7.8 C
Toronto
Tuesday, October 28, 2025
spot_img
Homeਰੈਗੂਲਰ ਕਾਲਮਯਾਦ ਆਉਂਦੇ ਰਹਿਣਗੇ ਪ੍ਰੋ. ਮਨਜੀਤ ਸਿੰਘ ਸਿੱਧੂ

ਯਾਦ ਆਉਂਦੇ ਰਹਿਣਗੇ ਪ੍ਰੋ. ਮਨਜੀਤ ਸਿੰਘ ਸਿੱਧੂ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ94174-21700
ਕੈਲਗਰੀ ਤੋਂ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਦੇ ਨੇੜਲੇ ਮਿੱਤਰ ਕਾਮਰੇਡ ਭਗਵੰਤ ਸਿੰਘ ਰੰਧਾਵਾ ਦੀ ਨੂੰਹ ਤੇ ਮੇਰੀ ਮੂੰਹ ਬੋਲੀ ਭੈਣ ਰਿੰਪੀ ਨੇ ਇੱਕ ਦਿਨ ਵਟਸ ਐਪ ਉਤੇ ਇੱਕ ਤਸਵੀਰ ਭੇਜੀ, ਜਿਸ ਨੂੰ ਦੇਖ ਕੇ ਦਿਲ ਬੜਾ ਖਰਾਬ ਹੋਇਆ। ਜੇ ਰਿੰਪੀ ਭੈਣ ਇਹ ਨਾ ਦਸਦੀ ਕਿ ਕਿ ਇਹ ਮਨਜੀਤ ਅੰਕਲ ਹਨ, ਤਾਂ ਮੈਨੂੰ ਲੱਖ ਯਤਨ ਕਰਨ ‘ਤੇ ਵੀ ਪ੍ਰੋਫੈਸਰ ਸਾਹਬ ਦੀ ਪਛਾਣ ਨਹੀਂ ਸੀ ਆਉਣੀ। ਫਿਰ 20 ਮਈ ਦੀ ਸਵੇਰ ਸਾਢੇ ਸੱਤ ਵਜੇ ਭੇਣ ਦਾ ਸੁਨੇਹਾ ਆਇਆ ਕਿ ਕੈਲਗਰੀ ਦੇ ਪੀਟਰ ਲਾਗਹੈੱਡ ਹਸਪਤਾਲ ਵਿਚ ਪ੍ਰੋ. ਮਨਜੀਤ ਅੰਕਲ ਪੂਰੇ ਹੋ ਗਏ ਨੇ। ਇਹ ਖਬਰ ਸੁਣ ਕੇ ਮੈਂ ਉਦਾਸ ਤਾਂ ਹੋਣਾ ਹੀ ਸੀ।
ਉਨ੍ਹਾਂ 90 ਸਾਲ ਤੋਂ ਵੀ ਵੱਧ ਦੀ ਉਮਰ ਭੋਗੀ। ਪੜ੍ਹਾਉਂਦੇ ਰਹੇ, ਪੜ੍ਹਦੇ ਰਹੇ ਤੇ ਉਮਰ ਦੇ ਅੰਤਿਮ ਪੜਾਅ ਉਤੇ ਲਿਖਣ ਵੀ ਲੱਗ ਪਏ ਸਨ, ਤਿੰਨ ਪੁਸਤਕਾਂ ਪੰਜਾਬੀ ਸਾਹਿਤ ਨੂੰ ਭੇਟ ਕਰ ਗਏ ਹਨ। ਪਹਿਲੀ ਵਾਰਤਕ ਪੁਸਤਕ ‘ਵੰਨ ਸੁਵੰਨ’ (2007), ਦੂਜੀ ਪੁਸਤਕ ‘ਮੇਰੀ ਪੱਤਰਕਾਰੀ ਦੇ ਰੰਗ’ (2008) ਅਤੇ ਤੀਸਰੀ ਰੇਖਾ ਚਿਤਰਾਂ ਦੀ ਪੁਸਤਕ ‘ਨਿੱਕੇ ਵੱਡੇ ਬੁਰਜ’ (2011), ਇਨ੍ਹਾਂ ਪੁਸਤਕਾਂ ਤੋਂ ਇਲਾਵਾ ਪ੍ਰੋ. ਸਿੱਧੂ ਕੈਨੇਡਾ ਦੀਆਂ ਪ੍ਰਮੁੱਖ ਅਖ਼ਬਾਰਾਂ ਵਿਚ ਭਖਦੇ ਮਾਮਲਿਆਂ ਉੱਤੇ ਲੇਖ ਵੀ ਲਿਖਦੇ ਰਹਿੰਦੇ ਸਨ। ਕੈਲਗਰੀ ਦੀਆਂ ਕਈ ਸਾਹਿਤਕ ਜਥੇਬੰਦੀਆਂ ਨਾਲ ਉਹ ਜੁੜਦੇ-ਟੁਟਦੇ ਰਹੇ, ਲੇਖਕਾਂ ਨਾਲ ਬਹੁਤੀ ਦਾਲ ਨਾ ਗਲੀ। ਉਹ ਸਾਹਿਤਕ ਜਥੇਬੰਦੀਆਂ ਵਿਚ ਧੜੇਬੰਦੀਆਂ ਤੋਂ ਔਖੇ ਸਨ।
ਸੰਨ 2001 ਦੀ ਗੱਲ ਹੈ, ਜਦੋਂ ਮੈਂ ਪਹਿਲੀ ਵਾਰੀ ਕੈਨੇਡਾ ਯਾਤਰਾਂ ਉੱਤੇ ਨਿਕਲਿਆ ਤਾਂ ਕੈਲਗਰੀ ਮਾਸਟਰ ਬਚਿੱਤਰ ਸਿੰਘ ਗਿੱਲ ਦੇ ਪ੍ਰੋ. ਮਨਜੀਤ ਸਿੰਘ ਮੈਨੂੰ ਤੇ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਨੂੰ ਮਿਲਣ ਆਏ, ਤੇ ਜਿੰਨੇ ਦਿਨ ਅਸੀਂ ਉਥੇ ਰਹੇ, ਉਹ ਰੋਜ ਆਪਣੇ ਘਰ ਤੋਂ ਖੂੰਡੀ ਦੇ ਆਸਰੇ ਤੁਰਦੇ ਹੋਏ ਮਿਲਣ ਲਈ ਆਉਂਦੇ। ਕਦੇ-ਕਦੇ ਗੱਲਾਂ ਕਰਦੇ-ਕਰਦੇ ਉਹ ਖਿਝ ਜਾਂਦੇ ਸਨ। ਫਿਰ ਪਲ ਵਿਚ ਹੀ ਸਹਿਜ ਹੋ ਜਾਂਦੇ। ਮਾਸਟਰ ਬੱਚਿਤਰ ਸਿੰਘ ਤੇ ਉਨ੍ਹਾਂ ਦੇ ਸਾਥੀ ਤਾਂ ਉਨ੍ਹਾਂ ਦਾ ਭੇਦ ਚਿਰਾਂ ਤੋਂ ਪਾ ਚੁੱਕੇ ਹੋਏ ਸਨ ਪਰ ਨਵੇਂ-ਨਵੇਂ ਮਿਲਣ ਵਾਲੇ ਨੂੰ ਓਪਰਾ-ਓਪਰਾ ਜਿਹਾ ਮਹਿਸੂਸ ਹੁੰਦਾ ਸੀ। ਖ਼ੈਰ! ਮੈ ਵੀ ਛੇਤੀ ਹੀ ਉਨ੍ਹਾਂ ਦਾ ਭੇਦ ਪਾ ਲਿਆ।
ਇਕ ਦਿਨ ਉਨ੍ਹਾਂ ਸਵੇਰੇ-ਸਵੇਰੇ ਆ ਮਾਸਟਰ ਜੀ ਦੇ ਬੂਹੇ ਦੀ ਬੈੱਲ ਵਜਾਈ। ਮੈਂ ਹੀ ਬੂਹਾ ਖੋਲ੍ਹਿਆ। ਉਨ੍ਹਾਂ ਦੀ ਕੱਛ ਵਿਚ ਇਕ ਭਾਰੀ ਫਾਇਲ ਸੀ, ਜੋ ਉਨ੍ਹਾਂ ਮਸੀ ਫੜੀ  ਹੋਈ ਸੀ ਤੇ ਕੁਝ ਕਾਗਜ਼ ਫਾਈਲ ਵਿਚੋਂ ਬਾਹਰ ਨੂੰ ਝਾਕ ਰਹੇ ਸਨ ਅੰਦਰ ਲੰਘ ਆਏ। ਡਰਾਇੰਗ ਰੂਮ ਵਿਚ ਬੈਠੇ। ਮਾਸਟਰ ਜੀ ਵੀ ਤਿਆਰ ਹੋ ਕੇ ਆ ਗਏ। ਚਾਹ ਦੀਆਂ ਘੁੱਟਾਂ ਭਰਦਿਆਂ ਉਨ੍ਹਾਂ ਫਾਈਲ ਮੇਰੇ ਵੱਲ ਕਰਦਿਆਂ ਆਖਿਆ, ”ਲੈ ਆਹ ਵੇਖ ਲੈ, ਖੇਹ-ਸੁਆਹ ਈ ਐ, ਬੜੇ ਸਾਲਾਂ ਤੋਂ ਜੋ ਮੈ ਲਿਖਦਾ ਰਿਹੈਂ, ਇਵੇਂ ਦੱਬਿਆ ਪਿਆ ਸੀ, ਕੀ ਕਰੀਏ ਇਹਦਾ, ਵੇਖ ਲੈ।” ਮੈਂ ਫਾਈਲ ਫੋਲਣ ਲੱਗਿਆ, ਦਾਲ ‘ਚੋਂ ਦਾਣਾ ਟੋਹਣ ਵਾਂਗ, ਮੈਂ ਵੇਖਿਆ ਕਿ ਪ੍ਰੋਫੈਸਰ ਸਾਹਿਬ ਨੇ ‘ਕੰਮ ਦੀਆਂ ਗੱਲਾਂ’ ਹੀ ਲਿਖੀਆਂ ਨੇ, ਕੋਈ ਵੀ ਨਿਕੰਮੀ ਲਿਖਤ ਫਾਈਲ ‘ਚੋਂ ਲੱਭਿਆ ਨਹੀਂ ਲੱਭੀ ਸੀ। ਇਸ ਖਰੜੇ ਵਿਚ ਮਹਾਨ ਤੇ ਆਪਣੇ-ਆਪਣੇ ਖੇਤਰ ਦੀਆਂ ਉੱਘੀਆਂ ਹਸਤੀਆਂ ਬਾਰੇ ਯਾਦ-ਨੁਮਾ ਤੇ ਆਮ ਵਾਕਫੀ ਲੇਖ ਸਨ। ਪ੍ਰੋ. ਸੁਰਿੰਦਰ ਸਿੰਘ ਨਰੂਲਾ ਤੋਂ ਸ਼ੁਰੂ ਕਰਕੇ, ਗਿ.ਜੈਲ ਸਿੰਘ, ਬਲਵੰਤ ਗਾਰਗੀ, ਦਵਿੰਦਰ ਸਤਿਆਰਥੀ, ਅਜੀਤ ਸਿੰਘ ਪੱਤੋ, ਪ੍ਰੋ. ਪ੍ਰੀਤਮ ਸਿੰਘ ਪਟਿਆਲਾ, ਕਾਮਰੇਡ ਰੁਲਦੂ ਖਾਨ, ਬਰਕਤ ਸਿੱਧੂ ਸੂਫੀ ਗਾਇਕ ਸਮੇਤ ਭਾਰਤ ਦੀਆਂ ਇਨ੍ਹਾਂ ਹਸਤੀਆਂ ਦੇ ਨਾਲ ਨਾਲ ਤਾਰਾ ਸਿੰਘ ਹੇਅਰ, ਇਕਬਾਲ ਅਰਪਣ ਤੇ ਜੋਗਿੰਦਰ ਸਿੰਘ ਬੈਂਸ ਸਮੇਤ ਗਿਆਰਾਂ ਸ਼ਖ਼ਸੀਅਤਾਂ ਕੈਲਗਰੀ ਦੇ ਪੰਜਾਬੀ ਸਮਾਜ ਦੀਆਂ ਬਾਰੇ ਦਿਲਚਸਪ ਲੇਖ  ਸਨ।
”ਮੈਂ ਤੁਹਾਨੂੰ ਕੱਲ੍ਹ ਦਸਦਾ ਆਂ ਕਿ ਇਹਦਾ ਕੀ ਕਰਨੈ, ਕਲ੍ਹ ਮੈਂ ਵਿਹਲਾ ਆਂ ਕੁਛ ਘੰਟੇ, ਮੈਂ ਤੇ ਮਾਸਟਰ ਜੀ ਖਰੜਾ ਪੜ੍ਹਾਂਗੇ।” ਮੇਰੀ ਏਨਾ ਕਹਿਣ ‘ਤੇ ਉਹ ਚੁੱਪ ਕਰ ਗਏ ਤੇ ਉਠਣ ਲੱਗੇ ਬੋਲੇ, ”ਚੰਗਾ, ਮੈਂ ਚਲਦੈਂ, ਓ ਭਾਈ ਸੱਚ ਦੱਸਾਂ…? ਮੈਂ ਤਾਂ ਕੈਨੇਡਾ ਆ ਕੇ ਪੰਜਾਬੀ ‘ਚ ਲਿਖਣ ਲੱਗਿਐਂ, ਸਾਰੀ ਉਮਰ ਅੰਗਰੇਜ਼ੀ ਨਾਲ ਮੋਹ ਪਾਈ ਰੱਖਿਐ, ਐਥੇ ਆ ਕੇ ਪੰਜਾਬੀ ਨਾਲ ਆਪਣੇ ਆਪ ਅੰਦਰੋਂ ਮੋਹ ਜਾਗ ਪਿਆ, ਸੱਚੀ ਦੱਸਾ ਤਾਂ…? ” ਉਹ ਸਾਡੇ ਸਾਹਮਣੇ ਖਲੋ ਗਏ। ਅਸੀਂ ਕੰਨ ਚੁੱਕ ਲਏ ਕਿ ਕੀ ਸੱਚੀ ਦੱਸਣ ਲੱਗੇ ਹਨ।
”ਮੈਂ ਤਾਂ ਪੰਜਾਬੀ ‘ਚ ਲਿਖਣ ਵਾਲਿਆਂ ਨਾਲ ਨਫ਼ਰਤ ਈ ਕਰਦਾ ਰਿਹਾ ਸਾਰੀ ਉਮਰ, ਤੇ ਹੁਣ ਪੰਜਾਬੀ…।” ਇਸ ਤੋਂ ਅਗੇ ਉਹ ਕੁਝ ਬੋਲ ਨਾ ਸਕੇ ਤੇ ਖੂੰਡੀ ਦੇ ਆਸਰੇ ਬੂਹਿਓਂ ਬਾਹਰ ਹੋ ਗਏ। ਮਾਸਟਰ ਬਚਿੱਤਰ ਸਿੰਘ ਬੋਲੇ, ”ਸੁਣ ਲਈਆਂ? ਅਜੇ ਤਾਂ ਹੋਰ ਸੁਣੇਗਾ ਹੋਰ ਰਹਿ ਲੈ ਮਹੀਨਾ।” ਪ੍ਰੋਫੈਸਰ ਸਾਹਿਬ ਦੇ ਚਲੇ ਜਾਣ ਬਾਅਦ ਮੈਂ ਸੋਚੀ ਗਿਆ ਕਿ ਇਹ ਭੂ-ਹੇਰਵਾ ਹੀ ਹੈ, ਸਭਿਆਚਾਰਕ ਤੇ ਮਾਂ ਬੋਲੀ ਦਾ ਹੇਰਵਾ ਪ੍ਰਦੇਸ ਵਿਚ ਮਨੁੱਖ ਨੂੰ ਕਿਵੇਂ ਬਦਲ ਦਿੰਦਾ ਹੈ। ਫਾਈਲ ਵਿਚ ਪਏ ਲੇਖਾਂ ਨੂੰ ਇਕ ਇਕ ਕਰਕੇ ਪੜ੍ਹਨਾ ਅਰੰਭਿਆ। ਲੇਖ ਰੌਚਕ ਸਨ ਤੇ ਜਾਣਕਾਰੀ ਭਰਪੂਰ ਵੀ। ਮੈਂ ਉਨ੍ਹਾਂ ਨੂੰ ਫੋਨ ਕੀਤਾ ਕਿ ਖਰੜਾ ਪੜ੍ਹ ਲਿਆ ਹੈ। ਮੇਰੀ ਗੱਲ ਹਾਲੇ ਅਧੂਰੀ ਸੀ, ਕਹਿੰਦੇ, ”ਮੈਂ ਆਉਂਨੈ ਹੁਣੇ।” ਸੱਤ ਅੱਠ ਮਿੰਟਾਂ ਦਾ ਰਾਹ ਸੀ ਮਾਸਟਰ ਜੀ ਦੇ ਘਰ ਤੋਂ ਪ੍ਰੋਫੈਸਰ ਸਾਹਿਬ ਦੇ ਘਰ ਦਾ। ਆ ਗਏ। ਬੂਹੇ ਵੜਦੇ ਪੁੱਛਿਆ, ”ਕਿਵੇਂ ਲੱਗਿਆ? ਹੈ ਕੁਛ…ਕੰਮ ਦੀ ਗੱਲ ਕਿ ਖੇਹ ਸੁਆਹ ਈ ਐ?” ਮੈਂ ਕੁਝ ਨਾ ਬੋਲਿਆ। ਮਾਸਟਰ ਜੀ ਪਾਣੀ ਦੇ ਗਿਲਾਸ ਭਰ ਲਿਆਏ।
”ਪ੍ਰੋਫੈਸਰ ਸਾਹਿਬ, ਖੇਹ ਸੁਆਹ ਸ਼ਬਦ ਤੁਸੀਂ ਵਾਰ-ਵਾਰ ਵਰਤਦੇ ਓਂ, ਇਹ ਕਰੜਾ ਬਹੁਤਾ ਐ ਸ਼ਬਦ, ਇਹ ਨਾ ਵਰਤਿਆ ਕਰੋ, ਤੁਹਾਡਾ ਖਰੜਾ ਮੁੱਲਵਾਨ ਐਂ, ਇਹ ਕਿਤਾਬੀ ਰੂਪ ਵਿਚ ਛਪਣਾ ਚਾਹੀਦੈ, ਮੈਂ ਏਹ ਸੇਵਾ ਆਪਣੇ ਜ਼ਿੰਮੇ ਲੈਂਦਾ ਆਂ ਤੇ ਸੋਧ-ਸੁਧਾਈ, ਪਰੂਫ ਰੀਡਿੰਗ, ਟਾਈਟਲ ਸਭ ਕੰਮ ਆਪਣੇ ਆਪ ਕਰਵਾ ਕੇ ਤੁਹਾਡੇ ਹੱਥ ਕਿਤਾਬ ਹੋਵੇਗੀ, ਬਾਕੀ ਰਹੀ ਗੱਲ ਪਬਲਿਸ਼ਰਜ਼ ਦੀ, ਤੁਸੀਂ ਇੰਡੀਆ ਫੋਨ ਕਰ ਲਓ, ਦੋ ਚਾਰ ਪ੍ਰਕਾਸ਼ਕਾਂ ਦੇ ਨੰਬਰ ਦੇ ਦਿੰਦਾ ਆਂ, ਜਿਹੜਾ ਸਸਤਾ ਤੇ ਵਧੀਆ ਛਾਪੂ, ਉਸ ਤੋਂ ਛਪਵਾ ਲਵਾਂਗੇ।” ਮੇਰੀਆਂ ਗੱਲਾਂ ਸੁਣ ਕੇ ਉਨ੍ਹਾਂ ਦੇ ਚਿਹਰੇ ‘ਤੇ ਚਮਕ ਆ ਗਈ। ”ਯਾਰ, ਸੱਚੀ ਗੱਲ ਦੱਸਾਂ? ਆਹ ਮਾਸਟਰ ਤੋਂ ਬਿਨਾਂ ਤਾਂ ਮੇਰਾ ਕਦੇ ਕਿਸੇ ਨੇ ਹੌਸਲਾ ਵਧਾਇਆ ਈ ਨੀ, ਜਾਂ ਅੱਜ ਤੂੰ ਮੇਰਾ ਹੌਸਲਾ ਵਧਾਇਐ।” ਉਹ ਹਰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਅਕਸਰ ਹੀ ਕਹਿੰਦੇ ਹੁੰਦੇ ਸਨ, ”ਯਾਰ, ਸੱਚੀ ਗੱਲ ਦੱਸਾਂ?”
ਮੇਰੇ ਵਲੋਂ ਪ੍ਰੋਫੈਸਰ ਸਾਹਿਬ ਨੂੰ ਪ੍ਰਕਾਸ਼ਕਾਂ ਦੇ ਦਿੱਤੇ ਫੋਨ ਨੰਬਰਾਂ ਵਿਚੋਂ ਉਨ੍ਹਾਂ ਨੇ ਬਰਨਾਲੇ ਮੇਘ ਰਾਜ ਮਿੱਤਰ ਨੂੰ ਫੋਨ ਕੀਤਾ ਤੇ ਉਨ੍ਹਾਂ ਅਗੋਂ ਆਪਣੇ ਪੁੱਤਰ ਅਮਿਤ ਮਿੱਤਰ ਨਾਲ ਉਨ੍ਹਾਂ ਦੀ ਗੱਲ ਕਰਵਾ ਦਿੱਤੀ। ਕਿਤਾਬ 172 ਪੰਨਿਆਂ ਦੀ ਸੀ, ਮਸਾਂ ਬਾਰਾਂ ਕੁ ਹਜ਼ਾਰ ਰੁਪਏ ਖਰਚ ਹੋਇਆ। ਪ੍ਰੋਫੈਸਰ ਸਾਹਿਬ ਦੀ ਇੱਛਾ ਸੀ ਕਿ ਮੇਰੀ ਕਿਤਾਬ ਦੇ ਪਿਛਲੇ ਸਰਵਰਕ ਉਤੇ ਪਦਮ ਸ਼੍ਰੀ ਪ੍ਰੋ. ਗੁਰਦਿਆਲ ਸਿੰਘ ਕੁਝ ਸ਼ਬਦ ਲਿਖ ਦੇਣ। ਪ੍ਰੋਫੈਸਰ ਸਾਹਿਬ ਨੂੰ ਖਰੜਾ ਭੇਜਿਆ ਤੇ ਉਨ੍ਹਾਂ ਚਾਰ ਕੁ ਦਿਨਾਂ ਵਿਚ ਕਿਤਾਬ ਲਈ ਤਿੰਨ ਵੱਡੇ ਪੈਰੇ ਲਿਖ ਭੇਜੇ। ਪ੍ਰੋ.ਬ੍ਰਹਮ ਜਗਦੀਸ਼ ਸਿੰਘ ਹੁਰਾਂ ਭੂਮਿਕਾ ਲਿੱਖੀ। ਕਿਤਾਬ ਛਪੀ ਤਾਂ ਪ੍ਰੋ. ਮਨਜੀਤ ਸਿੰਘ ਸਿੱਧੂ ਦੀ ਹੌਸਲਾ ਅਫ਼ਜਾਈ ਕੈਲਗਰੀ ਦੇ ਸਹਿਤਕ ਸਾਥੀ ਵੀ ਕਰਨ ਲੱਗੇ। ਸਾਰੀ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਸੂਚਨਾ ਉਹ ਰੋਜ਼ ਵਾਂਗ ਫੋਨ ਉਤੇ ਦਿੰਦੇ ਰਹਿੰਦੇ। ਇਕ ਸਮਾਂ ਐਸਾ ਆਇਆ ਕਿ ਪ੍ਰੋਫੈਸਰ ਸਾਹਿਬ ਦੇ ਦਿਨ ਵਿਚ ਚਾਰ-ਚਾਰ ਫੋਨ ਆਉਣ ਲੱਗ ਪਏ। ਉਹਨੀਂ ਦਿਨੀਂ ਮੈਂ ਮਾਨਸਿਕ ਤੌਰ ‘ਤੇ ਠੀਕ ਨਹੀਂ ਸਾਂ ਤੇ ਫੋਨ ਨਹੀਂ ਸੀ ਚੁੱਕ ਰਿਹਾ। ਤੰਗ ਆ ਗਿਆ। ਮਾਸਟਰ ਬਚਿੱਤਰ ਸਿੰਘ ਹੁਰਾਂ ਨੂੰ ਫੋਨ ‘ਤੇ ਬੇਨਤਾ ਲਾਇਆ ਕਿ ਕੁਝ ਕਰੋ। ਉਹ ਉਨ੍ਹਾਂ ਦੇ ਘਰ ਗਏ ਤੇ ਸਾਰੀ ਗੱਲ ਠੰਢੇ ਮਤੇ ਸਮਝਾ ਆਏ। ਫੋਨ ਗਿਣਤੀ ਘਟ ਗਈ।
ਦੇਰ ਮਗਰੋਂ ਫਿਰ ਫੋਨ ਆਇਆ, ”ਹਾਂ ਬਈ, ਸੱਚੀ ਗੱਲ ਦੱਸਾਂ?”
”ਹਾਂ ਜੀ ਦੱਸੋ ਪ੍ਰੋਫੈਸਰ ਸਾਹਿਬ।”
”ਇਕ ਕਿਤਾਬ ਹੋਰ ਤਿਆਰ ਕਰਤੀ ਮੈਂ, ਏਹਨੂੰ ਛਪਵਾਉਣ ਦਾ ਜ਼ਿੰਮਾ ਵੀ ਤੇਰਾ ਐ, ਸੁਣੀਂ ਮੇਰੀ ਗੱਲ।”
ਜੁਆਬ ਕਾਹਦਾ ਦੇ ਹੋਣਾ ਸੀ। ”ਸੱਤ ਬਚਨ ਜੀ ਪ੍ਰੋਫੈਸਰ ਸਾਹਿਬ।”
ਉਨ੍ਹਾਂ ਹਫ਼ਤੇ ਦੇ ਅੰਦਰ ਅੰਦਰ ਵੱਡਾ ਬੰਡਲ ਪਾਰਸਲ ਕਰਵਾ ਦਿੱਤਾ। ਫੁਟਕੱਲ ਲੇਖ ਸਨ। ਨਾਲ ਹਿਦਾਇਤ ਲਿਖੀ ਹੋਈ ਸੀ ਕਿ ਇਸ ਕਿਤਾਬ ਦਾ ਨਾਂ ਰਖਣੈ, ”ਮੇਰੀ ਪੱਤਰਕਾਰੀ ਦੇ ਰੰਗ” ਭੂਮਿਕਾ ਪਹਿਲਾ ਹੀ ਨਾਲ ਨੱਥੀ ਕਰ ਭੇਜੀ ਸੁਰਜਨ ਜ਼ੀਰਵੀ ਵੱਲੋਂ ਲਿਖੀ ਹੋਈ ਲੰਬੀ-ਚੌੜੀ। ਪੁਸਤਕ ਦੇ ਅਰੰਭ ਵਿਚ ਹੀ ਪ੍ਰੋਫੈਸਰ ਸਾਹਿਬ ਨੇ ਆਪਣੀ ਪੱਤਰਕਾਰੀ ਦੀ ਚਿਣਗ ਬਾਰੇ ਵਿਸਥਾਰ ‘ਚ ਲਿਖਿਆ ਸੀ।
ਹੁਣ ਜਦ ਉਹ ਚਲੇ ਗਏ ਹਨ ਤਾਂ ਉਹਨਾਂ ਦੀਆਂ ਪੁਸਤਕਾਂ ਕੱਢ ਕੇ ਵਾਰ-ਵਾਰ ਨਿਹਾਰ ਰਿਹਾ ਹਾਂ  ਤੇ ਚੇਤੇ ਵੀ ਕਰਦਾ ਹਾਂ ਉਹਨਾਂ ਦਾ ਤਕੀਆ ਕਲਾਮ, ”ਸੱਚੀ ਗੱਲ ਦੱਸਾਂ?”
[email protected]

RELATED ARTICLES
POPULAR POSTS