27.2 C
Toronto
Sunday, October 5, 2025
spot_img
Homeਰੈਗੂਲਰ ਕਾਲਮਸਿਨੇਮਾ ਘਰਾਂ 'ਚ ਰਾਸ਼ਟਰੀ ਗੀਤ

ਸਿਨੇਮਾ ਘਰਾਂ ‘ਚ ਰਾਸ਼ਟਰੀ ਗੀਤ

ਕੀ ਹੈ ਦੇਸ਼ ਭਗਤੀ ਨੂੰ ਮਾਪਣ ਦਾ ਪੈਮਾਨਾ?
ਦੀਪਕ ਸ਼ਰਮਾ ਚਨਾਰਥਲ
ਮੈਂ ਫਿਲਮਾਂ ਤੋਂ, ਸਿਨੇਮਾ ਘਰਾਂ ਤੋਂ ਜ਼ਿਆਦਾਤਰ ਦੂਰ ਹੀ ਰਹਿੰਦਾ ਹਾਂ। ਪਰ ਏਨਾ ਵੀ ਦੂਰ ਨਹੀਂ ਕਿ ਕਦੀ ਫਿਲਮ ਦੇਖਣ ਜਾਵਾਂ ਹੀ ਨਾ। ਸਾਲ ਵਿਚ ਇਕ ਜਾਂ ਦੋ ਵਾਰ ਮੈਂ ਫਿਲਮ ਵੇਖਣ ਚਲਾ ਹੀ ਜਾਂਦਾ ਹਾਂ ਤੇ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ 30 ਨਵੰਬਰ 2016 ਦੇ ਹੁਕਮਾਂ ਅਨੁਸਾਰ ਜਦੋਂ ਰਾਸ਼ਟਰੀ ਗੀਤ ਵੱਜਦਾ ਹੈ ਤਾਂ ਮੈਂ ਵੀ ਸਨਮਾਨ ਵਿਚ ਖੜ੍ਹਾ ਹੋ ਜਾਂਦਾ ਹਾਂ ਤੇ ਮੈਨੂੰ ਸਕੂਲ ਦੀ ਪ੍ਰਾਰਥਨਾ ਵੇਲੇ ਦਾ ਸਵੇਰ ਵਾਲਾ ਸਮਾਂ ਯਾਦ ਆ ਜਾਂਦਾ ਹੈ। ਮੇਰਾ ਜਵਾਕ ਟੀ.ਵੀ. ‘ਤੇ ਜਦੋਂ ਕੋਈ ਕ੍ਰਿਕਟ ਜਾਂ ਹਾਕੀ ਆਦਿ ਦਾ ਮੈਚ ਵੇਖਦਾ ਹੈ ਤੇ ਭਾਰਤੀ ਟੀਮ ਜਦੋਂ ਮੈਦਾਨ ਵਿਚ ਉਤਰਦੀ ਹੈ ਤਦ ਰਾਸ਼ਟਰ ਗਾਣ ਦੀ ਧੁਨ ਵਜਾਈ ਜਾਂਦੀ ਹੈ ਤੇ ਉਸ ਧੁਨ ‘ਤੇ ਵੀ ਉਹ ਮੈਨੂੰ ਕੁਰਸੀ ਤੋਂ ਖਿੱਚ ਕੇ ਖੜ੍ਹਾ ਕਰ ਲੈਂਦਾ ਹਾਂ ਤੇ ਮੈਂ ਇਕ ਵਾਰ ਫਿਰ ਰਾਸ਼ਟਰੀ ਗੀਤ ਦੇ ਸਨਮਾਨ ਵਿਚ ਖੜ੍ਹਾ ਹੋ ਜਾਂਦਾ ਹਾਂ। ਪਰ ਇੰਝ ਖੜ੍ਹਾ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ਹੀ ਸਭ ਤੋਂ ਵੱਡਾ ਰਾਸ਼ਟਰ ਭਗਤ ਹਾਂ। ਸਿਨੇਮੇ ਘਰਾਂ ਅੰਦਰ ਲੋਕ ਆਪਣੀਆਂ ਪੀੜਾਂ ਨੂੰ ਭੁਲਾਉਣ ਲਈ, ਆਪਣਾ ਮਨੋਰੰਜਨ ਕਰਨ ਲਈ ਤੇ ਕੁਝ ਪਲ ਹਾਸੇ-ਠੱਠੇ ਦੇ ਨਾਲ ਬਿਤਾਉਣ ਲਈ ਜਾਂਦੇ ਹਨ ਤੇ ਉਥੇ ਜੇ ਕੋਈ ਰਾਸ਼ਟਰੀ ਗੀਤ ‘ਤੇ ਖੜ੍ਹਾ ਨਹੀਂ ਹੁੰਦਾ ਤਾਂ ਇਸਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਉਹ ਰਾਸ਼ਟਰ ਭਗਤ ਨਹੀਂ ਹੈ। ਇਹ ਉਵੇਂ ਹੀ ਹੈ ਜਿਵੇਂ ਵਿਆਹ ਦਾ ਡੀ.ਜੇ. ਵੱਜ ਰਿਹਾ ਹੋਵੇ ਤੇ ਸਭ ਯਾਰ ਬੇਲੀ, ਰਿਸ਼ਤੇਦਾਰ ਮਿਲ ਕੇ ਨੱਚ ਰਹੇ ਹੋਣ ਤੇ ਅਚਾਨਕ ਡੀ.ਜੇ. ਵਾਲਾ ਕੋਈ ਧਾਰਮਿਕ ਗੀਤ ਜਾਂ ਭਜਨ ਲਗਾ ਦੇਵੇ ਤਦ ਉਸ ਸਮੇਂ ਲੋਕ ਪ੍ਰਾਰਥਨਾ ਵਾਲੀ ਪੁਜੀਸ਼ਨ ਵਿਚ ਖੜ੍ਹਨ ਦੀ ਬਜਾਏ ਅਜਿਹੇ ਮੌਕੇ ਖਿੜਖਿੜਾ ਕੇ ਹੱਸ ਪੈਂਦੇ ਹਨ। ਪਰ ਇੰਝ ਹੱਸਣ ਵਾਲੇ ਲੋਕਾਂ ਨੂੰ ਤੁਸੀਂ ਧਰਮ ਦੇ ਖਿਲਾਫ ਨਹੀਂ ਠਹਿਰਾ ਸਕਦੇ ਜਾਂ ਇਹ ਨਹੀਂ ਕਹਿ ਸਕਦੇ ਕਿ ਉਹ ਧਾਰਮਿਕ ਨਹੀਂ ਹਨ। ਉਸੇ ਤਰ੍ਹਾਂ ਇਕੱਲੇ ਰਾਸ਼ਟਰੀ ਗੀਤ ਸਮੇਂ ਖੜ੍ਹਾ ਹੋਣਾ ਹੀ ਦੇਸ਼ ਭਗਤੀ ਦਾ ਪੈਮਾਨਾ ਨਹੀਂ ਹੈ। ਜੇ ਅਸੀਂ ਸੱਚ ਮੁੱਚ ਦੇਸ਼ ਭਗਤ ਹਾਂ ਤਾਂ ਸਾਡੇ ਅੰਦਰ ਇਮਾਨਦਾਰੀ, ਸੱਚਾਈ, ਦੇਸ਼ ਦੀਆਂ ਵਿਰਾਸਤਾਂ ਨਾਲ, ਦੇਸ਼ਾਂ ਦੀਆਂ ਇਮਾਰਤਾਂ ਨਾਲ, ਸਰਕਾਰੀ ਜਾਇਦਾਦਾਂ ਨਾਲ ਮੋਹ ਵਾਲਾ ਰਿਸ਼ਤਾ ਹੋਣਾ ਲਾਜ਼ਮੀ ਹੈ। ਜੇ ਅਸੀਂ ਸੱਚ ਮੁੱਚ ਦੇਸ਼ ਭਗਤੀ ਸਾਬਤ ਕਰਨਾ ਚਾਹੁੰਦੇ ਹਾਂ ਤਾਂ ਰਿਸ਼ਵਤਖੋਰੀ ਛੱਡੋ, ਸਿਆਸਤ ਵਿਚ ਜਾਤ-ਪਾਤ ਦੀ ਸਾਜਿਸ਼ ਛੱਡੋ ਤੇ ਆਪਣੀ ਡਿਊਟੀ ਸਮੇਂ ਦੇ ਪਾਬੰਦ ਹੋ ਕੇ ਜਨਤਾ ਨੂੰ ਸਮਰਪਿਤ ਹੋ ਕੇ ਕਰੋ। ਫਿਰ ਤੁਸੀਂ ਦੇਸ਼ ਭਗਤ ਹੋ। ਸੱਚਾ ਦੇਸ਼ ਭਗਤ ਤਾਂ ਆਪਣਾ ਘਰ ਵੀ, ਆਪਣਾ ਚੌਗਿਰਦਾ ਵੀ ਤੇ ਆਪਣਾ ਪਿੰਡ, ਸ਼ਹਿਰ, ਕਸਬਾ ਵੀ ਸਾਫ ਰੱਖਣ ਲਈ ਉਦਮਸ਼ੀਲ ਹੁੰਦਾ ਹੈ ਤੇ ਆਪਾਂ ਸਭ ਕਿੰਨਾ ਕੁ ਗੰਦ ਪਾਉਣ ਵਿਚ ਯੋਗਦਾਨ ਪਾਉਂਦੇ ਹਾਂ, ਇਹ ਆਪਣੇ ਆਪ ਵਿਚਾਰ ਲੈਣਾ ਤੇ ਫਿਰ ਖੁਦ ਨੂੰ ਪੁੱਛਣਾ ਕਿ ਤੁਸੀਂ ਗੰਦ ਪਾ ਕੇ ਦੇਸ਼ ਭਗਤੀ ਸਾਬਤ ਕਰ ਰਹੇ ਹੋ, ਤੁਸੀਂ ਭ੍ਰਿਸ਼ਟਾਚਾਰ ਫੈਲਾ ਕੇ ਦੇਸ਼ ਭਗਤੀ ਸਾਬਤ ਕਰ ਰਹੇ ਹੋ ਤੇ ਇਸੇ ਕਤਾਰ ਵਿਚ ਜੇ ਤੁਸੀਂ ਰਾਸ਼ਟਰੀ ਗੀਤ ‘ਤੇ ਖੜ੍ਹੇ ਵੀ ਹੋ ਗਏ ਤੇ ਫਿਰ ਤੁਸੀਂ ਸਾਰੇ ਦੋਸ਼ਾਂ ਤੋਂ ਮੁਕਤ ਹੋ ਜਾਵੋਗੇ? ਇਸ ਲਈ ਤੈਅ ਕਰੋ ਕਿ ਦੇਸ਼ ਭਗਤੀ ਦਾ ਪੈਮਾਨਾ ਕੀ ਹੋਵੇ? ਸਵੈ ਪੜਚੋਲ ਜ਼ਰੂਰੀ ਹੈ।

RELATED ARTICLES
POPULAR POSTS