Breaking News
Home / ਹਫ਼ਤਾਵਾਰੀ ਫੇਰੀ / ਆਸਟਰੇਲੀਆ ਦੇ ਇਕ ਸੂਬੇ ਦੇ ਸਕੂਲਾਂ ਵਿੱਚ ਗਾਤਰਾ ਪਾਉਣ ਉੱਤੇ ਲਾਈ ਪਾਬੰਦੀ

ਆਸਟਰੇਲੀਆ ਦੇ ਇਕ ਸੂਬੇ ਦੇ ਸਕੂਲਾਂ ਵਿੱਚ ਗਾਤਰਾ ਪਾਉਣ ਉੱਤੇ ਲਾਈ ਪਾਬੰਦੀ

ਸਿਡਨੀ : ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਸਕੂਲਾਂ ਵਿੱਚ ਧਾਰਮਿਕ ਚਿੰਨ੍ਹ ਗਾਤਰਾ ਪਾ ਕੇ ਆਉਣ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। 19 ਮਈ ਤੋਂ ਧਾਰਮਿਕ ਪ੍ਰਤੀਕ ਦੇ ਤੌਰ ਉੱਤੇ ਪਹਿਨੇ ਜਾਂਦੇ ਗਾਤਰੇ ‘ਤੇ ਮਨਾਹੀ ਲਾਗੂ ਹੋ ਗਈ ਹੈ, ਜਿਸ ਕਾਰਨ ਇੱਕ ਧਾਰਮਿਕ ਬਹਿਸ ਛਿੜ ਗਈ ਹੈ। ਵਰਨਣਯੋਗ ਹੈ ਕਿ ਛੇ ਮਈ ਨੂੰ ਪੰਜਾਬੀਆਂ ਦੇ ਗੜ੍ਹ ਮੰਨੇ ਜਾਣ ਵਾਲੇ ਗਲੈਨਵੁੱਡ ਦੇ ਹਾਈ ਸਕੂਲ ਵਿਖੇ ਇੱਕ ਅੰਮ੍ਰਿਤਧਾਰੀ 9ਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੇ ਦੂਸਰੇ ਵਿਦਿਆਰਥੀ ਦੇ ਢਿੱਡ ਵਿੱਚ ਗਾਤਰਾ ਮਾਰ ਦਿੱਤਾ ਸੀ। ਜ਼ਖ਼ਮੀ ਵਿਦਿਆਰਥੀ ਖ਼ਤਰੇ ਤੋਂ ਬਾਹਰ ਹੈ। ਇਸ ਰਾਜ ਦੀ ਸਿੱਖਿਆ ਮੰਤਰੀ ਸਾਰਾ ਮਿਸ਼ੈਲ ਨੇ ਕਿਹਾ ਕਿ ਇਹ ਸਖ਼ਤ ਕਦਮ ਉਨ੍ਹਾਂ ਨੂੰ ਇਸ ਲਈ ਚੁੱਕਣਾ ਪਿਆ ਕਿ ਦੁਬਾਰਾ ਅਜਿਹੀਆਂ ਘਟਨਾਵਾਂ ਨਾ ਵਾਪਰਨ। ਵਰਨਣਯੋਗ ਹੈ ਕਿ ਦਸਤਾਰਧਾਰੀ ਬੱਚੇ ਨੂੰ ਦਸਤਾਰ ਤੇ ਦਾੜ੍ਹੀ ਉਤੇ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਸੀ। ਦੂਸਰੇ ਪਾਸੇ ਪੰਜਾਬੀ ਭਾਈਚਾਰੇ ਵਿੱਚ ਇਸ ਪਾਬੰਦੀ ਬਾਰੇ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਬਲਵਿੰਦਰ ਸਿੰਘ ਚਾਹਲ ਨੇ ਇਸ ਬਾਰੇ ਕਿਹਾ ਕਿ ਸਰਕਾਰ ਨੂੰ ਇਸ ਕਾਨੂੰਨ ਦਾ ਬਦਲਾਅ ਕਰਨ ਤੋਂ ਪਹਿਲਾਂ ਪੰਜਾਬੀ ਭਾਈਚਾਰੇ ਤੇ ਪ੍ਰਮੁੱਖ ਜਥੇਬੰਦੀਆਂ ਨਾਲ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਸੀ। ਇਹ ਕਾਨੂੰਨ ਸਕੂਲ ਵਿੱਚ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ ‘ਤੇ ਵੀ ਲਾਗੂ ਹੋ ਰਿਹਾ ਹੈ।
ਆਸਟਰੇਲੀਆ ਦਾ ਫੈਸਲਾ ਮੰਦਭਾਗਾ : ਗਿਆਨੀ ਹਰਪ੍ਰੀਤ ਸਿੰਘ
ਆਸਟਰੇਲੀਆ ਸਰਕਾਰ ਵੱਲੋਂ ਸਕੂਲਾਂ ‘ਚ ਅੰਮ੍ਰਿਤਧਾਰੀ ਸਿੱਖ ਬੱਚਿਆਂ ਨੂੰ ਕੱਕਾਰ ਵਜੋਂ ਸ੍ਰੀ ਸਾਹਿਬ ਪਹਿਨਣ ‘ਤੇ ਲਾਈ ਗਈ ਰੋਕ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਉਥੋਂ ਦੀ ਸਰਕਾਰ ਸਿੱਖ ਭਾਵਨਾਵਾਂ ਦਾ ਧਿਆਨ ਰੱਖਦਿਆਂ ਆਪਣੇ ਇਸ ਫ਼ੈਸਲੇ ਨੂੰ ਵਾਪਸ ਲਵੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਸਟਰੇਲੀਆ ਸਰਕਾਰ ਦਾ ਫ਼ੈਸਲਾ ਮੰਦਭਾਗਾ ਅਤੇ ਨਿੰਦਣਯੋਗ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿਰਪਾਨ ਸਿੱਖ ਜੀਵਨ-ਜਾਂਚ ਦਾ ਅਹਿਮ ਹਿੱਸਾ ਹੈ, ਜਿਸ ‘ਤੇ ਰੋਕ ਲਗਾਉਣੀ ਬੇਹੱਦ ਦੁਖਦਾਈ ਹੈ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …