Breaking News
Home / ਨਜ਼ਰੀਆ / ਖੱਜਲ-ਖੁਆਰੀ ਤੇ ਖਰਮਸਤੀ ਕੈਨੇਡਾ ‘ਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ

ਖੱਜਲ-ਖੁਆਰੀ ਤੇ ਖਰਮਸਤੀ ਕੈਨੇਡਾ ‘ਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ

ਡਾ. ਸੁਖਦੇਵ ਸਿੰਘ ਝੰਡ
ਕੈਨੇਡਾ ਦੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਦੁਨੀਆਂ-ਭਰ ਦੇ ਦੇਸ਼ਾਂ ਵਿੱਚੋਂ ਵਿਦਿਆਰਥੀ ਧੜਾ-ਧੜ ਆ ਰਹੇ ਹਨ। ਇਨ੍ਹਾਂ ‘ਇੰਟਰਨੈਸ਼ਨਲ ਸਟੂਡੈਂਟਸ’ ਵਿਚ ਵੱਡੀ ਗਿਣਤੀ ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਹੋਰ ਦੱਖਣੀ-ਏਸ਼ੀਆਈ ਦੇਸ਼ਾਂ ਤੋਂ ਆਉਣ ਵਾਲਿਆਂ ਦੀ ਹੈ ਅਤੇ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਵਿੱਚੋਂ ਬਹੁ-ਗਿਣਤੀ ਪੰਜਾਬੀਆਂ ਦੀ ਹੈ। ਕੈਨੇਡਾ ਸਰਕਾਰ ਨੇ ਵੀ ਇਸ ਕੈਟੇਗਰੀ ਅਧੀਨ ਆਉਣ ਵਾਲੇ ਨੌਜੁਆਨਾਂ ਲਈ ਆਪਣੇ ‘ਦਰਵਾਜ਼ੇ’ ਪੂਰੀ ਤਰ੍ਹਾਂ ਖੋਲ੍ਹ ਰੱਖੇ ਹਨ ਅਤੇ ਵੱਖ-ਵੱਖ ਦੇਸ਼ਾਂ ਵਿਚ ਇਸ ਸਮੇਂ ਕਿਸੇ ਖ਼ਾਸ ਪੱਧਰ ਤੱਕ ਵਿਦਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀ ਕੈਨੇਡਾ ਦੀ ਇਸ ਪਾਲਿਸੀ ਦਾ ਭਰਪੂਰ ਫ਼ਾਇਦਾ ਉਠਾ ਰਹੇ ਹਨ। ਕੈਨੇਡਾ ਨੂੰ ਵੀ ਆਪਣੀ ਇਸ ਨੀਤੀ ਦਾ ਬਹੁਤ ਵੱਡਾ ਲਾਭ ਹੋ ਰਿਹਾ ਹੈ। ਉਸ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਇਨ੍ਹਾਂ ‘ਇੰਟਰ-ਨੈਸ਼ਨਲ ਸਟੂਡੈਂਟਸ’ ਕੋਲੋਂ ਕਥਿਤ ‘ਉੱਚ-ਸਿੱਖਿਆ’ ਦੀ ਪ੍ਰਾਪਤੀ ਲਈ ਭਾਰੀ ਫ਼ੀਸਾਂ ਵਸੂਲ ਕੀਤੀਆਂ ਜਾ ਰਹੀਆਂ ਹਨ ਜੋ ਕਿ ਇੱਥੋਂ ਦੇ ਨਾਗਰਿਕ ਅਤੇ ਪੀ.ਆਰ. ਵਿਦਿਆਰਥੀਆਂ ਨਾਲੋਂ ਲੱਗਭੱਗ ਤਿੰਨ-ਗੁਣਾਂ ਹਨ। ਇਹ ਕੈਨੇਡਾ ਦੇ ਅਰਥਚਾਰੇ ਲਈ ਲਾਭਦਾਇਕ ਸਿੱਧ ਹੋ ਰਿਹਾ ਹੈ ਅਤੇ ਸਰਕਾਰ ਵੀ ਏਸੇ ਲਈ ਹੀ ਇਸ ਨੂੰ ਉਤਸ਼ਾਹਿਤ ਕਰ ਰਹੀ ਹੈ। ਉਸ ਨੂੰ ਕੰਮ ਕਰਨ ਲਈ ਹੁਣ ਅਤੇ ਅੱਗੋਂ ਵੀ ਪੜ੍ਹੀ-ਲਿਖੀ ਫੋਰਸ ਮਿਲ ਰਹੀ ਹੈ। ਇਨ੍ਹਾਂ ਵਿਦਿਆਰਥੀਆਂ ਵੱਲੋਂ ਤਾਰੀਆਂ ਜਾ ਰਹੀਆਂ ‘ਇੰਟਰਨੈਸ਼ਨਲ-ਫ਼ੀਸਾਂ’ ਭਾਵੇਂ ਬਹੁਤ ਜ਼ਿਆਦੀਆਂ ਹਨ ਪਰ ਫਿਰ ਵੀ ਪਿਛਲੇ ਕੁਝ ਕੁ ਸਾਲਾਂ ਤੋਂ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਹਰ ਸਾਲ ਇੱਥੋਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਚੱਲ ਰਹੇ ਵੱਖ-ਵੱਖ ਕੋਰਸਾਂ ਵਿਚ ਦਾਖ਼ਲਾ ਕੇ ਕੈਨੇਡਾ ਪਹੁੰਚ ਰਹੇ ਸਨ। ਇਨ੍ਹਾਂ ਵਿਦਿਆਰਥੀਆਂ ਦਾ ਉਦੇਸ਼ ਇੱਥੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ‘ਵਰਕ-ਪਰਮਿਟ’ ਹਾਸਲ ਕਰਨਾ ਅਤੇ ਇੱਥੋਂ ਦੇ ਪੀ. ਆਰ.ਬਣਨ ਦਾ ਹੁੰਦਾ ਹੈ।
ਵਿਦਿਆਰਥੀਆਂ ਦੇ ਵਿਦੇਸ਼ਾਂ ਵੱਲ ਰੁਝਾਣ ਵੱਲ ਜੇਕਰ ਸਰਸਰੀ ਨਜ਼ਰ ਮਾਰੀ ਜਾਏ ਤਾਂ ਹੋਰਨਾਂ ਦੇਸ਼ਾਂ ਬਾਰੇ ਤਾਂ ਪੱਕਾ ਪਤਾ ਨਹੀਂ ਪਰ ਭਾਰਤ ਅਤੇ ਇਸ ਦੇ ਸੂਬੇ ਪੰਜਾਬ ਵਿੱਚੋਂ ਮੁੱਠੀ-ਭਰ ਵਿਦਿਆਰਥੀਆਂ ਨੇ ਤਕਨੀਕੀ ਖ਼ੇਤਰਾਂ ਜਿਵੇਂ ਮੈਡੀਕਲ, ਇੰਜੀਨੀਅਰਿੰਗ ਜਾਂ ਵਿਗਿਆਨ ਵਿਚ ਉੱਚ-ਵਿੱਦਿਆ ਦੀ ਪ੍ਰਾਪਤੀ ਲਈ ਵੀਹਵੀਂ ਸਦੀ ਦੇ ਛੇਵੇਂ ਜਾਂ ਸੱਤਵੇਂ ਦਹਾਕੇ ਵਿਚ ਅਮਰੀਕਾ ਅਤੇ ਇੰਗਲੈਂਡ ਵੱਲ ਵਧੇਰੇ ਗਿਣਤੀ ਵਿਚ ਜਾਣਾ ਸ਼ੁਰੂ ਕੀਤਾ। ਬੇਸ਼ਕ, ਇਸ ਤੋਂ ਪਹਿਲਾਂ ਭਾਰਤ ਦੇ ਕੁਝ ਕੁ ਗਿਣਵੇਂ-ਚੁਣਵੇਂ ਅਮੀਰ ਪਰਿਵਾਰ ਹੀ ਆਪਣੇ ਬੱਚਿਆਂ ਨੂੰ ਵਕਾਲਤ ਜਾਂ ਕਿਸੇ ਹੋਰ ਸਮਾਜਿਕ ਜਾਂ ਆਰਿਥਕ ਖ਼ੇਤਰ ਵਿਚ ਵਿੱਦਿਆ ਪ੍ਰਾਪਤੀ ਲਈ ਵਿਦੇਸ਼ ਭੇਜਦੇ ਸਨ, ਜਿਵੇਂ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ‘ਦੇਸ਼-ਪਿਤਾ’ ਮਹਾਤਮਾ ਗਾਂਧੀ ਅਤੇ ਕਈ ਹੋਰ ਉਦਾਹਰਣਾਂ ਸਾਡੇ ਸਾਹਮਣੇ ਆਉਂਦੀਆਂ ਹਨ, ਜਾਂ ਫਿਰ ਭਾਰਤ ਦੇ ਪਿਛਲੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਵਰਗੇ ਕਈ ਬਹੁਤ ਹੀ ਲਾਇਕ ਵਿਦਿਆਰਥੀ ਸਨ ਜੋ ਉਨ੍ਹਾਂ ਵਿਕਸਤ ਦੇਸ਼ਾਂ ਦੀਆਂ ਵੱਕਾਰੀ ਯੂਨੀਵਰਸਿਟੀਆਂ ਵਿਚ ਵਜ਼ੀਫ਼ੇ ਪ੍ਰਾਪਤ ਕਰ ਕੇ ਪੀ.ਐੱਚ.ਡੀ.ਪੱਧਰ ਦੀ ਉੱਚ-ਵਿੱਦਿਆ ਲਈ ਚੁਣੇ ਗਏ। ਇਕ ਹੋਰ ਅਜਿਹੀ ਉਦਾਹਰਣ ਇਸ ਸਮੇਂ ਬਰੈਂਪਟਨ ਵਿਚ ਰਹਿ ਰਹੇ ਡਾ. ਅਮਰਜੀਤ ਸਿੰਘ ਬਨਵੈਤ ਦੀ ਜ਼ਿਹਨ ਵਿਚ ਆ ਰਹੀ ਹੈ ਜੋ ਆਪਣੀ ਲਿਆਕਤ ਦੇ ਬਲ-ਬੂਤੇ ਵਜ਼ੀਫ਼ਾ ਪ੍ਰਾਪਤ ਕਰਕੇ ਇੰਗਲੈਂਡ ਦੀ ਨਾਮੀ ਯੂਨੀਵਰਸਿਟੀ ਵਿਚ ਭੌਤਿਕ ਵਿਗਿਆਨ ਵਿਚ ਪੀ.ਐੱਚ.ਡੀ. ਕਰਨ ਗਏ ਅਤੇ ਫਿਰ ਅਮਰੀਕਾ ਦੀ ਇਕ ਨਾਮੀ ਯੂਨੀਵਰਸਿਟੀ ਵਿਚ ਐਟੌਮਿਕ-ਫਿਜ਼ਿਕਸ ਦੇ ਖ਼ੇਤਰ ਵਿਚ ਉੱਚ-ਪੱਧਰੀ ਖੋਜ ਕੀਤੀ।
ਵਿਦੇਸ਼ਾਂ ਵਿਚ ਜਾਣ ਦਾ ਮੌਜੂਦਾ ਰੁਝਾਨ ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਵਿਚ ਵਧੇਰੇ ਵਧਿਆ ਜਦੋਂ ਵਿਦਿਆਰਥੀਆਂ ਨੇ ਪਹਿਲਾਂ ਪਹਿਲ ਇੰਗਲੈਂਡ ਵੱਲ ਜਾਣਾ ਸ਼ੁਰੂ ਕੀਤਾ। ਜਦ ਇੰਗਲੈਂਡ ਵੱਲੋਂ ਹੋਰ ਵਿਦਿਆਰਥੀ ਲੈਣੋਂ ਨਾਂਹ ਹੋ ਗਈ ਅਤੇ ਉਸ ਦੇ ਵੱਲੋਂ ਐਲਾਨ ਹੋਇਆ ਕਿ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਕੇ ਆਪਣੇ ਦੇਸ਼ਾਂ ਨੂੰ ਵਾਪਸ ਪਰਤ ਜਾਣ ਤਾਂ ਫਿਰ ਉਨ੍ਹਾਂ ਨੇ ਪਹਿਲਾਂ ਆਸਟ੍ਰੇਲੀਆ ਅਤੇ ਫਿਰ ਨਿਊਜ਼ੀਲੈਂਡ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ। ਉਦੋਂ ਕੈਨੇਡਾ ਦੇ ਦਰਵਾਜ਼ੇ ਇਸ ਮੰਤਵ ਲਈ ਲੱਗਭੱਗ ‘ਬੰਦ’ ਹੀ ਸਨ ਅਤੇ ਇੱਥੇ ਕੁਝ ਕੁ ਨੌਜੁਆਨ ‘ਪੁਆਇੰਟ-ਬੇਸਿਜ਼’ ‘ਤੇ ਜਾਂ ਫਿਰ ਵਿਆਹ ਵਾਲੀ ਕੈਟੇਗਰੀ ਵਿਚ ਹੀ ਆ ਰਹੇ ਸਨ। ਪਿਛਲੇ ਪੰਜ-ਛੇ ਸਾਲਾਂ ਤੋਂ ਕੈਨੇਡਾ ਵੱਲੋਂ ‘ਸਟੂਡੈਂਟ ਕੈਟੇਗਰੀ’ ਵਾਲੇ ‘ਗੇਟ’ ਖੋਲ੍ਹੇ ਗਏ ਹਨ ਅਤੇ ਹੁਣ ਇੱਥੇ ਭਾਰਤੀਆਂ ਅਤੇ ਖ਼ਾਸ ਤੌਰ ‘ਤੇ ਪੰਜਾਬੀਆਂ ਦੀ ਬਹੁ-ਗਿਣਤੀ ਏਸੇ ਕੈਟੇਗਰੀ ਵਿਚ ਹੀ ਆ ਰਹੀ ਹੈ।
ਇਸ ਦਾ ਮੁੱਖ ਕਾਰਨ ਉੱਥੇ ਭਾਰਤ ਵਿਚ ਪੜ੍ਹ-ਲਿਖ ਕੇ ਅੱਗੋਂ ਰੋਜ਼ਗਾਰ ਲੱਭਣ ਦੀ ਸੰਭਾਵਨਾ ਦਾ ਦਿਨੋਂ-ਦਿਨ ਧੁੰਧਲਾ ਹੋਣਾ ਹੈ। ਹਰੇਕ ਸੂਬੇ ਵਿਚ ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ ਵਿਚ ਪੜ੍ਹੇ-ਲਿਖੇ ਨੌਜੁਆਨ ਰੋਜ਼ਗਾਰ ਦੀ ਖ਼ਾਤਰ ਏਧਰ-ਓਧਰ ਭਟਕਦੇ ਫਿਰਦੇ ਹਨ। ਉਨ੍ਹਾਂ ਨੂੰ ਕੋਈ ਰਸਤਾ ਵਿਖਾਈ ਨਹੀਂ ਦਿੰਦਾ ਅਤੇ ਜਦੋਂ ਵੀ ਆਸਟ੍ਰੇਲੀਆ, ਕੈਨੇਡਾ ਜਾਂ ਕਿਸੇ ਹੋਰ ਬਾਹਰਲੇ ਦੇਸ਼ ਵਿਚ ਜਿੱਥੇ ਵੀ ਰੋਜ਼ਗਾਰ ਦੀ ਕਿਰਨ ਵਿਖਾਈ ਦਿੰਦੀ ਹੈ, ਉਹ ਓਧਰ ਨੂੰ ਹੀ ਵਹੀਰਾਂ ਘੱਤ ਲੈਂਦੇ ਹਨ। ਜਿਨ੍ਹਾਂ ਦੇ ਮਾਪੇ ਆਰਥਿਕ ਪੱਖੋਂ ਕੁਝ ਸੁਖਾਲੇ ਹਨ, ਉਹ ਤਾਂ ਆਪਣੀ ਵਿੱਤ ਅਨੁਸਾਰ ਖ਼ਰਚਾ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਉਪਰਾਲਾ ਕਰ ਹੀ ਰਹੇ ਹਨ। ਪਰ ਬਹੁਤ ਸਾਰੇ ਅਜਿਹੇ ਵੀ ਹਨ ਜੋ ਬੈਂਕਾਂ ਜਾਂ ਆੜ੍ਹਤੀਆਂ ਕੋਲੋਂ ਕਰਜ਼ਾ ਚੁੱਕ ਕੇ ਜਾਂ ਆਪਣੀ ਜੱਦੀ-ਪੁਸ਼ਤੀ ਜ਼ਮੀਨ ਦਾ ਕੁਝ ਹਿੱਸਾ ਵੇਚ ਕੇ ਜਾਂ ਉਸ ਨੂੰ ‘ਗਹਿਣੇ’ ਧਰ ਕੇ ਇਸ ਆਸ ਨਾਲ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ ਕਿ ਉਨ੍ਹਾਂ ਦਾ ਪੁੱਤਰ/ਧੀ ਉੱਥੇ ਪੜ੍ਹਾਈ ਦੇ ਨਾਲ ਨਾਲ ਜਾਂ ਉਸ ਤੋਂ ਬਾਅਦ ਕਮਾਈ ਕਰਕੇ ਉਨ੍ਹਾਂ ਨੂੰ ਪੈਸੇ ਭੇਜੇਗਾ ਅਤੇ ਉਹ ਇਸ ਨੂੰ ਮੁੜ ਖ਼ਰੀਦ ਲੈਣਗੇ ਜਾਂ ਛੁਡਵਾ ਲੈਣਗੇ। ਪਰ ਹਕੀਕਤ ਇਸ ਤੋਂ ਐਨ ਉਲਟ ਹੈ। ਪੜ੍ਹਾਈ ਦੇ ਨਾਲ ਨਾਲ ਜੋ ਇੱਥੇ ਥੋੜ੍ਹਾ ਬਹੁਤਾ ਕੰਮ ਮਿਲਦਾ ਹੈ, ਉਸ ਨੂੰ ਕਰਨ ਤੋਂ ਬਾਅਦ ਤਾਂ ਉਨ੍ਹਾਂ ਦਾ ਖਾਣ-ਪੀਣ ਤੇ ਰਹਿਣ-ਸਹਿਣ ਦਾ ਖ਼ਰਚਾ ਹੀ ਮਸਾਂ ਨਿਕਲਦਾ ਹੈ ਅਤੇ ਅੱਗੋਂ ਆਉਣ ਵਾਲੇ ਸਮੈੱਸਟਰਾਂ ਦੀਆਂ ਫ਼ੀਸਾਂ ਮੂੰਹ ਅੱਡੀ ਖੜ੍ਹੀਆਂ ਹੁੰਦੀਆਂ ਹਨ।
ਸਿੱਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੰਮ ਵੀ ਤਾਂ ਪੂਰੀ ਤਨਖ਼ਾਹ ਵਾਲੇ ਨਹੀਂ ਮਿਲਦੇ। ਉਨ੍ਹਾਂ ਨੂੰ ਹੋਟਲਾਂ, ਰੈਸਟੋਰੈਂਟਾਂ ਜਾਂ ਛੋਟੇ-ਮੋਟੇ ਕਾਰੋਬਾਰੀ ਅਦਾਰਿਆਂ ਵਿਚ ਆਮ ਤੌਰ ‘ਤੇ ਨਕਦ ਰੂਪ ਵਿਚ ਮਿਲਣ ਵਾਲੀ ਬਹੁਤ ਥੋੜ੍ਹੀ ਤਨਖ਼ਾਹ ਵਾਲੇ ਕੰਮ ਹੀ ਨਸੀਬ ਹੁੰਦੇ ਹਨ। ਇਨ੍ਹਾਂ ਅਦਾਰਿਆਂ ਦੇ ਮਾਲਕ ਵੀ ਉਨ੍ਹਾਂ ਦੀ ਮਜਬੂਰੀ ਦਾ ਪੂਰਾ ਫ਼ਾਇਦਾ ਉਠਾਉਂਦੇ ਹਨ ਅਤੇ ਉਨ੍ਹਾਂ ਦਾ ਰੱਜ ਕੇ ਸੋਸ਼ਣ ਕਰਦੇ ਹਨ। ਅਕਸਰ ਪਤਾ ਲੱਗਦਾ ਹੀ ਰਹਿੰਦਾ ਹੈ ਕਿ ਉਹ ਇਨ੍ਹਾਂ ਵਿਦਿਆਰਥੀਆਂ ਕੋਲੋਂ ਸਾਰਾ ਦਿਨ 10-12 ਘੰਟੇ ਕੰਮ ਕਰਵਾ ਕੇ ਸ਼ਾਮ ਨੂੰ 50/60 ਜਾਂ 70 ਡਾਲਰ ਹੀ ਉਨ੍ਹਾਂ ਦੀ ਤਲੀ ‘ਤੇ ਧਰਦੇ ਹਨ। ਹੁਣ ਜਦ ਕਿ ਓਨਟਾਰੀਓ ਸੂਬੇ ਵਿਚ ਘੱਟੋ-ਘੱਟ ਮਜ਼ਦੂਰੀ 14 ਡਾਲਰ ਪ੍ਰਤੀ ਘੰਟਾ ਹੋ ਗਈ ਹੈ ਤਾਂ ਫਿਰ ਸਾਰਾ ਦਿਨ ਕੰਮ ਕਰਕੇ ਕਮਾਏ ਹੋਏ ਇਹ 60-70 ਡਾਲਰ ਕੀ ਅਹਿਮੀਅਤ ਰੱਖਦੇ ਹਨ। ਫਿਰ ਹੋਰ ਕਿ ਲੜਕੇ ਤਾਂ ਭੱਜ-ਨੱਸ ਕਰਕੇ ਜਾਂ ਇਕ ਦੂਜੇ ਕੋਲੋਂ ਸੁਣ-ਸੁਣਾ ਕੇ ਅਜਿਹਾ ਕੋਈ ਨਾ ਕੋਈ ਮਾੜਾ-ਮੋਟਾ ਕੰਮ ਲੱਭ ਲੈਂਦੇ ਹਨ, ਪਰ ਸਟੂਡੈਂਟਸ ਵਜੋਂ ਆਈਆਂ ਹੋਈਆਂ ਲੜਕੀਆਂ ਲਈ ਸ਼ੁਰੂ ਵਿਚ ਕੋਈ ਕੰਮ ਲੱਭਣਾ ਤਾਂ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਉਪਰੋਕਤ ਅਦਾਰੇ ਉਨ੍ਹਾਂ ਦਾ ਹੋਰ ਵੀ ਵਧੇਰੇ ਸੋਸ਼ਣ ਕਰਦੇ ਹਨ। ਅਜਿਹੀ ਹਾਲਤ ਵਿਚ ਕਈ ਲੜਕੀਆਂ ਮਜਬੂਰੀ-ਵੱਸ ‘ਗ਼ਲਤ ਪਾਸੇ’ ਵੀ ਪੈ ਜਾਂਦੀਆਂ ਹਨ ਜੋ ਉਨ੍ਹਾਂ ਦੇ ਆਪਣੇ ਲਈ ਅਤੇ ਸਮਾਜ ਲਈ ਵੀ ਅਤਿ-ਘਿਨੌਣਾ ਅਤੇ ਦੁੱਖ਼ਦਾਈ ਹੁੰਦਾ ਹੈ।
ਇਕ ਗੱਲ ਹੋਰ ਵੀ ਸੋਚਣ ਤੇ ਵਿਚਾਰਨ ਵਾਲੀ ਹੈ ਕਿ ਅੱਜਕੱਲ੍ਹ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਬਹੁਤ ਸਾਰੇ ਵਿਦਿਆਰਥੀ ’10 ਪਲੱਸ 2′ (ਭਾਵ ਬਾਰ੍ਹਵੀਂ) ਕਰਕੇ ਇੱਥੇ ਕੈਨੇਡਾ ਆ ਰਹੇ ਹਨ ਜਾਂ ਕਿਸੇ ਹੋਰ ਦੇਸ਼ ਵਿਚ ਜਾ ਰਹੇ ਹਨ। ਇਸ ਉਮਰ ਵਿਚ ਉਨ੍ਹਾਂ ਦਾ ਬੌਧਿਕ ਵਿਕਾਸ ਅਜੇ ਇਸ ਪੱਧਰ ‘ਤੇ ਨਹੀਂ ਪਹੁੰਚਿਆ ਹੁੰਦਾ ਕਿ ਉਹ ਆਪਣਾ ਭਲਾ-ਬੁਰਾ ਚੰਗੀ ਤਰ੍ਹਾਂ ਸੋਚ ਸਕਣ ਅਤੇ ਇਸ ਸਟੇਜ ‘ਤੇ ਉਨ੍ਹਾਂ ਨੂੰ ਮਾਪਿਆਂ ਦੀ ਸੁਚੱਜੀ ਅਗਵਾਈ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਉਹ ਹੀ ਉਨ੍ਹਾਂ ਦੇ ਸਹੀ ਮਾਰਗ-ਦਰਸ਼ਕ ਅਤੇ ‘ਗਾਈਡ’ ਸਾਬਤ ਹੋ ਸਕਦੇ ਹਨ। ਉੱਥੇ ਇਹ ਵਿਦਿਆਰਥੀ ਆਪਣੀਆਂ ਮਾਵਾਂ ਦੀਆਂ ‘ਪੱਕੀਆਂ-ਪਕਾਈਆਂ’ ਖਾਣ ਦੇ ਆਦੀ ਹੋ ਚੁੱਕੇ ਹੁੰਦੇ ਹਨ ਅਤੇ ਜਦੋਂ ਇਨ੍ਹਾਂ ਦੇਸ਼ਾਂ ਵਿਚ ਉਨ੍ਹਾਂ ਨੂੰ ਇਹ ‘ਖ਼ਲਜਗਣ’ ਖ਼ੁਦ ਆਪ ਕਰਨਾ ਪੈਂਦਾ ਹੈ ਤਾਂ ਫਿਰ ਉਨ੍ਹਾਂ ਨੂੰ ‘ਮਾਂ’ ਹੀ ਨਹੀਂ, ਸਗੋਂ ਪ੍ਰਚੱਲਤ ਪੰਜਾਬੀ-ਮੁਹਾਵਰੇ ਅਨੁਸਾਰ ‘ਨਾਨੀ’ ਵੀ ਯਾਦ ਆ ਜਾਂਦੀ ਹੈ। ਕਈ ਵਿਦਿਆਰਥੀ ਤਾਂ ਇਧਰ ਆਪਣੇ ਰਿਸ਼ਤੇਦਾਰਾਂ ਜਾਂ ਜਾਣ-ਪਛਾਣ ਵਾਲਿਆਂ ਕੋਲ ਆ ਕੇ ਕਈ ਕਈ ਦਿਨ ਰੋਂਦੇ ਹੀ ਰਹਿੰਦੇ ਹਨ। ਬਾਅਦ ਵਿਚ ਬਹੁਤ ਸਾਰੇ ਵਿਦਿਆਰਥੀ ਰਿਸ਼ਤੇਦਾਰਾਂ ਜਾਂ ਜਾਣ-ਪਛਾਣ ਵਾਲਿਆਂ ਕੋਲ ਰਹਿਣ ਨਾਲੋਂ ਆਪਣੇ ਸਾਥੀ ਵਿਦਿਆਰਥੀਆਂ ਦੇ ਨਾਲ ਰਹਿਣ ਨੂੰ ਤਰਜੀਹ ਦਿੰਦੇ ਹਨ ਤਾਂ ਜੋ ਉੱਥੇ ਮਿਲਣ ਵਾਲੀ ਕਥਿਤ ‘ਅਜ਼ਾਦੀ’ ਦਾ ਉਹ ਪੂਰਾ ਲੁਤਫ਼ ਉਠਾ ਸਕਣ। ਉਹ ਪੰਜ-ਪੰਜ, ਛੇ-ਛੇ ਜਾਂ ਕਈ ਵਾਰ ਇਸ ਤੋਂ ਵੀ ਵਧੇਰੇ ਮਿਲ ਕੇ ਕੋਈ ਰਿਹਾਇਸ਼ੀ-ਘਰ, ਬੰਗਲਾ ਜਾਂ ਅਪਾਰਟਮੈਂਟ ਕਿਰਾਏ ‘ਤੇ ਲੈ ਕੇ ਇਕੱਠੇ ਰਹਿੰਦੇ ਹਨ ਅਤੇ ਪੂਰੀ ‘ਮੌਜ-ਮਸਤੀ’ ਕਰਦੇ ਹਨ। ਕਈ ਮੁੰਡੇ-ਕੁੜੀਆਂ ਦੇ ਇਕੱਠੇ ਰਹਿਣ ਦੀਆਂ ਖ਼ਬਰਾਂ ਵੀ ਸੁਣਨ ਵਿਚ ਆਉਂਦੀਆਂ ਹਨ। ਉਨ੍ਹਾਂ ਵਿੱਚੋਂ ਕਈ ਤਾਂ ਇਸ ‘ਅਜ਼ਾਦੀ’ ਦੇ ਵਹਿਣ ਵਿਚ ਪੂਰੀ ਤਰ੍ਹਾਂ ਵਹਿ ਜਾਂਦੇ ਹਨ ਅਤੇ ਆਪਣਾ ਭਵਿੱਖ ਖ਼ਰਾਬ ਕਰ ਬਹਿੰਦੇ ਹਨ। ਪਿਛਲੇ ਕੁਝ ਕੁ ਸਮੇਂ ਤੋਂ ਕੁਝ ਵਿਦਿਆਰਥੀਆਂ ਵੱਲੋਂ ਇੱਥੇ ‘ਖ਼ਰਮਸਤੀਆਂ’ ਕਰਨ ਦੀਆਂ ਖ਼ਬਰਾਂ ਵੀ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ। ਬਰੈਂਪਟਨ ਦਾ ਮਸ਼ਹੂਰ ‘ਸ਼ੈਰੀਡਨ ਕਾਲਜ’ ਜਿਸ ਵਿਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਚੋਖੀ ਹੋਣ ਕਰਕੇ ਇਸ ਨੂੰ ‘ਬਰੈਂਪਟਨ ਦਾ ਖ਼ਾਲਸਾ ਕਾਲਜ’ ਵੀ ਕਿਹਾ ਜਾਣ ਲੱਗ ਪਿਆ ਹੈ, ਦੇ ਸਾਹਮਣੇ ਵਾਲੇ ਪਲਾਜ਼ੇ ਵਿਚ ਇਸ ਦੇ ਵਿਦਿਆਰਥੀਆਂ ਵਿਚਕਾਰ ਦਸੰਬਰ ਮਹੀਨੇ ਵਿਚ ਹਾਕੀਆਂ ਤੇ ਕ੍ਰਿਕਟ ਦੇ ਬੈਟਾਂ ਨਾਲ ਹੋਈ ਗਹਿ-ਗੱਚ ਲੜਾਈ ਦੀਆਂ ਖ਼ਬਰਾਂ ਨੇ ਇਨ੍ਹਾਂ ‘ਖ਼ਰਮਸਤੀਆਂ’ ਨੂੰ ਹੋਰ ਵੀ ਉਜਾਗਰ ਕਰ ਦਿੱਤਾ ਹੈ। ਇਸ ਲੜਾਈ ਵਿਚ ਚਾਰਜ ਕੀਤੇ ਗਏ ਤਿੰਨ ਨੌਜਵਾਨ ਵਿਦਿਆਰਥੀ ਤਾਂ ਉਸ ਤੋਂ ਦੂਸਰੇ ਦਿਨ ਹੀ ਪੀਲ ਪੁਲਿਸ ਵੱਲੋਂ ਦਬੋਚ ਲਏ ਗਏ ਸਨ ਅਤੇ ਇਕ ਹੋਰ ਨੂੰ ਬਾਅਦ ਵਿਚ ਕਾਬੂ ਕਰ ਲਿਆ ਗਿਆ ਸੀ। ਇਸ ਘਟਨਾ ਨੇ ਪੰਜਾਬੀ ਕਮਿਊਨਿਟੀ ਵੱਲੋਂ ਪਿਛਲੇ ਸਮੇਂ ਵਿਚ ਕਮਾਏ ਹੋਏ ਮਾਣ-ਸਨਮਾਨ ਨੂੰ ਡੂੰਘੀ ਸੱਟ ਮਾਰੀ ਹੈ ਅਤੇ ਹੁਣ ਇਸ ਕਮਿਊਨਿਟੀ ਦੇ ਲੋਕਾਂ ਵੱਲੋਂ ਹੀ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਕੋਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਨ੍ਹਾਂ ‘ਦੋਸ਼ੀ ਵਿਦਿਆਰਥੀਆਂ’ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਤੋਂ ਪਹਿਲਾਂ ਕਿਧਰੇ ਕਿਧਰੇ ਕੋਈ ਛੋਟੀ-ਮੋਟੀ ਘਟਨਾ ਸੁਣਨ ਵਿਚ ਆਉਂਦੀ ਸੀ ਪਰ ਇਹ ਮੁੱਖ-ਵਾਰਦਾਤ ਇਲੈਕਟ੍ਰਾਨਿਕ ਅਤੇ ਪਰਿੰਟ ਮੀਡੀਆ ਵਿਚ ਸੁਰਖ਼ੀਆਂ ਵਿਚ ਆਈ ਹੈ। ਕਈ ਟੀ.ਵੀ. ਤੇ ਰੇਡੀਓ ਪ੍ਰੋਗਰਾਮਾਂ ਦੇ ਲਾਈਵ-ਸ਼ੋਆਂ ਵਿਚ ਇਸ ਦੇ ਬਾਰੇ ਚੋਖੀ ਬਹਿਸ ਹੋਈ ਹੈ ਅਤੇ ਇਹ ਅਜੇ ਵੀ ਲਗਾਤਾਰ ਜਾਰੀ ਹੈ। ਸ਼ੈਰੀਡਨ ਕਾਲਜ ਦੇ ਆਸ-ਪਾਸ ਰਹਿਣ ਵਾਲੇ ਸ਼ਹਿਰ-ਵਾਸੀ ਵਿਦਿਆਰਥੀਆਂ ਦੀਆਂ ਅਜਿਹੀਆਂ ਹਰਕਤਾਂ ਤੋਂ ਕਾਫ਼ੀ ਔਖੇ ਹਨ ਅਤੇ ਕਈ ਤਾਂ ਓਧਰੋਂ ਆਪਣੇ ਘਰ ਵੇਚ ਕੇ ਸ਼ਹਿਰ ਦੇ ਦੂਸਰੇ ਹਿੱਸਿਆਂ ਵਿਚ ਖ਼ਰੀਦ ਰਹੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀਆਂ ‘ਕੋਝੀਆਂ ਹਰਕਤਾਂ’ ਚੰਦ ਅਮੀਰ-ਘਰਾਂ ਦੇ ਵਿਗੜੇ ਹੋਏ ‘ਕਾਕੇ’ ਹੀ ਕਰਦੇ ਹਨ ਅਤੇ ਇਹ ‘ਸੱਭ ਕੁਝ’ ਉਹ ਓਧਰੋਂ ਹੀ ਆਪਣੇ ਨਾਲ ਹੀ ਲਿਆਏ ਹਨ। ਉਨ੍ਹਾਂ ਨੂੰ ਇੱਥੇ ਪੈਸੇ ਦੀ ਕੋਈ ਪ੍ਰਵਾਹ ਨਹੀਂ ਹੈ। ਪਿੱਛੋਂ ਬਥੇਰੇ ਆਈ ਜਾਂਦੇ ਹਨ ਅਤੇ ਉਹ ਇੱਥੇ ਆਪਣੇ ‘ਅਵੱਲੇ ਸ਼ੌਕ’ ਪੂਰੇ ਕਰਦੇ ਹਨ। ਪਰ ਜਿਵੇਂ ਕਹਿੰਦੇ ਹਨ ਕਿ ਇਕ ‘ਗੰਦੀ ਮੱਛਲੀ’ ਹੀ ਸਾਰਾ ਤਲਾਬ ਗੰਦਾ ਕਰ ਦਿੰਦੀ ਹੈ, ਬਿਲਕੁਲ ਇੰਜ ਹੀ ਇਹ ਕੁਝ ਕੁ ਗਿਣਤੀ ਦੇ ਵਿਦਿਆਰਥੀ ਬਾਕੀ ਮਿਹਨਤੀ ਅਤੇ ਸ਼ਰੀਫ਼ ਵਿਦਿਆਰਥੀਆਂ ਦਾ ਵੀ ‘ਅੱਘ’ ਮਾਰਦੇ ਹਨ। ਸਾਡੀ ਆਪਣੀ ਕਮਿਊਨਿਟੀ ਨੂੰ ਤਾਂ ਇਸ ਦੇ ਬਾਰੇ ਪਹਿਲਾਂ ਹੀ ਬਥੇਰਾ ‘ਚਾਨਣ’ ਹੈ, ਦੂਸਰੀਆਂ ਕਮਿਊਨਿਟੀਆਂ ਦੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਬਹੁਤ ਹੀ ਗ਼ਲਤ ਸੁਨੇਹਾ ਜਾਂਦਾ ਹੈ ਕਿ ਇਸ ਕਮਿਊਨਿਟੀ ਦੇ ਸ਼ਾਇਦ ਸਾਰੇ ਹੀ ਨੌਜੁਆਨ ਇਸ ਕਿਸਮ ਦੇ ਹਨ। ਇਸ ਤਰ੍ਹਾਂ ਦੀ ਪ੍ਰਵਿਰਤੀ ਅਤੇ ਵਿਹਾਰ ਨੂੰ ਠੱਲ੍ਹ ਪਾਉਣ ਦੀ ਸਖ਼ਤ ਜ਼ਰੂਰਤ ਹੈ। ਉਪਰੋਕਤ ਘਟਨਾ ਨਾਲ ਸਬੰਧਿਤ ਫੜੇ ਗਏ ਦੋਸ਼ੀ ਵਿਦਿਆਰਥੀਆਂ ਦੇ ਕੇਸ ਵਿਚ ਤਾਂ ਕਾਨੂੰਨ ਆਪਣਾ ਰਸਤਾ ਅਖ਼ਤਿਆਰ ਕਰੇਗਾ ਹੀ ਅਤੇ ਉਸ ਦੇ ਅਨੁਸਾਰ ਹੀ ਉਨ੍ਹਾਂ ਨੂੰ ਸਜ਼ਾਵਾਂ ਮਿਲਣਗੀਆਂ ਜਿਨ੍ਹਾਂ ਵਿਚ ਉਨ੍ਹਾਂ ਦੀ ਇੱਥੋਂ ‘ਡਪਿੋਰਟੇਸ਼ਨ’ ਵੀ ਸ਼ਾਮਲ ਹੋ ਸਕਦੀ ਹੈ। ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੀਆਂ ਸੰਭਾਵਨਾਵਾਂ ਨੂੰ ਰੋਕਣ ਲਈ ਉਸਾਰੂ ਕਦਮ ਚੁੱਕਣ ਦੀ ਅਹਿਮ ਜ਼ਰੂਰਤ ਹੈ। ਕਮਿਊਨਿਟੀ ਦੇ ਆਗੂਆਂ ਨੂੰ ਮਿਲ ਕੇ ਇਸ ਦੇ ਬਾਰੇ ਮਿਲ ਬੈਠ ਕੇ ਗੰਭੀਰ ਸੋਚ-ਵਿਚਾਰ ਕਰਨ ਦੀ ਸਖ਼ਤ ਲੋੜ ਹੈ। – ਫ਼ੋਨ: 647-567-9128

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …