ਓਨਟਾਰੀਓ/ਬਿਊਰੋ ਨਿਊਜ਼ : 21 ਮਾਰਚ ਤੋਂ ਓਨਟਾਰੀਓ ਵਿੱਚ ਮਾਸਕ ਦੀ ਵਰਤੋਂ ਦੀ ਪਾਬੰਦੀ ਖਤਮ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਓਨਟਾਰੀਓ ਵਿੱਚ ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਲਈ ਸੈਲਫ ਆਈਸੋਲੇਸ਼ਨ ਜਾਂ ਸਿੰਪਟਮ ਸਕਰੀਨਿੰਗ ਦੀ ਸਰਤ ਵੀ ਖਤਮ ਕਰ ਦਿੱਤੀ ਜਾਵੇਗੀ। ਅਪ੍ਰੈਲ ਦੇ ਅੰਤ ਤੱਕ ਮਹਾਂਮਾਰੀ ਸਬੰਧੀ ਸਾਰੇ ਐਮਰਜੈਂਸੀ ਪ੍ਰਬੰਧ ਵੀ ਖਤਮ ਕਰਨ ਦੀ ਸੰਭਾਵਨਾ ਹੈ। ਓਨਟਾਰੀਓ 21 ਮਾਰਚ ਤੱਕ ਬਹੁਤੀਆਂ ਇੰਡੋਰ ਸੈਟਿੰਗਜ਼ ਤੇ ਸਕੂਲਾਂ ਵਿੱਚ ਮਾਸਕ ਪਾਉਣ ਦੇ ਨਿਯਮ ਨੂੰ ਖਤਮ ਕਰਨ ਜਾ ਰਿਹਾ ਹੈ। ਪਰ ਪਬਲਿਕ ਟਰਾਂਜਿਟ ਦੀ ਵਰਤੋਂ ਕਰਨ ਵਾਲਿਆਂ, ਹਸਪਤਾਲਾਂ ਵਿੱਚ ਭਰਤੀ ਮਰੀਜ਼ਾਂ, ਰੈਜੀਡੈਂਟਸ, ਵਿਜੀਟਰਜ਼ ਤੇ ਸਟਾਫ, ਕੇਅਰ ਸੈਟਿੰਗਜ਼, ਜੇਲ੍ਹਾਂ ਤੇ ਲਾਂਗ ਟਰਮ ਕੇਅਰ ਸਿਸਟਮ ਵਿੱਚ ਮਾਸਕ ਪਾਉਣ ਦੀ ਪਾਬੰਦੀ 27 ਅਪ੍ਰੈਲ ਤੱਕ ਜਾਰੀ ਰਹੇਗੀ। ਬੁੱਧਵਾਰ ਨੂੰ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਡਾ. ਕੀਰਨ ਮੂਰ ਨੇ ਆਖਿਆ ਕਿ ਮਾਸਕ ਹਟਾਉਣ ਦਾ ਮਤਲਬ ਇਹ ਨਹੀਂ ਹੈ ਕਿ ਖਤਰਾ ਟਲ ਚੁੱਕਿਆ ਹੈ। ਕੋਵਿਡ-19 ਅਜੇ ਵੀ ਇੱਕ ਤੋਂ ਦੂਜੇ ਵਿਅਕਤੀ ਵਿੱਚ ਫੈਲ ਰਿਹਾ ਹੈ ਤੇ ਮਾਸਕ ਤੁਹਾਡੀ ਹਿਫਾਜਤ ਕਰ ਸਕਦੇ ਹਨ ਤੇ ਤੁਹਾਡੇ ਆਲੇ ਦੁਆਲੇ ਵਾਲੇ ਲੋਕਾਂ ਨੂੰ ਇਨਫੈਕਟ ਹੋਣ ਤੋਂ ਬਚਾਅ ਸਕਦੇ ਹਨ। ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਤੋਂ ਪਹਿਲਾਂ ਕੀਤੀ ਜਾਣ ਵਾਲੀ ਰੋਜਾਨਾ ਸਿੰਪਟਮ ਸਕਰੀਨਿੰਗ ਦੀ ਸਰਤ ਵੀ 21 ਮਾਰਚ ਤੋਂ ਖਤਮ ਹੋਣ ਜਾ ਰਹੀ ਹੈ। ਸਿਹਤ ਮੰਤਰਾਲੇ ਨੇ ਆਖਿਆ ਕਿ ਇਸ ਦੇ ਬਾਵਜੂਦ ਪੀਪੀਈ ਦੀ ਸਪਲਾਈ ਤੇ ਰੈਪਿਡ ਐਂਟੀਜਨ ਟੈਸਟ ਸਕੂਲਾਂ ਨੂੰ ਮੁਹੱਈਆ ਕਰਵਾਏ ਜਾਂਦੇ ਰਹਿਣਗੇ। ਬ੍ਰੈਂਟਫੋਰਡ ਵਿੱਚ ਜਦੋਂ ਪ੍ਰੀਮੀਅਰ ਡੱਗ ਫੋਰਡ ਨੂੰ ਇਨ੍ਹਾਂ ਤਬਦੀਲੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਇਹ ਓਨਟਾਰੀਓ ਦੇ ਲੋਕਾਂ ਉੱਤੇ ਹੀ ਨਿਰਭਰ ਕਰੇਗਾ ਜੇ ਉਹ ਮਾਸਕ ਲਾ ਕੇ ਰੱਖਣਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ ਜੇ ਮਾਸਕ ਨਹੀਂ ਲਾਉਣਾ ਚਾਹੁੰਦੇ ਤਾਂ ਨਾ ਲਾਉਣ, ਉਨ੍ਹਾਂ ਦੀ ਮਰਜੀ ਹੋਵੇਗੀ।
ਇਸ ਦੌਰਾਨ ਯੂਐਚਐਨ ਇਨਫੈਕਸੀਅਸ ਡਜੀਜ਼ ਮਾਹਿਰ ਡਾ.ਇਸਾਕ ਬੋਗੋਚ ਨੇ ਆਖਿਆ ਕਿ ਮਾਸਕ ਸਬੰਧੀ ਨਿਯਮ ਹਟਾਉਣ ਦਾ ਐਲਾਨ ਕਰਨਾ ਜਲਦਬਾਜ਼ੀ ਵਾਲਾ ਫੈਸਲਾ ਹੈ। ਬੋਗੋਚ ਦੇ ਕੁਲੀਗ ਡਾ.ਅਬਦੂ ਸਾਰਕਵੇਅ ਨੇ ਵੀ ਆਖਿਆ ਕਿ ਅਜਿਹਾ ਨਾ ਹੋਵੇ ਕਿ ਪ੍ਰੋਵਿੰਸ ਨੂੰ ਆਪਣੇ ਇਸ ਫੈਸਲੇ ਉੱਤੇ ਪਛਤਾਉਣਾ ਪਵੇ। ਓਨਟਾਰੀਓ ਦੇ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਆਖਿਆ ਕਿ ਸਕੂਲਾਂ ਵਿੱਚ ਮਾਸਕ ਹਟਾਉਣ ਦੇ ਫੈਸਲੇ ਬਾਰੇ ਉਹ ਪ੍ਰੋਵਿੰਸ ਨੂੰ ਆਪਣਾ ਫੈਸਲਾ ਮੁੜ ਵਿਚਾਰਨ ਲਈ ਆਖਣਗੇ। ਬੱਚਿਆਂ ਦੇ ਹਸਪਤਾਲਾਂ ਦੇ ਆਗੂਆਂ ਤੇ ਡਾਕਟਰਾਂ ਦੇ ”ਦ ਚਿਲਡਰਨ ਹੈਲਥ ਕੋਲੀਸਨ ਵੱਲੋਂ” ਵੀ ਇਹੋ ਆਖਿਆ ਜਾ ਰਿਹਾ ਹੈ।
ਮਾਸਕ ਪਾਉਣਾ ਜਾਂ ਨਾ ਪਾਉਣਾ ਹੋਵੇਗੀ ਨਿਜੀ ਚੋਣ!
ਓਟਵਾ: ਥੋੜ੍ਹੀ ਜਿਹੀ ਸੁਰ ਬਦਲਦਿਆਂ ਕੈਨੇਡਾ ਦੇ ਉੱਘੇ ਪਬਲਿਕ ਹੈਲਥ ਅਧਿਕਾਰੀਆਂ ਵੱਲੋ ਇਹ ਆਖਿਆ ਜਾ ਰਿਹਾ ਹੈ ਕਿ ਹੁਣ ਜਦੋ ਕਈ ਪ੍ਰੋਵਿੰਸਾਂ ਵਿੱਚ ਪਾਬੰਦੀਆਂ ਘਟਾਈਆਂ ਜਾ ਰਹੀਆਂ ਹਨ ਅਜਿਹੇ ਵਿੱਚ ਮਾਸਕ ਪਾਉਣਾਂ ਜਾਂ ਨਾ ਪਾਉਣਾ ਨਿਜੀ ਚੋਣ ਹੋਵੇਗੀ। ਡਿਪਟੀ ਚੀਫ ਪਬਲਿਕ ਹੈਲਥ ਆਫੀਸਰ ਡਾ. ਹੌਵਰਨ ਜੂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਟਿੱਪਣੀਆਂ ਕੀਤੀਆਂ ਗਈਆਂ। ਉਨ੍ਹਾਂ ਆਖਿਆ ਕਿ ਭਾਵੇਂ ਮਾਸਕ ਪਾਉਣਾ ਜਾਂਚੀ ਪਰਖੀ ਪ੍ਰੈਕਟਿਸ ਹੈ ਪਰ ਦੇਸ਼ ਭਰ ਹੁਣ ਇਹ ਲਾਜ਼ਮੀ ਨਿਯਮ ਨਹੀਂ ਰਹਿ ਗਿਆ ਹੈ। ਪਰ ਕੋਈ ਵੀ ਵਿਅਕਤੀ ਜੇ ਮਾਸਕ ਪਾਉਂਦਾ ਹੈ ਤਾਂ ਇਹ ਉਸ ਦੀ ਆਪਣੀ ਚੋਣ ਹੋਵੇਗੀ। ਓਨਟਾਰੀਓ ਵੱਲੋਂ ਮਾਰਚ ਦੇ ਅੰਤ ਤੱਕ ਮਾਸਕ ਸਬੰਧੀ ਇਸ ਨਿਯਮ ਨੂੰ ਖਤਮ ਕਰ ਦਿੱਤਾ ਜਾਵੇਗਾ ਜਦਕਿ ਸਸਕੈਚਵਨ ਤੇ ਅਲਬਰਟਾ ਵਿੱਚ ਮਾਸਕ ਪਾਉਣੇ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ। ਕਿਊਬਿਕ ਵੀ ਇਹ ਸੰਕੇਤ ਦੇ ਚੁੱਕਿਆ ਹੈ ਕਿ ਅਪ੍ਰੈਲ ਦੇ ਸ਼ੁਰੂ ਵਿੱਚ ਮਾਸਕ ਸਬੰਧੀ ਇਸ ਸਰਤ ਵਿੱਚ ਢਿੱਲ ਦਿੱਤੀ ਜਾਵੇਗੀ। ਇਸ ਦੌਰਾਨ ਡਾ.ਥੈਰੇਸਾ ਟੈਮ ਨੇ ਇਸ ਕਾਨਫਰੰਸ ਵਿੱਚ ਹੀ ਆਖਿਆ ਕਿ ਕੋਵਿਡ-19 ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ ਪਰ ਪਿਛਲੇ ਹਫਤੇ ਨਾਲੋਂ ਕੋਵਿਡ-19 ਦੇ ਮਾਮਲੇ 4.5 ਫੀਸਦੀ ਘਟ ਗਏ ਹਨ। ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ਪਬਲਿਕ ਹੈਲਥ ਮਾਪਦੰਡਾਂ ‘ਚ ਢਿੱਲ ਦੇਣ ਨਾਲ ਕਈ ਥਾਂਵਾਂ ਉੱਤੇ ਮਾਮਲਿਆਂ ਵਿੱਚ ਵਾਧਾ ਵੀ ਵੇਖਣ ਨੂੰ ਮਿਲਿਆ ਹੈ।