚ-ਮਿੱਚ ਗਿਆ। ਇਹ ਹੀ ਤਾਂ ਸੇਖੇ ਦੀ ਰੂਹ ਦੀ ਅਸਲ ਖੁਰਾਕ ਸੀ ਜਿਸ ਦੀ ਤਾਲਾਸ਼ ਵਿਚ ਉਹ ਜਗਿਆਸੂ ਬਣ ਕੇ ਦਰ-ਦਰ ਦੀਆਂ ਠੋਕਰਾਂ ਖਾ ਕੇ ਮੌਜੀ-ਲਹਿਜ਼ੇ ਵਿਚ ਰਹਿਣਾ ਵੀ ਗਿੱਝ ਗਿਆ ਸੀ। ਸੰਗੀਤ, ਸਾਜ਼ ਅਤੇ ਗਵਾਇਸ਼ ਉਸ ਦਾ ਪਿਆਰਾ ਸ਼ੌਕ ਬਣ ਗਏ। ਇਸੇ ਲਈ ਉਹ ਸੁਰੀਲੇ ਸਾਜ਼, ਕਲਾ ਵਿਚ ਗੜੁੱਚ ਤੇ ਸੁਰ-ਤਾਲ ‘ਚ ਭਿੱਜੀਆਂ ਆਵਾਜ਼ਾਂ ਅਤੇ ਮਨ ਨੂੰ ਹਲੂਣਾ ਦੇਣ ਵਾਲ਼ੇ ਇਖ਼ਲਾਕੀ ਪੱਧਰ ਦੇ ਸਭਿੱਅਕ ਲਿਖੇ ਗੀਤਾਂ ਦੇ ਬੋਲਾਂ ਨੂੰ ਸੁਣ ਕੇ ਖੀਵਾ ਹੋ ਜਾਂਦਾ। ਇਹੀ ਕਾਰਨ ਹੈ ਕਿ ਗਵਾਇਸ਼ ਅਤੇ ਸ਼ਾਇਰੀ ਲਿਖਣ ਤੋਂ ਬਿਨਾਂ ਉਹਦੀ ਅਦਬੀ-ਰੰਗ ਵਿਚ ਰੰਗੀ ਰੂਹ ‘ਤੇ ਕੋਈ ਹੋਰ ਰੰਗ ਚੜ੍ਹ ਹੀ ਨਹੀਂ ਸਕਿਆ।
ਬਾਬੁ ਰਾਜਿਬ ਅਲੀ ਦੇ ਲਿਖੇ ਛੰਦ ਨੂੰ ਕਵੀਸ਼ਰੀ ਦੇ ਨਵੇਂ ਅੰਦਾਜ਼ ਵਿਚ ਪੇਸ਼ ਕਰਕੇ ‘ਸੇਖੇ’ ਨੇ ਸਾਡੇ ਅਮੀਰ /ਨਰੋਏ-ਵਿਰਸੇ ਦੀ ਇਸ ਸੁਗਾਤ ਰੂਪੀ ਅਮਰ ਰਚਨਾ ਨੂੰ ਗੁਣ-ਗਣਾ ਕੇ ਚਮਕਾਇਆ ਹੈ। ਇਸ ਵੀਡੀਓ ਨੇ ਬਲਜਿੰਦਰ ਦੀ ਚਹੁੰ-ਕੂਟੀਂ ਧਾਂਕ ਬਿਠਾ ਦਿੱਤੀ ਹੈ। ਸੰਸਾਰ ਦੇ ਹਰ ਕੋਨੇ ਵਿਚ ਵੱਸਦੇ ਪੰਜਾਬੀਆਂ ਨੇ ਉਸਦੀ ਵੱਖਰੇ ਤੇ ਪਿਆਰੇ ਅੰਦਾਜ਼ ਵਿਚ ਗਾਈ ਇਸ ਕਵੀਸ਼ਰੀ ਨੂੰ ਲੋਹੜਿਆਂ ਦਾ ਪਸੰਦ ਕੀਤਾ ਹੈ। ਵਿਦਿਆ ਪੱਖੋਂ ਵੀ ਬਲਜਿੰਦਰ ਨੇ ਕਈ ਹਿੰਮਤੀ ਪੁਲਾਘਾਂ ਪੁੱਟੀਆਂ। ਗਾਇਕੀ ਦੇ ਨਾਲ਼ ਨਾਲ਼ ਉਹਨੇ ਪੰਜਾਬੀ ਯੂਨਿਵਰਸਟੀ ਤੋਂ ਲਾਇਬਰੇਰੀ ਸਾਇੰਸ ਦਾ ਡਿਪਲੋਮਾ ਵੀ ਕਰ ਲਿਆ। ਕੁਦਰਤ ਨੂੰ ਕੁੱਝ ਹੋਰ ਹੀ ਭਾਉਂਦਾ ਸੀ ਅਤੇ ਦਾਣਾ ਪਾਣੀ ਉਹ ਨੂੰ ਚੋਗ-ਚੁਗਣ ਲਈ ਸੱਤ-ਸਮੁੰਦਰੋਂ ਪਾਰ ਬੁਲਾਅ ਰਿਹਾ ਸੀ। ਚੰਡੀਗੜ੍ਹ ਰਹਿਣ ਦੇ ਦਿਨਾਂ ਵਿਚ ਤਾਏ ਦਾ ਮੁੰਡਾ ਹਰਪ੍ਰੀਤ ਵੈਨਕੂਵਰ ਤੋਂ ਪੰਜਾਬ ਮਿਲਣ-ਗਿਲਣ ਲਈ ਆਇਆ। ਉਹਨੇ ਆਪਣੀ ਪਤਨੀ ਦੀ ਛੋਟੀ ਭੈਣ ਦਾ ਰਿਸ਼ਤਾ ਬਲਜਿੰਦਰ ਨੂੰ ਕਰਵਾ ਦਿੱਤਾ। ਇਉਂ ਬਲਜਿੰਦਰ ਨੇ 2000 ਵਿਚ ਕੈਨੇਡਾ ਜਾ ਪੈਰ ਧਰੇ।
ਕੈਨੇਡਾ ਆ ਕੇ ਉਹ ਨੂੰ ਜਿੰਦਗੀ ਫਿਰ ‘ਊੜਾ-ਐੜਾ’ ਤੋਂ ਸ਼ੁਰੂ ਕਰਨੀ ਪਈ। ਸਖ਼ਤ ਮਿਹਨਤ ਦੀ ਭੱਠੀ ਵਿੱਚ ਦੀ ਦੋਬਾਰਾ ਫਿਰ ਲੰਘਣਾ ਪਿਆ। ਫ਼ਰਨੀਚਰ ਦੀ ਕੰਪਨੀ ਵਿੱਚ ਲੋਡਿੰਗ, ਅਨ-ਲੋਡਿੰਗ ਦੇ ਭਾਰੀ ਕੰਮਾਂ ਨਾਲ਼ ਕਬੱਡੀ ਖੇਡਣੀ ਪਈ। ਪਰ, ਬਲਜਿੰਦਰ ਅੰਦਰ ਦੜ ਵੱਟੀ ਬੈਠੇ ਸਾਹਿਤਕ ਅਤੇ ਕਲਾਕਾਰੀ ਜੁਗ ਨੂੰ ਵੀ ਨਾਲ਼ ਦੀ ਨਾਲ਼ ਟਪੂਸੀਆਂ ਮਾਰ ਕੇ ਟਿੰਮਕਣ ਲਗ ਪਏ। ਉਸਾਰੂ ਗਤੀ-ਵਿੱਧੀਆਂ ਦੀਆਂ ਮੋਮਬੱਤੀਆਂ ਦਾ ਚਾਨਣ ਖਿਲਾਰਨ ਲਈ, ਸੇਖੇ ਨੇ ਆਪਣੀ ਦਿਲਚਸਪੀ ਦੀ ਬੱਕੀ ਨੂੰ ਮੁੜ ਸ਼ਿੰਗਾਰ ਲਿਆ, ਤੇ ਉਹ ਸਥਾਨਿਕ ਰੇਡੀਓ, ਟੀਵੀ, ਅਤੇ ਹੋਰ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਆਪਣੀ ਕਲਾ ਦੇ ਨਵੇਕਲ਼ੇ ਜੌਹਰ ਦਿਖਾਉਣ ਲਈ ਹਿੱਸਾ ਲੈਣ ਲੱਗ ਪਿਆ। ਛੇਤੀ ਹੀ ਟੋਰਾਂਟੇ ਦੇ ਇਰਦ-ਗਿਰਦ ਦੇ ਇਲਾਕਿਆਂ ਵਿਚ ਬਲਜਿੰਦਰ ਦੇ ਹਸਾਉਣੇ-ਪਾਤਰ ਦੀ ਪ੍ਰਸ਼ੰਸਾ ਸਿਖਰਾਂ ‘ਤੇ ਚਮਕਣ ਲੱਗ ਪਈ। ਮੱਲਕਿਆਂ ਵਾਲ਼ੇ ‘ਬਾਈ ਬਾਘੇ ਬਰਾੜ’ ਨੇ ਬਲਜਿੰਦਰ ਦੀ ਜਾਣ-ਪਹਿਚਾਣ ਮਸ਼ਹੂਰ ਕਾਮਿਡੀ ਕਿੰਗ ਲਖਵਿੰਦਰ ਸੰਧੂ “ਭੰਡ” ਨਾਲ਼ ਕਰਵਾ ਦਿੱਤੀ। ਦੋਹਾਂ ਦੀ ਮਜ਼ਾਹੀਆਂ ਜੋੜੀ ਨੇ ਕੈਨੇਡਾ ਵਿੱਚ ਕਮਾਲਾਂ ਹੀ ਕਰ ਦਿੱਤੀਆਂ।
ਦੂਰ-ਦੁਰਾਡੇ ਦੇ ਲੋਕ ਵਿਆਹਾਂ, ਸ਼ਾਦੀਆਂ, ਕਲੱਬਾਂ, ਮੇਲਿਆਂ, ਪਾਰਟੀਆਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਇਹਨਾਂ ਦੇ ਹਾਸਿਆਂ ਨਾਲ਼ ਭਰਪੂਰ, ਤੇ ਉੱਚ-ਪੱਧਰੀ ਚੁਟਕਲੀ ਅੰਦਾਜ਼ ਵਿੱਚ ਪਰੋਸੀਆਂ ਜਾਂਦੀਆਂ ਆਈਟਮਾਂ ਨੂੰ ਪੇਸ਼ ਕਰਨ ਲਈ ਸੱਦਾ-ਪੱਤਰ ਦੇਣ ਲੱਗ ਪਏ। ਇਸ ਤਰ੍ਹਾਂ ਇਹ ਜੋੜੀ ਵੈਨਕੂਵਰ, ਸਰੀ, ਗ਼ਦਰੀ ਬਾਬਿਆਂ ਦੇ ਮੇਲੇ ਅਤੇ ਕੈਲਫੋਰਨੀਆ ਤੱਕ ਆਪਣੇ ਫ਼ਨ ਦੀਆਂ ਪੈੜਾਂ ਵੀ ਕਰ ਆਈ। ਸਿੱਟੇ ਵੱਜੋਂ ਕੈਨੇਡਾ ਆ ਕੇ ਸਫ਼ਲਾਤਾਵਾਂ ਨੇ ਉਹਦੇ ਸਾਰੇ ਸੁਪਨੇ ਸਾਕਾਰ ਕਰ ਦਿੱਤੇ।
ਕੈਨੇਡਾ ਰਹਿੰਦਿਆਂ ਬਲਜਿੰਦਰ ਨੇ ਬਹੁਤ ਸਾਰੇ ਧਾਰਮਿਕ, ਰਾਜਨੀਤਿਕ ਅਤੇ ਸਭਿਆਚਾਰਕ ਅਦਾਰਿਆਂ ਨਾਲ਼ ਸਾਂਝ ਪਾ ਕੇ ਨਿਵੇਕਲ਼ੀ ਕਲਾ-ਕਿਰਤ ਰਾਹੀਂ ਆਪਣੇ ਹੁਨਰ ਦੀ ਸੱਤ-ਰੰਗੀ ਪੀਂਘ ਨੂੰ ਹੋਰ ਗੂੜ੍ਹੇ ਰੰਗਾਂ ਦੀ ਪਾਣ ਚਾੜ੍ਹ ਦਿੱਤੀ। ਉਹ ਨੂੰ ਕਲਾ ਦੀਆਂ ਅੱਠ-ਖੇਲੀਆਂ ਨਾਲ਼ ਕੁੱਦਣ ਅਤੇ ਚਾਅ ਬਿਖੇਰਨ ਦਾ ਕੁਦਰਤੀ ਵੱਲ ਆਉਂਦਾ ਹੈ। ਉਹਨੇ ਬਹੁਤ ਸਾਰੇ ਉੱਚ-ਕੋਟੀ ਦੇ ਮਾਅਰਕੇ-ਮਾਰਕੇ ਆਪਣੇ ਨਾਮ ਨੂੰ ਲੋਕਾਂ ਦੇ ઠਚੇਤਿਆਂ, ਦਿਲਾਂ ਅਤੇ ਮਨਾਂ ਅੰਦਰ ਹਮੇਸ਼ਾ ਲਈ ਅਮਰ ਕਰ ਲਿਆ ਹੈ।ઠ
‘ਬਲਜਿੰਦਰ ਸੇਖੇ’ ਨੇ ਸਿੱਖ ਹੈਰੀਟੇਜ ਮਹੀਨਾ ਜੋ ਅਪਰੈਲ ਵਿੱਚ ਮਨਾਇਆ ਜਾਂਦਾ ਹੈ ਉਸ ਦਾ “ਸਿੰਬਲ” ਡਿਜ਼ਇਨ ਤਿਆਰ ਕੀਤਾ, ਅਤੇ ਟਰੇਡ ਮਾਰਕ ਦੇ ਤੌਰ ‘ਤੇ ਰਜਿਸਟਰ ਕਰਵਾਕੇ ‘ਵਿੱਕ ਢਿੱਲੋਂ’ ਦੇ ਸਹਿਯੋਗ ਨਾਲ਼ ਉਨਟਾਰੀਓ ਦੀ ਅਸੈਂਬਲੀ ਵਿਚ ਪੇਸ਼ ਵੀ ਕੀਤਾ। ਜਿਸ ਨੂੰ ਸੂਬੇ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਮਾਨਤਾ ਪ੍ਰਦਾਨ ਕੀਤੀ। ਜਦੋਂ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਤ੍ਰਾਸਦੀ ਦੀ ਮੁਆਫੀ ਮੰਗੀ ਸੀ ਤਾਂ ਜਿੱਥੋਂ ਜਹਾਜ਼ ਮੋੜਿਆ ਗਿਆ ਸੀ ਉਸੇ ਜਗ੍ਹਾ ‘ਤੇ ‘ਪੋਰਟਰੇਟ’ ਵੀ ਬਲਜਿੰਦਰ ਨੇ ਹੀ ਤਿਆਰ ਕੀਤਾ। ਇਸ ਦੇ ਚਲਦਿਆਂ ਹੀ ਜਦੋਂ ਇੱਕ ਜੁਲਾਈ, 2017 ਵਿਚ ਕੈਨੇਡਾ ਦੇ ਜਨਮ ਦੀ 150ਵੀਂ ਸਾਲ-ਗਿਰਾਹ ਮਨਾਈ ਗਈ ਤਾਂ ਇੰਡੀਆ/ਕੈਨੇਡਾ ਦੀ ਮਿੱਤਰਤਾ ਦੀ ਆਪਸੀ ਦੇਣ ਤੋਂ ਪ੍ਰਭਾਵਿਤ ਹੋ ਕੇ, ਇੱਕ ਸੁਹਿਰਦ-ਨਾਗਰਿਕ ਵਜੋਂ ઠਬਲਜਿੰਦਰ ਨੇ “‘ਗੋ ਕੈਨੇਡਾ ਗੋ”‘ ਨਾਮ ਦਾ ਗੀਤ ਲਿਖਿਆ। ਇਸ ਗੀਤ ਨੂੰ ਭਾਰਤ ਵਿਚੋਂ ਪ੍ਰਸਿੱਧ ਸੰਗੀਤਕਾਰ ਦਿਲਕੁਸ਼ ਥਿੰਦ ਦੇ ਸੰਗੀਤ ਵਿਚ ਰਿਕਾਰਡ ਕਰਵਾਇਆ ਗਿਆ ਅਤੇ ਅੰਗਰੇਜ਼ੀ ਤੇ ਫਰਿੰਚ ਵਿੱਚ ਅਨੁਵਾਦ ਵੀ ਕੀਤਾ ਗਿਆ। ਇਸ ਗੀਤ ਨੇ ਸੇਖੇ ਦੇ ਨਾਮ ਦੀ ਮਹਿੰਮਾਂ ਕੈਨੇਡਾ ਦੀ ਪਾਰਲੀਮੈਂਟ ਦੇ ਹਾਲ ਵਿਚ ਜਾ ਗੂੰਜਾਈ। ‘ਸੇਖੇ’ ਦੇ ਸਮਾਜਿਕ ਅਤੇ ਸਭਿਆਰਕ ਖੇਤਰਾਂ ਵਿਚ ਕਰੇ ਕਾਰਜਾਂ ਦੀ ਸੂਚੀ ਲੰਬੀ ਹੋਣ ਕਰਕੇ ਉਸ ਨੂੰ ਯੂ ਐਨ ਓ ਵੱਲੋਂ ਵੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਮਿਲੀ। ਕੈਨੇਡਾ ਦੇ ਮਹਾਨ-ਸੂਰਬੀਰ ਸ਼ਹੀਦ ਯੋਧਿਆਂ ਦੀ ਯਾਦ ਨੂੰ ਸਮਰਪਿਤ, ਗਿਆਰਾਂ ਨਵੰਬਰ, 2018 ਨੂੰ ਮਨਾਏ ਗਏ 100ਵੇਂ ਰੈਮੈਂਮਬਰਸ ਡੇਅ ਦੇ ਇੱਕ ਵਿਸ਼ਾਲ ਸਮਾਗਮ ਮੌਕੇ, ઠਬਲਜਿੰਦਰ ਵੱਲੋਂ ਬਣਾਇਆ ਗਿਆ ਬਹੁਤ ਹੀ ਖੂਬਸੂਰਤ ਚਿੱਤਰ ਜਿਸ ਉੱਪਰ ਪੰਜਾਬੀ ਵਿੱਚ ਲਿਖਿਆ ਸੀ “ਅਸੀਂ ਕਦੇ ਵੀ ਭੁੱਲ ਨਹੀਂ ਸਕਦੇ”, ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਦੇਸ਼ ਵਾਸੀਆਂ ਨੂੰ ਭੇਟ ਕੀਤਾ ਗਿਆ। ‘ਸੇਖੇ’ ਨੂੰ ਮਿਲ਼ੇ ਇਸ ਵਿਲੱਖਣ ਆਦਰ-ਸਤਿਕਾਰ ਨੇ ਜਿੱਥੇ ਉਹਦੇ ਸਵੈ-ਵਿਸ਼ਵਾਸ਼ ਦੇ ਪਪੀਹੇ ਨੂੰ ‘ਉਤਸ਼ਾਹ’ ਦੀ ਸੁਆਤੀ-ਬੂੰਦ ਦਾ ਬਲ ਬਖ਼ਸ਼ਿਆ, ਉੱਥੇ ਉਹਦਾ ਨਾਮ ਇੱਕ ਗੁਣੀ-ਕਵੀ ਅਤੇ ਪਤਵੰਤਾ-ਫ਼ਨਕਾਰ ਹੋਣ ਦੀ ਸ਼ੋਹਰਤੀ-ਸੂਚੀ ਵਿੱਚ ਵੀ ਦਰਜ ਕਰ ਦਿੱਤਾ।ઠ
ਬਲਜਿੰਦਰ ਨੇ ਦਾਨ ਕਰਨ ਵਿਚ ਵੀ ਇੱਕ ਅਲੌਕਿਕ-ਕਾਰਜ ਕੀਤਾ। ਉਹਨੇ ਆਪਣੀ ਮਾਤਾ ਜੀ ਚਰਨਜੀਤ ਕੌਰ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀਆਂ ਦੋਵੇਂ ਅੱਖਾਂ ਦਾਨ ਕਰਕੇ ਮਾਨਵਤਾ ਦੀ ਇੱਕ ਮਹਾਨ ਸੇਵਾ ਕੀਤੀ ਹੈ। ਜੀਵਨ ਨਿਰਬਾਹ ਕਰਨ ਲਈ ਉਹ ਫਾਇਨੈਂਸ/ ਮੋਰਗੇਜ ਅਤੇ ਸਰਟੀਫਾਈਡ ਇੰਸ਼ੋਰੈਂਸ ਬਰੋਕਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ
ਬਲਜਿੰਦਰ ਸੱਚਮੁਚ ਹੀ ਮਹਿਫ਼ਲਾਂ ਦਾ ਮਾਣਕ-ਮੋਤੀ, ਮੋਹ-ਮਿਲਾਪ ਦੀ ਕਸਤੂਰੀ ਵੰਡਣ ਵਾਲ਼ਾ ਮਸਤਾਨਾ-ਮੇਜ਼ਬਾਨ, ਮਹਿਕਾਂ ਮਾਰਦੇ ਮਜ਼ਾਕੀਆ-ਮਿਜਾਜ਼ ਦਾ ਮਾਲਕ, ਮਿਲਾਪੜੇ-ਸੁਭਾਅ ਦਾ ਮਿੱਠਾ ਮੇਵਾ, ਅਤੇ ਮੱਲਾਂ ਮਾਰਨ ਵਾਲ਼ਾ ਮਤਵਾਲਾ ਮੱਲ ਹੈ। ਕਲਾਕਾਰੀ ਜਜ਼ਬੇ ਉਹਦੇ ਖੂਨ ਵਿਚ ਹਮੇਸ਼ਾ ਹੀ ਊਂਗਦੇ ਰਹਿੰਦੇ ਹਨ, ਤੇ ਕਲਾ ਦੀਆਂ ਕਿਆਰੀਆਂ ਵਿਚ ਉਹ ਸਦਾ ਹੀ ਹਾਸਿਆਂ ਦੇ ਫੁਲ ਖਿਲਾਉਂਦਾ ਰਹਿੰਦਾ ਹੈ। ਉਹ ਨੂੰ ਕਲਾਕਾਰੀ-ਕਸੀਦੇ ਕੱਢਣ ਦੀ ਸਦਾ ਚੇਸ਼ਟਾ ਲੱਗੀ ਰਹਿੰਦੀ ਹੈ। ਪੰਜਾਬੀ ਭਾਈਚਾਰੇ ਵਿਚ ਉਹਦਾ ਨਾਮ ਸਤਿਕਾਰ ਵੱਜੋਂ ਲਿਆ ਜਾਂਦਾ ਹੈ। ਉਹ ਆਪਣੀ ਪਤਨੀ ਤੇ ਦੋ ਬੱਚੀਆਂ ਸਮੇਤ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਬਹੁਤ ਹੀ ਪਿਆਰੀ ਜ਼ਿੰਦਗੀ ਬਸ਼ਰ ਕਰ ਰਿਹਾ ਹੈ।
: : :

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਲਿਵਿੰਗ ਵਿੱਦ ਵੈਲਨੈਸ 2024 ਵਿਖੇ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਉਤਸ਼ਾਹਿਤ ਕੀਤਾ

ਮਿਸੀਸਾਗਾ : ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿਚ ਲਿਵਿੰਗ ਵਿੱਦ ਵੈਲਨੈਸ 2024 …