Breaking News
Home / ਰੈਗੂਲਰ ਕਾਲਮ / ਨਵੀਆਂ ਖੋਜਾਂ-ਨਵੇਂ ਤੱਥ : ਅਜਬ ਸੂਰਜੀ ਧੱਬੇ ਤੇ ਕੋਵਿਡ-19 ਮਹਾਂਮਾਰੀ

ਨਵੀਆਂ ਖੋਜਾਂ-ਨਵੇਂ ਤੱਥ : ਅਜਬ ਸੂਰਜੀ ਧੱਬੇ ਤੇ ਕੋਵਿਡ-19 ਮਹਾਂਮਾਰੀ

ਡਾ. ਡੀ ਪੀ ਸਿੰਘ
416-859-1856
ਸਾਡਾ ਸੂਰਜ ਇਕ ਬਹੁਤ ਹੀ ਰਹੱਸਮਈ ਤਾਰਾ ਹੈ। ਇਸ ਵਿਖੇ ਵਾਪਰ ਰਹੀਆਂ ਅਜਬ ਕ੍ਰਿਆਵਾਂ ਕਾਰਣ ਹੀ ਸੂਰਜੀ ਧੱਬਿਆਂ ਦਾ ਵਰਤਾਰਾ ਜਨਮ ਲੈਂਦਾ ਹੈ। ਸੂਰਜੀ ਧੱਬਾ ਸੂਰਜ ਉੱਤੇ ਅਜਿਹੇ ਖੇਤਰ ਨੂੰ ਕਿਹਾ ਜਾਦਾ ਹੈ ਜਿਸ ਦਾ ਤਾਪਮਾਨ ਇਸ ਦੇ ਆਲੇ ਦੁਆਲੇ ਦੇ ਖੇਤਰ ਨਾਲੋਂ ਘੱਟ ਹੁੰਦਾ ਹੈ। ਇਸੇ ਕਾਰਣ ਇਹ ਖੇਤਰ ਕਾਲਾ ਨਜ਼ਰ ਆਉਂਦਾ ਹੈ। ਸੂਰਜੀ ਧੱਬੇ, ਆਮ ਕਰਕੇ ਜੁੱਟਾਂ ਜਾਂ ਗਰੁਪਾਂ ਦੇ ਰੂਪ ਵਿਚ ਸੂਰਜ ਦੀ ਭੂ-ਮੱਧ ਰੇਖਾ ਦੇ ਉੱਤਰ ਤੇ ਦੱਖਣ, ਦੋਨੋਂ ਪਾਸੇ ਹੀ, 40 ਡਿਗਰੀ ਤੇ 50 ਡਿਗਰੀ ਅਕਸ਼ਾਸ਼ ਰੇਖਾਵਾਂ (latitude) ਵਿਚਕਾਰਲੀ ਪੱਟੀ ਵਿਖੇ ਪ੍ਰਗਟ ਹੁੰਦੇ ਹਨ। ਇਨ੍ਹਾਂ ਦਾ ਆਕਾਰ 33 ਕਿਲੋਮੀਟਰ ਤੋਂ ਲੈ ਕੇ ਸਾਡੀ ਧਰਤੀ ਦੇ ਆਕਾਰ ਤੋਂ ਵੀ ਕਈ ਗੁਣਾ ਵੱਡਾ ਹੋ ਸਕਦਾ ਹੈ। ਇਹ ਸੂਰਜੀ ਧੱਬੇ ਧਰਤੀ ਉੱਤੇ ਅਨੇਕ ਅਦਭੁੱਤ ਵਰਤਾਰਿਆਂ ਨੂੰ ਜਨਮ ਦਿੰਦੇ ਹਨ।
ਕਿਉਂਕਿ ਸੂਰਜ ਅੱਗ ਦਾ ਇਕ ਚਮਕਦਾਰ ਗੋਲਾ ਹੈ ਤੇ ਇਸ ਦੀ ਤੇਜ਼ ਰੋਸ਼ਨੀ ਕਾਰਣ ਇਸ ਵੱਲ ਦੇਖ ਸਕਣਾ ਸੰਭਵ ਨਹੀਂ। ਇਸੇ ਲਈ ਸੂਰਜੀ ਧੱਬਿਆਂ ਨੂੰ ਦੇਖਣ ਲਈ ਵਿਸ਼ੇਸ਼ ਫਿਲਟਰਾਂ ਦੀ ਲੋੜ ਪੈਂਦੀ ਹੈ। ਸੂਰਜੀ ਧੱਬਿਆਂ ਦਾ ਜਨਮ ਬਹੁਤ ਹੀ ਰੌਚਕ ਕ੍ਰਿਆ ਹੈ। ਸੂਰਜ, ਜੋ ਕਿ ਬਹੁਤ ਹੀ ਗਰਮ ਤੇ ਚਾਰਜਡ ਗੈਸਾਂ ਦਾ ਗੋਲਾ ਹੈ, ਆਪਣੇ ਧੁਰੇ ਗਿਰਦ ਤੇਜ਼ੀ ਨਾਲ ਘੁੰਮ ਰਿਹਾ ਹੈ। ਜਿਸ ਕਾਰਣ ਸੂਰਜ ਦੇ ਵਾਯੂਮੰਡਲ ਵਿਚ ਮੌਜੂਦ ਚਾਰਜਡ ਗੈਸੀ ਕਣ, ਸੂਰਜ ਵਿਖੇ, ਕਈ ਥਾਵਾਂ ਵਿਖੇ ਟੇਢੇ-ਮੇਢੇ ਅਕਾਰ ਵਾਲਾ ਚੁੰਬਕੀ ਖੇਤਰ ਪੈਦਾ ਕਰ ਦਿੰਦੇ ਹਨ। ਇਸ ਸ਼ਕਤੀਸ਼ਾਲੀ ਚੁੰਬਕੀ ਖੇਤਰ ਦੇ ਪ੍ਰਭਾਵ ਹੇਠ ਗਰਮ ਸੂਰਜੀ ਗੈਸਾਂ ਦੇ ਪ੍ਰਵਾਹ ਵਿਚ ਤਬਦੀਲੀ ਵਾਪਰਦੀ ਹੈ। ਤੇ ਅਜਿਹੇ ਖੇਤਰ ਵਿਖੇ ਤਾਪਮਾਨ 6300 ਦਰਜਾ ਸੈਲਸੀਅਸ ਤਕ ਗਿਰ ਜਾਦਾ ਹੈ ਜਦ ਕਿ ਇਸ ਖੇਤਰ ਦੇ ਬਾਹਰ ਮੌਜੂਦ ਗੈਸਾਂ ਦਾ ਤਾਪਮਾਨ 10000 ਦਰਜਾ ਸੈਲਸੀਅਸ ਹੁੰਦਾ ਹੈ। ਇਸੇ ਕਾਰਣ ਇਹ ਖੇਤਰ ਕਾਲੇ ਧੱਬਿਆਂ ਵਾਂਗ ਨਜ਼ਰ ਆਉਂਦੇ ਹਨ। ਸੂਰਜੀ ਧੱਬਿਆਂ ਦਾ ਇਹ ਵਰਤਾਰਾ ਲਗਭਗ ਹਰ ਗਿਆਰਾਂ ਸਾਲਾਂ ਦੇ ਅਰਸੇ ਬਾਅਦ ਦੁਬਾਰਾ ਵਾਪਰਦਾ ਹੈ।
ਬੇਸ਼ਕ ਸੂਰਜ ਸਾਥੋਂ 150 ਮਿਲੀਅਨ ਕਿਲੋਮੀਟਰ ਦੂਰੀ ਉੱਤੇ ਹੈ ਤਾਂ ਵੀ ਇਹ ਸੂਰਜੀ ਧੱਬੇ ਸਾਡੀ ਧਰਤੀ ਦੇ ਵਰਤਾਰਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ। ਇਹ ਧਰਤੀ ਦੇ ਚੁੰਬਕੀ ਖੇਤਰ ਵਿਚ ਵਿਘਨ ਪੈਦਾ ਕਰਨ ਦੀ ਯੋਗਤਾ ਰੱਖਦੇ ਨੇ। ਰੇਡੀਓ ਤਰੰਗਾਂ ਦੇ ਪ੍ਰਸਾਰ ਵਿਚ ਵਿਕਾਰ ਪੈਦਾ ਕਰ ਸਕਦੇ ਹਨ। ਪਾਵਰ ਗਰਿੱਡਾਂ ਤੇ ਉਪ-ਗ੍ਰਹਿਆਂ ਨਾਲ ਸੰਬੰਧ ਸਥਾਪਤੀ ਕਾਰਜਾਂ ਅਤੇ ਧਰੁਵੀ ਰੌਸ਼ਨੀਆਂ ਵਿਚ ਗੜਬੜ ਪੈਦਾ ਕਰਣ ਦੀ ਸਮਰਥਾ ਰੱਖਦੇ ਹਨ। ਸੰਨ 1979 ਵਿਚ ਅਮਰੀਕੀ ਪੁਲਾੜ-ਸਟੇਸ਼ਨ ਸਕਾਈਲੈਬ ਅਜਿਹੇ ਵਰਤਾਰੇ ਦਾ ਸ਼ਿਕਾਰ ਹੋ ਕੇ ਹੀ ਵਾਪਸ ਧਰਤੀ ਉੱਤੇ ਗਿਰ ਗਿਆ ਸੀ।
ਅਨੇਕ ਵਿਗਿਆਨੀ ਸੂਰਜ ਦੇ ਵਿਭਿੰਨ ਪੱਖਾਂ ਬਾਰੇ ਖੋਜ ਕਰ ਰਹੇ ਹਨ। ਕੁਝ ਵਿਗਿਆਨੀ ਸੂਰਜ ਦੀ ਸਤਹਿ ਉੱਤੇ ਵਾਪਰ ਰਹੀਆਂ ਰਸਾਇਣਕ ਕ੍ਰਿਆਵਾਂ ਤੇ ਸੰਬੰਧਤ ਊਰਜਾ ਨਿਕਾਸ ਦਾ ਅਧਿਐਨ ਕਰਦੇ ਹਨ। ਕੁਝ ਵਿਗਿਆਨੀ ਸੂਰਜ ਦੇ ਵਾਯੂਮੰਡਲ ਵਿਚ ਮੌਜੂਦ ਤੱਤਾਂ ਦੀ ਜਾਣਕਾਰੀ ਹਾਸਿਲ ਕਰਨ ਵਿਚ ਮਸਰੂਫ਼ ਹਨ। ਕਈ ਵਿਗਿਆਨੀ ਸੋਲਰ ਸੈੱਲਾਂ ਦੇ ਨਿਰਮਾਣ ਕਾਰਜਾਂ ਵਿਚ ਜੁੱਟੇ ਹਨ ਤਾਂ ਜੋ ਸੂਰਜੀ ਸ਼ਕਤੀ ਨੂੰ ਬਿਜਲੀ ਵਿਚ ਬਦਲ ਕੇ ਮਨਮਰਜ਼ੀ ਅਨੁਸਾਰ ਰੋਜ਼ਾਨਾ ਕੰਮਾਂ ਲਈ ਵਰਤਿਆ ਜਾ ਸਕੇ। ਇੰਝ ਹੀ ਕੁਝ ਵਿਗਿਆਨੀ ਧਰਤੀ ਉੱਤੇ ਨਵੇਂ ਨਵੇਂ ਵਾਇਰਸਾਂ ਜਿਵੇਂ ਕਿ ਸਵਾਇਨ ਫਲੂ, ਸਾਰਸ, ਮਰਸ, ਇਬੋਲਾ ਅਤੇ ਜ਼ੀਕਾ ਆਦਿ ਵਾਇਰਸਾਂ ਦੇ ਪੈਦਾ ਹੋਣ ਦੇ ਕਾਰਣਾਂ ਅਤੇ ਇਨ੍ਹਾਂ ਦੁਆਰਾ ਪੈਦਾ ਕੀਤੀਆਂ ਜਾ ਰਹੀਆਂ ਬੀਮਾਰੀਆਂ ਤੇ ਮਹਾਂਮਾਰੀਆਂ, ਦਾ ਸੂਰਜੀ ਧੱਬਿਆਂ ਦੇ ਘਟਨਾ-ਕ੍ਰਮ ਨਾਲ ਸੰਬੰਧ ਜਾਨਣ ਦੀ ਕੋਸ਼ਿਸ਼ ਵਿਚ ਹਨ। ਵਰਨਣਯੋਗ ਹੈ ਕਿ ਸੰਨ 2009 ਦੌਰਾਨ ਸਵਾਇਨ ਫਲੂ ਵਾਇਰਸ ਨੇ ਇਕੱਲੇ ਅਮਰੀਕਾ ਵਿਖੇ ਹੀ 100 ਮਿਲੀਅਨ ਲੋਕਾਂ ਨੂੰ ਬੀਮਾਰ ਕੀਤਾ ਸੀ ਜਿਨ੍ਹਾਂ ਵਿਚੋਂ 75,000 ਮੌਤ ਦੇ ਮੂੰਹ ਵਿਚ ਚਲੇ ਗਏ। ਹੋਰ ਵਾਇਰਸਾਂ ਦੁਆਰਾ ਪੈਦਾ ਕੀਤੀਆਂ ਬੀਮਾਰੀਆਂ ਦੇ ਪ੍ਰਭਾਵ ਵੀ ਅਜਿਹੇ ਹੀ ਖਤਰਨਾਕ ਰਹੇ ਹਨ।
ਮਹਾਂਮਾਰੀਆਂ ਦੀ ਪੈਦਾਇਸ਼ ਤੇ ਸੂਰਜੀ ਧੱਬਿਆਂ ਦੇ ਆਪਸੀ ਸੰਬੰਧ ਬਾਰੇ ਸੱਭ ਤੋਂ ਪਹਿਲਾਂ ਸੰਨ 1977 ਵਿਚ ਪ੍ਰਸਿੱਧ ਵਿਗਿਆਨੀ ਹੋਪ-ਸਿੰਪਸਨ ਨੇ ਦੱਸ ਪਾਈ। ਉਸ ਨੇ ਸੁਝਾਇਆ ਕਿ ਮਨੁੱਖੀ ਇਤਹਾਸ ਵਿਚ ਫਲੂ (influenza) ਮਹਾਂਮਾਰੀ ਅਨੇਕ ਵਾਰ ਤਦ ਫੈਲੀ ਜਦ ਸੂਰਜ ਉੱਤੇ ਸੂਰਜੀ ਧੱਬੇ ਆਪਣੀ ਚਰਮਸੀਮਾ ਦੇ ਨੇੜੇ ਸਨ। ਬਰਤਾਨੀਆਂ ਦੇ ਪ੍ਰਸਿੱਧ ਵਿਗਿਆਨੀਆਂ ਫਰੈੱਡ ਹੋਇਲ ਤੇ ਚੰਦਰਾ ਵਿਕਰਮਾਸਿੰਘੇ ਨੇ ਲੰਮੀ ਖੋਜ ਪਿੱਛੋਂ ਸੰਨ 1990 ਵਿਚ ਅਜਿਹੇ ਸੰਬੰਧ ਦੀ ਇਤਫਾਕੀਆ ਹੌਂਦ ਦੀ ਪੁਸ਼ਟੀ ਕੀਤੀ। ਸੰਨ 2016 ਵਿਚ ਚੀਨ ਦੇ ਮਾਹਿਰ ਡਾ. ਜੇ ਕਿਊ ਨੇ ਸੁਝਾਇਆ ਕਿ ਹੁਣ ਤਕ ਦਰਜ ਕੀਤੀਆਂ ਗਈਆ ਲਗਭਗ ਸਮੂਹ ਫਲੂ ਮਹਾਂਮਾਰੀਆਂ ਦੇ ਵਾਪਰਣ ਦਾ ਸਮਾਂ, ਸੂਰਜੀ ਧੱਬਿਆਂ ਦੀ ਚਰਮ-ਸੀਮਾ (ਅਧਿਕਤਮ ਜਾਂ ਨਿਊਨਤਮ ਮਾਤਰਾ) ਘਟਨਾ ਦੇ ਲਗਭਗ ਦੋ ਸਾਲ ਦੇ ਵਕਫ਼ੇ ਅੰਦਰ ਹੀ ਵਾਪਰਦਾ ਰਿਹਾ ਹੈ।
ਜਦੋਂ ਵਿਗਿਆਨੀਆਂ ਨੇ ਉਨ੍ਹਾਂ ਦਿਨ੍ਹਾਂ ਦੀ ਜਾਂਚ ਕੀਤੀ ਜਦ ਸੂਰਜੀ ਧੱਬੇ ਬਹੁਗਿਣਤੀ ਵਿਚ ਪੈਦਾ ਹੁੰਦੇ ਰਹੇ, ਤਾਂ ਉਨ੍ਹਾਂ ਨੇ ਜਾਣ ਲਿਆ ਕਿ ਇਨ੍ਹਾਂ ਦਿਨ੍ਹਾਂ ਵਿਚ ਸੂਰਜ ਤੋਂ ਨਿਕਲਦੀਆਂ ਸੂਰਜੀ ਲਾਟਾਂ ਦੀ ਸੰਖਿਆ, ਅਤੇ ਸੂਰਜ ਦੇ ਬਾਹਰੀ ਭਾਗ ਤੋਂ ਗੈਸੀ ਰਿਸਾਵ ਤੇ ਐਕਸ-ਕਿਰਨਾਂ ਦਾ ਨਿਕਾਸ ਬਹੁਤ ਵਧੇਰੇ ਸੀ। ਸੂਰਜੀ ਹਵਾ ਦੇ ਅੰਗ ਵਜੋਂ, ਜਦੋਂ ਇਨ੍ਹਾਂ ਐਕਸ-ਕਿਰਨਾਂ ਦੀ ਬਹੁਤਾਤ ਧਰਤੀ ਦੇ ਵਾਯੂਮੰਡਲ ਕੋਲ ਪੁੱਜਦੀ ਹੈ ਤਾਂ ਇਹ ਧਰਤੀ ਦੇ ਗੈਸੀ ਗਿਲਾਫ਼ ਦੇ ਹੇਠਲੇ ਹਿੱਸੇ ਦੁਆਰਾ ਪੂਰੀ ਤਰ੍ਹਾਂ ਜਜ਼ਬ ਕਰ ਲਈ ਜਾਂਦੀ ਹੈ। ਇਸੇ ਸੂਰਜੀ ਹਵਾ ਦਾ ਇਕ ਹੋਰ ਮਹੱਤਵਪੂਰਨ ਅੰਗ ਹੁੰਦਾ ਹੈ ਇਲੈੱਕਟ੍ਰਾਨ। ਜਿਨ੍ਹਾਂ ਦੀ ਬਦੌਲਤ ਇਨ੍ਹਾਂ ਦਿਨ੍ਹਾਂ ਵਿਚ ਧਰਤੀ ਗਿਰਦ ਚੁੰਬਕੀ ਖੇਤਰ ਦੀ ਤਾਕਤ ਵੀ ਬਹੁਤ ਵੱਧ ਜਾਂਦੀ ਹੈ। ਜਿਸ ਦੇ ਨਤੀਜੇ ਵਜੋਂ ਬਾਹਰੀ ਪੁਲਾੜ ਤੋਂ ਆ ਰਹੀਆਂ ਕਾਸਮਿਕ ਕਿਰਨਾਂ, ਪ੍ਰੋਟਾਨਾਂ ਅਤੇ ਧੂੜ ਦੇ ਚਾਰਜਡ ਕਣਾਂ ਦੀ ਬੁਛਾੜ ਦੇ ਮਾੜੇ ਪ੍ਰਭਾਵਾਂ ਤੋਂ ਸਾਡੀ ਧਰਤੀ ਪੂਰੀ ਤਰ੍ਹਾਂ ਬਚ ਜਾਂਦੀ ਹੈ।
ਖੋਜ ਕਾਰਜਾਂ ਤੋਂ ਪਤਾ ਲਗਾ ਹੈ ਕਿ ਜਦ ਸੂਰਜੀ ਧੱਬਿਆਂ ਦੀ ਸੰਖਿਆ ਬਹੁਤ ਹੀ ਘੱਟ ਹੁੰਦੀ ਹੈ ਤਾਂ ਮਹਾਂਮਾਰੀਆਂ ਜਨਮ ਲੈਂਦੀਆਂ ਹਨ। ਅਜਿਹੇ ਸਮੇਂ ਸੂਰਜ ਦੇ ਬਾਹਰੀ ਭਾਗ ਤੋਂ ਗੈਸੀ ਰਿਸਾਵ ਤੇ ਐਕਸ-ਕਿਰਨਾਂ ਦਾ ਨਿਕਾਸ ਬਹੁਤ ਘੱਟ ਹੁੰਦਾ ਹੈ। ਧਰਤੀ ਤਕ ਪਹੁੰਚ ਰਹੀ ਕਮਜ਼ੋਰ ਸੂਰਜੀ ਹਵਾ ਵਿਚ ਇਲੇੱਕਟ੍ਰਾਨਾਂ ਦੀ ਸੰਖਿਆ ਬਹੁਤ ਘੱਟ ਹੁੰਦੀ ਹੈ। ਇਸ ਕਾਰਣ ਧਰਤੀ ਗਿਰਦ ਮੌਜੂਦ ਚੁੰਬਕੀ ਖੇਤਰ ਬਹੁਤ ਕਮਜ਼ੋਰ ਹੋ ਜਾਦਾ ਹੈ। ਜਿਸ ਦੇ ਫਲਸਰੂਪ ਬਾਹਰੀ ਪੁਲਾੜ ਤੋਂ ਆ ਰਹੀਆਂ ਕਾਸਮਿਕ ਕਿਰਨਾਂ, ਪ੍ਰੋਟਾਨਾਂ ਅਤੇ ਧੂੜ ਦੇ ਚਾਰਜਡ ਕਣਾਂ ਦੀ ਬੁਛਾੜ ਦੇ ਨਾਲ ਨਾਲ, ਬਾਹਰੀ ਪੁਲਾੜ ਵਿਚ ਮੌਜੂਦ ਬੈਕਟੀਰੀਆ ਤੇ ਵਾਇਰਸ ਵੀ ਧਰਤੀ ਤਕ ਪੁੱਜ ਜਾਂਦੇ ਹਨ। ਜਦੋਂ ਕਾਸਮਿਕ ਕਿਰਨਾਂ ਤੇ ਪ੍ਰੋਟਾਨ ਆਦਿ ਧਰਤੀ ਦੇ ਵਾਯੂਮੰਡਲ ਵਿਚ ਮੌਜੂਦ ਗੈਸੀ ਐਟਮਾਂ ਨਾਲ ਟਕਰਾਉਂਦੇ ਹਨ ਤਾਂ ਕਈ ਨਵੇਂ ਕਣਾਂ (ਨਿਊਟ੍ਰਾਨ ਅਤੇ ਮਿਊਨ ਆਦਿ) ਦਾ ਜਨਮ ਹੋ ਜਾਂਦਾ ਹੈ। ਧਰਤੀ ਦੀ ਸਤਿਹ ਤੋਂ ਲਗਭਗ 16-20 ਕਿਲੋਮੀਟਰ ਦੀ ਉਚਾਈ ਤਕ ਕਾਸਮਿਕ ਕਿਰਨਾਂ, ਪ੍ਰੋਟਾਨਾਂ ਤੇ ਹੋਰ ਕਣਾਂ ਦਾ ਪ੍ਰਭਾਵ ਤਾਂ ਖ਼ਤਮ ਹੋ ਜਾਂਦਾ ਹੈ। ਪਰ ਨਿਊਟ੍ਰਾਨਾਂ ਦੀ ਵੱਡੀ ਸੰਖਿਆ ਧਰਤੀ ਦੀ ਸਤਹਿ ਤਕ ਪਹੁੰਚਣ ਵਿਚ ਸਫ਼ਲ ਹੋ ਜਾਂਦੀ ਹੈ। ਜੋ ਵਾਇਰਸਾਂ ਤੇ ਸੈੱਲਾਂ ਵਿਚ ਤਬਦੀਲੀ ਪੈਦਾ ਕਰਨ ਦੇ ਸਮਰਥ ਹੁੰਦੀ ਹੈ।
ਬਰਤਾਨਵੀ ਵਿਗਿਆਨੀ ਵਿਕਰਮਾਸਿੰਘੇ ਤੇ ਉਸ ਦੇ ਖੋਜੀ ਸਾਥੀਆਂ ਨੇ ਸੰਨ 2017 ਵਿਚ ਦੱਸ ਪਾਈ ਕਿ ਸੂਰਜੀ ਧੱਬਿਆਂ ਦੀ ਨਿਊਨਤਮ ਸੰਖਿਆ ਦੇ ਅਰਸੇ ਦੌਰਾਨ, ਨਵੇਂ ਵਾਇਰਸ ਤੇ ਬੈਕਟੀਰੀਆ ਆਦਿ ਜੋ ਧਰਤੀ ਦੇ ਕਮਜ਼ੋਰ ਚੁੰਬਕੀ ਖੇਤਰ ਨੂੰ ਚੀਰ ਸਾਡੇ ਵਾਯੂਮੰਡਲ ਦੇ ਉਪਰਲੇ ਹਿੱਸੇ (ਧਰਤੀ ਤੋਂ 50 ਕਿਲੋਮੀਟਰ ਦੀ ਉਚਾਈ) ਵਿਖੇ ਪਹੁੰਚ ਜਾਂਦੇ ਹਨ, ਉਹ ਧਰਤੀ ਦੀ ਗੁਰੂਤਾ ਖਿੱਚ ਕਾਰਣ ਹੋਲੇ ਹੋਲੇ ਹੇਠਾਂ ਵੱਲ ਆਉਣ ਲੱਗਦੇ ਹਨ। ਬਹੁਤ ਹੀ ਛੋਟੇ ਆਕਾਰ ਵਾਲੇ ਕਾਰਣ, ਉਨ੍ਹਾਂ ਨੂੰ ਧਰਤੀ ਦੀ ਸਤਹਿ ਤਕ ਪਹੁੰਚਣ ਲਈ ਕਈ ਮਹੀਨੇ ਲਗ ਜਾਂਦੇ ਹਨ। ਧਰਤੀ ਨੇੜਲੇ ਵਾਯੂਮੰਡਲ ਵਿਚਲੀਆਂ ਤੇਜ਼ ਹਵਾਵਾਂ ਤੇ ਹੋਰ ਵਰਤਾਰੇ ਵੀ ਉਨ੍ਹਾਂ ਦੀ ਧਰਤੀ ਵੱਲ ਦੀ ਯਾਤਰਾ ਨੂੰ ਪ੍ਰਭਾਵਿਤ ਕਰਦੇ ਹਨ। ਇਹ ਵਾਇਰਸ ਸਾਡੇ ਵਾਯੂਮੰਡਲ ਦੇ ਜਿਸ ਉਪਰਲੇ ਹਿੱਸੇ ਤੋਂ ਹੇਠਾਂ ਵੱਲ ਦੀ ਯਾਤਰਾ ਆਰੰਭ ਕਰਦੇ ਹਨ ਉਥੇ ਵਾਯੂਮੰਡਲ ਕਾਫਲੀ ਪੇਤਲਾ ਹੁੰਦਾ ਹੈ। ਨਵੇਂ ਖੋਜ ਕਾਰਜਾਂ ਤੋਂ ਪਤਾ ਲੱਗਾ ਹੈ ਕਿ ਹਿਮਾਲੀਆ ਪਰਬਤਮਾਲਾ ਦੇ ਪੂਰਬ ਵੱਲ ਸਥਿਤ ਚੀਨ ਦੇ ਵਸੋਂ ਵਾਲੇ ਇਲਾਕਿਆਂ ਵਿਖੇ ਵਾਯੂਮੰਡਲ ਦਾ ਉਪਰਲਾ ਭਾਗ ਬਹੁਤ ਪੇਤਲਾ ਹੈ। ਇਸੇ ਕਾਰਣ ਇਥੇ ਨਵੇਂ ਵਾਇਰਸਾਂ ਕਾਰਣ ਬੀਮਾਰੀਆਂ ਦਾ ਪੈਦਾ ਹੋਣਾ ਜਾਂ ਪੁਰਾਣੇ ਵਾਇਰਸਾਂ ਕਾਰਣ ਬੀਮਾਰੀਆਂ ਦਾ ਵਾਰ ਵਾਰ ਵਾਪਰਣਾ ਅਕਸਰ ਨਜ਼ਰ ਆਉਂਦਾ ਹੈ।
ਇਹ ਵੀ ਜ਼ਰੂਰੀ ਨਹੀਂ ਕਿ ਸੂਰਜੀ ਧੱਬਿਆਂ ਦੀ ਨਿਊਨਤਮ ਸੰਖਿਆ ਦੇ ਅਰਸੇ ਦੌਰਾਨ, ਹਰ ਵਾਰ ਹੀ ਨਵੀਂ ਮਹਾਂਮਾਰੀ ਜਾਂ ਨਵੇਂ ਰੋਗਾਣੂੰਆ ਦਾ ਵਰਤਾਰਾ ਵਾਪਰੇ, ਅਜਿਹਾ ਵਾਪਰਣ ਦੇ ਹੋਰ ਕਾਰਣ ਵੀ ਸੰਭਵ ਹਨ। ਜਿਵੇਂ ਕਿ ਧੂਮਕੇਤੂਆਂ ਤੇ ਉਲਕਾ-ਪਿੰਡਾਂ ਦੀ ਰਹਿੰਦ-ਖੂੰਹਦ, ਜੋਂ ਧਰਤੀ ਦੇ ਵਾਯੂਮੰਡਲ ਨੂੰ ਚੀਰ ਕੇ ਇਸ ਦੀ ਸਤਹਿ ਤਕ ਪਹੁੰਚਦੀ ਹੈ, ਆਪਣੇ ਨਾਲ ਕਈ ਕਿਸਮ ਦੇ ਰੋਗਾਣੂ ਲੈ ਆਂਦੀ ਹੈ। ਪ੍ਰਸਿੱਧ ਵਿਗਿਆਨੀਆਂ ਫਰੈੱਡ ਹੋਇਲ ਤੇ ਚੰਦਰਾ ਵਿਕਰਮਾਸਿੰਘੇ ਦਾ ਮੰਨਣਾ ਹੈ ਕਿ ਅਜਿਹਾ ਕਾਫ਼ੀ ਹੱਦ ਤਕ ਸੰਭਵ ਹੈ। ਵਰਨਣਯੋਗ ਹੈ ਕਿ ਧੂਮਕੇਤੂਆਂ ਤੇ ਉਲਕਾ ਪਿੰਡਾਂ ਦੀ ਰਹਿੰਦ-ਖੂੰਹਦ ਅਤੇ ਪੁਲਾੜੀ ਧੂੜ ਦੀ ਲਗਭਗ 100 ਮੀਟ੍ਰਿਕ ਟਨ ਮਾਤਰਾ ਹਰ ਰੋਜ਼ ਸਾਡੀ ਧਰਤੀ ਦੇ ਵਾਯੂਮੰਡਲ ਵਿਚ ਦਾਖਿਲ ਹੁੰਦੀ ਹੈ ਤੇ ਸਮੇਂ ਨਾਲ ਧਰਤੀ ਦੀ ਸਤਹਿ ਉੱਤੇ ਆ ਗਿਰਦੀ ਹੈ। ਇਸ ਰਹਿੰਦ-ਖੂੰਹਦ ਨਾਲ ਪੁਲਾੜ ਵਿਚੋਂ ਆ ਰਹੇ ਨਵੇਂ ਰੋਗਾਣੂੰਆਂ ਨੂੰ ਰੋਕ ਸਕਣਾ ਅਸੰਭਵ ਕਾਰਜ ਹੀ ਹੈ।
ਪਿਛਲੇ ਬੀਹ ਸਾਲਾਂ ਦੌਰਾਨ ਮਨੁੱਖਾਂ ਨੂੰ ਕਈ ਗੰਭੀਰ ਬੀਮਾਰੀਆਂ ਤੇ ਮਹਾਂਮਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਦਾ ਕਾਰਣ ਸੂਰਜੀ ਧੱਬਿਆਂ ਦੀ ਅਣਹੌਂਦ ਨਾਲ ਜੁੜਦਾ ਜਾਪਦਾ ਹੈ। ਸੰਨ 2002-2017 ਦੇ ਅਰਸੇ ਦੌਰਾਨ ਸੂਰਜੀ ਧੱਬਿਆਂ ਦੀ ਹੌਂਦ ਬਹੁਤ ਹੀ ਘੱਟ ਨਜ਼ਰ ਆਈ ਹੈ। ਜਿਸ ਕਾਰਣ ਧਰਤੀ ਨੇੜਲਾ ਚੁੰਬਕੀ ਖੇਤਰ ਬਹੁਤ ਵਧੇਰੇ ਕਮਜ਼ੋਰ ਰਿਹਾ ਹੈ। ਇਸ ਕਾਰਣ ਸਮੇਂ ਸਮੇਂ ਨਵੇਂ ਵਾਇਰਸਾਂ ਜਾਂ ਪੁਰਾਣੇ ਵਾਇਰਸਾਂ ਦੇ ਬਦਲੇ ਰੂਪਾਂ ਨੇ ਕਈ ਜਗਹ ਗੰਭੀਰ ਖੇਤਰੀ ਬੀਮਾਰੀਆਂ ਨੂੰ ਤੇ ਕਈ ਵਾਰ ਮਹਾਂਮਾਰੀਆਂ ਨੂੰ ਜਨਮ ਦਿੱਤਾ। ਜਿਵੇਂ ਕਿ ਸਾਰਸ-ਕਰੋਨਾ ਵਾਇਰਸ ਸੰਨ 2002 ਵਿਚ ਚੀਨ ਵਿਖੇ ਮਹਾਂਮਾਰੀ ਦਾ ਕਾਰਣ ਬਣਿਆ। ਸੰਨ 2012 ਵਿਚ ਮਰਸ-ਕਰੋਨਾ ਵਾਇਰਸ ਮੱਧ-ਪੂਰਬ ਵਿਖੇ ਪਨਪਿਆ ਤੇ ਫਿਰ ਪੂਰੇ ਵਿਸ਼ਵ ਵਿਚ ਫੈਲ ਗਿਆ। H1N1 ਵਾਇਰਸ ਨੇ ਸੰਨ 1918-19 ਦੌਰਾਨ ਫਲੂ ਮਹਾਂਮਾਰੀ ਦੇ ਰੂਪ ਵਿਚ ਅਤੇ ਸੰਨ 1976-77 ਤੇ 2009 ਦੌਰਾਨ ਖੇਤਰੀ ਬੀਮਾਰੀ ਦੇ ਤੌਰ ਉੱਤੇ ਚੀਨ, ਭਾਰਤ ਤੇ ਕਈ ਹੋਰ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ। ਸੰਨ 2017 ਵਿਚ ਇਹ ਵਾਇਰਸ ਸ੍ਰੀ ਲੰਕਾ ਅਤੇ ਨੇੜਲੇ ਦੇਸ਼ਾਂ ਵਿਖੇ ਕ੍ਰਿਆਸ਼ੀਲ ਦੇਖਿਆ ਗਿਆ। ਸੰਨ 2013 ਵਿਚ ਫਲੂ ਦਾ A H7N9 ਵਾਇਰਸ ਪਹਿਲਾਂ ਪਹਿਲ ਪੰਛੀਆਂ ਵਿਚ ਦੇਖਿਆ ਗਿਆ ਫਿਰ ਇਹ ਮਨੁੱਖਾਂ ਵਿਚ ਮਹਾਂਮਾਰੀ ਦੇ ਰੂਪ ਵਿਚ ਫੈਲ ਗਿਆ। ਸੰਨ 1976 ਵਿਚ ਇਬੋਲਾ ਵਾਇਰਸ ਪਹਿਲੀ ਵਾਰ ਜ਼ੈਰ, ਪੱਛਮੀ ਅਫ਼ਰੀਕਾ ਵਿਖੇ ਦੇਖਿਆ ਗਿਆ, ਇਹੋ ਵਾਇਰਸ ਸੰਨ 2014 ਵਿਚ ਦੁਬਾਰਾ ਪ੍ਰਗਟ ਹੋ ਕੇ ਖੇਤਰੀ ਬੀਮਾਰੀਆਂ ਦਾ ਕਾਰਣ ਬਣਿਆ। ਜ਼ੀਕਾ ਵਾਇਰਸ ਜੋ ਬੀਹਵੀਂ ਸਦੀ ਦੇ ਛੇਵੇਂ ਦਹਾਕੇ ਦੌਰਾਨ ਸਿਰਫ਼ ਖੇਤਰੀ ਬੀਮਾਰੀ ਦੇ ਕਾਰਕ ਵਜੋਂ ਹੀ ਜਾਣਿਆ ਜਾਂਦਾ ਸੀ, ਸਮੇਂ ਦੇ ਗੁਜ਼ਰਣ ਨਾਲ ਜੇਨੇਟਿਕ ਤਬਦੀਲੀ ਦੁਆਰਾ, ਨਵੇਂ ਰੂਪ ਵਿਚ, ਵਧੇਰੇ ਘਾਤਕ ਲੱਛਣਾਂ ਨਾਲ, ਫਿਰ ਸੰਨ 2015 ਵਿਚ ਸਾਹਮਣੇ ਆਇਆ।
ਅੱਜ ਪੂਰਾ ਵਿਸ਼ਵ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਦਾ ਸ਼ਿਕਾਰ ਹੈ। ਇਸ ਮਹਾਂਮਾਰੀ ਨੂੰ ਫੈਲਾਉਣ ਵਾਲੇ ਵਾਇਰਸ ਨੂੰ ਕੋਰੋਨਾ ਵਾਇਰਸ ਦਾ ਨਾਮ ਇਸ ਲਈ ਦਿੱਤਾ ਗਿਆ ਹੈ ਕਿਉਂ ਕਿ ਖੁਰਦਬੀਨ ਰਾਹੀਂ ਦੇਖਣ ਦੋਰਾਨ ਉਸ ਦੀ ਸ਼ਕਲ, ਸੂਰਜ ਦੇ ਕਰੋਨਾ (ਮੁਕਟ) ਵਰਗੀ ਦਿੱਸਣ ਕਾਰਣ, ਇਸ ਵਾਇਰਸ ਗਰੁੱਪ ਦਾ ਨਾਂ ਕਰੋਨਾ ਰੱਖਿਆ ਗਿਆ ਹੈ। ਕੋਵਿਡ-19 ਮਹਾਂਮਾਰੀ, ਸਾਰਸ-ਕਰੋਨਾਵਾਇਰਸ-2 (SARS-CoV-2) ਦੁਆਰਾ ਫੈਲਾਈ ਗਈ ਹੈ। ਜਿਸ ਨੂੰ ਨੋਵਲ ਕਰੋਨਾ ਵਾਇਰਸ ਵੀ ਕਿਹਾ ਜਾਂਦਾ ਹੈ, ਜੋ ਪੁਰਾਣੇ ਕਰੋਨਾ ਵਾਇਰਸ ਦੇ ਨਵੇਂ ਰੂਪ ਦਾ ਪ੍ਰਗਟਾ ਹੈ। ਕਰੋਨਾ ਵਾਇਰਸ ਦਾ ਇਹ ਰੂਪ ਮਨੁੱਖਾਂ ਵਿਚ ਸੰਨ 2019 ਦੌਰਾਨ ਪਹਿਲੀ ਵਾਰ ਦੇਖਿਆ ਗਿਆ ਹੈ। ਕੋਵਿਡ-19 ਮਹਾਂਮਾਰੀ ਫੈਲਾਉਣ ਵਾਲਾ ਨੋਵਲ ਕਰੋਨਾ ਵਾਇਰਸ, ਸੰਨ 2003 ਵਿਚ ਸਾਰਸ ਬੀਮਾਰੀ ਫੈਲਾਉਣ ਵਾਲੇ ਕਰੋਨਾ ਵਾਇਰਸ-1 (SARS-CoV-1) ਨਾਲ ਜੇਨੈਟਿਕ ਸੰਬੰਧਤਾ ਰੱਖਦਾ ਹੈ। ਪਰ ਇਹ ਦੋਨੋਂ ਵਾਇਰਸ ਬਹੁਤ ਹੀ ਅਲੱਗ ਅਲੱਗ ਕਿਸਮ ਦੀਆਂ ਬੀਮਾਰੀਆਂ ਦੇ ਜਨਮ-ਦਾਤਾ ਹਨ। ਨੋਵਲ ਕਰੋਨਾ ਵਾਇਰਸ ਦੁਆਰਾ ਫੈਲਾਈ ਬੀਮਾਰੀ ਨੂੰ ਸੰਖੇਪ ਵਿਚ ਕੋਵਿਡ-19 ਦਾ ਨਾਮ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਕੋਵਿਡ ਸ਼ਬਦ ਕਰੋਨਾ ਵਾਇਰਸ ਡਿਸ਼ੀਜ਼ (CO-rona-VI-rus D-isease) ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਬਣਾਇਆ ਸ਼ਬਦ ਹੈ ਅਤੇ ਇਸ ਬੀਮਾਰੀ ਨੂੰ ਪੈਦਾ ਕਰਨ ਵਾਲੇ ਵਾਇਰਸ ਦੀ ਪਛਾਣ ਸਭ ਤੋਂ ਪਹਿਲਾਂ ਸੰਨ 2019 ਵਿਚ ਹੀ ਹੋਈ ਸੀ। ਵਿਸ਼ਵ ਸਿਹਤ ਸੰਸਥਾ (WHO) ਨੇ ਕੋਵਿਡ-19 ਬੀਮਾਰੀ ਦੇ ਵਿਸ਼ਵ ਭਰ ਵਿਚ ਫੈਲਾਅ ਨੂੰ ਦੇਖਦੇ ਹੋਏ, 11 ਮਾਰਚ, 2020 ਨੂੰ, ਇਸ ਨੂੰ ਮਹਾਂਮਾਰੀ ਦਾ ਨਾਮ ਦੇ ਦਿੱਤਾ।
ਕੋਵਿਡ-19 ਬੀਮਾਰੀ ਦੇ ਮਰੀਜ਼ ਵਿਚ ਖੰਘ, ਜ਼ੁਕਾਮ, ਸਿਰਦਰਦ, ਸਾਹ ਚੜ੍ਹਣਾ, ਸਾਹ ਲੈਣ ਵਿਚ ਦਿੱਕਤ, ਅਤੇ ਬੁਖਾਰ ਆਦਿ ਲੱਛਣ ਆਮ ਦੇਖੇ ਗਏ ਹਨ। ਬਹੁਤ ਹੀ ਗੰਭੀਰ ਹਾਲਤ ਵਾਲੇ ਬੀਮਾਰਾਂ ਵਿਚ ਨਮੂਨੀਆ ਦੀ ਸ਼ਿਕਾਇਤ ਤੇ ਸਾਹ ਲੈਣ ਵਿਚ ਬਹੁਤ ਹੀ ਮੁਸ਼ਕਲ ਭਰੀ ਹਾਲਤ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਕਈ ਵਾਰ ਤਾਂ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ। ਨੋਵਲ ਕਰੋਨਾ ਵਾਇਰਸ ਦੀ ਲਾਗ ਲੱਗਣ ਦੇ 14 ਦਿਨ ਦੇ ਅੰਦਰ ਅੰਦਰ ਇਸ ਬੀਮਾਰੀ ਦੇ ਲੱਛਣ ਜ਼ਾਹਿਰ ਹੋਣ ਲਗਦੇ ਹਨ। ਕੋਵਿਡ-19 ਮਹਾਂਮਾਰੀ ਦਾ ਪਹਿਲਾਂ ਕੇਸ ਦਸੰਬਰ 2019 ਵਿਚ ਸਾਹਮਣੇ ਆਇਆ। ਇਸ ਮਹਾਂਮਾਰੀ ਦਾ ਇਸ ਖਾਸ ਸਮੇਂ ਸ਼ੁਰੂ ਹੋਣਾ, ਸੂਰਜੀ ਧੱਬਿਆਂ ਦੇ ਵਰਤਾਰੇ ਨਾਲ ਗੰਭੀਰ ਸੰਬੰਧ ਰੱਖਦਾ ਹੈ। ਬੇਸ਼ਕ ਸੂਰਜੀ ਧੱਬਿਆਂ ਦੀ ਹੌਂਦ ਬਾਰੇ ਸਤਾਰਵੀਂ ਸਦੀ ਦੇ ਮੁੱਢਲੇ ਸਾਲਾਂ ਵਿਚ ਪਤਾ ਲੱਗਾ ਸੀ। ਪਰ ਸੂਰਜੀ ਧੱਬਿਆ ਦੇ ਲਗਭਗ 11 ਸਾਲਾਂ ਦੇ ਅਰਸੇ ਵਾਲੇ ਆਵਰਤੀ (periodic) ਸੁਭਾਅ ਬਾਰੇ ਤਾਰਾ ਵਿਗਿਆਨੀ ਸੈਮੂਅਲ ਹਾਇਨਰਿਕ ਸ਼ਵਾਬ ਨੇ ਸੰਨ 1843 ਵਿਚ ਦੱਸ ਪਾਈ। ਸੰਨ 1848 ਵਿਚ ਤਾਰਾ ਵਿਗਿਆਨੀ ਰੂਡੋਲਫ਼ ਵੋਲਫ ਨੇ ਸੰਨ 1755-1766 ਵਿਚ ਵਾਪਰੇ ਸੂਰਜੀ ਧੱਬਿਆਂ ਦੇ ਪੂਰੇ ਕਾਲ-ਚੱਕਰ ਨੂੰ ਪਹਿਲੇ ਕਾਲ-ਚੱਕਰ ਦਾ ਨਾਮ ਦਿੱਤਾ। ਸੰਨ 2008 ਵਿਚ ਸੂਰਜੀ ਧੱਬਿਆਂ ਦੇ ਨਿਊਨਤਮ ਨਾਲ ਆਰੰਭ ਹੋਏ ਕਾਲ-ਚੱਕਰ ਦਾ ਨੰਬਰ 24 ਸੀ। ਪਿਛਲੇ ਸਾਲਾਂ ਦੌਰਾਨ ਅਸੀਂ ਲੰਮੇ ਅਰਸੇ ਤੋਂ ਸੂਰਜੀ ਧੱਬਿਆਂ ਦੀ ਘਾਟ ਵਾਲੇ ਵਰਤਾਰੇ ਦਾ ਸਾਹਮਣਾ ਕਰ ਰਹੇ ਸਾਂ। ਸੰਨ 2008-09 ਦੌਰਾਨ ਸੂਰਜੀ ਧੱਬਿਆਂ ਦੀ ਸੰਖਿਆ ਨਿਊਨਤਮ ਰਹੀ। ਔਸਤਨ ਤੌਰ ਉੱਤੇ ਸੂਰਜੀ ਧੱਬਿਆਂ ਦੇ ਕਾਲ-ਚੱਕਰ ਵਿਚ 180 ਸੂਰਜੀ ਧੱਬੇ ਨਜ਼ਰ ਆਉਂਦੇ ਹਨ। ਪਰ ਸੰਨ 2008 ਵਿਚ ਸ਼ੁਰੂ ਹੋਏ ਸੂਰਜੀ ਧੱਬੇ ਕਾਲ-ਚੱਕਰ-24 ਵਿਚ ਹੁਣ ਤਕ ਸਿਰਫ਼ 116 ਧੱਬੇ ਹੀ ਨਜ਼ਰ ਆਏ ਹਨ। ਫਰਵਰੀ 2020 ਦੇ ਤਾਂ ਪੂਰੇ ਮਹੀਨੇ ਦੌਰਾਨ ਕੋਈ ਵੀ ਸੂਰਜੀ ਧੱਬਾ ਨਜ਼ਰ ਨਹੀਂ ਆਇਆ। ਇਹ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਸੂਰਜੀ ਧੱਬੇ ਕਾਲ-ਚੱਕਰ-25 ਇਸੇ ਸਾਲ ਦੌਰਾਨ ਸ਼ੁਰੂ ਹੋਣ ਦਾ ਅੰਦਾਜ਼ਾ ਹੈ। ਜਿਸ ਵਿਚ ਸਿਰਫ਼ 95 ਤੋਂ 130 ਸੂਰਜੀ ਧੱਬੇ ਦਿਖਾਈ ਦੇਣ ਦਾ ਅੰਦਾਜ਼ਾ ਹੈ।
ਜਿਵੇਂ ਕਿ ਸਪਸ਼ਟ ਹੀ ਹੈ ਕਿ ਅਸੀਂ ਸੂਰਜੀ ਧੱਬਿਆਂ ਦੀ ਥੋੜ੍ਹ ਵਾਲੇ ਕਾਲ ਵਿਚੋਂ ਗੁਜ਼ਰ ਰਹੇ ਹਾਂ। ਇਹ ਥੋੜ੍ਹ, ਧਰਤੀ ਨੂੰ ਕਾਸਮਿਕ ਕਿਰਨਾਂ ਦੇ ਰਹਿਮੋ-ਕਰਮ ਉੱਤੇ ਛੱਡ ਦਿੰਦੀ ਹੈ। ਜਿਸ ਦੇ ਨਤੀਜੇ ਵਜੋਂ ਧਰਤੀ ਉੱਤੇ ਨਵੇਂ ਨਵੇਂ ਵਿਸ਼ਾਣੂੰਆਂ ਦਾ ਆਗਮਨ ਹੋਣਾ, ਪੁਰਾਣੇ ਵਿਸ਼ਾਣੂੰਆਂ ਦਾ ਦੁਬਾਰਾ ਕ੍ਰਿਆਸ਼ੀਲ ਹੋ ਜਾਣਾ ਜਾ ਪੁਰਾਣੇ ਵਿਸ਼ਾਣੂੰਆਂ ਵਿਚ ਜੇਨੇਟਿਕ ਤਬਦੀਲੀਆਂ ਕਾਰਣ ਉਨ੍ਹਾਂ ਦੇ ਨਵੇਂ ਰੂਪਾਂ ਦਾ ਪੈਦਾ ਹੋ ਜਾਣਾ ਸੁਭਾਵਿਕ ਹੋ ਜਾਂਦਾ ਹੈ। ਸੰਨ 2019 ਦੇ ਪੂਰੇ ਅਰਸੇ ਦੌਰਾਨ ਸਾਡਾ ਸੂਰਜ 224 ਦਿਨ ਸੂਰਜੀ ਧੱਬਿਆਂ ਤੋਂ ਬਿਲਕੁਲ ਹੀ ਸੱਖਣਾ ਰਿਹਾ। ਨਤੀਜਾ ਸਾਡੇ ਸਾਹਮਣੇ ਹੈ ਕਿ ਅਸੀਂ ਕਰੋਨਾ ਵਾਇਰਸ ਦੇ ਨਵੇਂ ਰੂਪ ਨੋਵਲ ਕਰੋਨਾ ਵਾਇਰਸ ਦੁਆਰਾ ਫੈਲਾਈ ਗਈ ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਹਾਂ।
ਕੋਵਿਡ-19 ਮਹਾਂਮਾਰੀ ਦੇ ਮਰੀਜ਼ਾਂ ਦੇ ਇਲਾਜ ਲਈ ਅਜੇ ਕੋਈ ਵੈਕਸੀਨ ਨਹੀਂ ਖੋਜਿਆ ਜਾ ਸਕਿਆ। ਇਸ ਦਿਸ਼ਾ ਵਿਚ ਯਤਨ ਲਗਾਤਾਰ ਜਾਰੀ ਹਨ। ਜਦ ਤਕ ਨੋਵਲ ਕਰੋਨਾ ਵਾਇਰਸ ਦਾ ਐਂਟੀਡੋਟ ਨਹੀਂ ਲੱਭਿਆ ਜਾਂਦਾ ਤਦ ਤਕ ਪਰਹੇਜ਼ ਹੀ ਸੱਭ ਤੋਂ ਉੱਤਮ ਰੋਕਥਾਮ ਹੈ। ਜਿਸ ਵਿਚ ਹੱਥਾਂ ਨੂੰ ਸਾਬੁਣ ਨਾਲ ਚੰਗੀ ਤਰ੍ਹਾਂ ਵਾਰ ਵਾਰ ਧੋਣਾ, ਚਿਹਰੇ, ਅੱਖਾਂ ਤੇ ਨੱਕ ਨੂੰ ਹੱਥ ਲਗਾਣ ਤੋਂ ਗੁਰੇਜ਼ ਕਰਨਾ, ਹੋਰਨਾਂ ਤੋਂ ਸਰੀਰਕ ਤੇ ਸਮਾਜਿਕ-ਦੂਰੀ ਘੱਟੋ-ਘੱਟ 6 ਫੁੱਟ ਬਣਾਈ ਰੱਖਣਾ, ਤਾਲਾ-ਬੰਦੀ ਦੇ ਨਿਯਮ ਦੀ ਪਾਲਣਾ ਕਰਨਾ, ਬਹੁਤ ਜ਼ਰੂਰੀ ਲੋੜ ਲਈ ਘਰੋਂ ਬਾਹਰ ਜਾਂਦੇ ਸਮੇਂ ਮਾਸਕ (mask) ਦਾ ਇਸਤੇਮਾਲ ਕਰਨਾ, ਕਿਸੇ ਨੂੰ ਮਿਲਣ ਸਮੇਂ ਬਿਨ੍ਹਾਂ ਹੱਥ ਮਿਲਾਏ, ਦੂਰੋਂ ਹੀ ਹੈਲੋ, ਨਮਸਤੇ, ਸਲਾਮ ਜਾਂ ਸਤਿ ਸ੍ਰੀ ਅਕਾਲ ਕਰ ਲੈਣਾ, ਆਦਿ ਬੀਮਾਰੀ ਤੋਂ ਬਚਣ ਵਿਚ ਬਹੁਤ ਮਦਦਗਾਰ ਰਹਿੰਦੇ ਹਨ। ਭੀੜ-ਭੜੱਕੇ ਵਾਲੀਆ ਥਾਵਾਂ ਉੱਤੇ ਨਾ ਜਾਣਾ, ਤਾਲਾ-ਬੰਦੀ ਦੇ ਸਮੇਂ ਦੌਰਾਨ ਘਰ ਵਿਚ ਪਾਰਟੀਆਂ ਦਾ ਆਯੋਜਨ ਕਰਨ ਤੋਂ ਗੁਰੇਜ਼ ਕਰਣਾ ਬਹੁਤ ਉਚਿਤ ਪਰਹੇਜ਼ ਹੈ।
ਜਿਵੇਂ ਕਿ ਖੋਹ ਕਾਰਜਾਂ ਤੋਂ ਸਪਸ਼ਟ ਹੋ ਗਿਆ ਹੈ ਕਿ ਸੂਰਜੀ ਧੱਬਿਆਂ ਦੀ ਘਾਟ ਤੇ ਮਹਾਂਮਾਰੀਆਂ ਦੇ ਵਾਪਰਣ ਵਿਚ ਸਿੱਧਾ ਸੰਬੰਧ ਹੈ। ਪਰ ਸੂਰਜੀ ਧੱਬਿਆਂ ਦੀ ਘਾਟ ਨੂੰ ਪੂਰਾ ਕਰਨ ਦੇ ਰਾਹ ਵਿਚ ਅਨੇਕ ਅੜ੍ਹਚਣਾਂ ਹਨ। ਇਕ ਤਾਂ ਸੂਰਜ ਸਾਥੋਂ ਬਹੁਤ ਹੀ ਦੂਰ ਹੈ, ਲਗਭਗ 150 ਮਿਲੀਅਨ ਕਿਲੋਮੀਟਰ ਦੂਰ। ਦੂਸਰਾ ਉਸ ਦੀ ਸਤਹਿ ਦਾ ਤਾਪਮਾਨ 10,000 ਦਰਜਾ ਸੈਲਸੀਅਸ ਤਕ ਹੈ। ਤੀਸਰਾ ਉਸ ਦਾ ਅਕਾਰ ਵੀ ਧਰਤੀ ਤੋਂ ਵੀ ਲਗਭਗ 100 ਗੁਣਾ ਵੱਡਾ ਹੈ। ਅਜਿਹੀਆਂ ਹਾਲਤਾਂ ਵਿਚ ਕੋਈ ਵੀ ਮਨੁੱਖੀ ਕਾਰਜ ਸੂਰਜ ਉਪਰਲੇ ਹਾਲਾਤਾਂ ਵਿਚ ਜ਼ਰਾ ਜਿੰਨੀ ਵੀ ਤਬਦੀਲੀ ਕਰਨ ਦੇ ਸਮਰਥ ਨਹੀਂ ਹੈ। ਇਸ ਕਾਰਣ ਮੌਜੂਦਾ ਮਹਾਂਮਾਰੀ ਤੋਂ ਬਚਣ ਲਈ ਸਿਰਫ਼ ਪਰਹੇਜ਼ ਹੀ ਇਲਾਜ ਹੈ, ਵਾਲੀ ਅਵਸਥਾ ਹੈ।
ਜ਼ਾਹਿਰ ਹੈ ਕਿ ਜਿਸ ਸਮੇਂ ਸੂਰਜੀ ਧੱਬੇ ਨਿਊਨਤਮ ਮਾਤਰਾ ਵਿਚ ਹੁੰਦੇ ਹਨ, ਉਹ ਸਮਾਂ ਸਾਡੇ ਲਈ ਚੌਕਸੀ ਦਾ ਸਮਾਂ ਹੈ ਤਾਂ ਜੋ ਅਸੀਂ ਆਪਣੇ ਚੋਗਿਰਦੇ ਵਿਚ ਮੌਜੂਦ ਵਾਇਰਸਾਂ ਤੇ ਉਨ੍ਹਾਂ ਵਿਚ ਹੋ ਰਹੀਆਂ ਸੰਭਾਵੀ ਤਬਦੀਲੀਆਂ ਦੀ ਨਜ਼ਰਸਾਨੀ ਕਰਦੇ ਰਹੀਏ। ਸਾਨੂੰ ਧਰਤੀ ਦੇ ਵਾਯੂਮੰਡਲ ਦੀ 20 ਕਿਲੋਮੀਟਰ ਤੋਂ 50 ਕਿਲੋਮੀਟਰ ਵਾਲੀ ਹਵਾਈ ਪਰਤ (stratosphere) ਵਿਖੇ ਵੀ ਅਜਿਹੇ ਵਾਇਰਸਾਂ ਦੀ ਹੌਂਦ ਨੂੰ ਜਾਨਣ, ਸਮਝਣ ਤੇ ਰੋਕਥਾਮ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣ ਦੀ ਲੋੜ ਹੈ। ਤਾਂ ਜੋ ਇਹ ਵਾਇਰਸ ਧਰਤੀ ਦੀ ਸਤਹਿ ਉੱਤੇ ਪਹੁੰਚ ਮਹਾਂਮਾਰੀਆਂ ਦੇ ਜਨਮਦਾਤਾ ਨਾ ਬਣ ਸਕਣ। ਮੌਜੂਦਾ ਵਾਇਰਸਾਂ ਅਤੇ ਉਨ੍ਹਾਂ ਦੇ ਸੰਭਾਵੀ ਨਵੇਂ ਰੂਪਾਂ ਦੇ ਖਾਤਮੇ ਲਈ ਉਚਿਤ ਵੈਕਸੀਨ/ਐਂਟੀਡੋਟ ਤਿਆਰ ਕਰਨ ਦੇ ਕਾਰਜਾਂ ਨੂੰ ਜੰਗੀ ਪੱਧਰ ਉੱਤੇ ਕਰਨ ਦੀ ਲੋੜ ਹੈ ਤਾਂ ਜੋ ਇਸ ਖੂਬਸੂਰਤ ਧਰਤੀ ਉੱਤੇ ਮਨੁੱਖ ਨਰੋਆ ਤੇ ਖੁਸ਼ਹਾਲ ਜੀਵਨ ਬਤੀਤ ਕਰ ਸਕੇ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …