Breaking News
Home / ਰੈਗੂਲਰ ਕਾਲਮ / ਬਹੁਰੰਗੀ ਵਲੈਤ ਦੀਆਂ ਯਾਦਾਂ

ਬਹੁਰੰਗੀ ਵਲੈਤ ਦੀਆਂ ਯਾਦਾਂ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਮੇਰੇ ਖ਼ਿਆਲ ਮੁਤਾਬਕ ਵਲੈਤ ਬਾਰੇ ਪਹਿਲੀ ਵਾਰ ਪੰਜਾਬੀ ਵਿੱਚ ਸਫ਼ਰਨਾਮਾ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ, ਜਿਵੇਂ ਰੋਜ਼ਨਾਮਚਾ ਲਿਖੀਦਾ, ( ਡਾਇਰੀ ਦੇ ਪੰਨਿਆਂ ਵਾਂਗ)। ਇਹ ਉਹਨਾਂ ਦੇ ਦਿਹਾਂਤ ਦੇ ਦੇਰ ਮਗਰੋਂ ਛਪਿਆ। ਐਮ.ਐਸ. ਕਮਲਾ ਅਕਾਲੀ ਨੇ ਵੀ ‘ਮੇਰੀ ਵਲੈਤ ਯਾਤਰਾ’ ਨਾਮੀਂ ਕਿਤਾਬ ਲਿਖੀ। ਇਸ ਬਾਅਦ ਸੈਂਕੜੇ ਪੰਜਾਬੀ ਲੇਖਕ ਵਲੈਤ ਗਏ ਤੇ ਉਹਨਾਂ ‘ਚੋਂ ਅੱਧਿਆਂ ਤੋਂ ਵੱਧ ਨੇ ਵਲੈਤ ਬਾਰੇ ਸਫ਼ਰਨਾਮਾ ਪੁਸਤਕਾਂ ਲਿਖੀਆਂ। ਵਲੈਤ ਪਹਿਲੀ ਵਾਰ ਮੈਂ ਸੰਨ 2005 ਵਿੱਚ ਗਿਆ ਸੀ ਤੇ ਦੂਜੀ ਵਾਰ 2010 ਵਿੱਚ। ਪਹਿਲੀ ਵਾਰੀ ਗਿਆ ਤਾਂ ਢਾਈ ਕੁ ਮਹੀਨੇ ਰਿਹਾ। ਉਦੋਂ ਸਾਊਥਾਲ ਦੇ ‘ਦੇਸੀ ਰੇਡੀਓ’ ਵਿੱਚ ਠਹਿਰਿਆ ਤੇ ਪੰਜਾਬੀ ਲੋਕ-ਸੰਗੀਤ ਬਾਰੇ ਕੁਝ ਦਸਤਾਵੇਜ਼ੀ ਫੀਚਰ ਤਿਆਰ ਕੀਤੇ। ਦੇਰ ਰਾਤੀਂ ਸਟੂਡੀਓ ਵਿੱਚੋਂ ਵਿਹਲੇ ਹੋਣਾ ਤੇ ਉੱਪਰ ਬਣੇ ਰੂਮ ਵਿੱਚ ਜਾ ਸੌਣਾ। ਸਵੇਰੇ ਦੀ ਪਹਿਲੀ ਚਾਹ ਦਾ ਵੱਡਾ ਕੱਪ ਵੀ ਸਟੂਡੀਓ ਵਿੱਚ ਹੀ ਪੀਣਾ ਤੇ ਸਾਰਾ ਦਿਨ ਲਿਖਣ, ਪੜ੍ਹਨ, ਰਿਕਾਰਡਿੰਗ ਤੇ ਡਬਿੰਗ ਕਰਨ ਵਿੱਚ ਜੁਟੇ ਰਹਿਣਾ।
ਵਿਹਲ ਹੀ ਕਿੱਥੇ ਸੀ ਬਾਹਰ ਘੁੰਮਣ-ਫਿਰਨ ਜਾਣ ਦੀ? ਐਂਵੇ ਦੋ ਕੁ ਵਾਰੀ ਹਫ਼ਤੇ ਦੇ ਅੰਤ ‘ਤੇ ਸਾਊਥਾਲ ਤੋਂ ਕੋਚ ਵਿੱਚ ਬਹਿ ਕੇ ਬਰਮਿੰਘਮ ਨੂੰ ਗਿਆ ਸਾਂ।
ਜਦ ਦੂਜੀ ਵਾਰੀ ਵਲੈਤ ਫੇਰੀ ‘ਤੇ ਗਿਆ ਤਾਂ ਇਹ ਫੇਰੀ ਪੂਰੀ ਤਰਾਂ ਖੁੱਲ੍ਹੀ-ਡੁੱਲ੍ਹੀ ਸੀ। ਇੱਕ ਥਾਂ ਰਹਿਣ ਦਾ ਕੋਈ ਬੰਧੇਜ ਨਹੀਂ ਸੀ, ਜਿੱਥੇ ਜੀਅ ਚਾਹੇ, ਜਦੋਂ ਆਵਾਂ ਤੇ ਜਾਵਾਂ, ਜਿੰਨੇ ਦਿਨ, ਜਿੱਥੇ ਮਰਜ਼ੀ ਰਹੀ ਜਾਵਾਂ! ਉਦੋਂ ਮੈਂ ਚਾਰ ਮਹੀਨੇ ਤੇ ਕੁਝ ਦਿਨ ਪੂਰੀ ਵਲੈਤ ਦੇਖੀ। ਬਰਮਿੰਘਮ, ਸਾਊਥਾਲ, ਕਵੈਂਟਰੀ, ਵੁਲਵਰਹੈਂਪਟਨ, ਇਲਫੌਰਡ, ਚੈਲਟਨਮ, ਡਰਬੀ, ਲੈਸਟਰ, ਬਾਰਟਨ ਆਦਿ ਸ਼ਹਿਰਾਂ ਵਿੱਚ ਕਈ-ਕਈ ਵਾਰੀ ਗਿਆ। ਆਸੇ-ਪਾਸੇ ਦੀ ਹਰੇਵਾਈ ਮਨ ਮੋਂਹਦੀ। ਪੱਥਰਾਂ ਵਿੱਚ ਉੱਗੇ ਦਰੱਖਤ ਕੁਝ ਕਹਿਣ ਲਈ ਮਜਬੂਰ ਕਰਦੇ।
ਲਿਖਣ, ਪੜ੍ਹਨ, ਸੁਣਨ-ਸੁਣਾਉਣ ਤੇ ਗਾਉਣ-ਵਜਾਉਣ ਲਈ ਵੀ ਖੂਬ ਵਿਹਲ ਸੀ। ਆਪਣੇ ਪਾਠਕਾਂ-ਪ੍ਰਸੰਸਕਾਂ ਵਿੱਚ ਘਿਰਿਆ ਰਿਹਾ। ਬਹੁਤ ਡੂੰਘੀਆਂ ਵਿਚਾਰਾਂ ਵੀ ਹੁੰਦੀਆਂ ਤੇ ਹਲਕੀਆਂ-ਫੁਲਕੀਆਂ ਵੀ। ਬੜੀ ਵਾਰ ਦਿਲ ਉਦਾਸ ਵੀ ਹੋਇਆ ਤੇ ਖੁਸ਼ ਵੀ। ਉਤਲੇ ਮਨੋਂ ਹੱਸਣ ਵਾਲਿਆਂ ਨਾਲ ਹੱਸ ਲੈਂਦਾ ਤੇ ਦਿਲੋਂ ਰੋਣ ਵਾਲਿਆਂ ਨਾਲ ਰੋ ਲੈਂਦਾ। ਲਗਦਾ ਕਿ ਵਲੈਤ ਵਿੱਚ ਸਾਰੇ ਰੋਂਦੇ ਦਿਲੋਂ ਹੀ ਨੇ ਤੇ ਹਸਦੇ ਉਤਲੇ ਮਨੋਂ ਨੇ…ਫੌਕਾ-ਫ਼ੋਕਾ! ਕਦੇ ਵਲੈਤ ਪਰਦੇਸ ਜਾਪਣ ਲਗਦਾ ਤੇ ਕਦੇ ਬਿਲਕੁਲ ਆਪਣੇ ਪਿੰਡ ਵਰਗਾ। ਕਦੇ ਦਿਲ ਕਰਦਾ ਬਹੁਤ ਰਹਿ ਲਿਐ…ਵਾਪਿਸ ਚਲਿਆ ਜਾਵਾਂ ਤੇ ਕਦੇ ਕੁਝ ਦਿਨ ਹੋਰ ਰੁਕਣ ਲਈ ਦਿਲ ਕਰ ਆਉਂਦਾ। ਸਾਰੇ ਆਪਣੇ-ਆਪਣੇ ਹੀ ਲਗਦੇ…ਓਪਰਾ ਕੋਈ ਨਾ ਜਾਪਦਾ। ਸੋਚਦਾ ਕਿ ਕਿੰਨੇ ਚੰਗੇ ਲੋਕ ਨੇ, ਸੱਚੋ ਸੱਚ ਦੱਸਣ ਵਾਲੇ। ਇਹ ਮੇਰੇ ਕੀ ਲਗਦੇ ਨੇ? ਕੀ ਰਿਸ਼ਤਾ ਹੈ ਇਹਨਾਂ ਨਾਲ ਮੇਰਾ? ਕਿੰਨੀ ਮੇਰ ਜਿਤਾਉਂਦੇ ਨੇ ਮੇਰੇ ਨਾਲ ਏਹ। ਸਾਡੇ ਰਿਸ਼ਤੇਦਾਰਾਂ ਤੇ ਖੂਨ ਦੇ ਰਿਸ਼ਤਿਆਂ ਤੋਂ ਵੀ ਵਧ ਕੇ!
ਪੰਜਾਬੀਆਂ ਦੇ ਜਨ-ਜੀਵਨ ਨੂੰ ਨੇੜਿਓਂ ਦੇਖਿਆ। ਖਾਸ ਕਰਕੇ, ਸਾਲਾਂ ਤੋਂ ਪੁਰਾਣੇ ਗਏ ਪੰਜਾਬੀਆਂ ਤੇ ਹੁਣੇ-ਹੁਣੇ ਵਿਦਿਆਰਥੀ ਵੀਜ਼ਿਆਂ ‘ਤੇ ਗਏ ਪੰਜਾਬੀਆਂ ਦੇ ਦੁਖੜੇ ਵੰਨ-ਸੁਵੰਨੇ ਹਨ। ਕੁਝ-ਕੁਝ ਗੱਲਾਂ ਨੋਟ ਕਰਦਾ ਰਹਿੰਦਾ ਤੇ ਜਦ ਫੁਰਸਤ ਮਿਲਦੀ, ਕੰਪਿਊਟਰ ‘ਤੇ ਟਾਈਪ ਕਰ ਲੈਂਦਾ। ਵਲੈਤ ਯਾਤਰਾ ਸਮੇਂ ਆਪਣੀ ਡਾਇਰੀ ਦੇ ਪੰਨੇ ਵੀ ਲਿਖੇ ਤੇ ਸਫ਼ਰ ਦੀਆਂ ਯਾਦਾਂ ਵੀ। ਲੰਡਨ ਦੇ ਲੇਖਕਾਂ ਸੰਗ ਵੀ ਵਿਚਰਿਆ ਤੇ ਉਹਨਾਂ ਦੀ ਆਪਸੀ ‘ਘੈਂਸ-ਘੈਂਸ’ ਦਾ ਮਜ਼ਾ ਵੀ ਲਿਆ। ਕਈ ਮਹਿਫ਼ਲਾਂ ਵਿੱਚ ਸੰਗੀਤਕਾਰਾਂ ਦਾ ਸੰਗੀਤ ਸੁਣਿਆ…ਅਲਾਪ ਲੱਗੇ ਤੇ ਤਰਾਨੇ ਤਾਰੀ ਹੋਏ। ਕਵੀਆਂ ਦੀਆਂ ਕਵਿਤਾਵਾਂ ਤੇ ਵਲੈਤੀ ਗਾਇਕਾਂ ਦੇ ਗੀਤ ਗੂੰਜੇ ।
ਦੋ ਪੈਰ ਤੁਰਦਾ…ਪੱਬ ਆ ਜਾਂਦਾ। ਠੰਢੀ ਬੀਅਰ ਕਾਲਜੇ ਠੰਢ ਪਾਉਂਦੀ। ਮਸਤ ਬੈਠੇ ਗੋਰੇ-ਗੋਰੀਆਂ ਸਿਗਰਟਾਂ ਦੇ ਲੰਬੇ-ਲੰਬੇ ਕਸ਼ ਖਿੱਚ੍ਹਦੇ। ਨੀਵੇਂ ਸੁਰ ਵਿੱਚ ਗੱਲਾਂ ਕਰਦੇ ਤੇ ਮੁਸਕ੍ਰਾਹਟਾਂ ਵੰਡਦੇ। ਪੱਬਾਂ-ਕਲੱਬਾਂ, ਸਿਨੇਮੇ, ਕਲਾ-ਭਵਨਾਂ ਤੇ ਗੁਰੂ ਘਰਾਂ ਵਿੱਚ ਖੂਬ ਦਿਲ ਲਗਦਾ।
ਕਦੇ-ਕਦੇ ਸੁੰਨੇ ਪਏ ਘਰਾਂ ਦੇ ਹਉਕੇ ਸੁਣਾਈ ਦੇਣ ਲਗਦੇ। ਬੇਰੋਕ ਵਗਦੇ ਰੋਡ ਦੀ ਘੂਕਰ ਨੇ ਕੰਨਾਂ ਦਾ ਖਹਿੜਾ ਕਦੇ ਨਾ ਛਡਿਆ। ਕਿਸੇ ਘਰ ਦੇ ਪਿਛਵਾੜੇ ਰੁੱਖ ‘ਤੇ ਕੋਈ ਅਲੋਕਾਰ ਪੰਛੀ ਕੂਕਦਾ ਤੇ ਉਡ ਜਾਂਦਾ…ਮੈਂ ਪੰਛੀ ਦੀ ਆਵਾਜ਼ ਹੋਰ-ਹੋਰ ਸੁਣਨ ਲਈ ਤਰਲੋ-ਮੱਛੀ ਹੋਣ ਲਗਦਾ। ਫਰੀਜ਼ਰਾਂ ਤੇ ਹੀਟਰਾਂ ਦੀ ‘ਘੂੰ-ਘੂੰ ਤੇ ਸਾਂ-ਸਾਂ’ ਤੇ ਪੁਲੀਸ ਦੀ ਗੱਡੀ ਦਾ ਸਾਇਰਨ ਉਦੋਂ ਬਹੁਤ ਉਦਾਸ ਕਰਦੇ…ਜਦੋਂ ਘਰ ਵਿੱਚ ਇਕੱਲਾ ਹੁੰਂਦਾ। ਕਦੇ ਬਹੁਤੀ ਸਵੇਰ ਜਾਗ ਆ ਜਾਂਦੀ ਤਾਂ ਘਰ ਤੋਂ ਬਾਹਰ ਨਿਕਲਦਾ, ਸ਼ਾਂਤ ਤੇ ਇਕਸਾਰ ਖਲੋਤੇ ਘਰ ਵੀ ਸੁੱਤੇ ਹੁੰਦੇ। ਤ੍ਰੇਲ ਨਾਲ ਭਿੱਜੀਆਂ ਕਾਰਾਂ ਫਸ ਕੇ ਖਲੋਤੀਆਂ ਹੁੰਦੀਆਂ। ਕਈ-ਕਈ ਦਿਨ ਮੀਂਹ ਨਾ ਹਟਦਾ…ਕਿਣਮਿਣ-ਕਿਣਮਿਣ ਹੁੰਦੀ ਰਹਿੰਦੀ। ਕਦੇ-ਕਦੇ ਕਿਸੇ ਪਾਰਕ ਵਿੱਚ ਤੁਰਨ ਚਲਾ ਜਾਂਦਾ। ਇੱਕ ਦਿਨ ਮੈਂ ਇੱਕ ਆਰਟ ਗੈਲਰੀ ਵਿੱਚ ਵੜਿਆ, ਨਿਹਾਲੋ-ਨਿਹਾਲ ਹੋ ਕੇ ਜਦ ਚਾਰ ਘੰਟੇ ਬਾਅਦ ਬਾਹਰ ਨਿਕਲਿਆ ਤਾਂ ਬਾਰਿਸ਼ ਬਹੁਤ ਤੇਜ਼ ਹੋ ਗਈ। ਇੱਕ ਪੜਛੱਤੀ ਹੇਠਾਂ ਸਿਰ ਲੁਕਾ ਕੇ ਖਲੋ ਗਿਆ। ਲਾਗੇ ਹੀ ਇੱਕ ਵੱਡੇ ਥੰਮ੍ਹਲੇ ਨਾਲ ਕਬੂਤਰਾਂ ਦਾ ਇੱਕ ਜੋੜਾ ਭਿੱਜੇ ਖੰਭ੍ਹਾਂ ਨਾਲ ਠਿਠਕਿਆ ਬੈਠਾ ਸੀ, ਜਿਸ ਨੇ ਦਿਲ ਵਿੱਚ ਪਿਆਰ ਦੀ ਤਰੰਗ ਛੇੜ ਦਿੱਤੀ। ਅਜਿਹੇ ਹੀ ਨਿੱਕੇ-ਨਿੱਕੇ ਪਲਾਂ ਨੇ ਲਿਖਣ ਲਈ ਉਤਸ਼ਾਹ ਪੈਦਾ ਕਰ ਦਿੱਤਾ। ਸਿੱਟੇ ਵਜੋਂ ਪੁਸਤਕ ‘ਵੱਖਰੇ ਰੰਗ ਵਲੈਤ ਦੇ’ ਹੋਂਦ ਵਿੱਚ ਆ ਗਈ ਤੇ ਫਿਰ ਸਾਰ ਕੁਝ ਭਾਵ ਕਿ ਸਾਰੇ ਮੁਲਕਾਂ ਦੀ ਯਾਤਰਾ ਨੂੰ ਰਲਾ-ਲਿਾ ਕੇ ਪੁਸਤਕ ‘ਠੰਢੀ ਧਰਤੀ-ਤਪਦੇ ਲੋਕ’ ਲਿਖੀ ਸੀ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …