ਕਰੋਨਾ ਦਾ ਕਹਿਰ ਚਾਰੇ ਪਾਸੇ ਵਰਤ ਰਿਹਾ ਏ ਤੇ ਇਹ ਕਈ ਬੇਸ਼-ਕੀਮਤੀ ਹੀਰੇ ਸਾਥੋਂ ਸਦਾ ਲਈ ਜੁਦਾ ਕਰ ਰਿਹਾ ਏ। ਅਜਿਹੇ ਹੀਰਿਆਂ ਵਿਚ ਹੀ ਸ਼ਾਮਲ ਹੈ, ਬਰੈਂਪਟਨ ਤੇ ਮਿਸੀਸਾਗਾ ਦਾ ઑਅਨਮੋਲ ਹੀਰਾ਼, ਕਰਮ ਸਿੰਘ ਪੂਨੀਆ। ਕੇਵਲ ਬਰੈਂਪਟਨ ਤੇ ਮਿਸੀਸਾਗਾ ਦਾ ਹੀ ਨਹੀਂ, ਸਗੋਂ ਉਹ ਤਾਂ ਸਮੁੱਚੇ ਗਰੇਟਰ ਟੋਰਾਂਟੋ ਏਰੀਏ ਦਾ ਹੀ ઑਚਮਕਦਾ-ਦਮਕਦਾ ਅਨਮੋਲ ਹੀਰਾ ਸੀ। ਪਿਛਲੇ ਦਿਨੀਂ ਮਹਾਂਮਾਰੀ ‘ਕੋਵਿਡ-19’ ਦੇ ਖ਼ੂੰਨੀ ਪੰਜਿਆਂ ਨੇ ਇਸ ਹੀਰੇ ਨੂੰ ਆਪਣੀ ਮਜ਼ਬੂਤ ਪਕੜ ਵਿਚ ਲੈ ਲਿਆ ਅਤੇ ਸਾਡੇ ਸਾਰਿਆਂ ਤੋਂ ਸਦਾ ਲਈ ਵਿਛੋੜ ਦਿੱਤਾ।
ਕਰਮ ਸਿੰਘ ਪੂਨੀਆ 1985 ਦੇ ਨੇੜੇ-ਤੇੜੇ ਕੈਨੇਡਾ ਪਹੁੰਚੇ ਸਨ ਅਤੇ ਆਉਂਦਿਆਂ ਹੀ ਸਮਾਜਿਕ, ਧਾਰਮਿਕ, ਸਿਆਸੀ, ਅਤੇ ਭਾਈਚਾਰਕ ਗਤੀਵਿਧੀਆਂ ਵਿਚ ਸਰਗ਼ਰਮੀਆਂ ਨਾਲ ਭਾਗ ਲੈਣ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਵਿਚ ਮਸ਼ਹੂਰ ਸ਼ਖ਼ਸੀਅਤ ਬਣ ਗਏ। ਉਨ੍ਹਾਂ ਟੋਰਾਂਟੋ ਏਅਰਪੋਰਟ ‘ਤੇ ਲੰਮਾਂ ਸਮਾਂ ਇਕ ਵਧੀਆ ਟੈਕਸੀ ਡਰਾਈਵਰ ਵਜੋਂ ਕੰਮ ਕੀਤਾ ਅਤੇ ਇਸ ਦੇ ਨਾਲ ਹੀ ਰੇਡੀਓ ‘ਖ਼ਬਰਸਾਰ’ ਉੱਪਰ ਨਿਊਜ਼-ਰੀਡਰ ਵਜੋਂ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਰਹੇ। ਉਹ ਸਿਆਸਤ ਵਿਚ ਵੀ ਬਰਾਬਰ ਵਚਰਦੇ ਰਹੇ ਅਤੇ ਲਿਬਰਲ ਪਾਰਟੀ ਦੇ ਪੱਕੇ ਹਿਮਾਇਤੀ ਰਹੇ। ਸਾਲ 2003 ਅਤੇ 2006 ਵਿਚ ਉਨ੍ਹਾਂ ਨੇ ਮਿਸੀਸਾਗਾ ਦੇ ਵਾਰਡ ਨੰਬਰ 5 ਤੋਂ ਸਿਟੀ ਕਾਊਂਸਲਰ ਦੀ ਚੋਣ ਲੜੀ। ਏਸ਼ੀਅਨ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲਿਆ ਪਰ ਉਹ ਮਾਮੂਲੀ ਜਿਹੇ ਫ਼ਰਕ ਨਾਲ ਈਵ ਐਡਮ ਤੋਂ ਹਾਰ ਗਏ ਸਨ।
ਏਅਰਪੋਟ ਟੈਕਸੀ ਕੈਬ ਐਸੋਸੀਏਸ਼ਨ ਦੇ ਐਗਜ਼ੈੱਕਟਿਵ ਡਾਇਰੈੱਕਟਰ ਵਜੋਂ ਆਪਣੀ ਅਹਿਮ ਭੂਮਿਕਾ ਨਿਭਾਉਂਦਿਆਂ ਹੋਇਆਂ ਉਹ ਟੈਕਸੀ ਡਰਾਇਵਰਾਂ ਦੇ ਹੱਕਾਂ ਲਈ ਡੱਟ ਕੇ ਖੜੇ ਹੋਏ ਅਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ। ਇਸ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਔਜਲਾ ਨੇ ਕਰਮ ਸਿੰਘ ਪੂਨੀਆ ਦੇ ਸਦੀਵੀ-ਵਿਛੋੜੇ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਹੋਇਆਂ ਕਿਹਾ ਕਿ ਸ. ਪੂਨੀਆ ਦੇ ਚਲੇ ਜਾਣ ਨਾਲ ਏਅਰਪੋਰਟ ਟੈਕਸੀ ਤੇ ਲਿਮੋ ਚਾਲਕਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਏਸੇ ਤਰ੍ਹਾਂ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ (ਟੀ.ਪੀ.ਏ.ਆਰ) ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਡਾਹਡਾ ਦੁੱਖ ਪ੍ਰਗਟ ਕਰਦਿਆਂ ਹੋਇਆਂ ਸ. ਕਰਮ ਸਿੰਘ ਪੂਨੀਆ ਨੂੰ ਏਅਰਪੋਰਟ ਟੈਕਸੀ ਚਾਲਕਾਂ ਦਾ ‘ਰਾਹ-ਦਸੇਰਾ’ ਦੱਸਿਆ।
ਨਿਊ ਹੋਪ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੰਭੂ ਦੱਤ ਸ਼ਰਮਾ ਨੇ ਕਰਮ ਸਿੰਘ ਪੂਨੀਆ ਵੱਲੋਂ ਰੇਡੀਓ ਖ਼ਬਰਸਾਰ ਉੱਪਰ ਕੀਤੀਆਂ ਗਈਆਂ ਟਿੱਪਣੀਆਂ ਤੇ ਤਬਸਰਿਆਂ ਨੂੰ ‘ਬੇਬਾਕ’ ਤੇ ઑਅਣਮੁੱਲੀਆਂ਼ ਦੱਸਦਿਆਂ ਹੋਇਆਂ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਇਨਸਾਨ ਵਿਰਲੇ ਹੀ ਧਰਤੀ ‘ਤੇ ਆਉਂਦੇ ਹਨ।
ਧਿਆਨ ਰਹੇ ਕਿ ਕਰਮ ਸਿੰਘ ਪੂਨੀਆ ਹਮੇਸ਼ਾ ਹੀ ਔਖੀ ਘੜੀ ਵਿਚ ਸਭਨਾਂ ਦੀ ਸਹਾਇਤਾ ਲਈ ਸਾਹਮਣੇ ਆ ਖਲੋਦੇ ਸਨ। ਖਾਸ ਕਰਕੇ ਜਦੋਂ ਵੀ ਕਿਤੇ ਪੰਜਾਬੀ ਮੀਡੀਆ ‘ਤੇ ਕਿਸੇ ਤਰ੍ਹਾਂ ਦੀ ਕੋਈ ਔਖੀ ਘੜੀ ਆਈ ਤਦ ਕਰਮ ਸਿੰਘ ਪੂਨੀਆ ਨੇ ਹਮੇਸ਼ਾ ਆਪਣੇ ਭਾਈਚਾਰੇ ਦਾ ਆਪਣੀ ਵਿੱਤ ਤੋਂ ਬਾਹਰ ਜਾ ਕੇ ਸਹਿਯੋਗ ਕੀਤਾ।
ਕਰਮ ਸਿੰਘ ਪੂਨੀਆ 1985 ਵਿਚ ਸਮਰਾਲੇ ਦੇ ਨੇੜਲੇ ਪਿੰਡ ਪੂਨੀਆ ਤੋਂ ਆ ਕੇ ਪਹਿਲਾਂ ਮਿਸੀਸਾਗਾ ਵਿਚ ਰਹੇ ਅਤੇ ਫਿਰ ਉਨ੍ਹਾਂ ਨੇ ਬਰੈਂਪਟਨ ਨੂੰ ਆਪਣਾ ਨਵਾਂ ਘਰ ਬਣਾ ਲਿਆ। ਉਹ ਆਪਣੇ ਪਿੱਛੇ ਆਪਣੀ ਪਤਨੀ, ਦੋ ਬੇਟੇ ਅਤੇ ਇਕ ਬੇਟੀ ਛੱਡ ਗਏ ਹਨ। ਟੈਕਸੀ ਚਲਾਉਂਦੇ ਸਮੇਂ ਇਸ ਭੈੜੀ ਕਰੋਨਾ ਨੇ ਉਨ੍ਹਾਂ ਨੂੰ ਘੇਰ ਲਿਆ। ਉਹ ਲੱਗਭੱਗ ਇਕ ਮਹੀਨਾ ਇਸ ਦੇ ਨਾਲ ਘੁਲਦੇ ਰਹੇ ਅਤੇ ਅਖ਼ੀਰ ਉਨ੍ਹਾਂ ਨੂੰ ਇਸ ਦੇ ਅੱਗੇ ਹਥਿਆਰ ਸੁੱਟਣੇ ਪਏ। ਪੰਜ ਮਈ ਨੂੰ ਹੋਏ ਉਨ੍ਹਾਂ ਦੇ ਅੰਤਮ ਸਸਕਾਰ ਸਮੇਂ ਬੇਸ਼ਕ ਕਰੋਨਾ ਦੇ ਚੱਲ ਰਹੇ ਪ੍ਰਕੋਪ ਕਾਰਨ ਉਨ੍ਹਾਂ ਦੇ ਪਰਿਵਾਰ ਦੇ ਗਿਣਤੀ ਦੇ ਮੈਂਬਰ ਹੀ ਹਾਜ਼ਰ ਹੋ ਸਕੇ ਸਨ। ਪਰ ਉਸ ਦਿਨ ਸੈਂਕੜਿਆਂ ਦੀ ਗਿਣਤੀ ਵਿਚ ਇਹ ਅੰਤਮ ਰਸਮਾਂ ઑਲਾਈਵ਼ ਵੇਖਦਿਆਂ ਹੋਇਆਂ ਨਮ ਅੱਖਾਂ ਨਾਲ ਉਨ੍ਹਾਂ ਨੂੰ ਆਪਣੀ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਜੇਕਰ ਇਹ ਆਮ ਦਿਨ ਹੁੰਦਾ ਤਾਂ ਉਨ੍ਹਾਂ ਸੈਂਕੜਿਆਂ ਨਹੀ, ਸਗੋਂ ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਨੇ ਸ. ਪੂਨੀਆਂ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਹੋਣਾ ਸੀ।
ਕਰਮ ਸਿੰਘ ਪੂਨੀਆ ਮੇਰੇ ਮਿੱਤਰ ਕਹਾਣੀਕਾਰ ਮੇਜਰ ਮਾਂਗਟ ਦੇ ਮਾਮੇ ਦੇ ਪੁੱਤਰ ਹਨ। ਮੇਜਰ ਮਾਂਗਟ ਨੇ ਬਚਪਨ ਵਿਚ ਨਾਨਕੇ ਪਿੰਡ ਰਹਿ ਕੇ ਆਪਣੇ ਮਾਮੇ-ਮਾਮੀ ਦਾ ਢੇਰ ਸਾਰਾ ਪਿਆਰ ਪ੍ਰਾਪਤ ਕੀਤਾ।
ਕਰਮ ਸਿੰਘ ਤੇ ਮੇਜਰ ਮਾਂਗਟ ਦਾ ਉਮਰ ਵਿਚ ਥੋੜ੍ਹਾ ਜਿਹਾ ਹੀ ਵੱਡ-ਛੋਟ ਹੋਣ ਕਾਰਨ ਦੋਵੇਂ ਇਕੱਠੇ ਹੀ ਪਿੰਡ ਦੇ ਸਕੂਲ ਅਤੇ ਫਿਰ ਸਮਰਾਲੇ ਕਾਲਜ ਵਿਚ ਪੜ੍ਹਦੇ ਰਹੇ। ਉਨ੍ਹਾਂ ਇਕੱਠਿਆਂ ਹੀ ਉੱਥੋਂ ਬੀ.ਏ. ਪਾਸ ਕੀਤੀ। ਮਾਂਗਟ ਦੇ ਦੱਸਣ ਅਨੁਸਾਰ ਉਹ ਐੱਮ.ਏ. ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚਲਾ ਗਿਆ ਅਤੇ ਕਰਮ ਸਿੰਘ ਨੇ ਫਤਿਹਗੜ੍ਹ ਵਿਖੇ ਐੱਮ.ਏ. ਵਿਚ ਦਾਖ਼ਲਾ ਲੈ ਲਿਆ। ਫਿਰ 1985 ਵਿਚ ਕਰਮ ਸਿੰਘ ਕੈਨੇਡਾ ਆ ਗਿਆ ਅਤੇ ਉਸ ਤੋਂ ਅਗਲੇ ਸਾਲ ਉਸ ਨੇ ਮਾਂਗਟ ਨੂੰ ਵੀ ਉੱਥੇ ਸੱਦ ਲਿਆ ਤੇ ਦੋਵੇਂ ਭਰਾ ਫਿਰ ਇਕੱਠੇ ਹੋ ਗਏ।
ਮਾਂਗਟ ਦੇ ਆਪਣੇ ਸ਼ਬਦਾਂ ਵਿਚ, ”ਕਰਮ ਸਿੰਘ ਨੇ ਕੈਨੇਡਾ ਸੈੱਟਲ ਹੋਣ ਵਿਚ ਮੇਰੀ ਬੁਹਤ ਮਦਦ ਕੀਤੀ।” ਇਕੱਲੇ ਮੇਜਰ ਮਾਂਗਟ ਦੀ ਨਹੀਂ, ਕਰਮ ਸਿੰਘ ਪੂਨੀਆ ਨੇ ਕਈ ਹੋਰਨਾਂ ਦੀ ਵੀ ਇੱਥੇ ਕੈਨੇਡਾ ਵਿਚ ਸੈੱਟਲ ਹੋਣ ਵਿਚ ਸਹਾਇਤਾ ਕੀਤੀ ਹੋਵੇਗੀ ਅਤੇ ਉਹ ਵੀ ਸਾਰੇ ਉਸ ਨੂੰ ਯਾਦ ਕਰ ਰਹੇ ਹੋਣਗੇ।
ਪ੍ਰਮਾਤਮਾ ਕਰਮ ਸਿੰਘ ਪੂਨੀਆ ਦੀ ਵਿੱਛੜੀ ਆਤਮਾ ਨੂੰ ਸਦੀਵੀ-ਸ਼ਾਂਤੀ ਬਖ਼ਸ਼ੇ!
– ਡਾ. ਸੁਖਦੇਵ ਸਿੰਘ ਝੰਡ
ਫ਼ੋਨ: 84377-27375