Breaking News
Home / ਨਜ਼ਰੀਆ / ਸ਼ਹੀਦ ਭਗਵਤੀ ਚਰਣ ਵੋਹਰਾ ਦੀ (28 ਮਈ 1930) ਬੰਬ ਫਟਣ ਨਾਲ ਸ਼ਹਾਦਤ ਨੂੰ ਸਮਰਪਿਤ

ਸ਼ਹੀਦ ਭਗਵਤੀ ਚਰਣ ਵੋਹਰਾ ਦੀ (28 ਮਈ 1930) ਬੰਬ ਫਟਣ ਨਾਲ ਸ਼ਹਾਦਤ ਨੂੰ ਸਮਰਪਿਤ

ਸ਼ਹੀਦ ਭਗਵਤੀ ਚਰਣ ਵੋਹਰਾ ਸਾਡੇ ਸਮਿਆਂ ਦੇ ਨਾਲ ਨਾਲ
ਪਰਮਿੰਦਰ ਕੌਰ ਸਵੈਚ
604 760 4794
ਸਰ੍ਹੀ ਬੀ.ਸੀ. ਕੈਨੇਡਾ
ਇਤਿਹਾਸ ਦੇ ਵਰਕੇ ਫਰੋਲ਼ਦਿਆਂ ਕਈ ਵਾਰ ਗਜ਼ਬ ਦੀ ਪ੍ਰੇਰਣਾ ਸਾਡੇ ਸਾਹਮਣੇ ਇਉਂ ਟਪਕ ਪੈਂਦੀ ਹੈ ਜੋ ਵਰਤਮਾਨ ਸਥਿਤੀਆਂ ਦੇ ਅਨੁਸਾਰ ਢੁੱਕਵੀਂ ਤੇ ਸਾਰਥਕ ਹੋ ਨਿਬੜਦੀ ਹੈ ਜਿਸਦਾ ਮੁਤਾਲਿਆ ਕਰਨਾ ਤੇ ਆਮ ਲੋਕਾਂ ਤੱਕ ਉਸਦੀ ਪਹੁੰਚ ਕਰਨਾ ਤੇ ਇਤਿਹਾਸ ਤੋਂ ਬਹੁਤ ਕੁੱਝ ਸਿੱਖਣਾ ਜ਼ਰੂਰੀ ਹੋ ਜਾਂਦਾ ਹੈ। ਇਹੋ ਜਿਹੀਆਂ ਸ਼ਖ਼ਸ਼ੀਅਤਾਂ ਸਾਡੇ ਜੀਵਨ ਵਿੱਚ ਆਸ ਦੀ ਚਿਣਗ ਲੈ ਕੇ ਸਮਾਜ ਨੂੰ ਜਗਮਗ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਹ ਸੀ ਸ਼ਹੀਦ ਭਗਤ ਸਿੰਘ ਦਾ ਸਾਥੀ ਤੇ ਭਾਬੀ ਦੁਰਗਾ ਦੇਵੀ ਦਾ ਜੀਵਨ ਸਾਥੀ ਸ਼ਹੀਦ ਭਗਵਤੀ ਚਰਣ ਵੋਹਰਾ। ਜਿਨ੍ਹਾਂ ਨੇ 6 ਅਪਰੈਲ 1928 ਨੂੰ ਨੌਜਵਾਨ ਭਾਰਤ ਸਭਾ ਵਲੋਂ ‘ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ’ ਨੌਜਵਾਨਾਂ ਨੂੰ ਸੰਬੋਧਨ ਕਰਕੇ ਅਰੋਡਵੰਸ ਪਰੈੱਸ ਲਾਹੌਰ ਤੋਂ ਛਪਵਾਇਆ ਸੀ। ਇਸਦੀ ਅੱਜ ਵੀ ਉੱਨੀ ਹੀ ਮਹੱਤਤਾ ਹੈ ਜਿੰਨੀ 93 ਸਾਲ ਪਹਿਲਾਂ ਸੀ। ਅੱਜ ਦੀਆਂ ਤਾਜ਼ਾ ਹਾਲਤਾਂ ਵਿੱਚ ਬੇਸ਼ੱਕ ਅੰਗਰੇਜ਼ਾਂ ਦੀ ਬਸਤੀਵਾਦੀ ਹਕੂਮਤ ਤੋਂ ਭਾਰਤੀ ਲੋਕਾਂ ਨੇ ਮੁਕਤੀ ਪਾ ਲਈ ਹੈ ਪਰ ਕਾਲੇ ਅੰਗਰੇਜ਼ ਜੋ ਪੂੰਜੀਪਤੀਆਂ ਦੇ ਹੱਥ ਠੋਕਾ ਬਣੇ ਹੋਏ ਹਨ ਉਹਨਾਂ ਨੇ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਬਦ ਤੋਂ ਬਦਤਰ ਕਰ ਦਿੱਤਾ ਹੈ ਅੱਜ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਲੋਕਾਂ ਨੇ ਕਾਰਪੋਰੇਟਾਂ ਦੇ ਵਿਰੁੱਧ ਵਿੱਢ ਲਿਆ ਹੈ ਤਾਂ ਉਹੀ ਮੈਨੀਫੈਸਟੋ ਸਾਡੇ ਸਾਹਮਣੇ ਚਣੌਤੀ ਵਜੋਂ ਹਾਲਤਾਂ ਅਤੇ ਸਾਡੀ ਪਰਖ਼ ਵਜੋਂ ਸਾਡੇ ਸਿਦਕ ਦਾ ਹਾਮੀ ਬਣੇਗਾ ਅਤੇ ਨਿਰਾਸ਼ਤਾ ਵਿੱਚੋਂ ਬਾਹਰ ਕੱਢਣ ਲਈ ਮਲ੍ਹਮ ਪੱਟੀ ਦਾ ਕੰਮ ਵੀ ਕਰੇਗਾ। ਉਹਨਾਂ ਦਾ ਕਿਹਾ ਅੱਜ ਵੀ ਕਿੰਨਾ ਸੱਚ ਹੈ :
”ਨੌਜਵਾਨ ਸਾਥੀਓ, ਸਾਡਾ ਦੇਸ਼ ਇੱਕ ਨਾਜ਼ੁਕ ਅਵਸਥਾ ਵਿੱਚੋਂ ਲੰਘ ਰਿਹਾ ਹੈ। ਹਰ ਪਾਸੇ ਆਪਸੀ ਬੇ-ਇਤਬਾਰੀ ਅਤੇ ਨਿਰਾਸ਼ਾ ਦਾ ਬੋਲਬਾਲਾ ਹੈ। ਉੱਘੇ ਲੀਡਰਾਂ ਦਾ ਆਪਣੇ ਉੱਚ ਅਦਰਸ਼ਾਂ ਵਿੱਚ ਕੋਈ ਵਿਸ਼ਵਾਸ ਨਹੀਂ ਰਿਹਾ ਅਤੇ ਉਹਨਾਂ ਵਿੱਚੋਂ ਬਹੁਤਿਆਂ ‘ਚ ਲੋਕਾਂ ਦਾ ਕੋਈ ਵਿਸ਼ਵਾਸ ਨਹੀਂ ਰਿਹਾ। ਅਜ਼ਾਦੀ ਦੇ ਨਾਮ-ਧਰੀਕ ਹਾਮੀਆਂ ਪਾਸ ਨਾ ਕੋਈ ਪ੍ਰੋਗਰਾਮ ਹੈ ਅਤੇ ਨਾ ਹੀ ਜੋਸ਼ ਤੇ ਉਤਸ਼ਾਹ। ਹਰ ਪਾਸੇ ਹਫੜਾ ਦਫੜੀ ਮੱਚੀ ਹੋਈ ਹੈ। ਪਰ ਅਜਿਹੀ ਹਫੜਾ-ਦਫੜੀ ਕਿਸੇ ਨਿਰਮਾਣ ਦਾ ਇੱਕ ਅਟੱਲ ਅਤੇ ਲਾਜ਼ਮੀ ਦੌਰ ਹੁੰਦਾ ਹੈ। ਅਜਿਹੇ ਸੰਕਟ ਵਿੱਚ ਹੀ ਤਾਂ ਕੰਮ ਕਰਨ ਵਾਲਿਆਂ ਦੀ ਲਗ਼ਨ ਦੀ ਪਰਖ਼ ਹੁੰਦੀ ਹੈ, ਉਹਨਾਂ ਦਾ ਇਖ਼ਲਾਕ ਬਣਦਾ ਹੈ, ਨਿੱਗਰ ਪ੍ਰੋਗਰਾਮ ਉਲੀਕੇ ਜਾਂਦੇ ਹਨ ਅਤੇ ਨਵੇਂ ਹੌਂਸਲੇ, ਨਵੀਆਂ ਉਮੰਗਾਂ, ਪੂਰੇ ੳਤਸ਼ਾਹ ਅਤੇ ਪੂਰੇ ਸਿਦਕ ਨਾਲ ਕੰਮ ਅਰੰਭਿਆ ਜਾਂਦਾ ਹੈ। ਇਸ ਲਈ ਨਿਰਾਸ਼ ਹੋਣ ਵਾਲੀ ਗੱਲ ਨਹੀਂ। ਫਿਰ ਵੀ ਇਹ ਅਸਾਡੀ ਖੁਸ਼-ਕਿਸਮਤੀ ਹੈ ਕਿ ਅਸੀਂ ਇੱਕ ਨਵੇਂ ਯੁੱਗ ਦੀ ਦਹਿਲੀਜ਼ ‘ਤੇ ਖੜ੍ਹੇ ਹਾਂ।”
ਅੱਜ ਸ਼ਹੀਦ ਭਗਵਤੀ ਚਰਣ ਵੋਹਰਾ ਦੀ 91ਵੀਂ ਬਰਸੀ ਦੇ ਮੌਕੇ ਤੇ ਉਹਨਾਂ ਦੇ ਜੀਵਨ, ਸ਼ਖਸ਼ੀਅਤ ਤੇ ਲਿਖਤਾਂ ਬਾਰੇ ਅੱਜ ਦੇ ਸੰਦਰਭ ਵਿੱਚ ਕੁੱਝ ਕੁ ਗੱਲਾਂ ਜੋ ਉਹਨਾਂ ਦੇ ਸਾਥੀਆਂ, ਪਰਿਵਾਰ ਤੇ ਲਿਖਤਾਂ ਰਾਹੀਂ ਪਹੁੰਚੀਆਂ ਹਨ, ਉਹਨਾਂ ਨੂੰ ਸਾਂਝਾ ਕਰਕੇ, ਉਹਨਾਂ ਦੀ ਵੱਡ ਅਕਾਰੀ ਸ਼ਖ਼ਸ਼ੀਅਤ ਨੂੰ ਸ਼ਰਧਾਂਜ਼ਲੀ ਦੇਣ ਦੀ ਮੈਂ ਤੁੱਛ ਜਿਹੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਮੁੜ ਹੰਘਾਲ ਕੇ ਉਹੀ ਬੀਜ ਲੋਕ ਮਨਾਂ ਵਿੱਚ ਬੀਜਣ ਦਾ ਨਿੱਕਾ ਜਿਹਾ ਉਪਰਾਲਾ ਕਰ ਰਹੀ ਹਾਂ। ਅੱਜ ਅਸੀਂ ਕੁੱਝ ਨੁਕਤੇ ਜਿਹੜੇ ਪਿਛਲੀ ਸਦੀ ਵਿੱਚ ਭਗਤਵੀ ਚਰਣ ਤੇ ਸਾਥੀਆਂ ਦੇ ਸਾਹਮਣੇ ਆਏ, ਉਹਨਾਂ ਬਾਰੇ ਉਹਨਾਂ ਦੇ ਕੀ ਵਿਚਾਰ ਸਨ, ਜਿਨ੍ਹਾਂ ਦਾ ਅਸੀਂ ਫਿਰ ਤੋਂ ਸਾਹਮਣਾ ਕਰ ਰਹੇ ਹਾਂ, ਉਹਨਾਂ ਦੇ ਸੰਦਰਭ ਵਿੱਚ ਇਸ ਲੇਖ ਵਿੱਚ ਵਿਚਾਰਾਂ ਕਰਾਂਗੇ। ਜਿਵੇਂ ਪਿਛਲੇ ਕੁੱਝ ਸਾਲਾਂ ਤੋਂ ਮੋਦੀ ਸਰਕਾਰ ਫਿਰਕਾਪ੍ਰਸਤੀ ਦੇ ਕੰਧੇ ਤੇ ਚੜ੍ਹ ਕੇ ਸਾਰੇ ਭਾਰਤ ਨੂੰ ਭਗਵੇਂ ਰੰਗ ਵਿੱਚ ਰੰਗ ਕੇ ਘੱਟ ਗਿਣਤੀਆਂ ਤੇ ਤਸ਼ੱਦਦ ਕਰ ਰਹੀ ਹੈ। ਦੇਸ਼ ਵਿੱਚ ਸੀ. ਏ.ਏ. ਵਰਗੇ ਕਾਲੇ ਕਾਨੂੰਨ ਤੇ 370 ਧਾਰਾ ਏ ਨੂੰ ਹਟਾ ਕੇ ਮੁਸਲਿਮ ਕਮਿਊਨਿਟੀ ਤੇ ਜ਼ੁਲਮ ਕਰਨਾ ਆਦਿ। ਇਹੀ ਹਾਲਤਾਂ ਉਸ ਵੇਲੇ ਅੰਗਰੇਜ਼ ਹਕੂਮਤ ਨੇ ਪੈਦਾ ਕੀਤੀਆਂ ਸਨ, ਤਾਂ ਇਸ ਬਾਰੇ ਉਹਨਾਂ ਲਿਖਿਆ :
”ਅਸੀਂ ਭਾਰਤੀ! ਅਸੀਂ ਕੀ ਕਰ ਰਹੇ ਹਾਂ? ਜੇ ਪਿੱਪਲ ਦੇ ਦਰੱਖ਼ਤ ਦੀ ਕੋਈ ਟਾਹਣੀ ਵੱਢੀ ਜਾਵੇ ਤਾਂ ਹਿੰਦੂਆਂ ਦੇ ਧਾਰਮਿਕ ਜਜ਼ਬਾਤਾਂ ਤੇ ਸੱਟ ਵੱਜਦੀ ਹੈ। ਬੁੱਤ ਸ਼ਿਕਨ ਹਜ਼ਰਤ ਮੁਹੰਮਦ ਦੇ ਕਾਗਜ਼ ਦੇ ਪੁਤਲੇ ‘ਤਾਜ਼ੀਏ’ ਦੀ ਨੁੱਕਰ ਟੁੱਟਣ ਨਾਲ ਮੁਸਲਮਾਨਾਂ ਦਾ ਅੱਲਾ ਗੁੱਸੇ ਨਾਲ ਲਾਲ ਹੋ ਜਾਂਦਾ ਹੈ ਅਤੇ ਫਿਰ ‘ਕਾਫਰ’ ਹਿੰਦੂਆਂ ਦੇ ਖੂਨ ਤੋਂ ਬਗੈਰ ਹੋਰ ਕਿਸੇ ਤਰ੍ਹਾਂ ਵੀ ਪਿਆਸ ਨਹੀਂ ਬੁੱਝਦੀ ਨਿਸ਼ਚੇ ਹੀ ਇਨਸਾਨ ਦੀ ਪਸ਼ੂਆਂ ਨਾਲੋਂ ਜ਼ਿਆਦਾ ਕਦਰ ਹੋਣੀ ਚਾਹੀਦੀ ਹੈ ਪਰ ਭਾਰਤ ਵਿੱਚ ਪਵਿੱਤਰ ਪਸ਼ੂਆਂ ਦੇ ਨਾਂ ਉੱਤੇ ਇੱਕ ਦੂਜੇ ਦੇ ਸਿਰ ਪਾੜ ਦਿੱਤੇ ਜਾਂਦੇ ਹਨ। ਫਿਰਕਾਪ੍ਰਸਤੀ ਨੇ ਸਾਡੀ ਸੋਚ ਨੂੰ ਇੱਕ ਤੰਗ ਘੇਰੇ ਵਿੱਚ ਬੰਦ ਕਰ ਛੱਡਿਆ ਹੈ ਜਦਕਿ ਬਾਕੀ ਦੁਨੀਆਂ ਦੇ ਨੌਜਵਾਨ ਕੌਮਾਂਤਰੀ ਪੱਧਰ ‘ਤੇ ਸੋਚਦੇ ਹਨ।”
ਜਦੋਂ ਤੋਂ ਕਿਸਾਨ ਸੰਯੁਕਤ ਮੋਰਚਾ ਖੇਤੀਬਾੜੀ ਤੇ ਲਾਏ ਤਿੰਨ ਲੋਕ ਵਿਰੋਧੀ ਕਾਨੂੰਨਾਂ ਕਰਕੇ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ ਉਦੋਂ ਤੋਂ ਹੀ ਕਿਸਾਨਾਂ ਨੂੰ ਕਦੇ ਖਾਲਿਸਤਾਨੀ, ਮਾਓਵਾਦੀ, ਪਾਕਿਸਤਾਨੀ ਆਦਿ ਨਾਂ ਦੇ ਕੇ ਲੋਕਾਂ ਦੀ ਜਥੇਬੰਦਕ ਸੋਚ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਬੇਸ਼ੱਕ ਲੋਕ ਹੁਣ ਬਹੁਤ ਸੁਚੇਤ ਹਨ ਪਰ ਫਿਰ ਵੀ ਸਰਕਾਰ ਹਰ ਹੀਲੇ ਲੋਕਾਂ ਦੇ ਏਕੇ ਨੂੰ ਤੋੜਨ ਦੇ ਯਤਨ ਕਰ ਰਹੀ ਹੈ ਪਰ ਸਾਨੂੰ ਸਾਡੇ ਸ਼ਹੀਦਾਂ ਦੇ ਇਸ ਕਥਨ ਬਾਰੇ ਫਿਰ ਤੋਂ ਵਿਚਾਰ ਕਰਨੀ ਹੋਵੇਗੀ, ਉਹ ਇਸ ਸੰਘਰਸ਼ ਵਿੱਚ ਕਿਹੋ ਜਿਹੇ ਲੋਕਾਂ ਦੀ ਮੰਗ ਕਰਦੇ ਹਨ।
”ਮਜ਼੍ਹਬੀ ਵਹਿਮ ਅਤੇ ਤੁਅੱਸਬ ਸਾਡੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ ਹਨ। ਇਹ ਹਮੇਸ਼ਾਂ ਸਾਡੇ ਰਾਹ ਵਿੱਚ ਰੋੜਾ ਸਾਬਤ ਹੋਏ ਹਨ ਅਤੇ ਸਾਨੂੰ ਇਹਨਾਂ ਨੂੰ ਪਰ੍ਹੇ ਵਗਾਹ ਮਾਰਨਾ ਚਾਹੀਦਾ ਹੈ। ਜਿਹੜੀ ਚੀਜ਼ ਅਜ਼ਾਦ ਵਿਚਾਰਾਂ ਦੀ ਕਸਵੱਟੀ ਉੱਤੇ ਪੂਰੀ ਨਹੀਂ ਉੱਤਰਦੀ ਅਵੱਸ਼ ਖ਼ਤਮ ਹੋ ਜਾਂਦੀ ਹੈ। ਹੋਰ ਕਈ ਅਜਿਹੀਆਂ ਕਮਜ਼ੋਰੀਆਂ ਹਨ ਜਿਨ੍ਹਾਂ ਉੱਤੇ ਹਾਲੇ ਅਸੀਂ ਕਾਬੂ ਪਾਉਣਾ ਹੈ। ਵਿਦੇਸ਼ੀ ਹਾਕਮ ਹਿੰਦੂਆਂ ਦੀ ਕੱਟੜਤਾ ਤੇ ਪਿਛਾਂਹ-ਖਿੱਚੂ ਨੀਤੀ, ਮੁਸਲਮਾਨਾਂ ਦੇ ਤੁਅਸਬ ਅਤੇ ਆਮ ਕਰਕੇ ਸਾਰੇ ਫਿਰਕਿਆਂ ਦੀ ਤੰਗਦਿਲੀ ਦਾ ਫਾਇਦਾ ਉਠਾਉਂਦੇ ਹਨ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਨਕਲਾਬੀ ਲੱਗਣ ਵਾਲੇ ਸਭ ਫਿਰਕਿਆਂ ਦੇ ਨੌਜਵਾਨਾਂ ਦੀ ਲੋੜ ਹੈ।”
ਅੱਜ ਲੋਕ ਸ਼ਾਂਤਮਈ ਅੰਦੋਲਨ ਵਿੱਚ ਬੈਠੇ ਹਨ ਜਿਸ ਕਰਕੇ ਅੰਦੋਲਨ ਦਿਨੋ ਦਿਨ ਲੰਬਾ ਹੋ ਰਿਹਾ ਹੈ ਤੇ ਲੋਕਾਂ ਦੇ ਇਰਾਦੇ ਦ੍ਰਿੜ ਹੋ ਰਹੇ ਹਨ। ਨਵੇਂ ਤੋਂ ਨਵੇਂ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਬੁੱਧੀਜੀਵੀ ਆਦਿ ਸਭ ਜੁੜਦੇ ਜਾ ਰਹੇ ਹਨ ਇੱਥੋਂ ਤੱਕ ਕੇ ਬਾਹਰ ਵਸਦੇ ਭਾਰਤੀ ਹੀ ਨਹੀਂ ਸਗੋਂ ਬਾਹਰ ਵਸਦੀਆਂ ਹੋਰ ਕਮਿਊਨਿਟੀਆਂ ਦੇ ਬਿਆਨ ਵੀ ਦਿਨੋ ਦਿਨ ਕਿਸਾਨਾਂ ਦੇ ਹੱਕ ਵਿੱਚ ਜਾ ਰਹੇ ਹਨ। ਪਰ ਕਾਰਪੋਰੇਟਾਂ ਦੇ ਹੱਥਠੋਕਾ ਉੱਥੇ ਹਿੰਸਕ ਕਾਰਵਾਈਆਂ ਕਰਵਾ ਕੇ ਸਭ ਹੱਥਕੰਡੇ ਵਰਤ ਰਹੇ ਹਨ। ਜਥੇਬੰਦੀਆਂ ਦੇ ਲੀਡਰ ਭਗਵਤੀ ਚਰਣ ਤੇ ਸ਼ਹੀਦ ਭਗਤ ਸਿੰਘ ਦੇ ਹਿੰਸਾ ਜਾਂ ਅਹਿੰਸਾ ਬਾਰੇ ਦਿੱਤੇ ਵਿਚਾਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੀ ਅੱਤ ਤੋਂ ਬਾਅਦ ਸਰੀਰਕ ਸ਼ਕਤੀ ਵਰਤਣ ਲਈ ਵੀ ਕਹੇ ਤੇ ਫੁੱਲ ਚੜ੍ਹਾ ਰਹੇ ਹਨ।
”ਹਿੰਸਾ ਉਸ ਜਬਰ ਦਾ ਨਾਂ ਹੈ, ਜੋ ਅਨਿਆਂ ਲਈ ਵਰਤੋਂ ਵਿੱਚ ਆਉਂਦਾ ਹੈ, ਪਰ ਇਨਕਲਾਬੀਆਂ ਦਾ ਇਸ ਨਾਲ ਕੋਈ ਵਾਸਤਾ ਨਹੀਂ। ਦੂਜੇ ਬੰਨੇ ਜਿਸਨੂੰ ਆਮ ਕਰਕੇ ਅਹਿੰਸਾ ਕਿਹਾ ਜਾਂਦਾ ਹੈ, ਅਸਲ ਵਿੱਚ ਆਤਮਕ ਸ਼ਕਤੀ ਦਾ ਸਿਧਾਂਤ ਹੈ, ਜਿਸਨੂੰ ਕਿ ਨਿੱਜੀ ਤੇ ਕੌਮੀ ਹੱਕਾਂ ਦੀ ਪੂਰਤੀ ਲਈ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਕਿ ਦੁੱਖ, ਤਸੀਹੇ ਝੱਲਦਿਆਂ ਹੋਇਆਂ ਵਿਰੋਧੀ ਨੂੰ ਆਪਣੇ ਵੱਲ ਢਾਲ਼ ਲਿਆ ਜਾਵੇ। ਜਦੋਂ ਇੱਕ ਇਨਕਲਾਬੀ ਆਪਣੇ ਕੁੱਝ ਹੱਕ ਸਮਝਦਾ ਹੈ, ਉਹ ਇਨ੍ਹਾਂ ਦੀ ਮੰਗ ਕਰਦਾ ਹੈ, ਦਲੀਲ ਦਿੰਦਾ ਹੈ, ਆਪਣੀ ਪੂਰੀ ਆਤਮਕ ਸ਼ਕਤੀ ਰਾਹੀਂ ਉਸਨੂੰ ਹਾਸਲ ਕਰਨ ਦਾ ਯਤਨ ਕਰਦਾ ਹੈ, ਵੱਡੇ ਤੋਂ ਵੱਡੇ ਦੁੱਖ ਤਸੀਹੇ ਝੱਲਦਾ ਹੈ ਅਤੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿੰਦਾ ਹੈ ਅਤੇ ਨਾਲ ਹੀ ਆਪਣੇ ਸਰੀਰਕ ਬਲ ਨੂੰ ਵੀ ਵਰਤਣਾ ਜੁਰਮ ਨਹੀਂ ਸਮਝਦਾ। ਸੋ ਸਵਾਲ ਹਿੰਸਾ ਜਾਂ ਅਹਿੰਸਾ ਦਾ ਨਹੀਂ ਬਲਕਿ ਇਹ ਹੈ ਕਿ ਕੀ ਅਸੀਂ ਨਿਰੋਲ ਆਤਮਕ ਗੱਲ ਦੇ ਸਿਰ ‘ਤੇ ਹੀ ਚੱਲਣਾ ਹੈ ਜਾਂ ਇਸ ਦੇ ਨਾਲ ਸਰੀਰਕ ਸ਼ਕਤੀ ਦੀ ਵਰਤੋਂ ਵੀ ਕਰਨੀ ਹੈ।”
ਉਹ ਆਪਣੇ ਐਲਾਨਨਾਮੇ ਵਿੱਚ ਇਟਲੀ ਨੂੰ ਨਵਾਂ ਜਨਮ ਦੇਣ ਵਾਲੇ ਮਹਾਂ ਮਾਨਵ, ਮੈਜਿਨੀ ਦੇ ਸ਼ਬਦਾਂ ਨੂੰ ਇਸ ਤਰ੍ਹਾਂ ਦਰਜ਼ ਕਰਦੇ ਹਨ ਜਿਵੇਂ, ”ਸਾਰੀਆਂ ਕੌਮੀ ਲਹਿਰਾਂ ਉਨ੍ਹਾਂ ਗੁੰਮਨਾਮ ਲੋਕਾਂ ਦੀ ਦੇਣ ਹੁੰਦੀਆਂ ਹਨ, ਜਿਨ੍ਹਾਂ ਪਾਸ ਕੋਈ ਪ੍ਰਸਿੱਧੀ ਜਾਂ ਅਸਰ ਰਸੂਖ਼ ਨਹੀਂ ਹੁੰਦਾ। ਪਰ ਉਹ ਅਜਿਹਾ ਦ੍ਰਿੜ ਨਿਸ਼ਚਾ ਤੇ ਸਿਦਕ ਰੱਖਦੇ ਹਨ ਜਿਸਦੇ ਸਾਹਮਣੇ ਸਮੇਂ ਦੀ ਲੰਬਾਈ ਤੇ ਸਭ ਔਕੜਾਂ ਮਾਤ ਪੈ ਜਾਂਦੀਆਂ ਹਨ। ਜ਼ਿੰਦਗੀ ਦਾ ਲੰਗਰ ਚੁੱਕ ਦਿਓ ਤੇ ਇਸ ਨੂੰ ਮੁਸ਼ਕਿਲਾਂ ਦੇ ਮਹਾਨ ਸਾਗਰ ਵਿੱਚ ਠਿੱਲ੍ਹ ਲੈਣ ਦਿਓ ਤੇ ਫਿਰ! ਉਸ ਵਿਸ਼ਾਲ ਤੇ ਅਦਭੁੱਤ ਸਮੁੰਦਰ ‘ਤੇ ਹੀ ਭਰੋਸਾ ਰੱਖੋ, ਜਿੱਥੇ ਨਿੱਤ ਨਵੇਂ ਜਵਾਰ (ਉਤਾਰ ਚੜਾਅ) ਆਉਂਦੇ ਹਨ, ਜਿੱਥੇ ਮਹਾਨ ਲਹਿਰਾਂ ਆਜ਼ਾਦ ਹਨ: ਓ ਨੌਜਵਾਨ ਕੋਲੰਬਸ, ਹੋ ਸਕਦਾ ਹੈ ਤੇਰੀ ਸੱਚ ਦੀ ਦੁਨੀਆਂ ਸ਼ਾਇਦ ਇੱਥੇ ਹੀ ਹੋਵੇ।” ਸਾਡੇ ਸਾਹਮਣੇ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਅੱਜ ਤੱਕ 500 ਦੇ ਕਰੀਬ ਗੁੰਮਨਾਮ ਕਿਸਾਨ ਜੋ ਆਪਣੇ ਇਰਾਦੇ ਤੇ ਸਿਰੜ ਨੂੰ ਕਾਇਮ ਰੱਖਦੇ ਹੋਏ ਲੋਕਾਂ ਲਈ ਜ਼ਿੰਦਗੀਆਂ ਵਾਰ ਗਏ ਹਨ ਉਹ ਮੈਜਿਨੀ ਦੇ ਕਥਨ ਦੀ ਜ਼ਿੰਦਾ ਮਿਸਾਲ ਹੋ ਨਿਬੜੇ ਹਨ ਤੇ ਹਮੇਸ਼ਾਂ ਇਤਿਹਾਸ ਦੇ ਪੰਨਿਆਂ ‘ਤੇ ਯਾਦ ਕੀਤੇ ਜਾਣਗੇ।
‘ਲੋਕ ਸੇਵਾ’ ਦਾ ਮੁੱਦਾ ਵੀ ਅੰਦੋਲਨ ਵਿੱਚ ਕਾਫ਼ੀ ਉੱਚ ਪੱਧਰ ਤੇ ਸੁਰਖੀਆਂ ਵਿੱਚ ਰਹਿੰਦਾ ਹੈ, ਇਸ ਬਾਰੇ ਵੀ ਮੈਂ ਸ਼ਹੀਦਾਂ ਦੇ ਵਿਚਾਰ ਇਸ ਕਰਕੇ ਸਾਂਝੇ ਕਰ ਰਹੀ ਹਾਂ ਤਾਂ ਕਿ ਲੋਕ ਸਮਝ ਸਕਣ ਕਿ ਲੋਕ ਸੇਵਾ ਉਹਨਾਂ ਦੀਆਂ ਸਮੱਸਿਆਵਾਂ ਦਾ ਪੂਰਨ ਹੱਲ ਨਹੀਂ ਹੈ। ਉਹਨਾਂ ਨੇ ਲਿਖਿਆ, ”ਬਹੁਤ ਸਾਰੇ ਨੇਕ ਆਦਮੀਆਂ ਦਾ ਖ਼ਿਆਲ ਹੈ ਕਿ ਲੋਕ ਸੇਵਾ ਸਭ ਰੋਗਾਂ ਦੀ ਦਵਾ ਹੈ ਅਤੇ ਦੇਸ਼ ਸੇਵਾ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸੇ ਲਈ ਸਾਡੇ ਬਹੁਤ ਸਾਰੇ ਜੋਸ਼ੀਲੇ ਨੌਜਵਾਨ ਗਰੀਬਾਂ ਵਿੱਚ ਅੰਨ ਵੰਡਣ ਅਤੇ ਸਾਰੀ ਉਮਰ ਬੀਮਾਰਾਂ ਦੀ ਸੇਵਾ ਕਰਨ ਨਾਲ ਸੰਤੁਸ਼ਟ ਹੋ ਜਾਂਦੇ ਹਨ। ਅਜਿਹੇ ਪੁਰਸ਼ ਸੱਚੇ ਅਤੇ ਕੁਰਬਾਨੀ ਦੇ ਪੁਤਲੇ ਜ਼ਰੂਰ ਹੁੰਦੇ ਹਨ ਪਰ ਇਹ ਨਹੀਂ ਸਮਝ ਸਕਦੇ ਕਿ ਸਿਰਫ਼ ਦਾਨ ਦੇਣ ਨਾਲ ਨਾ ਭਾਰਤ ਵਿੱਚ ਤੇ ਨਾ ਹੀ ਕਿਸੇ ਹੋਰ ਦੇਸ਼ ਵਿੱਚ ਗਰੀਬੀ ਅਤੇ ਬਿਮਾਰੀ ਦੀ ਸਮੱਸਿਆ ਉੱਤੇ ਕਾਬੂ ਪਾਇਆ ਜਾ ਸਕਦਾ ਹੈ।” ਮਤਲਬ ਕਿ ਉਹਨਾਂ ਨੂੰ ਆਪਣੇ ਹੱਕਾਂ ਦੀ ਲੜਾਈ ਆਪਣੀ ਹੀ ਹਿੱਕ ਦੇ ਜੋਰ ਤੇ ਲੜਨੀ ਪਵੇਗੀ।
ਜਦੋਂ ਉਹ ਲੋਕਾਂ ਨੂੰ ਆਪਣੀ ਅਜ਼ਾਦੀ ਦੀ ਲੜਾਈ ਵਿੱਚ ਕੁੱਦਣ ਦੀ ਗੱਲ ਕਰਦੇ ਹਨ ਤਾਂ ਸਪੱਸ਼ਟ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਸਾਨੂੰ ਸਾਡੇ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਨਾਲ ਸਿੱਝਣਾ ਪਵੇਗਾ ਤੇ ਇਹੋ ਜਿਹੇ ਲੋਕਾਂ ਦੀ ਇਸ ਸਮੇਂ ਲੋੜ ਹੈ ਜੋ ਸੱਚੇ ਦਿਲੋਂ ਸੰਘਰਸ਼ ਦੀ ਕਾਮਯਾਬੀ ਲਈ ਕੰਮ ਕਰਨ, ਉਹਨਾਂ ਦੇ ਸ਼ਬਦਾਂ ਵਿੱਚ, ”ਆਜ਼ਾਦੀ ਦੀ ਜੰਗ ਵਿੱਚ ਨਿਤਰਨ ਵਾਲੇ ਕਿਆਫ਼ੇ ਨਹੀਂ ਲਾਉਂਦੇ ਕਿ ਕਿੰਨੀ ਕੁਰਬਾਨੀ ਨਾਲ ਕਿੰਨੀ ਕਾਮਯਾਬੀ ਹੋਵੇਗੀ ਅਤੇ ਇਸ ਵਿੱਚ ਸਾਡੇ ਹਿੱਸੇ ਕੀ ਆਵੇਗਾ? ਅਜਿਹੇ ਲੋਕ ਕਦੇ ਵੀ ਕੁਰਬਾਨੀ ਨਹੀਂ ਕਰ ਸਕਦੇ। ਸਾਨੂੰ ਉਹਨਾਂ ਮਰਦਾਂ ਦੀ ਲੋੜ ਹੈ ਜਿਹੜੇ ਹਰ ਕਿਸਮ ਦੀ ਆਸ ਉਮੀਦ, ਡਰ ਜਾਂ ਦੁਚਿੱਤੀ ਨੂੰ ਤਿਆਗ ਕੇ ਸੰਘਰਸ਼ ਕਰਨ ਤੇ ਜਿਹੜੇ ਬਿਨਾਂ ਸ਼ੁਹਰਤ ਗੁੰਮਨਾਮ ਰਹਿ ਕੇ ਸ਼ਹੀਦੀਆਂ ਪਾ ਸਕਣ। ਅਜਿਹੇ ਜਜ਼ਬੇ ਤੋਂ ਬਗੈਰ ਅਸੀਂ ਦੁਪਾਸੀਂ ਜੰਗ ਨਹੀਂ ਲੜ ਸਕਾਂਗੇ ਜੋ ਸਾਨੂੰ ਵੰਗਾਰ ਰਹੀ ਹੈ-ਦੋਪਾਸੀਂ ਇਸ ਲਈ, ਇੱਕ ਤਾਂ ਆਪਣੇ ਅੰਦਰਲੇ ਦੁਸ਼ਮਣ ਦੇ ਖਿਲਾਫ਼ ਤੇ ਦੂਜੀ ਵਿਦੇਸ਼ੀ ਦੁਸ਼ਮਣ ਦੇ ਖਿਲਾਫ਼। ਸਾਡਾ ਅਸਲੀ ਸੰਘਰਸ਼ ਸਾਡੀਆਂ ਆਪਣੀਆਂ ਕਮਜ਼ੋਰੀਆਂ ਵਿਰੁੱਧ ਹੈ ਜਿਨ੍ਹਾਂ ਦਾ ਫ਼ਾਇਦਾ ਸਾਡਾ ਦੁਸ਼ਮਣ ਵੀ ਉਠਾਉਂਦਾ ਹੈ ਤੇ ਸਾਡੇ ਆਪਣੇ ਵਿੱਚੋਂ ਕਈ ਖੁਦਗਰਜ਼ ਲੋਕ ਵੀ।”
ਸ਼ਹੀਦ ਭਗਵਤੀ ਚਰਣ ਵੋਹਰਾ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੀਆਂ ਲਿਖਤਾਂ ‘ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ’ ਅਤੇ ‘ਬੰਬ ਦੇ ਫਲਸਫੇ’ ਵਿੱਚੋਂ ਕੁੱਝ ਅੰਸ਼ ਲੈ ਕੇ ਸਾਂਝ ਪਾਈ ਹੈ ਉੱਥੇ ਥੋੜ੍ਹੀਆਂ ਗੱਲਾਂ ਜੀਵਨ ਬਾਰੇ ਵੀ ਕਰਨੀਆਂ ਜ਼ਰੂਰੀ ਹਨ। ਉਹਨਾਂ ਦਾ ਜਨਮ ਜੁਲਾਈ, 1903 ਨੂੰ ਰਾਏ ਬਹਾਦਰ ਸ਼ਿਵਚਰਨ ਵੋਹਰਾ ਦੇ ਘਰ ਆਗਰਾ ਵਿੱਚ ਹੋਇਆ। ਇਹ ਪਹਿਲਾਂ ਤੋਂ ਹੀ ਕਾਫ਼ੀ ਖਾਂਦੇ ਪੀਂਦੇ ਘਰ ਨਾਲ ਸਬੰਧਤ ਸਨ। ਉਹਨਾਂ ਦੇ ਪਿਤਾ ਆਗਰੇ ਤੋਂ ਲਾਹੌਰ ਚਲੇ ਗਏ ਸਨ। ਉਹ ਰੇਲਵੇ ਵਿੱਚ ਉੱਚ ਅਹੁਦੇ ਤੇ ਕੰਮ ਕਰਦੇ ਸਨ। ਭਗਵਤੀ ਵੋਹਰਾ ਦਾ ਵਿਆਹ ਵੀ ਛੋਟੀ ਉਮਰ ਵਿੱਚ ਹੀ ਦੁਰਗਾ ਦੇਵੀ ਨਾਲ ਕਰ ਦਿੱਤਾ ਗਿਆ ਸੀ। 1921 ਵਿੱਚ ਨਾ-ਮਿਲਵਰਤਣ ਲਹਿਰ ਸਮੇਂ ਪੜ੍ਹਾਈ ਵਿੱਚੇ ਛੱਡ ਕੇ ਅੰਦੋਲਨ ਵਿੱਚ ਕੁੱਦ ਪਏ ਸਨ। ਅੰਦੋਲਨ ਵਾਪਸ ਲਏ ਜਾਣ ਤੋਂ ਬਾਅਦ ਉਹ ਸਾਰੇ ਸਾਥੀਆਂ ਸਮੇਤ ਹੀ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲ ਹੋ ਗਏ ਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪ ਪਿੱਛੇ ਰਹਿ ਕੇ ਕੰਮ ਕਰਨਾ ਪਸੰਦ ਕਰਦੇ ਸਨ। ਲਾਹੌਰ ਵਿੱਚ ਉਹਨਾਂ ਦੇ ਪਤੇ ਤੇ ਹੀ ਬਾਹਰੋਂ ਕਮਿਊਨਿਸਟ ਸਾਹਿਤ ਆਉਂਦਾ ਸੀ ਤੇ ਉਹਨਾਂ ਦੇ ਬਾਹਰਲੀਆਂ ਕਮਿਊਨਿਸਟ ਜਥੇਬੰਦੀਆਂ ਨਾਲ ਗੁਪਤ ਸੰਪਰਕ ਸਨ। ਉਹਨਾਂ ਦੇ ਸਾਥੀ ਸ਼ਿਵ ਵਰਮਾ ਦੇ ਕਹਿਣ ਮੁਤਾਬਕ, ”ਜਦੋਂ ਨੌਜਵਾਨ ਭਾਰਤ ਸਭਾ ਆਪਣੀ ਚੜ੍ਹਤ ਵਿੱਚ ਸੀ ਅਤੇ ਉਸਦੇ ਨਾਲ ਹੀ ਭਗਵਤੀ ਚਰਣ ਦਾ ਨਾਂ ਸਭ ਦੀ ਜ਼ੁਬਾਨ ਉੱਤੇ ਸੀ। ਉਹ ਇਨਕਲਾਬੀ ਵਿਚਾਰਕ, ਜਥੇਬੰਦਕ ਬੁਲਾਰਾ, ਪ੍ਰਚਾਰਕ ਆਦਿ ਦੇ ਰੂਪ ਵਿੱਚ ਤਾਂ ਲੋਕ ਉਹਨਾਂ ਦੀ ਪ੍ਰਸੰਸਾ ਕਰਦੇ ਹੀ ਸਨ ਪਰ ਨਾਲ ਹੀ ਆਦਰਸ਼ ਪ੍ਰਤੀ ਉਹਨਾਂ ਦੇ ਠੋਸ ਇਰਾਦੇ, ਦੁੱਖ ਸੁੱਖ ਦੀ ਪ੍ਰਵਾਹ ਕੀਤੇ ਬਿਨਾਂ ਲਾਗਾਤਾਰ ਆਪਣੇ ਤਹਿ ਮਾਰਗ ਤੇ ਚਲਦੇ ਰਹਿਣ ਦਾ ਉਹਨਾਂ ਦਾ ਅਜਿੱਤ ਹੌਂਸਲਾ ਆਦਿ ਉਨ੍ਹਾਂ ਦੇ ਵਿਅਕਤੀਗਤ ਗੁਣਾਂ ਦੀ ਵੀ ਖੁੱਲ੍ਹ ਕੇ ਚਰਚਾ ਕਰਦੇ ਅਤੇ ਆਸਾਨੀ ਨਾਲ ਆਪਣੇ ਵੱਲ ਖਿੱਚ ਲੈਣ ਵਾਲੇ ਉਨ੍ਹਾਂ ਦੇ ਸਾਫ਼-ਸੁਥਰੇ ਵਿਹਾਰ ਤੇ ਵੀ ਲੋਕ ਬੁਰੀ ਤਰ੍ਹਾਂ ਲੱਟੂ ਸਨ।” ਉਹ ਜ਼ਰੂਰਤਮੰਦਾਂ ਦੀਆਂ ਲੋੜਾਂ ਪੂਰੀਆਂ ਕਰਨ, ਖਾਣ-ਪੀਣ, ਕੱਪੜੇ-ਲੀੜੇ, ਰਹਿਣ-ਸਹਿਣ ਦਾ ਪ੍ਰਬੰਧ ਤੇ ਘਰ ਦੇ ਦਰਵਾਜ਼ੇ ਹਰਵਕਤ ਸਾਥੀਆਂ ਲਈ ਖੁੱਲ੍ਹੇ ਰੱਖਦੇ ਸਨ। ਉਹ ਦੋਸਤਾਂ ਦੇ ਕੰਮ ਆਉਣ ਲਈ ਹਰਵਕਤ ਤਿਆਰ ਰਹਿੰਦੇ ਸਨ। ਕਈ ਵਾਰ ਉਹਨਾਂ ਦੀ ਉਦਾਰਤਾ ਦਾ ਲੋਕ ਨਜਾਇਜ਼ ਫਾਇਦਾ ਵੀ ਉਠਾਉਂਦੇ ਪਰ ਉਹ ਫਿਰ ਵੀ ਖੁਸ਼ ਰਹਿੰਦੇ। ਪੰਜਾਬ ਵਿੱਚ ਪਾਰਟੀ ਲਈ ਪੈਸੇ ਤੇ ਮਕਾਨਾਂ ਦਾ ਬੰਦੋਬਸਤ ਭਗਵਤੀ ਚਰਣ ਰਾਹੀਂ ਹੀ ਹੁੰਦਾ ਸੀ। 15 ਅਪਰੈਲ 1929 ਨੂੰ ਜੋ ਬੰਬ ਬਣਾਉਣ ਵਾਲੀ ਫੈਕਟਰੀ ਫੜੀ ਗਈ ਸੀ ਉਹ ਮਕਾਨ ਭਗਵਤੀ ਦੇ ਨਾਂ ਤੇ ਹੀ ਕਿਰਾਏ ਤੇ ਲਿਆ ਹੋਇਆ ਸੀ। ਭਗਵਤੀ ਚਰਣ ਚਾਹੇ ਲਾਹੌਰ ਵਿੱਚ ਕਾਕੋਰੀ ਸਟੇਸ਼ਨ ਤੇ ਕ੍ਰਾਂਤੀਕਾਰੀਆਂ ਵਲੋਂ ਖਜ਼ਾਨਾ ਲੁੱਟਣ ਤੇ ਗ੍ਰਿਫਤਾਰ ਸਾਥੀਆਂ ਨੂੰ ਛੁਡਾਉਣ ਦੀ ਗੱਲ ਹੋਵੇ, ਸਾਂਡਰਸ ਦਾ ਕਤਲ, ਅਸੰਬਲੀ ਬੰਬ ਕੇਸ ਜਾਂ ਬੰਬ ਆਪ ਤਿਆਰ ਕਰਨ ਦੀ ਗੱਲ ਹੋਵੇ, ਉਹ ਸਾਥੀਆਂ ਤੋਂ ਅੱਗੇ ਹੋ ਕੇ ਕਿਸੇ ਨਾ ਕਿਸੇ ਤਰੀਕੇ ਹਰ ਜ਼ਿੰਮੇਵਾਰੀ ਨਿਭਾਉਂਦੇ ਸਨ। ਇਹਨਾਂ ਸਾਰੇ ਕ੍ਰਾਂਤੀਕਾਰੀਆਂ ਭਗਤ ਸਿੰਘ, ਸੁਖਦੇਵ, ਚੰਦਰ ਸ਼ੇਖਰ ਅਜ਼ਾਦ, ਸ਼ਿਵ ਵਰਮਾ, ਯਸ਼ਪਾਲ, ਰਾਜਗੁਰੂ ਆਦਿ ਵਿੱਚੋਂ ਭਗਵਤੀ ਚਰਣ ਦਾ ਨਾਂ ਹੋਰ ਵੀ ਨਿਵੇਕਲਾ ਇਉਂ ਬਣ ਜਾਂਦਾ ਹੈ ਕਿ ਇਹਨਾਂ ਦੀ ਪਤਨੀ ਦੁਰਗਾ ਦੇਵੀ ਤੇ 3 ਸਾਲ ਦੇ ਬੱਚੇ ਸਚੀ ਨੇ ਵੀ ਅਸੰਬਲੀ ਬੰਬ ਕੇਸ ਤੋਂ ਬਾਅਦ ਭਗਤ ਸਿੰਘ ਤੇ ਰਾਜਗੁਰੂ ਨੂੰ ਲਾਹੌਰ ਤੋਂ ਭੇਸ ਬਦਲ ਕੇ ਬਚਾਉਣ ਸਮੇਂ ਆਪਣੀ ਭੂਮਿਕਾ ਪੂਰਣ ਰੂਪ ਵਿੱਚ ਨਿਭਾਉਣ ਵਿੱਚ ਸਫਲ ਹੋਏ ਸਨ। ਜਦੋਂ ਉਹਨਾਂ ਨੇ ਕਾਕੋਰੀ ਕੇਸ ਵਾਲੇ ਸਾਥੀਆਂ ਨੂੰ ਜੇਲ਼੍ਹ ਤੋਂ ਛੁਡਵਾਉਣ ਬਾਰੇ ਕਿਹਾ ਤਾਂ ਪੰਜਾਬ ਦੇ ਨੇਤਾਗਿਰੀ ਕਰਨ ਵਾਲੇ ਜੈਚੰਦ ਵਿਦਿਆਲੰਕਾਰ ਵਰਗੇ ਕਾਰਕੁੰਨਾਂ ਨੇ ਭਗਵਤੀ ਚਰਣ ਨੂੰ ਅੰਗਰੇਜ਼ਾਂ ਦੇ ਗੁਪਤ ਵਿਭਾਗ ਦਾ ਜਾਸੂਸ ਕਹਿ ਕੇ ਪੰਜਾਬ ਤੋਂ ਬਾਹਰ ਭੇਜ ਦਿੱਤਾ ਤੇ ਅਜ਼ਾਦ ਵਰਗੇ ਸਾਥੀਆਂ ਨੂੰ ਵੀ ਦੂਰੀ ਬਣਾ ਕੇ ਰੱਖਣ ਲਈ ਕਿਹਾ। ਪਰ ਭਗਵਤੀ ਚਰਣ ਇਹੋ ਜਿਹੀ ਸ਼ਖਸ਼ੀਅਤ ਦੇ ਮਾਲਕ ਸਨ ਕਿ ਉਹਨਾਂ ਨੇ ਇਸ ਗੱਲ ਦੀ ਭੋਰਾ ਵੀ ਪ੍ਰਵਾਹ ਨਹੀਂ ਕੀਤੀ ਸਗੋਂ ਪਾਰਟੀ ਦਾ ਕੰਮ ਬਾਖੂਬੀ ਸਿਰਤੋੜ ਯਤਨਾਂ ਨਾਲ ਕਰਦੇ ਰਹੇ। ਇਸ ਸਬੰਧ ਵਿੱਚ ਜੈਚੰਦ ਬਾਰੇ ਭਾਬੀ ਦੁਰਗਾ ਦੇਵੀ ਨੇ ਕਿਹਾ, ”ਕੁੱਝ ਲੋਕਾਂ ਉੱਪਰ ਨੇਤਾਗਿਰੀ ਅਤੇ ਨਾਂਅ ਦਾ ਨਸ਼ਾ ਭੂਤ ਦੀ ਤਰ੍ਹਾਂ ਸਵਾਰ ਰਹਿੰਦਾ ਹੈ। ਐਦਾਂ ਦੇ ਲੋਕ ਸੰਘਰਸ਼ ਵਿੱਚ ਉਤਰਨ ਤੋਂ ਕਤਰਾਉਂਦੇ ਹਨ ਅਤੇ ਜ਼ੋਖ਼ਮ ਦੇ ਕੰਮਾਂ ਤੋਂ ਆਪਣੇ ਆਪ ਨੂੰ ਕੋਹਾਂ ਦੂਰ ਰੱਖਦੇ ਹਨ। ਉਹ ਬਲੀਦਾਨ ਤੇ ਤਿਆਗ ਤੋਂ ਬਿਨਾਂ ਹੀ ਨਾਮ ਚਾਹੁੰਦੇ ਹਨ, ਕਰੇ ਕੋਈ ਹੋਰ, ਨਾਮ ਹੋਵੇ ਉਸਦਾ। ਇਹੋ ਜਿਹੇ ਲੋਕ ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਆਪਣਾ ਉੱਲੂ ਸਿੱਧਾ ਨਾ ਕਰਨ ਅਤੇ ਕਿਸੇ ਦੀ ਵਧਦੀ ਹੋਈ ਰਫ਼ਤਾਰ ਨੂੰ ਅਗਰ ਆਪਣੀ ਚਾਣਕਿਆ ਬੁੱਧੀ ਨਾਲ ਬਰੇਕਾਂ ਨਾ ਲਗਾਉਣ ਤਾਂ ਕਿੱਥੇ ਜਾਣ?” ਸਮਾਂ ਪਾ ਕੇ ਸਪੱਸ਼ਟ ਵੀ ਹੋ ਗਿਆ ਸੀ ਕਿ ਜੈ ਚੰਦ ਜੀ ਉਹਨਾਂ ਦਿਨਾਂ ਵਿੱਚ ਪੰਜਾਬ ਦੇ ਕ੍ਰਾਂਤੀਕਾਰੀ ਦਲ ਦੇ ਨੇਤਾ ਸਨ, ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਅਧਿਆਪਕ ਹੋਣ ਕਰਕੇ ਗਿਆਨ ਤੇ ਬੁੱਧੀ ਦਾ ਨੌਜਵਾਨਾਂ ਤੇ ਬਹੁਤ ਪ੍ਰਭਾਵ ਸੀ। ਪਰ ਅਸਲ ਵਿੱਚ ਉਹ ਅਜ਼ਾਦੀ ਲਈ ਕੁੱਝ ਕਰਨਾ ਨਹੀਂ ਸੀ ਚਾਹੁੰਦੇ ਸਵਾਇ ਪੜ੍ਹਾਈ, ਬਹਿਸ-ਮੁਹਾਬਸਾ, ਪ੍ਰਚਾਰ, ਜਥੇਬੰਦੀ ਤੇ ਪੈਸਾ ਜਮ੍ਹਾਂ ਆਦਿ ਕੰਮਾਂ ਤੱਕ ਹੀ ਨੌਜਵਾਨਾਂ ਨੂੰ ਸੀਮਤ ਰੱਖਣਾ ਚਾਹੂੰਦੇ ਸਨ। ਅੱਜ ਦੇ ਹਾਲਾਤਾਂ ਵਿੱਚ ਵੀ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਪਤਾ ਨਹੀਂ ਜੈ ਚੰਦ ਵਰਗੀਆਂ ਸ਼ਖਸ਼ੀਅਤਾਂ ਭੋਲ਼ੇ ਲੋਕਾਂ ਦੇ ਮਨਾਂ ‘ਤੇ ਅਸਰ ਪਾ ਕੇ, ਨਿੱਜਵਾਦ ਨੂੰ ਉਭਾਰ ਕੇ ਜਥੇਬੰਦਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਹੋਣ।
ਸ਼ਹੀਦ ਭਗਵਤੀ ਚਰਣ ਵੋਹਰਾ ਨੇ ਇਹਨਾਂ ਜਥੇਬੰਦੀਆਂ ਵਲੋਂ ਜੋ ਵੀ ਕੰਮ ਅਰੰਭੇ ਗਏ, ਕੀਤੇ ਗਏ ਉਹਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਅੰਤ ਵਿੱਚ ਵੀ ਉਹ ਸ਼ਹੀਦ ਭਗਤ ਸਿੰਘ ਤੇ ਬਟਕੇਸ਼ਵਰ ਦੱਤ ਹੋਰਾਂ ਨੂੰ ਬੋਸਟਲ ਜੇਲ਼੍ਹ ਤੋਂ ਛੁਡਵਾਉਣ ਲਈ ਜੋ ਬੰਬ ਤਿਆਰ ਕੀਤੇ ਗਏ ਸਨ ਉਹਨਾਂ ਦੀ ਸਹੀ ਪਰਖ਼ ਸਮੇਂ 28 ਮਈ 1930 ਨੂੰ ਆਪਣੀ ਜਾਨ ਗੁਆ ਬੈਠੇ ਸਨ। ਉਹਨਾਂ ਦੀ ਪਤਨੀ ਉਹਨਾਂ ਦਾ ਮੂੰਹ ਵੀ ਨਹੀਂ ਸੀ ਦੇਖ ਸਕੀ। ਜਖ਼ਮੀ ਹਾਲਤ ਵਿੱਚ ਜਦੋਂ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਕਿਹਾ, ”ਭਾਈ ਤੁਸੀਂ ਇਹ ਕੀ ਕੀਤਾ” ਜਵਾਬ ਵਿੱਚ ਉਹਨਾਂ ਬਹੁਤ ਹੀ ਦ੍ਰਿੜ ਮੁਸਕਰਾਹਟ ਤੇ ਠਰੰਮੇ ਨਾਲ ਕਿਹਾ, ”ਇਹ ਚੰਗਾ ਈ ਹੋਇਆ। ਜੇ ਤੁਹਾਡੇ ਦੋਵਾਂ ਵਿੱਚੋਂ ਕੋਈ ਜਖ਼ਮੀ ਹੋ ਜਾਂਦਾ ਤਾਂ ਮੈਂ ਭਈਆ (ਅਜ਼ਾਦ) ਨੂੰ ਮੂੰਹ ਵਿਖਾਉਣ ਯੋਗਾ ਨਾ ਰਹਿੰਦਾ।” ਇਹ ਮਿਸਾਲ ਸੀ ਉਹਨਾਂ ਦੇ ਆਤਮ ਬਲੀਦਾਨ ਦੀ।
ਥੋੜ੍ਹੇ ਹੀ ਸਾਲਾਂ ਦੇ ਸਮੇਂ ਵਿੱਚ ਭਗਵਤੀ ਚਰਣ ਵੋਹਰਾ ਤੇ ਉਹਨਾਂ ਦੇ ਸਾਥੀਆਂ ਨੇ ਭਾਰਤੀਆਂ ਵਿੱਚ ਜਾਗ੍ਰਤੀ ਫੈਲਾਉਣ ਲਈ ਬਹੁਤ ਵੱਡੇ ਕੰਮ ਆਪਣੇ ਲੋਕਾਂ ਦੇ ਲਈ ਕੀਤੇ ਅਤੇ ਪ੍ਰੋਗਰਾਮ ਵੀ ਉਲੀਕ ਦਿੱਤੇ। ਪਰ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਆਜ਼ਾਦੀ ਦਾ ਸਿਹਰਾ ਨਹਿਰੂ ਗਾਂਧੀ ਜੋੜੀ ਨੂੰ ਦੇ ਦਿੱਤਾ ਤੇ ਸਾਡੇ ਸ਼ਹੀਦਾਂ ਦੀਆਂ ਲਿਖਤਾਂ ਵੀ ਬਹੁਤ ਹੌਲੀ ਹੌਲੀ ਸਾਡੇ ਸਾਹਮਣੇ ਆਈਆਂ ਹਨ। ਐਲਾਨਨਾਮੇ ਦੇ ਅੰਤ ਵਿੱਚ ਉਹਨਾਂ ਦਾ ਸੁਨੇਹਾ ਸੀ :
”ਨੌਜਵਾਨਾਂ ਨੂੰ ਆਜ਼ਾਦ ਤੌਰ ‘ਤੇ ਸੰਜੀਦਗੀ ਤੇ ਠਰ੍ਹੰਮੇ ਨਾਲ ਸੋਚਣਾ ਚਾਹੀਦਾ ਹੈ। ਉਹ ਵਤਨ ਦੀ ਬੰਦ ਖਲਾਸੀ ਨੂੰ ਆਪਣੇ ਜੀਵਨ ਦਾ ਇੱਕੋ ਇੱਕ ਨਿਸ਼ਾਨਾ ਬਣਾ ਲੈਣ। ਉਹਨਾਂ ਨੂੰ ਆਪਣੇ ਹੀ ਪੈਰਾਂ ਤੇ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪਖੰਡੀ ਤੇ ਚਾਲਬਾਜ਼ ਲੋਕਾਂ ਤੋਂ ਖ਼ਬਰਦਾਰ ਰਹਿ ਕੇ ਜਥੇਬੰਦ ਹੋਣਾ ਚਾਹੀਦਾ ਹੈ। ਅਜਿਹੇ ਲੋਕਾਂ ਦੀ ਸਾਡੇ ਆਦਰਸ਼ ਨਾਲ ਕੋਈ ਸਾਂਝ ਨਹੀਂ ਅਤੇ ਇਹ ਹਮੇਸ਼ਾਂ ਸੰਕਟ ਸਮੇਂ ਸਾਥ ਛੱਡ ਜਾਂਦੇ ਹਨ। ਨੌਜਵਾਨਾਂ ਨੂੰ ਸੱਚੇ ਦਿਲੋਂ ਤੇ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਨ ਤੇ ਕੁਰਬਾਨੀ ਦਾ ਤਿਪਾਸਾ ਆਦਰਸ਼ ਅਪਣਾਉਣਾ ਚਾਹੀਦਾ ਹੈ। ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਕੌਮ ਦੀ ਸਿਰਜਣਾ ਅਜਿਹੇ ਹਜ਼ਾਰਾਂ ਹੀ ਗੁੰਮਨਾਮ ਮਰਦਾਂ ਤੇ ਔਰਤਾਂ ਦੀ ਮੰਗ ਕਰਦੀ ਹੈ, ਜਿਨ੍ਹਾਂ ਨੂੰ ਆਪਣੇ ਨਿੱਜੀ ਲਾਭ ਤੇ ਅਰਾਮ, ਆਪਣੇ ਨਜ਼ਦੀਕੀਆਂ ਨਾਲੋਂ, ਆਪਣਾ ਦੇਸ਼ ਕਿਤੇ ਵੱਧ ਪਿਆਰਾ ਹੋਵੇ।” ਅੰਤ ਵਿੱਚ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੋਈ ਉਹਨਾਂ ਦੀਆਂ ਹੀ ਲਿਖਤਾਂ ਰਾਹੀਂ ਦਿੱਤੇ ਸੁਨੇਹੇ ਨਾਲ ਅੱਜ ਦੇ ਅੰਦੋਲਨ ਵਿੱਚ ਜੁੜੇ ਮਰਦ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ, ਬੁੱਧੀਜੀਵੀਆਂ ਆਦਿ ਨੂੰ ਅਪੀਲ ਕਰਦੀ ਹਾਂ ਕਿ ਸਿਰਫ਼ ਸਮੇਂ ਤੇ ਹਾਲਤਾਂ ਦਾ ਹੀ ਫ਼ਰਕ ਹੈ ਪਰ ਮਨੁੱਖਤਾ ਦੇ ਹੱਕਾਂ ਦੀ ਲੜਾਈ ਇੰਨ ਬਿੰਨ ਉਹੀ ਹੈ ਜੋ ਉਹ ਲੜ ਰਹੇ ਸਨ। ਅਸੀਂ ਆਪਣੇ ਸ਼ਹੀਦਾਂ ਦੇ ਦਰਸਾਏ ਰਾਹਾਂ ਤੇ ਚੱਲਦੇ ਹੋਏ ਲੋਕਾਂ ਨੂੰ ਜਥੇਬੰਦ ਕਰੀਏ ਤੇ ਉਹਨਾਂ ਦੇ ਅਧੂਰੇ ਸੁਪਨਿਆਂ ਦਾ ਅਗ਼ਾਜ਼ ਕਰੀਏ ਤੇ ਉਹਨਾਂ ਦੇ ਲੋਕ ਪੱਖੀ ਸੁਨੇਹੇ ਘਰ ਘਰ ਲੈ ਕੇ ਜਾਈਏ ਇਹੀ ਸਾਡੀ ਸੱਚੀ ਸ਼ਰਧਾਂਜ਼ਲੀ ਹੈ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …