ਹਰਦੇਵ ਸਿੰਘ ਧਾਲੀਵਾਲ
98150-37279
ਕਾਨੂੰਨ ਬਾਰੇ ਕਿਹਾ ਜਾਂਦਾ ਹੈ ਕਿ ਬੇਗੁਨਾਹ ਨੂੰ ਸਜ਼ਾ ਨਾ ਹੋਵੇ, ਭਾਵੇਂ ਸੌਅ ਗੁਨਾਹਗਾਰ ਛੁਟ ਜਾਣ, ਇਹ ਇੱਕ ਬਹੁਤ ਵਧੀਆ ਗੱਲ ਹੈ। ਸਰਸੇ ਵਾਲੇ ਸਾਧ ਗੁਰਮੀਤ ਸਿੰਹੋ ਇੱਕ ਸਧਾਰਨ ਜਿੰਮੀਦਾਰ ਪਰਿਵਾਰ ਵਿੱਚੋਂ ਹੈ। ਡੇਰੇ ਦਾ ਪੁਰਾਣਾ ਨਾਂ ਸੱਚਾ ਸੌਦਾ ਰੱਖਿਆ ਸੀ, ਜਿਹੜਾ ਸਮੇਂ ਦੇ ਨਾਲ ਖਤਮ ਹੋ ਗਿਆ। ਗੁਰਮੀਤ ਸਿੰਹੋ ਨੇ 1990 ਵਿੱਚ ਡੇਰੇ ਦਾ ਪ੍ਰਬੰਧ ਸਾਭਿਆ। ਆਮ ਚਰਚਾ ਸੀ ਕਿ ਸਤਨਾਮ ਸਿੰਘ ਦੀ ਮੌਤ ‘ਤੇ ਕਈ ਸ਼ੱਕ ਸਨ। ਇਹਦਾ ਦੋਸਤ ਗੁਰਜੰਟ ਸਿੰਘ ਰਾਜਸਥਾਨੀ ਸੀ। ਕਿਹਾ ਜਾਂਦਾ ਹੈ ਕਿ ਕਈ ਪੁਲਿਸ ਵਾਲੇ ਸ਼ੱਕ ਕਰਦੇ ਹਨ, ਰਾਜਸਥਾਨੀ ਦੀ ਮੌਤ ਨਹੀਂ ਹੋਈ, ਇਹਦੇ ਡੇਰੇ ਤੇ ਸੀ, ਪਰ ਇਹ ਗੱਲ ਪ੍ਰਤੱਖ ਨਹੀਂ ਹੋਈ ਕਿਉਂਕਿ ਇਸ ਬਾਰੇ ਸੋਚਿਆ ਹੀ ਨਹੀਂ ਗਿਆ। ਇਸ ਨੇ ਭੋਲੇ ਭਾਲੇ ਲੋਕਾਂ ਨੂੰ ਵਰਗਲਾਇਆ। ਖਾਸ ਕਰਕੇ ਕਮਜੋਰ ਵਰਗ ਨੂੰ ਜਿਆਦਾ ਖਿੱਚਿਆ। ਕੇਂਦਰੀ, ਪੰਜਾਬ ਤੇ ਹਰਿਆਣਾ ਦੇ ਖੁਫੀਆ ਵਿਭਾਗ ਇਸ ਬਾਰੇ ਸਹੀ ਰਿਪੋਰਟ ਨਹੀਂ ਇਕੱਤਰ ਕਰ ਸਕੇ। ਸ਼ਾਇਦ ਫੰਡਾਂ ਦੀ ਘਾਟ ਹੁੰਦੀ ਹੈ ਜਾਂ ਫੰਡਾਂ ਦੀ ਸਹੀ ਵਰਤੋਂ ਨਹੀਂ ਹੁੰਦੀ। ਇਹ ਛੋਟੇ-ਛੋਟੇ ਸਮਾਜਿਕ ਕੰਮ ਕਰਕੇ ਲੋਕਾਂ ਨੂੰ ਆਪਣੇ ਵੱਲ ਖਿਚਦਾ ਸੀ। ਪਹਿਲਾਂ ਅਕਸਰ ਐਤਵਾਰ ਨੂੰ ਸੰਗਤ ਹੁੰਦੀ ਸੀ, ਮਾਲਵਾ, ਹਰਿਆਣਾ ਤੇ ਰਾਜਸਥਾਨ ਦੇ ਲੋਕ ਪੁੱਜਦੇ ਸਨ। ਇਸ ਦੇ ਵਿਭਚਾਰ ਤੇ ਭੈੜੇ ਕੰਮਾਂ ਬਾਰੇ ਰਾਮ ਚੰਦਰ ਛਤਰਪਤੀ ਇੱਕ ਪੱਤਰਕਾਰ ਨੇ ਅਵਾਜ ਉਠਾਈ। ਜਿਸ ਦਾ ਸਾਧਾਰਨ ਛੋਟਾ ਜਿਹਾ ਅਖ਼ਬਾਰ ਸੀ। ਉਸ ਨੂੰ ਡਰਾਇਆ ਧਮਕਾਇਆ ਗਿਆ, ਪਰ ਉਹ ਅਟੱਲ ਰਿਹਾ। ਅਖੀਰ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ ਗੁੰਮਨਾਮ ਚਿੱਠੀ ਛਾਪੀ ਸੀ, ਜਿਹੜੀ ਸਮੇਂ ਨਾਲ ਇਹਦੇ ਹੋਰ ਰਾਜ ਖੋਲਣ ਵਿੱਚ ਵੀ ਸਹਾਈ ਹੋਈ। ਦੋ ਬਹਾਦਰ ਔਰਤਾਂ ਆਪਣੇ ਬਿਆਨਾਂ ਤੇ ਕਾਇਮ ਰਹੀਆਂ। ਡੇਰੇ ਦਾ ਕੁੱਝ ਸਮੇਂ ਪ੍ਰਬੰਧਕ ਰਿਹਾ ਮੈਨੇਜਰ ਰਣਜੀਤ ਸਿੰਘ ਨੂੰ ਵੀ ਇਸ ਨੇ ਮਰਵਾ ਦਿੱਤਾ ਕਿਉਂਕਿ ਉਹ ਇਹਦੇ ਰਾਜ ਖੋਲਣ ਲੱਗ ਗਿਆ ਸੀ, ਜਿਹੜੇ ਉਸਦੀ ਭੈਣ ਨੇ ਦੱਸੇ ਸਨ। ਕਪਟੀ ਬਾਬੇ ਨੇ ਕਈ ਸੈਂਕੜੇ ਲੋਕ ਨਾਮਰਦ ਬਣਾਏ, ਉਹ ਵੱਖਰਾ ਕੇਸ ਹੈ।
ਚਰਚਾ ਹੈ ਕਿ ਜਿਹੜਾ ਕੋਈ ਇਸ ਦੇ ਡੇਰੇ ਵਿੱਚ ਇਸ ਦੇ ਭੈੜੇ ਕਾਰਜਾਂ ਦੀ ਗੱਲ ਕਰਦਾ ਸੀ, ਉਸ ਨੂੰ ਮਾਰ ਕੇ ਧਰਤੀ ਵਿੱਚ ਦੱਬ ਕੇ ਦਰਖਤ ਲਾ ਦਿੰਦੇ ਸਨ। ਇਸ ਬਾਰੇ ਬਹੁਤੀ ਖੋਜ ਤਾਂ ਨਹੀਂ ਹੋਈ, ਪਰ ਇਹ ਗਲਤ ਵੀ ਨਹੀਂ ਕਹੀ ਜਾ ਸਕਦੀ, ਕਿਉਂਕਿ ਉਹ ਵਿਰੋਧ ਬਰਦਾਸਤ ਨਹੀਂ ਸੀ ਕਰਦਾ। ਸਰਸੇ ਵਿੱਚ ਹਜ਼ਾਰਾ ਏਕੜ ਜਮੀਨ ਜੋਰ ਨਾਲ ਖਰੀਦੀ, ਸ਼ਾਇਦ ਪੈਸੇ ਪੂਰੇ ਨਾ ਦਿੱਤੇ, ਇਸ ਪਾਸੇ ਦੀ ਤਫਤੀਸ਼ ਵੀ ਨਹੀਂ ਹੋਈ। 2007 ਵਿੱਚ ਸਲਾਬਤਪੁਰੇ ਇਸ ਨੇ ਇੱਕ ਵੱਡਾ ਇਕੱਠ ਕੀਤਾ। ਦਸਵੇਂ ਪਾਤਸ਼ਾਹ ਦੀ ਫੋਟੋ ਵਿੱਚ ਪਾਈ ਪੋਸ਼ਾਕ ਬਣਵਾਈ, ਉਸ ਤਰ੍ਹਾਂ ਹੀ ਕੱਲਗੀ ਲਾਈ। ਅੰਮ੍ਰਿਤ ਦੀ ਥਾਂ ਮਿੱਠਾ ਪਾਣੀ ਘੋਲ ਕੇ ‘ਜਾਮ-ਏ-ਹਿੰਸਾਂ’ ਤਿਆਰ ਕੀਤਾ ਤੇ ਪਾਖੰਡੀਆਂ ਨੂੰ ਛਕਾਇਆ। ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਹੋਇਆ। ਬਾਈਕਾਟ ਦੀ ਗੱਲ ਕੀਤੀ ਗਈ। ਸਾਰਾ ਸਿਖ ਜਗਤ ਇੱਕ ਅਵਾਜ਼ ਹੋ ਗਿਆ। ਉਸ ਪਿੱਛੋਂ ਇਸ ਦੇ ਚੇਲਿਆਂ ਨੇ ਬਹਿਬਲ ਤੇ ਬਰਗਾੜੀ ਵਿੱਚ ਖੁਲ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕੀਤੀ, ਜਿਸ ਨੂੰ ਸਰਕਾਰ ਦੀ ਸਹਿ ਪ੍ਰਾਪਤ ਸੀ। ਇਸ ਬਾਰੇ ਬਰਗਾੜੀ ਤੇ ਬਹਿਬਲ ਦੇ ਲੋਕ ਖੁੱਲ੍ਹ ਕੇ ਕਹਿੰਦੇ ਹਨ। ਸਾਡੇ ਬਾਦਲਾਂ ਨੇ ਹਮੇਸ਼ਾਂ ਦੀ ਤਰ੍ਹਾਂ ਜੱਥੇਦਾਰਾਂ ਨੂੰ ਹੁਕਮ ਦਿੱਤਾ ਕਿ ਇਸ ਬੇਗੈਰਤ ਸਾਧ ਨੂੰ ਖਾਲਸਾ ਪੰਥ ਤੋਂ ਮੁਆਫੀ ਦਿਓ। ਪੇਪਰਾਂ ਵਿੱਚ ਗੱਲ ਆ ਚੁੱਕੀ ਹੈ ਕਿ ਸਾਧ ਤੇ ਸ. ਸੁਖਬੀਰ ਸਿੰਘ ਉਸ ਸਮੇਂ ਦੇ ਉਪ ਮੁੱਖ ਮੰਤਰੀ ਦੀ ਮੁਲਾਕਾਤ ਸ੍ਰੀ ਅਕਸ਼ੇ ਕੁਮਾਰ ਦੇ ਘਰ ਤੇ ਮੁੰਬਈ ਵਿਖੇ ਹੋਈ। ਉਹ ਹੁਕਮ ਜਿਸ ਤਰ੍ਹਾਂ ਹੋਇਆ, ਇਸ ਬਾਰੇ ਕੁੱਝ ਸਮੇਂ ਪਿੱਛੋਂ ਗਿਆਨੀ ਗੁਰਮੁਖ ਸਿੰਘ ਜੱਥੇਦਾਰ ਦਮਦਮਾ ਸਾਹਿਬ ਨੇ ਸਾਰੀ ਖੋਲ ਕੇ ਦੱਸ ਦਿੱਤੀ, ਭਾਵੇਂ ਕੁੱਝ ਸਮਾਂ ਪਿੱਛੋਂ ਹੀ ਇਹ ਕੰਮ ਕੀਤਾ, ਪਰ ਫੇਰ ਵੀ ਦੂਜੇ ਜੱਥੇਦਾਰਾਂ ਨਾਲੋਂ ਚੰਗਾ ਕੰਮ ਸੀ। ਉਸ ਨੂੰ ਸਜਾ ਦੇ ਕੇ ਧਮਧਾਨ ਸਾਹਿਬ (ਹਰਿਆਣਾ) ਭੇਜ ਦਿੱਤਾ। ਇਸ ਦੀ ਅੰਮ੍ਰਿਤਸਰ ਦੀ ਰਿਹਾਇਸ ਖਾਲੀ ਕਰਵਾਉਣ ਲਈ, ਉਸ ਦੇ ਬਿਜਲੀ ਤੇ ਪਾਣੀ ਕੱਟ ਦਿੱਤੇ, ਪਰ ਸਾਰਾ ਪੰਥ ਇੱਕ ਅਵਾਜ਼ ਹੋ ਗਿਆ, ਜਿਸ ਪਿੱਛੋਂ ਇਹ ਚਾਲੂ ਕਰ ਦਿੱਤੀ ਤੇ ਖਾਮਖਾਹ ਆਪਣੀ ਕਿਰਕਰੀ ਕਰਵਾਈ।
25 ਅਗਸਤ ਨੂੰ ਅਦਾਲਤ ਵੱਲੋਂ ਇਹ ਪਖੰਡੀ ਸਾਧ ਦੋਸ਼ੀ ਕਰਾਰ ਦਿੱਤਾ ਗਿਆ। 28 ਅਗਸਤ ਨੂੰ ਦੋਵੇਂ ਮੁਕੱਦਮਿਆਂ ਵਿੱਚ 10-10 ਸਾਲ ਕੈਦ ਸੁਣਾਈ ਗਈ, ਜਿਹੜੀ ਇਕੱਠੀ ਨਹੀਂ ਚੱਲੇਗੀ, ਸਗੋਂ ਪੂਰੇ 20 ਸਾਲ ਦੀ ਹੈ। ਪੇਪਰਾਂ ਦੀ ਖ਼ਬਰ ਹੈ, ਪਖੰਡੀ ਸਾਧ ਅਦਾਲਤ ਵਿੱਚ ਹੱਥ ਜੋੜ ਕੇ 7 ਸਾਲ 7 ਸਾਲ ਦੀ ਰਟਨ ਲਾ ਰਿਹਾ ਸੀ। ਪਰ ਸ਼ਾਬਾਸ਼ ਦਾ ਪਾਤਰ ਉਹ ਸੀ.ਬੀ.ਆਈ. ਅਦਾਲਤ ਦਾ ਸ਼ੈਸ਼ਨ ਜੱਜ ਜਗਦੀਪ ਸਿੰਘ। ਖਾਲਸਾ ਪੰਥ ਨੂੰ ਚਾਹੀਦਾ ਸੀ ਕਿ ਸਾਰੀਆਂ ਪੰਥਕ ਸੰਸਥਾਵਾਂ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਉਸ ਦਾ ਮਾਣ ਕਰਦੇ। ਜੱਜ ਨੂੰ ਜੇਕਰ ਸਨਮਾਨਤ ਸ਼ਖਸ਼ੀ ਤੌਰ ਤੇ ਨਾ ਕੀਤਾ ਜਾ ਸਕਦਾ ਹੋਵੇ ਤਾਂ ਵਧਾਈ ਦੇ ਸਕਦੇ ਸਨ। ਆਮ ਚਰਚਾ ਹੈ ਕਿ ਪਖੰਡੀ ਵਿਭਚਾਰੀ ਗੁਰਮੀਤ ਸਾਧ ਹੁਣ ਛਤਰਪਤੀ ਤੇ ਰਣਜੀਤ ਸਿੰਘ ਦੇ ਕਤਲਾਂ ਦੀ ਸੁਮਾਇਤ ਲਈ ਹੋਰ ਅਦਾਲਤਾਂ ਭਾਲਦਾ ਹੈ। 25 ਅਗਸਤ ਨੂੰ ਤਿਆਰ ਕੀਤੇ ਪ੍ਰੋਗਰਾਮ ਅਨੁਸਾਰ ਇਸ ਦੇ ਚੇਲਿਆਂ ਨੇ ਧੱਜੀਆਂ ਉਡਾਈਆਂ, ਜਿਸ ਕਰਕੇ 37 ਲੋਕਾਂ ਦੀ ਜਾਣ ਗਈ। ਹਰਿਆਣਾ ਸਰਕਾਰ ਦਾ ਵਤੀਰਾ ਤਾਂ ਨਰਮ ਹੀ ਰਿਹਾ। ਤਲਾਸ਼ੀ ਹਾਈ ਕੋਰਟ ਨੇ ਤੇ ਨਹੀਂ ਸੀ ਕਰਨੀ, ਕਰਨੀ ਤਾਂ ਪ੍ਰਬੰਧਕਾਂ ਨੇ ਹੀ ਸੀ, ਪਰ ਬਹੁਤਾ ਸਮਾਂ ਮਿਲਣ ਕਾਰਨ ਕੋਈ ਬਹੁਤੇ ਰਾਜ ਸਾਹਮਣੇ ਨਹੀਂ ਆਏ। ਇਸ ਬਾਰੇ ਅਖੌਤੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਚੁੱਪ ਹੀ ਰਹੇ। ਸ਼ਾਇਦ ਇਸ ਸਾਲ ਪੁਆਈਆਂ ਵੋਟਾਂ ਦਾ ਮੁੱਲ ਮੋੜ ਰਹੇ ਸੀ। ਇਹ ਇਹ ਕੁੱਝ ਕਰਕੇ ਪੰਥਕ ਮੁਦਈ ਨਹੀਂ ਅਖਵਾ ਸਕਦੇ। ਚੰਡੀਗੜ੍ਹ ਦੇ ਕੁੱਝ ਵਕੀਲ, ਇਸ ਵਿਰੁੱਧ ਸਰਗਰਮ ਹਨ। ਉਨ੍ਹਾਂ ਨੂੰ ਇਨਸਾਫ ਦਿਵਾਉਣ ਵਾਸਤੇ ਹੋਰ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। 25 ਅਗਸਤ ਨੂੰ ਵੱਧ ਤੋਂ ਵੱਧ ਨੁਕਸਾਨ ਪੰਜਾਬ ਵਿੱਚ ਹੋਣਾ ਸੀ, ਪਰ ਕੈਪਟਨ ਦੀ ਸਰਕਾਰ ਨੇ ਸ਼ਖਤ ਪ੍ਰਬੰਧ ਕਰਕੇ ਇਸਦੇ ਬਣਾਏ ਪ੍ਰੋਗਰਾਮ ਪੰਜਾਬ ਵਿੱਚ ਚੱਲ ਨਾ ਸਕੇ, ਕੋਈ ਖਾਸ ਨੁਕਸਾਨ ਨਾ ਹੋਇਆ। ਮਾਮੂਲੀ ਹਰਕਤ ਤਾਂ ਹੋ ਗਈ। ਇਨ੍ਹਾਂ ਤਕੜੇ ਪ੍ਰਬੰਧਾਂ ਲਈ ਕੈਪਟਨ ਅਮਰਿੰਦਰ ਸਿੰਘ ਪ੍ਰਸ਼ੰਸ਼ਾ ਦਾ ਪਾਤਰ ਹੈ। ਪ੍ਰਬੰਧਕ ਤੌਰ ਤੇ ਕੈਪਟਨ ਇੱਕ ਸਫਲ ਮੁੱਖ ਮੰਤਰੀ ਹੈ, ਗੱਡੀ ਵਿੱਚ ਉਹ ਆਪ ਬਾਰਡਰ ਤੇ ਘੁੰਮਦਾ ਰਿਹਾ। ਇਸਦੇ ਪਹਿਲੇ ਪੰਜ ਸਾਲਾਂ ਵਿੱਚ ਵੀ ਕੰਮ ਤਸੱਲੀਬਖਸ਼ ਤੇ ਵਧੀਆ ਸੀ। ਇਹ ਗੱਲ ਪ੍ਰਤੱਖ ਹੈ ਕਿ ਕੈਪਟਨ ਤੇ ਕੋਈ ਇਲਜਾਮ ਜਾਤੀ ਲਾਭਾਂ ਦਾ ਨਹੀਂ ਲਾ ਸਕਦਾ, ਸਿਆਸੀ ਪਾਰਟੀਆਂ ਦਾ ਪ੍ਰਬੰਧ ਹੋਰ ਹੈ। ਚੰਗਾ ਹੁੰਦਾ ਵਿਰੋਧੀ ਚੰਗੇ ਕੰਮਾਂ ਦੀ ਪ੍ਰਸ਼ੰਸ਼ਾ ਕਰ ਦਿੰਦੇ।
ਹੁਣ ਮਾਲਵੇ ਵਿੱਚ ਸਾਡੇ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਫਰਜ਼ ਹੈ ਕਿ ਜਿਹੜੇ ਭੁਲੇ ਭਟਕੇ ਲੋਕ ਵਾਪਸ ਆਉਂਦੇ ਹਨ, ਉਨ੍ਹਾਂ ਨੂੰ ਆਉਣ ਦਿਓ। ਇਹ ਜ਼ਰੂਰੀ ਨਾ ਹੋਵੇ ਕਿ ਅੰਮ੍ਰਿਤ ਛਕਣ। ਅੰਮ੍ਰਿਤ ਤੋਂ ਬਿਨਾਂ ਵੀ ਉਹ ਸਿੱਖ ਬਣ ਸਕਦੇ ਹਨ। ਉਹ ਮਰਗ, ਵਿਆਹ ਤੇ ਗੁਰੂ ਗ੍ਰੰਥ ਸਾਹਿਬ ਦੀ ਓਟ ਭਾਲਦੇ ਹਨ ਤਾਂ ਜ਼ਰੂਰ ਦਿਓ। ਇਹ ਨਾ ਦੇਣ ਦਾ ਵਰਤਾਰਾ ਬੰਦ ਕਰ ਦਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਸਮੇਂ ਸ਼ਰਧਾ ਵਾਲੇ ਲੋਕ ਲੈ ਜਾਣ। ਪਰ ਇਹ ਸਭ ਕੁੱਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਮਰਿਆਦਾ ਰਾਹੀਂ ਹੀ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਾਨਵਤਾ ਲਈ ਇੱਕ ਬਹੁਤ ਵੱਡਾ ਸੰਦੇਸ਼ ਦਿੰਦਾ ਹੈ। ਵੱਡੇ-ਵੱਡੇ ਦੇਸ਼ ਹੁਣ ਇਹ ਮੰਨਦੇ ਹਨ, ਜਿਹੜਾ ਹੋਣ ਲੋਕਾਂ ਦੇ ਗਿਆਨ ਲਈ ਵੀ ਵਾਧਾ ਹੋਣਾ ਜ਼ਰੂਰੀ ਬਣਦਾ ਹੈ। ਦੁਨੀਆਂ ਦੀਆਂ ਉੱਚ ਸੰਸਥਾਵਾਂ ਇਸ ਦੀ ਡੂੰਘੀ ਖੋਜ਼ ਕਰ ਰਹੀਆਂ ਹਨ, ਰੋਕਿਆ ਨਾ ਜਾਵੇ।
ਮੈਂ ਅਖੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਾਂਗਾ ਕਿ ਜੇਕਰ ਆਪਣੀ ਹੋਂਦ ਬਰਕਰਾਰ ਤੇ ਤਕੜੀ ਕਰਨੀ ਹੈ ਤਾਂ ਸਰਸੇ ਵਾਲੇ ਸਾਧ ਦੇ ਭੈੜੇ ਕੰਮ ਖੁਲ੍ਹ ਕੇ ਉਜਾਗਰ ਕਰੋ। ਸੁਨਾਮ ਦੇ ਕਈ ਪੰਥਕ ਮੈਂਬਰ 2007 ਦੀਆਂ ਵਾਰਦਾਤਾਂ ਸਮੇਂ ਕੇਸਾਂ ਵਿੱਚ ਫਸ ਗਏ, ਉਨ੍ਹਾਂ ਦੀ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਨੇ ਕੋਈ ਮਦਤ ਨਾ ਕੀਤੀ। ਉਹ ਲੋਕ ਆਪਣੇ ਤੌਰ ਤੇ ਡੇਰੇ ਜਾ ਕੇ ਮੁਆਫੀ ਮੰਗ ਆਏ, ਪਰ ਅਦਾਲਤ ਵਿੱਚ ਚਲਦੇ ਕੇਸਾਂ ਵਿੱਚ ਪੰਥ ਨਾ ਬਹੁੜਿਆ। ਉਹ ਕੱਟੜ ਸਿੱਖ ਹੁੰਦੇ ਹੋਏ ਮੁਆਫੀ ਮੰਗ ਕੇ ਆਏ। ਇਹ ਸਾਡੀ ਲਈ ਸ਼ਰਮ ਦੀ ਗੱਲ ਹੈ। ਅਜਿਹੇ ਧਾਰਮਿਕ ਮਸਲਿਆਂ ਤੇ ਕਦੇ ਪਿੱਠ ਨਹੀਂ ਦਿਖਾਉਣੀ ਚਾਹੀਦੀ। ਸ਼੍ਰੋਮਣੀ ਕਮੇਟੀ ਤਾਂ ਹੁਣ ਚੰਗੀ ਆਮਦਨ ਰੱਖਦੀ ਹੈ। ਚੰਗਾ ਹੋਵੇ ਜੇਕਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋਣ, ਸਬੰਧ ਇਲਾਕੇ ਦਾ ਪੰਥਕ ਇਕੱਠ ਭਾਈਚਾਰਕ ਤੌਰ ਤੇ ਮੈਂਬਰ ਨਾਮਜਦ ਕਰ ਦੇਣ। ਅਜਿਹੀ ਕਮੇਟੀ ਹਮੇਸ਼ਾ ਸਫਲ ਹੋਏਗੀ। ਸਾਰਾ ਖਾਲਸਾ ਪੰਥ 1920 ਦੀ ਤਰ੍ਹਾਂ ਇੱਕ ਹੋ ਜਾਵੇ।
ਅਖੌਤੀ ਵੱਡੇ ਤੇ ਮਹਾਨ ਬੰਦਿਆਂ ਦੀ ਭੌਤਿਕੀ
ਹਰਜੀਤ ਬੇਦੀ
ਇੱਕ ਹੁੰਦਾ ਸੀ ਮਲਕ ਭਾਗੋ। ਕਹਾਉਂਦਾ ਸੀ ਆਪਣੇ ਆਪ ਨੂੰ ਮਹਾਂ ਦਾਨੀ ਅਤੇ ਮਹਾਂ ਕਲਿਆਣੀ। ਪਰ ਆਪਣੇ ਬਾਪ ਦਾ ਸ਼ਰਾਧ ਕਰਦਾ ਸੀ ਲੋਕਾਂ ਕੋਲੋਂ ਜਬਰਦਸਤੀ ਅਤੇ ਧੌਂਸ ਨਾਲ ਇਕੱਠੇ ਕੀਤੇ ਧਨ ਨਾਲ। ਆਪਣੇ ਆਪ ਨੂੰ ਵੱਡਾ ਅਤੇ ਮਹਾਨ ਬੰਦਾ ਸਮਝ ਕੇ ਮੁੱਛਾਂ ਨੂੰ ਤਾਅ ਦੇਈ ਰਖਦਾ ਸੀ। ਉਸ ਨੂੰ ਬਾਬੇ ਨਾਨਕ ਨੇ ਦਿੱਤਾ ਸੀ ਸਮਝਾ ਕਿ ਅਸਲ ਵਿੱਚ ਵੱਡਾ ਬੰਦਾ ਹੁੰਦਾ ਕੌਣ ਆ। ਭੁਲੇਖੇ ਦਾ ਸ਼ਿਕਾਰ ਹੋਏ ਅਜੇ ਵੀ ਬਥੇਰੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਵੱਡਾ ਬੰਦਾ ਸਮਝਦੇ ਨੇ। ਅਜਿਹੇ ਬੰਦੇ ਟੌਹਰ ਟਪੱਲਾ ਪੂਰਾ ਰਖਦੇ ਨੇ ਤੇ ਵਿੱਚੋਂ ਹੁੰਦੇ ਆ ਪੋਲੀ ਭੂਕ। ਜਿੱਥੇ ਚਾਰ ਬੰਦੇ ਇਕੱਠੇ ਹੋਏ ਉੱਥੇ ਆਪਣੀ ਲਿਆਕਤ ਦਾ ਵਿਖਾਵਾ ਕਰਨ ਬਹਿ ਜਾਂਦੇ ਆ ਪਰ ਛੇਤੀ ਹੀ ਫੜੇ ਜਾਂਦੇ ਆ। ਫੇਰ ਹੋਰ ਥਾਂ ਮਜਮਾਂ ਲਾ ਕੇ ਪਹਿਲਾ ਵਾਲਾ ਕੰਮ। ਅੱਵਲ ਤਾਂ ਬਹੁਤੇ ਲੋਕ ਅਜਿਹੇ ਵੱਡੇ ਬੰਦਿਆਂ ਨੂੰ ਚੁੱਪ ਚਾਪ ਸੁਣ ਕੇ ਜਰ ਲੈਣ ਵਿੱਚ ਹੀ ਆਪਣਾ ਭਲਾ ਸਮਝਦੇ ਆ ਪਰ ਜੇ ਕੋਈ ਉਹਨਾਂ ਨੂੰ ਵਿੱਚੋਂ ਟੋਕ ਵੀ ਦੇਵੇ ਤਾਂ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ।
ਅਜਿਹੇ ਬੰਦਿਆਂ ਦੀ ਭੌਤਿਕੀ ਵਿੱਚ ਇਹ ਖਾਸੀਅਤ ਹੁੰਦੀ ਹੈ ਕਿ ਨਿਰਸਵਾਰਥੀ ਮਨੁੱਖਾਂ ਦੀ ਇਹ ਨਿੰਦਾ ਕਰਨੋ ਟਲ ਨਹੀਂ ਸਕਦੇ। ਕਿਉਂਕਿ ਆਪ ਉਹਨਾਂ ਵਰਗਾ ਬਣ ਨਹੀਂ ਸਕਦੇ ਤੇ ਦੂਜਿਆਂ ਤੋਂ ਉਨ੍ਹਾਂ ਦੀ ਵਡਿਆਈ ਸੁਣ ਨਹੀਂ ਸਕਦੇ। ਫਿਰ ਇਹਨਾਂ ਵਿਚਾਰੇ ਮਹਾਨ ਸਪੂਤਾਂ ਨੂੰ ਝੂਠ ਦਾ ਢੋਲ ਵਜਾਉਣਾ ਪੈਂਦਾ ਹੈ ਨਹੀਂ ਤਾਂ ਇਹਨਾਂ ਨੂੰ ਚੈਨ ਨਹੀ ਆਉਂਦਾ। ਈਰਖਾ ਅਤੇ ਸਾੜੇ ਦੇ ਮਾਰੇ ਅੰਦਰੇ ਅੰਦਰ ਸੜੀ ਜਾਂਦੇ ਹਨ। ਇਹਨਾਂ ਦੇ ਵੱਸ ਨਹੀਂ ਕਿਉਂਕਿ ਇਹਨਾਂ ਦੇ ਅੰਦਰ ਦਾ ਖੋਖਲਾਪਨ ਹੀ ਇਹਨਾਂ ਨੂੰ ਇਸ ਗੱਲ ਲਈ ਮਜਬੂਰ ਕਰਦਾ ਹੈ ਕਿ ਉਹ ਮਨੁੱਖਤਾਵਾਦੀ ਬੰਦਿਆਂ ਦੀ ਖਾਹਮਖਾਹ ਆਲੋਚਨਾ ਕਰਨ। ਉਹਨਾਂ ਦੀ ਛੋਟੀ ਜਿਹੀ ਗਲਤੀ ਨੂੰ ਮਾਈਕਰੋਸਕੋਪ ਨਾਲ ਹਜਾਰਾਂ ਗੁਣਾ ਵੱਡਾ ਦਿਖਾ ਕੇ ਅਤੇ ਪਰਚਾਰ ਕਰ ਕੇ ਆਨੰਦ ਪਰਾਪਤ ਕਰਦੇ ਹਨ। ਪਰ ਆਪ ਉਹ ਆਪਣੀ ਵੱਡੀ ਗਲਤੀ ਦੀ ਸਾਧਾਰਣ ਆਲੋਚਨਾ ਵੀ ਨਹੀਂ ਸਹਾਰ ਸਕਦੇ। ਇੱਕ ਸੰਸਥਾ ਦੇ ਮੁਖੀ ਨੂੰ ਵੀ ਇਹ ਸ਼ੱਕ ਹੋ ਗਿਆ ਉਹ ਬਹੁਤ ਵੱਡਾ ਬੰਦਾ ਹੈ। ਇਸੇ ਸ਼ੱਕ ਵਿੱਚ ਉਹ ਗਲਤ ਕਾਰਵਾਈਆਂ ਕਰਨ ਲੱਗਾ। ਜਦ ਆਲੋਚਨਾ ਹੋਣ ਲੱਗੀ ਤਾਂ ਉਸ ਦੀ ਸੁਪਤਨੀ ਉਸ ਦੇ ਬਚਾਅ ਤੇ ਆ ਗਈ, ”ਅਖੇ ਵੱਡੇ ਬੰਦੇ ਤੇ ਕਿੰਤੂ ਪਰੰਤੂ ਨਹੀਂ ਕਰੀਦਾ”।
ਕਈ ਭੱਦਰ ਪੁਰਸ ਅਜਿਹੇ ਵੀ ਹੁੰਦੇ ਹਨ ਕਿ ਉਹ ਆਪਣੇ ਆਪ ਹੀ ਮਹਾਨ ਬਣੇ ਫਿਰਦੇ ਹਨ। ਆਪਣੀ ਕਹੀ ਗੱਲ ਨੂੰ ਉਹ ਧੁਰੋਂ ਆਈ ਆਵਾਜ਼ ਹੀ ਸਮਝਦੇ ਹਨ। ਗੱਪ ਮਾਰਨ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ। ਝੂਠ ਨੂੰ ਅਜਿਹੇ ਢੰਗ ਨਾਲ ਬੋਲਣ ਵਿੱਚ ਮਾਹਰ ਹੁੰਦੇ ਹਨ ਕਿ ਉਨ੍ਹਾਂ ਨੂੰ ਸੁਣਨ ਵਾਲੇ ਸਾਧਾਰਨ ਮਨੁੱਖ ਉਸ ਨੂੰ ਸੱਚ ਮੰਨ ਲੈਂਦੇ ਹਨ ਤੇ ਉਹ ਇਸੇ ਨੂੰ ਆਪਣੀ ਬਹੁਤ ਵੱਡੀ ਪ੍ਰਾਪਤੀ ਸਮਝ ਬੈਠਦੇ ਹਨ। ਇਹ ਤਾਂ ਅਜਿਹੀ ਮਿੱਟੀ ਦੇ ਬਣੇ ਹੁੰਦੇ ਜੋ ਆਪਣੇ ਨਾਲ ਪਰਛਾਵੇਂ ਵਾਂਗ ਰਹਿਣ ਵਾਲਿਆਂ ਨੂੰ ਵੀ ਨਹੀਂ ਬਖਸ਼ਦੇ, ਮੌਕਾ ਮਿਲਣ ਤੇ ਉਸਦੀ ਵੀ ਚੁਗਲੀ ਤੇ ਨਿੰਦਾ ਕਰਨੋ ਨਹੀਂ ਹਟਦੇ। ਹਾਂ ਇਹ ਗੱਲ ਜਰੂਰ ਹੈ ਕਿ ਕਈ ਵਾਰ ਉਹਨਾਂ ਦੀ ਪੁਜੀਸ਼ਨ ਹਾਸੋਹੀਣੀ ਵੀ ਬਣ ਜਾਂਦੀ ਹੈ ਪਰ ਢੀਠ ਹੋਣ ਕਾਰਣ ਇਸ ਗੱਲ ਨੂੰ ਬਹੁਤਾ ਨਹੀਂ ਗੌਲਦੇ। ਜੇ ਕਿਤੇ ਓਲੰਪਿਕ ਵਿੱਚ ਝੂਠ ਬੋਲਣ ਦਾ ਮੁਕਾਬਲਾ ਹੁੰਦਾ ਹੋਵੇ ਤਾਂ ਇਨ੍ਹਾਂ ਦਾ ਗੋਲਡ ਮੈਡਲ ਵੱਟ ਤੇ ਪਿਆ। ਕਦੇ ਕਦੇ ਇਹਨਾਂ ਨੂੰ ਆਪਣੇ ਮਹਾਨ ਅਤੇ ਗੁਣਵਾਨ ਹੋਣ ਦਾ ਇੰਨਾ ਫਤੂਰ ਹੋ ਜਾਂਦਾ ਹੈ ਕਿ ਸੱਚਮੁੱਚ ਦੇ ਮਨੁੱਖਤਾਵਾਦੀ, ਸੰਸਾਰ ਪ੍ਰਸਿੱਧ ਅਤੇ ਆਪਣੇ ਖੇਤਰ ਦੇ ਮਾਹਰ ਵਿਅਕਤੀਆਂ ਦੀ ਆਲੋਚਨਾ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ। ਆਪਣੇ ਆਪ ਨੂੰ ਮਹਾਨ ਦਰਸਾਉਣ ਲਈ ਇਹ ਉਨ੍ਹਾਂ ਨੂੰ ਵੀ ਭੰਡਦੇ ਹਨ ਜਿਹੜੇ ਆਪਣੇ ਨਿਜੀ ਸਵਾਰਥਾਂ ਨੂੰ ਤਿਆਗ ਕੇ ਮਨੁੱਖਤਾ ਦੇ ਭਲੇ ਲਈ ਆਵਾਜ਼ ਬੁਲੰਦ ਕਰਦੇ ਹੋਏ ਆਪਣਾ ਨੁਕਸਾਨ ਵੀ ਬਰਦਾਸ਼ਤ ਕਰ ਲੈਂਦੇ ਹਨ। ਉਹਨਾਂ ਦੀ ਆਲੋਚਨਾ ਇੰਝ ਕਰਨਗੇ ਜਿਵੇਂ ਆਪ ਉਸ ਖੇਤਰ ਦੇ ਮਾਹਰ ਹੋਣ। ੳਨ੍ਹਾ ਦੀਆਂ ਅਜਿਹੀਆ ਕਰਤੂਤਾਂ ਕਾਰਨ ਇਉਂ ਲਗਦਾ ਹੈ ਜਿਵੇਂ ਉਹ ਬਾਬਾ ਨਾਨਕ ਨੂੰ ਕੁਰਾਹੀਆ ਕਹਿਣ ਵਾਲਿਆਂ ਦੀ ਨਸਲ ਚੋਂ ਹੋਣ। ਪਰ ਹੰਸਾਂ ਦਾ ਮੁਕਾਬਲਾ ਬਿੱਜੂ ਕਿਵੇ ਕਰ ਸਕਦੇ ਹਨ?