ਜਰਨੈਲ ਸਿੰਘ
(ਕਿਸ਼ਤ 24ਵੀਂ)
ਸਾਡੇ ਦੋਸਤ ਰਾਜ ਢਿੱਲੋਂ ਦੀ ਬਦਲੀ ਏਅਰ ਫੋਰਸ ਸਟੇਸ਼ਨ ਦਿੱਲੀ ਦੇ ਇਕ ਟਰਾਂਸਪੋਰਟ ਸੁਕਆਡਰਨ ‘ਚ ਹੋ ਗਈ ਸੀ। ਉੇੱਥੇ ‘ਰਿਕਾਰਡ ਆਫਿਸ’ ਦਾ ਇਕ ਕਲਰਕ ਉਸਦਾ ਦੋਸਤ ਬਣ ਗਿਆ। ਉਸ ਰਾਹੀਂ ਸਾਡਾ ਚਾਨਸ ਲੱਗ ਗਿਆ। ਮਨਜੀਤ ਨੇ ਹਲਵਾਰੇ ਦੀ ਬਦਲੀ ਕਰਵਾ ਲਈ। ਉਸਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਆਪਣਾ ਜੱਦੀ ਪਿੰਡ ਛੱਡ ਕੇ ਰਾਏਕੋਟ ਜਾ ਵਸਿਆ ਸੀ। ਉਨ੍ਹਾਂ ਨੂੰ ਪਾਕਿਸਤਾਨ ‘ਚ ਰਹਿ ਗਈ ਜ਼ਮੀਨ ਬਦਲੇ ਅਲਾਟਮੈਂਟ ਰਾਏਕੋਟ ਹੋਈਓ ਸੀ। ਮਨਜੀਤ ਆਪਣੇ ਘਰ ਰਾਏਕੋਟ ਤੋਂ ਹਰ ਰੋਜ਼ ਹਲਵਾਰੇ ਕੰਮ ‘ਤੇ ਜਾ ਸਕਦਾ ਸੀ।
ਮੈਂ ਚੰਡੀਗੜ੍ਹ ਦੀ ਯੂਨਿਟ ਬੀ.ਆਰ.ਡੀ (ਬੇਸ ਰਿਪੇਅਰ ਡਿਪੋ) ‘ਚ ਕਰਵਾ ਲਈ। ਕਰਵਾ ਤਾਂ ਆਦਮਪੁਰ ਦੀ ਵੀ ਸਕਦਾ ਸੀ। ਉੱਥੇ ਹਰ ਰੋਜ਼ ਘਰੋਂ ਜਾਣਾ ਸੌਖਾ ਹੀ ਸੀ। ਪਰ ਪਿੰਡ ਰਹਿੰਦਿਆਂ ਮੈਂਥੋਂ ਨਿੱਠ ਕੇ ਪੜ੍ਹਾਈ ਨਹੀਂ ਸੀ ਹੋਣੀ। ਤਿੰਨ ਸਾਲਾਂ ਬਾਅਦ, ਪੰਦਰਾਂ ਸਾਲ ਪੂਰੇ ਕਰਕੇ ਏਅਰਫੋਰਸ ਛੱਡ ਦੇਣ ਦਾ ਫ਼ੈਸਲਾ ਕਰ ਚੁੱਕਾ ਸਾਂ ਤੇ ਛੱਡਣ ਤੋਂ ਪਹਿਲਾਂ ਇਕ ਐਮ.ਏ ਹੋਰ ਕਰਨ ਦਾ ਨਿਸ਼ਚਾ ਕੀਤਾ ਹੋਇਆ ਸੀ। ਉਸ ਵਾਸਤੇ ਕਿਸੇ ਕਾਲਜ ਜਾਂ ਪੰਜਾਬ ਯੂਨੀਵਰਸਿਟੀ ਦੀਆਂ ਈਵਨਿੰਗ ਕਲਾਸਾਂ ਰਾਹੀਂ ਬਿਹਤਰ ਪੜ੍ਹਾਈ ਹੋ ਸਕਦੀ ਸੀ।
ਨਿੱਘੇ ਤੇ ਅਪਣੱਤ ਭਰੇ 11 ਸਾਲ ਦੇ ਸਾਥ ਬਾਅਦ, ਫਰਵਰੀ 1973 ‘ਚ ਮੈਂ ਤੇ ਮਨਜੀਤ ਜੁਦਾ ਹੋਏ।
ਚੰਡੀਗੜ੍ਹ ਅਸੀਂ 20 ਸੈਕਟਰ ‘ਚ ਕਮਰਾ ਰਸੋਈ ਕਿਰਾਏ ‘ਤੇ ਲੈ ਲਿਆ। ਡੇਢ ਕੁ ਮਹੀਨਾ ਆਪਣੀ ਯੂਨਿਟ ‘ਚ ਹਾਜ਼ਰੀਆਂ ਦੇ ਕੇ, ਅਪ੍ਰੈਲ ਦੇ ਪਹਿਲੇ ਹਫ਼ਤੇ ਮੈਂ ਦੋ ਮਹੀਨੇ ਦੀ ਛੁੱਟੀ ਲੈ ਲਈ। ਐਮ.ਏ ਅੰਗ੍ਰੇਜ਼ੀ ਭਾਗ ਦੂਜਾ ਦਾ ਇਮਤਿਹਾਨ ਦੇਣਾ ਸੀ। ਸੈਂਟਰ ਸਰਕਾਰੀ ਕਾਲਜ ਹੁਸ਼ਿਆਰਪੁਰ ਹੀ ਸੀ।
ਘਰ ਦਾ ਮਾਹੌਲ ਠੀਕ ਸੀ। ਦਲਜੀਤ ਸਿੰਘ ਨਿਹੰਗ ਬਾਣੇ ਵਿਚ ਬੱਸ- ਡਰਾਇਵਰੀ ਕਰ ਰਿਹਾ ਸੀ। ਦਲ ਵਿਚ ਉਸਦੀ ਡਿਊਟੀ ਅੰਮ੍ਰਿਤ ਛਕਾਉਣ ਵਾਲ਼ੇ ਸਿੰਘਾਂ ਵਿਚ ਸੀ। ਅੰਮ੍ਰਿਤ-ਸੰਚਾਰ ਮੌਕੇ ਉਹ ਛੁੱਟੀ ਲੈ ਲੈਂਦਾ।
ਖੇਤੀ ਠੀਕ ਚੱਲ ਰਹੀ ਸੀ। ਸਾਡੀ ਦੋ ਘੁਮਾਂ ਜ਼ਮੀਨ ਪਿੰਡੋਂ ਲਹਿੰਦੇ ਪਾਸੇ, ਕਾਫ਼ੀ ਹਟਵੀਂ ਸੀ। ਪਹਿਲੀਆਂ ‘ਚ ਨਸਰਾਲਾ ਚੋਅ ਉਸ ਪਾਸੇ ਵਗਦਾ ਸੀ। ਹੁਣ ਉਹ ਜ਼ਮੀਨ ਚੋਅ ਦੀ ਮਾਰ ਹੇਠ ਤਾਂ ਨਹੀਂ ਸੀ ਪਰ ਸਾਡੇ ਅੱਡੇ-ਗੱਡੇ ਤੋਂ ਦੂਰ ਹੋਣ ਕਰਕੇ ਫ਼ਸਲ ਦੀ ਦੇਖ-ਭਾਲ ਠੀਕ ਤਰ੍ਹਾਂ ਨਹੀਂ ਸੀ ਹੋ ਰਹੀ। ਉਸ ਵਿਚ ਕੁਝ ਟਾਹਲੀਆਂ ਪਹਿਲਾਂ ਹੀ ਸਨ, ਕਾਫ਼ੀ ਸਾਰੀਆਂ ਅਸੀਂ ਹੋਰ ਲਾ ਦਿੱਤੀਆਂ। ਜਦੋਂ ਟਾਹਲੀਆਂ ਮੱਲ ਗਈਆਂ, ਬਾਪੂ ਜੀ ਨੇ ਝਿੜੀ ਸਣੇ ਉਹ ਜ਼ਮੀਨ ਵੇਚ ਦਿੱਤੀ। ਕੁਝ ਰਕਮ ਪੱਲਿਓਂ ਪਾਈ ਤੇ ਅਜੜਾਮ ‘ਚ ਚਾਰ ਘੁਮਾਂ ਹਲਕੀ ਜ਼ਮੀਨ ਖ਼ਰੀਦ ਲਈ। ਉਹਦੇ ਬਿਲਕੁਲ ਨਾਲ਼ ਲਗਦੀ ਦੋ ਘੁਮਾਂ ਅਸੀਂ ਪਹਿਲਾਂ ਹੀ ਖ਼ਰੀਦੀ ਹੋਈ ਸੀ। ਬਾਪੂ ਜੀ ਤੇ ਕੁਲਦੀਪ ਉਸ ਜ਼ਮੀਨ ਨੂੰ ਸੁਆਰਨ ‘ਚ ਜੁੱਟੇ ਹੋਏ ਸਨ। ਦਲਜੀਤ ਸਿੰਘ ਦੀ ਤਨਖਾਹ ਨਾਲ਼ ਘਰ ਦਾ ਲੂਣ-ਤੇਲ ਚੱਲੀ ਜਾਂਦਾ ਸੀ। ਮੈਂ ਤਾਂ ਸ਼ੁਰੂ ਤੋਂ ਹੀ ਥੋੜ੍ਹੇ-ਬਹੁਤ ਬਚਾ ਕੇ ਬਾਪੂ ਜੀ ਦੇ ਹੱਥ ‘ਤੇ ਧਰਦਾ ਆ ਰਿਹਾ ਸਾਂ।
ਪੇਪਰਾਂ ਤੋਂ ਵਿਹਲਾ ਹੋ ਕੇ ਕੁਝ ਦਿਨ ਆਰਾਮ ਕਰਨ ਦਾ ਮੂਡ ਸੀ। ਪਰ ਬੁਖਾਰ ਨੇ ਦਬੋਚ ਲਿਆ। ਪਿੰਡ ਦੇ, ਦਵਾਈਆਂ ਬਾਰੇ ਚਾਰ ਕੁ ਅੱਖਰ ਜਾਣਦੇ, ਡਾਕਟਰ ਕੋਲੋਂ ਦਵਾਈ ਲੈ ਲਈ। ਬੁਖਾਰ ਤਾਂ ਠੀਕ ਹੋ ਗਿਆ ਪਰ ਭੁੱਖ ਲੱਗਣੋਂ ਹਟ ਗਈ। ਦਵਾਈ ਜ਼ਿਆਦਾ ਤੇਜ਼ ਸੀ। ਆਪਣੇ ਓਹੜ-ਪੋਹੜ ਕੀਤੇ ਪਰ ਭੁੱਖ ‘ਚ ਕੋਈ ਫ਼ਰਕ ਨਾ ਪਿਆ। ਹੁਸ਼ਿਆਰਪੁਰ ਦੇ ਇਕ ਐਮ.ਬੀ.ਬੀ.ਐਸ ਡਾਕਟਰ ਨੂੰ ਦਿਖਾਇਆ। ਉਸ ਅਨੁਸਾਰ ਤੇਜ਼ ਦਵਾਈ ਦਾ ਅਸਰ ਲਿਵਰ ‘ਤੇ ਪਿਆ ਸੀ।
ਉਸਦੀ ਦਵਾਈ ਨਾਲ਼ ਫ਼ਰਕ ਤਾਂ ਪੈ ਰਿਹਾ ਸੀ ਪਰ ਬਹੁਤ ਹੌਲ਼ੀ-ਹੌਲ਼ੀ। ਮੇਰਾ ਛੇ ਕਿੱਲੋ ਭਾਰ ਘਟ ਗਿਆ। ਚਿੰਤਾ ‘ਚ ਡੁੱਬਿਆ ਮੈਂ ਹਰ ਵੇਲੇ ਬਿਮਾਰੀ ਬਾਰੇ ਹੀ ਸੋਚਦਾ ਰਹਿੰਦਾ।
ਛੁੱਟੀ ਤੋਂ ਪਰਤ ਕੇ ਮੈਂ ਆਪਣੇ ਹਵਾਈ ਅੱਡੇ ਦੇ ਐਮ.ਆਈ.ਰੂਮ ਗਿਆ। ਏਅਰਫੋਰਸ ਦੀ ਭਾਸ਼ਾ ਵਿਚ ਇਸ ਨੂੰ ‘ਸਿੱਕ ਰਿਪੋਰਟ’ ਆਖਦੇ ਹਨ। ਐਮ.ਆਈ.ਰੂਮ ਵਿਚ ਤਿੰਨ-ਚਾਰ ਡਾਕਟਰ ਤੇ ਕੁਝ ਆਮ-ਖਾਸ ਜਿਹੀਆਂ ਦਵਾਈਆਂ ਹੁੰਦੀਆਂ ਹਨ। ਡਾਕਟਰ ਨੇ ਮੇਰੀ ਵਿਥਿਆ ਸੁਣ ਕੇ, ਮੈਨੂੰ ਮਿਲਟਰੀ ਹਸਪਤਾਲ ਚੰਡੀਗੜ੍ਹ ਦੇ ਸਪੈਸ਼ਲਿਸਟ ਕੋਲ਼ ਰੈਫਰ ਕਰ ਦਿੱਤਾ। ਸਪੈਸ਼ਲਿਸਟ ਦੇ ਦਫ਼ਤਰ ਦੇ ਬਾਹਰ ਸਾਧਾਰਨ ਰੈਂਕਾ ਵਾਲ਼ੇ ਫੌਜੀ ਮਰੀਜ਼ ਆਪਣੀ ਵਾਰੀ ਦੀ ਉਡੀਕ ਵਿਚ ਬੈਂਚਾਂ ‘ਤੇ ਬੈਠੇ ਸਨ। ਡਾਕਟਰ ਨਾਲ਼ ਬੈਠੇ ‘ਨੈਕ’ ਰੈਂਕ ਦੇ ਮੈਡੀਕਲ ਅਸਿਸਟੈਂਟ ਨੂੰ ਆਪਣਾ ਪੇਪਰ ਫੜਾ ਕੇ ਮੈਂ ਵੀ ਉਨ੍ਹਾਂ ‘ਚ ਬੈਠ ਗਿਆ। ਜਦੋਂ ਕੋਈ ਕਮਿਸ਼ੰਡ ਅਫ਼ਸਰ ਮਰੀਜ਼ ਆਉਂਦਾ, ਉਹ ਸਿੱਧਾ ਹੀ ਅੰਦਰ ਚਲੇ ਜਾਂਦਾ।
ਫੌਜ ਦੇ ਹਸਪਤਾਲਾਂ, ਕੈਨਟੀਨਾਂ, ਸਿਨੇਮਾ-ਘਰਾਂ ਤੇ ਹੋਰ ਥਾਵਾਂ ‘ਤੇ ਥਲ, ਜਲ ਤੇ ਹਵਾਈ ਸੈਨਾਵਾਂ ਦੇ ਅਫਸਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗਰਾਂਟਿਡ ਪਹਿਲ ਹੁੰਦੀ ਹੈ। ਸਾਧਾਰਨ ਰੈਂਕਾਂ ਨਾਲ਼ ਲਾਈਨਾਂ ‘ਚ ਖੜ੍ਹਨ ਜਾਂ ਉਨ੍ਹਾਂ ਸੰਗ ਵਾਰੀ ਦੀ ਉਡੀਕ ਕਰਨ ਨਾਲ਼ ਉਨ੍ਹਾਂ ਦੀ ਸ਼ਾਨ ਮੈਲ਼ੀ ਹੋ ਜਾਂਦੀ ਹੈ।
ਆਵਾਜ਼ ਪੈਣ ‘ਤੇ ਮੈਂ ਅੰਦਰ ਚਲਾ ਗਿਆ। ਕਰਨਲ ਰੈਂਕ ਦੇ ਸਪੈਸ਼ਲਿਸਟ ਨੇ ਮੈਨੂੰ ਚੈੱਕ ਕੀਤਾ ਤੇ ਦੋ ਕੁ ਟੈਸਟ ਲਿਖ ਦਿੱਤੇ। ਹਸਪਤਾਲ ਦੀ ਲੈਬਾਰਟਰੀ ‘ਚ ਟੈਸਟ ਕਰਵਾ ਕੇ ਮੈਂ ਮੁੜ ਬੈਂਚ ‘ਤੇ ਬੈਠ ਗਿਆ। ਟੈਸਟਾਂ ਦੀਆਂ ਰਿਪੋਰਟਾਂ ਡਾਕਟਰ ਕੋਲ਼ ਪਹੁੰਚਣ ‘ਤੇ ਦੁਬਾਰਾ ਆਵਾਜ਼ ਪਈ। ਮੈਂ ਅੰਦਰ ਚਲਾ ਗਿਆ। ਮੈਡੀਕਲ ਅਸਿਸਟੈਂਟ ਨੇ ਮੈਨੂੰ ਇਕ ਪੇਪਰ ਫੜਾਇਆ ਤੇ ਆਖਿਆ, ”ਇਹ ਪੇਪਰ ਲੈ ਕੇ ਆਪਣੇ ਐਮ.ਆਈ.ਰੂਮ ਰਿਪੋਰਟ ਕਰੋ।”ਮੈਨੂੰ ਆਸ ਸੀ ਕਿ ਸਪੈਸ਼ਲਿਸਟ ਟੈਸਟਾਂ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਮੇਰੀ ਬਿਮਾਰੀ ਦੀ ਹੁਣ ਦੀ ਸਥਿਤੀ ਬਾਰੇ ਗੱਲ ਕਰੇਗਾ। ਦਰਅਸਲ ਮੈਨੂੰ ਜ਼ਰਾ ਕੁ ਹੌਸਲੇ ਵਾਲ਼ੇ ਸ਼ਬਦਾਂ ਦੀ ਤਵੱਕੋ ਸੀ। ਉਸ ਵੱਲੋਂ ਕੁਝ ਵੀ ਨਾ ਬੋਲਣ ‘ਤੇ ਮੈਂ ਬੇਝਿਜਕ ਹੋ ਕੇ ਪੁੱਛ ਲਿਆ, ”ਸਰ! ਕੋਈ ਖ਼ਤਰੇ ਵਾਲ਼ੀ ਗੱਲ ਤਾਂ ਨਹੀਂ?” ਸਪੈਸ਼ਲਿਸਟ ਨੇ ਮੇਰੇ ਵੱਲ ਇੰਜ ਝਾਕਿਆ ਜਿਵੇਂ ਮੈਂ ਕੋਈ ਅਣਉਚਿਤ ਗੱਲ ਕਹਿ ਦਿੱਤੀ ਹੋਵੇ ਤੇ ਫਿਰ ਖਰ੍ਹਵੀਂ ਸੁਰ ‘ਚ ਬੋਲਿਆ, ”ਨਹੀਂ, ਗੋ।” ‘ਗੋ’ ਸ਼ਬਦ ਦਾ ਉਚਾਰਣ ਦਬਕਾ ਮਾਰਨ ਵਰਗਾ ਸੀ। ਮੇਰਾ ਸਵੈਮਾਣ ਪੱਛਿਆ ਗਿਆ। ਮੈਨੂੰ ਮੁਖਾਤਿਬ ਹੋ ਰਿਹਾ ਬੰਦਾ ਡਾਕਟਰ ਨਹੀਂ, ਅਫਸਰੀ ਹੈਂਕੜ ਨਾਲ਼ ਭਰਿਆ ਕਰਨਲ ਸਾਬ੍ਹ ਸੀ।
ਘਰ ਆ ਕੇ ਮੈਂ ਸਪੈਸ਼ਲਿਸਟ ਦੇ ਵਿਹਾਰ ਦੀ ਗੱਲ ਕੁਲਵੰਤ ਨਾਲ਼ ਕੀਤੀ। ਉਹ ਕਹਿਣ ਲੱਗੀ, ”ਉਹਨੂੰ ਏਦਾਂ ਖਰ੍ਹਵਾ ਨਹੀਂ ਸੀ ਬੋਲਣਾ ਚਾਹੀਦਾ। ਪਰ ਜਦੋਂ ਤੁਸੀਂ ਪੁੱਛਿਆ ਕਿ ਕੋਈ ਖ਼ਤਰੇ ਵਾਲ਼ੀ ਗੱਲ ਤਾਂ ਨਹੀਂ, ਉਹਨੇ ‘ਨਹੀਂ’ ਤਾਂ ਕਿਹਾ ਈ ਆ। ਤੁਹਾਡੇ ਹੌਸਲੇ ਵਾਸਤੇ ਇਹ ਇਕ ਲਫਜ਼ ਹੀ ਕਾਫ਼ੀ ਆ… ਤੁਸੀਂ ਬਿਮਾਰੀ ਨੂੰ ਮਨ ‘ਚੋਂ ਕੱਢੋ। ਐਮ.ਆਈ.ਰੂਮ ਵਾਲ਼ੇ ਡਾਕਟਰ ਨੇ ਤੁਹਾਨੂੰ ਸੈਰ ਕਰਨ ਲਈ ਕਿਹਾ ਸੀ। ਤੁਸੀਂ ਸ਼ੁਰੂ ਹੀ ਨਹੀਂ ਕੀਤੀ।” ਅਗਲੇ ਦਿਨ ਮੈਂ ਸਿੱਕ ਰਿਪੋਰਟ ਕੀਤੀ। ਡਾਕਟਰ ਨੇ ਸਪੈਸ਼ਲਿਸਟ ਦੀ ਰਿਪੋਰਟ ਦੇਖ ਕੇ ਦਵਾਈਆਂ ਦੇ ਦਿੱਤੀਆਂ। ਫ਼ਿਕਰ ਨਾ ਕਰਨ ਲਈ ਵੀ ਕਿਹਾ।
ਹਫ਼ਤੇ ਕੁ ਬਾਅਦ ਸਾਨੂੰ ਹਵਾਈ ਸੈਨਿਕਾਂ ਦੇ ਸੈਕਟਰ 31 ਵਿਚ ਕੁਆਟਰ ਮਿਲ਼ ਗਿਆ। ਇਸ ਸੈਕਟਰ ਦੇ ਲਹਿੰਦੇ ਪਾਸੇ ਵਾਲ਼ਾ 33 ਸੈਕਟਰ ਉਦੋਂ ਖਾਲੀ ਪਿਆ ਸੀ। ਕੁਝ ਕੁ ਕੋਠੀਆਂ ਹੀ ਬਣੀਆਂ ਸਨ। ਮੈਂ ਸੈਰ ਵਾਸਤੇ ਸਵੇਰੇ 5 ਵਜੇ ਓਧਰ ਨਿਕਲ਼ ਜਾਂਦਾ। ਸ਼ਾਂਤਮਈ ਆਲ਼ੇ-ਦੁਆਲ਼ੇ ‘ਚ ਲੰਮੇ ਤੇ ਭਰਵੇਂ ਸਾਹ ਲੈਂਦਿਆਂ ਮੈਂ ਆਪਣੇ ਆਪ ਨੂੰ ਤਾਜ਼ਾ-ਦਮ ਮਹਿਸੂਸ ਕਰਦਾ। ਮਨ ‘ਚ ਟਿਕਾਅ ਆਉਣ ਲੱਗ ਪਿਆ… ਅੱਜ ਹੋਰ ਕਲ੍ਹ ਹੋਰ… ਅੰਦਰਲੀ ਨਿਰਾਸ਼ਤਾ ਪੇਤਲੀ ਪੈਣ ਲੱਗ ਪਈ।
ਐਮ.ਏ ਅੰਗ੍ਰੇਜ਼ੀ ਦਾ ਮੋਰਚਾ ਫਤਿਹ ਤਾਂ ਹੋ ਗਿਆ ਪਰ ਡਵੀਜ਼ਨ ਥਰਡ ਹੀ ਬਣੀ। ਡਵੀਜ਼ਨ ਇਮਪੂਰਵ ਕਰਨ ਲਈ ਮੈਂ ‘ਨਿਊ ਐਰਾ ਕਾਲਜ’ (New Era College) ਜਾਣ ਲੱਗ ਪਿਆ। ਇਹ ਪ੍ਰਾਈਵੇਟ ਕਾਲਜ ਮੈਨੂੰ ਲਾਗੇ ਪੈਂਦਾ ਸੀ ਤੇ ਸ਼ਾਮ ਦੀ ਕਲਾਸ ਦਾ ਟਾਈਮ ਵੀ ਮੇਰੀ ਫੁਰਸਤ ਦੇ ਅਨੁਕੂਲ ਸੀ। ਅਜੇ ਤਿੰਨ ਕੁ ਮਹੀਨੇ ਹੀ ਲਾਏ ਸਨ ਕਿ ਪੰਜਾਬੀ ਅਖਬਾਰਾਂ ‘ਚ ਸਾਹਿਤਕ ਮੈਟਰ ਪੜ੍ਹਨ ਦੇ ਅਸਰ ਹੇਠ ਮੇਰੇ ਅੰਦਰਲਾ ਲੇਖਕ ਉਤਾਵਲਾ ਹੋ ਗਿਆ। ਪੰਜਾਬ ਤੋਂ ਬਾਹਰ ਦੀ ਨੌਕਰੀ ਦੇ 12 ਸਾਲ ਮੈਂ ਅੰਗ੍ਰੇਜ਼ੀ ਅਖਬਾਰਾਂ ਹੀ ਪੜ੍ਹਦਾ ਰਿਹਾ ਸਾਂ। ਪੰਜਾਬੀ ਅਖਬਾਰਾਂ ਓਥੇ ਉਪਲਬਧ ਨਹੀਂ ਸਨ ਤੇ ਸਾਹਿਤਕ ਪਰਚਿਆਂ ਬਾਰੇ ਮੈਨੂੰ ਕੁਝ ਪਤਾ ਹੀ ਨਹੀਂ ਸੀ। ਚੰਡੀਗੜ੍ਹ ਆ ਕੇ ਪੰਜਾਬੀ ਅਖਬਾਰਾਂ ‘ਚ ਦਿਲਚਸਪੀ ਬਣ ਗਈ। ਉਨ੍ਹਾਂ ਅਖਬਾਰਾਂ ਵਿਚ ਛਪਦੇ ਕਿਤਾਬਾਂ ਦੇ ਰੀਵਿਊ ਤੇ ਰਿਲੀਜ਼-ਸਮਾਗਮਾਂ ਦੀਆਂ ਖ਼ਬਰਾਂ ਪੜ੍ਹਦਿਆਂ ਮੇਰੇ ਅੰਦਰਲਾ ਲੇਖਕ ਹੁੱਝਾਂ ਮਾਰਨ ਲੱਗ ਪੈਂਦਾ ਕਿ ‘ਤੂੰ ਕਿਉਂ ਨਹੀਂ ਲਿਖ ਰਿਹਾ?’ ਇਹ ਸਵਾਲ ਪਹਿਲਾਂ ਵੀ ਕਦੀ-ਕਦੀ ਮਨ ‘ਚ ਉੱਭਰ ਪੈਂਦਾ ਸੀ ਪਰ ਹੁਣ ਤੀਖਣ ਹੋ ਗਿਆ।
ਪੜ੍ਹਾਈ ਦੇ ਚੱਕਰ ‘ਚ ਰਚਨਾਕਾਰੀ ਤੋਂ ਟੁੱਟਿਆਂ 8 ਸਾਲ ਹੋ ਗਏ ਸਨ। ਨਾਵਲ ਦੀ ਰਚਨਾ ਤੋਂ ਬਾਅਦ ਮੈਂ ਕੁਝ ਵੀ ਨਹੀਂ ਸੀ ਲਿਖਿਆ। ਨੌਕਰੀ, ਪੜ੍ਹਾਈ ਅਤੇ ਪਰਿਵਾਰ (ਜਿਸਨੂੰ ਨੌਕਰੀ ਦੌਰਾਨ ਮੈਂ ਨਾਲ਼ ਹੀ ਰੱਖਿਆ) ਦੀ ਦੇਖ-ਭਾਲ਼ ਦੇ ਰੁਝੇਵਿਆਂ ‘ਚ ਤਨ-ਮਨ ਦੀ ਬੱਸ ਹੋ ਜਾਂਦੀ ਸੀ। ਚਾਹੁੰਦਾ ਹੋਇਆ ਵੀ ਮੈਂ ਲਿਖਣ-ਕਾਰਜ ਨਹੀਂ ਸੀ ਕਰ ਸਕਿਆ। ਹੁਣ ਹੋਰ ਦੇਰ ਕਰਨੀ ਰੂਹ ਨੂੰ ਪ੍ਰਵਾਨ ਨਹੀਂ ਸੀ। ਸੋ ਮੈਂ ਰੂਹ ਦੇ ਅਨੁਸਾਰ ਲੋੜੀਂਦਾ ਬਦਲਾਅ ਲੱਭਣ ਲੱਗ ਪਿਆ… ਸੋਚ-ਵਿਚਾਰ ਤੋਂ ਬਾਅਦ ਇਸ ਸਿੱਟੇ ‘ਤੇ ਪਹੁੰਚਾ ਕਿ ਡਵੀਜ਼ਨ ਇਮਪਰੂਵ ਕਰਨ ਦਾ ਮੇਰਾ ਫ਼ੈਸਲਾ ਠੀਕ ਨਹੀਂ ਸੀ। ਏਅਰਫੋਰਸ ਛੱਡ ਕੇ ਮੇਰੀ ਪਲਾਨ ਅਧਿਆਪਕ ਬਣਨ ਦੀ ਨਹੀਂ ਸੀ। ਬੈਂਕ ਦੀ ਜਾਂ ਕੋਈ ਸਰਕਾਰੀ ਨੌਕਰੀ ਕਰਨ ਦਾ ਵਿਚਾਰ ਸੀ। ਇਨ੍ਹਾਂ ਨੌਕਰੀਆਂ ਵਾਸਤੇ ਡਵੀਜ਼ਨ ਦੀ ਕੋਈ ਕੰਡੀਸ਼ਨ ਨਹੀਂ ਹੁੰਦੀ। ਟੈਸਟ ਪਾਸ ਕਰਨੇ ਹੁੰਦੇ ਹਨ। ਉਨ੍ਹਾਂ ਬਾਰੇ ਮੈਨੂੰ ਵਿਸ਼ਵਾਸ ਸੀ, ਮੈਂ ਪਾਸ ਕਰ ਹੀ ਲੈਣੇ ਸਨ। ਸੋ ਸਿਰਜਣਾਤਮਿਕ ਕਾਰਜ ਨੂੰ ਮੁੱਖ ਰੱਖਦਿਆਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰ-ਵਿਹਾਰ ਸਿੱਖਿਆ ਪ੍ਰਣਾਲੀ ਰਾਹੀਂ ਪੰਜਾਬੀ ਦੀ ਐਮ.ਏ ਸ਼ੁਰੂ ਕਰ ਲਈ। ਇਸ ਪੜ੍ਹਾਈ ਰਾਹੀਂ ਜਿੱਥੇ ਮੈਨੂੰ ਪੰਜਾਬੀ ਸਾਹਿਤ ਦੀ ਜਾਣਕਾਰੀ ਪ੍ਰਾਪਤ ਹੋਣੀ ਸੀ, ਉੱਥੇ ਇਸ ਨੇ ਮੇਰੀ ਸਿਰਜਣਾਤਮਿਕਤਾ ਵਿਚ ਵੀ ਸਹਾਈ ਹੋਣਾ ਸੀ।
ਪੜ੍ਹਨ-ਲਿਖਣ ਲਈ ਮੇਰੀ ਯੂਨਿਟ ਦਾ ਰੁਟੀਨ, ਸੁਕਆਡਰਨਾਂ ਦੇ ਮੁਕਾਬਲੇ ਸੁਖਾਲ਼ਾ ਸੀ। ਸੁਕਆਡਰਨਾਂ ਵਿਚ ਅਤਿ ਦੇ ਗਰਮ ਤੇ ਸਰਦ ਮੌਸਮਾਂ ਦੌਰਾਨ ਜਹਾਜ਼ਾਂ ਦੀਆਂ ਉਡਾਣਾਂ ਤੋਂ ਪਹਿਲਾਂ ਤੇ ਬਾਅਦ ਵਾਲ਼ੀਆਂ ਸਰਵਿਸਾਂ ਦੇ ਕੰਮ ਬਾਹਰ ਹੀ ਕਰਨੇ ਪੈਂਦੇ ਸਨ। ਲੋੜ ਪੈਣ ‘ਤੇ ਕੰਮ ਦੇ ਘੰਟੇ ਵੀ ਵਧਾ ਦਿੱਤੇ ਜਾਂਦੇ ਸਨ। ਪਰ ਬੀ.ਆਰ.ਡੀ ‘ਚ ਸਾਰਾ ਕੁਝ ਅੰਦਰ ਹੀ ਸੀ ਅਤੇ ਫੈਕਟਰੀ ਵਰਗੇ ਰੁਟੀਨ ਅਨੁਸਾਰ ਕੰਮ ਦੇ ਘੰਟੇ ਵੀ ਇਕਸਾਰ ਸਨ, 7 ਵਜੇ ਤੋਂ 2 ਵਜੇ ਤੱਕ। ਪਰੇਡਾਂ ਬਹੁਤ ਘੱਟ। ਪੀ.ਟੀ ਬਿਲਕੁਲ ਨਹੀਂ।
ਬੀ.ਆਰ.ਡੀਆਂ ਵਿਚ ਵੱਖ-ਵੱਖ ਕਿਸਮਾਂ ਦੇ ਜਹਾਜ਼ਾਂ ਦੀ ਓਵਰਹਾਲਿੰਗ ਕੀਤੀ ਜਾਂਦੀ ਹੈ। ਸਾਡੇ ਵਾਲ਼ੀ ‘ਚ MI-4 ਹੈਲੀਕਾਪਰ ਦੀ ਓਵਰਹਾਲਿੰਗ ਹੁੰਦੀ ਸੀ। ਜਿਹੜੇ ਜਹਾਜ਼ ਦੇ ਉਮਰ-ਘੰਟੇ ਪੂਰੇ ਹੋ ਜਾਂਦੇ ਉਸ ਨੂੰ ਏਥੇ ਪਹੁੰਚਾ ਦਿੱਤਾ ਜਾਂਦਾ। ਸਭ ਤੋਂ ਪਹਿਲਾਂ ਜਹਾਜ਼ ਦੇ ਸਾਰੇ ਪਾਰਟ-ਪੁਰਜੇ ਖ੍ਹੋਲ ਕੇ ਉਨ੍ਹਾਂ ਦੀ ਪੂਰੀ ਤਰ੍ਹਾਂ ਸਫਾਈ ਕੀਤੀ ਜਾਂਦੀ। ਫਿਰ ਸਾਰੀਆਂ ਟਰੇਡਾਂ ਵਾਲ਼ੇ ਓਵਰਹਾਲਿੰਗ ਸੰਬੰਧੀ ਗਾਈਡ ਪੁਸਤਕਾਂ (Air Publications) ਅਨੁਸਾਰ ਆਪੋ-ਆਪਣੇ ਪਾਰਟਾਂ-ਪੁਰਜਿਆਂ ਨੂੰ ਮਸ਼ੀਨਾਂ ਅਤੇ ਸਪੈਸ਼ਲ ਸੰਦਾ ਰਾਹੀਂ ਚੈੱਕ ਕਰਦੇ। ਜਿਹੜੇ ਪਾਰਟ-ਪੁਰਜੇ ਕਰੈਕ ਹੋ ਗਏ ਹੁੰਦੇ ਜਾਂ ਪ੍ਰਮਾਣਿਕ ਹੱਦ ਤੋਂ ਜ਼ਿਆਦਾ ਘਸ ਗਏ ਹੁੰਦੇ, ਉਨ੍ਹਾਂ ਦੀ ਥਾਂ ਨਵੇਂ ਪਾ ਦਿੱਤੇ ਜਾਂਦੇ। ਉਨ੍ਹਾਂ ਚੈਕਿੰਗਾ ਤੋਂ ਬਾਅਦ ਦੂਜੀਆਂ ਟਰੇਡਾਂ ਵਾਂਗ ਸਾਡੀ ਟਰੇਡ ਦੇ ਸਾਰੇ ਪਾਰਟ-ਪੁਰਜੇ ਅਸੈਂਬਲੀ ਹਾਲ ‘ਚ ਪਹੁੰਚ ਜਾਂਦੇ। ਏਅਰ-ਕੰਨਡੀਸ਼ੰਡ ਅਸੈਂਬਲੀ ਹਾਲ ਅਤਿ-ਸੂਖਮ ਸੰਦਾਂ ਤੇ ਮਸ਼ੀਨਾਂ ਨਾਲ਼ ਲੈਸ ਸੀ। ਸਾਰੇ ਕੁਝ ਨੂੰ ਜੋੜਨ-ਬੀੜਨ ਵਾਸਤੇ ਇੰਜਣ ਨੂੰ ਤਿੰਨ ਭਾਗਾਂ ਵਿਚ ਅਸੈਂਬਲ ਕੀਤਾ ਜਾਂਦਾ ਸੀਂ ਨੋਜ਼ (ਚੁੰਝ) ਸੈਕਸ਼ਨ, ਸੈਂਟਰ (ਵਿਚਕਾਰਲਾ) ਸੈਕਸ਼ਨ ਤੇ ਰੀਅਰ (ਪਿਛਲਾ) ਸੈਕਸ਼ਨ।
(ਚਲਦਾ)