Breaking News
Home / ਨਜ਼ਰੀਆ / ਤੁਰੋ ਤੇ ਤੰਦਰੁਸਤ ਰਹੋ

ਤੁਰੋ ਤੇ ਤੰਦਰੁਸਤ ਰਹੋ

ਪ੍ਰਿੰ. ਸਰਵਣ ਸਿੰਘ
ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਹੈ: ਦੌੜ ਸਕਦੇ ਹੋ ਤਾਂ ਤੁਰੋ ਨਾ, ਤੁਰ ਸਕਦੇ ਹੋ ਤਾਂ ਖੜ੍ਹੋ ਨਾ, ਖੜ੍ਹ ਸਕਦੇ ਹੋ ਤਾਂ ਬੈਠੋ ਨਾ, ਬੈਠ ਸਕਦੇ ਹੋ ਤਾਂ ਲੇਟੋ ਨਾ। ਤੱਤ ਸਾਰ ਇਹੋ ਹੈ ਕਿ ਜਿੰਨੇ ਜੋਗਾ ਕੋਈ ਹੈ, ਉਸ ਤੋਂ ਵੱਧ ਨਹੀਂ ਤਾਂ ਉਨਾ ਜ਼ਰੂਰ ਕਰਦਾ ਰਹੇ। ਐਵੇਂ ਆਲਸ ਤੇ ਸੁਖ ਆਰਾਮ ਵਿਚ ਵਿਹਲਾ ਬੈਠਾ ਆਪਣੀ ਸਿਹਤ ਨਾ ਗੁਆਵੇ। ਘੱਟੋ ਘੱਟ ਪੈਰੀਂ ਤੁਰਨਾ ਤਾਂ ਨਾ ਛੱਡੇ।
ਤੁਰਨਾ ਕੁਦਰਤ ਦੀ ਦਾਤ ਹੈ ਪਰ ਕਈਆਂ ਨੂੰ ਇਸ ਦੀ ਉੱਕਾ ਹੀ ਸਾਰ ਨਹੀਂ। ਲੱਤਾਂ ਪੈਰਾਂ ਨੂੰ ਉਹ ਤੁਰਨ ਲਈ ਨਹੀਂ ਵਰਤ ਰਹੇ। ਬੇਸਮਝੀ ਵਿਚ ਹੀ ਸਮਝ ਬੈਠੇ ਹਨ ਕਿ ਤੁਰਨਾ ਗ਼ਰੀਬਾਂ ਦੀ ਮਜਬੂਰੀ ਹੈ। ਕਹਿੰਦੇ ਰਹਿੰਦੇ ਹਨ ਬੰਦਾ ਤੰਗੀ ਤੇ ਨੰਗ ਮਲੰਗੀ ‘ਚ ਹੀ ਤੁਰਦੈ। ਖਾਂਦਾ ਪੀਂਦਾ ਬੰਦਾ ਪੈਦਲ ਕਿਉਂ ਤੁਰੇ? ਉਹ ਗੱਡੀ ਚੜ੍ਹੇ, ਕਾਰ ਚਲਾਵੇ, ਸਕੂਟਰ ਫੜੇ, ਨਹੀਂ ਤਾਂ ਕਿਸੇ ਦੇ ਕੰਧਾੜੀਂ ਯਾਨੀ ਰਿਕਸ਼ੇ ‘ਤੇ ਚੜ੍ਹ ਬਹੇ। ਉਸ ਦੀ ਟੌਅ੍ਹਰ, ਸ਼ਾਨ ਤੇ ਸਰਦਾਰੀ ਇਸੇ ਵਿਚ ਹੈ। ਪੈਦਲ ਚੱਲਣਾ ਤਾਂ ਜਣੇ ਖਣੇ ਤੋਂ ਮਖੌਲ ਕਰਵਾਉਣਾ ਤੇ ਕਿਰਾਇਆ ਬਚਾਉਣ ਵਾਲਾ ਸੂਮ ਕਹਾਉਣਾ ਹੈ!
ਇਹੋ ਕਾਰਨ ਹੈ ਕਿ ਸਾਡੇ ਬਹੁਤੇ ਬੰਦੇ, ਖ਼ਾਸ ਕਰ ਕੇ ਉਤਲੇ ਤਬਕੇ ਦੇ ਲੋਕ ਪੈਰੀਂ ਤੁਰਨਾ ਛੱਡ ਰਹੇ ਹਨ ਤੇ ਤੁਰਨ ਫਿਰਨ ਦੀਆਂ ਨੇਅਮਤਾਂ ਤੋਂ ਵਾਂਝੇ ਹੋ ਰਹੇ ਹਨ। ਤੁਰਨਾ ਫਿਰਨਾ ਛੱਡ ਕੇ ਉਹਨਾਂ ਨੇ ਜੀਵਨ ਦੀਆਂ ਬਹੁਤ ਸਾਰੀਆਂ ਖ਼ੁਸ਼ੀਆਂ ਗੁਆ ਲਈਆਂ ਹਨ ਤੇ ਬਾਕੀ ਬਚਦੀਆਂ ਵੀ ਗੁਆਉਣ ਦੇ ਰਾਹ ਪਏ ਹੋਏ ਹਨ। ਸਰਦੇ ਬਰਦੇ ਹੋਣ ਦੇ ਬਾਵਜੂਦ ਦੁਖੀ ਹਨ।
ਦਾਨੇ ਕਹਿੰਦੇ ਹਨ, ਕੰਨ ਗਏ ਤਾਂ ਰਾਗ ਗਿਆ, ਦੰਦ ਗਏ ਤਾਂ ਸੁਆਦ ਗਿਆ, ਅੱਖਾਂ ਗਈਆਂ ਤਾਂ ਜਹਾਨ ਗਿਆ। ਕਹਿਣ ਵਾਲੀ ਗੱਲ ਇਕ ਹੋਰ ਵੀ ਹੈ ਕਿ ਗਿੱਟੇ ਗੋਡੇ ਗਏ ਤਾਂ ਬੰਦਾ ਜਹੰਨਮ ਗਿਆ! ਹੈਰਾਨੀ ਦੀ ਗੱਲ ਹੈ ਕਿ ਗਿੱਟੇ ਗੋਡੇ ਕਾਇਮ ਹੁੰਦਿਆਂ ਵੀ ਬਥੇਰੇ ਬੰਦੇ ਨਰਕ ਦੀ ਟਿਕਟ ਕਟਾਈ ਜਾ ਰਹੇ ਹਨ ਤੇ ਅਮੀਰ ਹੋਣ ਦਾ ਭਰਮ ਪਾਲ ਰਹੇ ਹਨ। ਸੌ ‘ਚੋਂ ਨੱਬੇ ਬਿਮਾਰੀਆਂ ਪੈਰੀਂ ਤੋਰਾ ਫੇਰਾ ਛੱਡ ਬਹਿਣ ਵਾਲਿਆਂ ਨੂੰ ਹੀ ਲੱਗਦੀਆਂ ਹਨ।
ਬਿਮਾਰੀਆਂ ਸਰੀਰਕ ਮੁਸ਼ੱਕਤ ਕਰਨ ਵਾਲਿਆਂ ਨੂੰ ਨਹੀਂ ਸਗੋਂ ਉਨ੍ਹਾਂ ਨੂੰ ਲੱਗਦੀਆਂ ਹਨ ਜਿਹੜੇ ਦੁਕਾਨਾਂ, ਦਫਤਰਾਂ, ਸਟੋਰਾਂ, ਸੋਫਿਆਂ, ਕਾਰਾਂ, ਟਰੱਕਾਂ, ਟੈਕਸੀਆਂ ਤੇ ਕੋਠੀਆਂ-ਬੰਗਲਿਆਂ ਵਿਚ ਬੈਠੇ ਰਹਿੰਦੇ ਹਨ। ਜਿਹੜੇ ਦਿਮਾਗੀ ਮਿਹਨਤ ਤਾਂ ਕਰਦੇ ਹਨ ਪਰ ਸਰੀਰਕ ਹਿੱਲਜੁਲ ਬਿਲਕੁਲ ਨਹੀਂ ਕਰਦੇ। ਬੈਠੇ ਬੈਠਿਆਂ ਦੇ ਢਿੱਡ ਵਧੀ ਜਾਂਦੇ ਹਨ ਤੇ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਕਰ ਸਕਦੇ। ਅਜਿਹੇ ਬੰਦਿਆਂ ਤੇ ਔਰਤਾਂ ਲਈ ਪੈਰੀਂ ਤੁਰਨਾ ਬਹੁਤ ਜ਼ਰੂਰੀ ਹੈ। ਬੱਸ ਰਤਾ ਕੁ ਵਿਹਲ, ਥੋੜ੍ਹਾ ਜਿਹਾ ਉੱਦਮ ਤੇ ਮਾੜੀ ਮੋਟੀ ਕਲਪਨਾ ਦੀ ਹੀ ਲੋੜ ਹੈ। ਤੇਲ ਪਟਰੋਲ ਵੀ ਬਚੇਗਾ, ਹਵਾ ਵੀ ਸਾਫ ਸੁਥਰੀ ਮਿਲੇਗੀ, ਭੀੜ ਭੜੱਕੇ ਤੋਂ ਵੀ ਬਚਾਅ ਹੋਵੇਗਾ ਤੇ ਕਿਸੇ ‘ਤੇ ਭਾਰ ਵੀ ਨਹੀਂ ਬਣਨਾ ਪਵੇਗਾ। ਇਕ ਪੰਥ ਕਈ ਕਾਜ ਵਾਲੀ ਗੱਲ ਹੋਵੇਗੀ। ਜੇਕਰ ਸਵੇਰ ਵੇਲੇ ਸੈਰ ਕਰਨ ਦਾ ਸਮਾਂ ਨਿਕਲ ਸਕੇ ਤਾਂ ਸੋਨੇ ‘ਤੇ ਸੁਹਾਗਾ ਹੋਵੇਗਾ।
ਤੁਰਨਾ, ਸਹਿਜ, ਸੁਭਾਵਿਕ, ਸੌਖੀ, ਸਸਤੀ ਤੇ ਸਭ ਤੋਂ ਵਧੀਆ ਕਸਰਤ ਹੈ। ਤੁਰਨ ਨਾਲ ਸਰੀਰ ਦੇ ਸਾਰੇ ਹੀ ਅੰਗਾਂ ਦੀ ਬੜੀ ਸੁਖਾਵੀਂ ਵਰਜਸ਼ ਹੋ ਜਾਂਦੀ ਹੈ। ਇਹ ਅੱਗੋਂ ਉਮਰ, ਸਰੀਰਕ ਸਮਰੱਥਾ ਤੇ ਸਮੇਂ ਉਤੇ ਨਿਰਭਰ ਕਰਦਾ ਹੈ ਕਿ ਤੁਰਨ ਨੂੰ ਟਹਿਲਣ, ਵਗਣ, ਦੁੜਕੀ ਜਾਂ ਦੌੜਨ ਦਾ ਕਿਹੜਾ ਰੂਪ ਦਿੱਤਾ ਜਾਵੇ? ਕਿੰਨੀ ਵਾਟ ਤੇ ਕਿੰਨਾ ਸਮਾਂ ਤੁਰਿਆ ਜਾਵੇ? ਚੌਪਾਏ ਤੋਂ ਦੋਪਾਏ ਬਣੇ ਬੰਦੇ ਕੋਲ ਦੋ ਪੈਰ ਇਸੇ ਲਈ ਰਹਿ ਗਏ ਹਨ ਕਿ ਇਨ੍ਹਾਂ ਨਾਲ ਤੁਰਿਆ, ਵਗਿਆ ਤੇ ਦੌੜਿਆ ਜਾਵੇ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ਦਾ ਬੋਝ ਹਲਕਾ ਰੱਖਦਿਆਂ ਜੁੱਸੇ ਨੂੰ ਤੰਦਰੁਸਤ ਰੱਖਿਆ ਜਾਵੇ।
ਜਿਹੜਾ ਕੋਈ ਕੁਦਰਤ ਦੇ ਬਖ਼ਸ਼ੇ ਅੰਗਾਂ ਦੀ ਵਰਤੋਂ ਨਹੀਂ ਕਰਦਾ, ਕੁਦਰਤ ਸਮਝਦੀ ਹੈ ਕਿ ਇਨ੍ਹਾਂ ਅੰਗਾਂ ਦੀ ਵਰਤੋਂ ਕਰਨ ਵਾਲੇ ਨੂੰ ਲੋੜ ਨਹੀਂ। ਉਹ ਫਿਰ ਉਨ੍ਹਾਂ ਅੰਗਾਂ ਦੀ ਸੱਤਿਆ ਵਾਪਸ ਲੈ ਲੈਂਦੀ ਹੈ ਤੇ ਬੰਦਾ ਵੇਖਦਾ ਰਹਿ ਜਾਂਦਾ ਹੈ। ਇਸ ਲਈ ਜੀਂਦੇ ਜਾਗਦੇ ਬੰਦੇ ਕਦੇ ਵੀ ਕੁਦਰਤ ਨੂੰ ਅਜਿਹਾ ਮੌਕਾ ਨਹੀਂ ਦਿੰਦੇ ਕਿ ਉਹ ਉਨ੍ਹਾਂ ਦੇ ਅੰਗਾਂ ਦੀ ਸੱਤਿਆ ਮਾਰ ਦੇਵੇ। ਕੁਦਰਤ ਉਸੇ ਨਾਲ ਬੇਲਿਹਾਜ਼ ਹੁੰਦੀ ਹੈ ਜਿਹੜਾ ਖ਼ੁਦ ਉਸ ਨੂੰ ਅਜਿਹਾ ਕਰਨ ਦਾ ਮੌਕਾ ਦਿੰਦਾ ਹੈ। ਜਿਹੜਾ ਕੁਦਰਤ ਦੇ ਰਾਹ ਚੱਲਦਾ ਚੱਲੇ ਕੁਦਰਤ ਉਹਦੇ ਬਲਿਹਾਰ ਜਾਂਦੀ ਹੈ ਤੇ ਲੰਮੀ ਸਿਹਤਯਾਬ ਹਯਾਤੀ ਬਖ਼ਸ਼ਦੀ ਹੈ।
ਇਹ ਠੀਕ ਹੈ ਕਿ ਆਮ ਬੰਦਾ ਬਹਾਨੇਬਾਜ਼ ਹੁੰਦਾ ਹੈ। ਉਹ ਤੁਰਨ ਤੋਂ ਬਚਣ ਦੇ ਲੱਖ ਬਹਾਨੇ ਬਣਾ ਸਕਦਾ ਹੈ। ਮਸਲਨ ਸਮਾਂ ਨਹੀਂ, ਤੁਰਨ ਲਈ ਥਾਂ ਨਹੀਂ, ਸਾਹ ਚੜ੍ਹਦਾ ਹੈ, ਹੱਡ ਪੈਰ ਦੁਖਦੇ ਹਨ, ਤੁਰਨ ਵਾਲੇ ਬੂਟ ਨਹੀਂ ਤੇ ਤੁਰਦਿਆਂ ਨੂੰ ਕੁੱਤੇ ਭੌਂਕਦੇ ਹਨ। ਹਨ੍ਹੇਰੇ ਸਵੇਰੇ ਬਾਹਰ ਨਿਕਲਣ ਦਾ ਵੇਲਾ ਨਹੀਂ, ਕੋਈ ਅਗਵਾ ਕਰ ਲਏਗਾ, ਪੁਲਿਸ ਘੇਰ ਲਏਗੀ। ਹੋਰ ਤਾਂ ਹੋਰ ਆਂਢੀ ਗੁਆਂਢੀ ਤੇ ਰਾਹ ਖਹਿੜੇ ਮਿਲਣ ਵਾਲੇ ਕੀ ਕਹਿਣਗੇ? ਲਓ ਇਹ ਤਾਂ ਚੰਗਾ ਭਲਾ ਹੈ, ਸੁੱਖ ਨਾਲ ਕਮਾਈ ਵੀ ਬਥੇਰੀ ਐ ਤੇ ਫਿਰ ਵੀ ਨੰਗਾਂ ਵਾਂਗ ਤੁਰਿਆ ਜਾਂਦੈ। ਜੱਗ ਜ਼ਮਾਨੇ ਦਾ ਸੂਮ! ਹੱਦ ਦਰਜੇ ਦਾ ਕੰਜੂਸ!! ਕੋਈ ਪੁੱਛੇ, ਤੁਰਨ ਵਾਲਾ ਕਿਸੇ ‘ਤੇ ਭਾਰ ਤਾਂ ਨਹੀਂ ਬਣ ਰਿਹਾ ਬਈ ਉਹ ਏਨੀਆਂ ਗੱਲਾਂ ਕਰਨਗੇ?
ਬਹਾਨੇਬਾਜ਼ਾਂ ਦੀ ਅਜਿਹੀ ਸੋਚ ਦੇ ਉਲਟ ਵਾੲ੍ਹੀਟ ਹਾਊਸ ‘ਚ ਰਹਿੰਦੇ ਅਮਰੀਕਾ ਦੇ ਪ੍ਰਧਾਨ ਵੀ ਤੁਰਨ ਤੇ ਜੌਗਿੰਗ ਕਰਨ ਦਾ ਸਮਾਂ ਕੱਢਦੇ ਰਹੇ ਹਨ। ਬਰਾਕ ਉਬਾਮਾ ਛਾਲਾਂ ਮਾਰਦਾ ਰਿਹੈ। ਸਿੱਟੇ ਵਜੋਂ ਉਹਦਾ ਜੁੱਸਾ ਵੀ ਛਾਂਟਵਾਂ ਰਿਹਾ। ਪੱਛਮੀ ਮੁਲਕਾਂ ਵਿਚ ਮੇਮਾਂ ਤੇ ਸਾਹਬਾਂ ਨੇ ਤੁਰਨ ਫਿਰਨ ਦਾ ਗਾਹ ਪਾਇਆ ਹੋਇਐ। ਜਦੋਂ ਉਹ ਸੜਕਾਂ ‘ਤੇ ਪਾਰਕਾਂ ਵਿਚ ਸ਼ਰ੍ਹੇਆਮ ਪੈਰੀਂ ਤੁਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਕੰਜੂਸ ਨਹੀਂ ਕਹਿੰਦਾ। ਮੈਂ ਆਪਣੀਆਂ ਬਦੇਸ਼ ਫੇਰੀਆਂ ਦੌਰਾਨ ਪਾਰਕਾਂ ਦੀਆਂ ਰੌਣਕਾਂ ਵੇਖੀਆਂ ਹਨ। ਪਾਰਕਾਂ ਅੰਦਰ ਮੇਮਾਂ ਤੇ ਸਾਹਬ ਰੇਵੀਏ ਪਏ ਹੁੰਦੇ ਨੇ। ਉਹ ਸਾਹਮਣਿਓਂ ਮਿਲਣ ਵਾਲੇ ਹਰੇਕ ਬੰਦੇ ਨੂੰ ਮੁਸਕਰਾ ਕੇ ਗੁੱਡ ਮਾਰਨਿੰਗ ਕਹਿੰਦੇ ਨੇ। ਮੇਮਾਂ ਦੀਆਂ ਤੁਰ ਫਿਰ ਕੇ ਬਣਾਈਆਂ ਸਡੌਲ ਲੱਤਾਂ ਵੇਖਣ ਵਾਲੀਆਂ ਹੁੰਦੀਆਂ ਨੇ। ਉਨ੍ਹਾਂ ਦੇ ਲੱਕ ਲਚਕਾਰੇ ਮਾਰਦੇ ਨੇ ਕਿਉਂਕਿ ਉਨ੍ਹਾਂ ਉਤੇ ਵਾਧੂ ਮਾਸ ਦੀਆਂ ਤੈਹਾਂ ਨਹੀਂ ਚੜ੍ਹੀਆਂ ਹੁੰਦੀਆਂ। ਉਹ ਜੁਆਨ ਰਹਿਣ ਤੇ ਸਰੀਰ ਸਡੌਲ ਬਣਾਈ ਰੱਖਣ ਲਈ ਦੁੜੰਗੇ ਮਾਰਦੀਆਂ ਫਿਰਦੀਆਂ ਨੇ। ‘ਕੋਈ ਕੀ ਕਹੇਗਾ’ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਇਹ ਵਾਧੂ ਦੀ ਟੀਕਾ ਟਿੱਪਣੀ ਤਾਂ ਸਾਡੇ ਲੋਕਾਂ ਦੀ ਹੀ ਸਹੇੜੀ ਹੋਈ ਹੈ।
ਅਮਰੀਕਾ-ਕੈਨੇਡਾ ਕਾਰਾਂ ਗੱਡੀਆਂ ਦੇ ਦੇਸ਼ ਹਨ। ਸੜਕਾਂ ‘ਤੇ ਤਿੰਨ-ਤਿੰਨ ਚਾਰ-ਚਾਰ ਕਾਰਾਂ ਬਰਾਬਰ ਭੱਜੀਆਂ ਜਾਂਦੀਆਂ ਵੇਖੀਆਂ ਜਾ ਸਕਦੀਆਂ ਹਨ। ਹਰ ਬੰਦੇ ਕੋਲ ਮੋਟਰ ਕਾਰ ਹੈ। ਪਰ ਪੈਦਲ ਤੁਰੇ ਜਾਂਦੇ ਬੰਦੇ ਦਾ ਏਨਾ ਸਤਿਕਾਰ ਹੈ ਕਿ ਜੇ ਉਹਨੇ ਸੜਕ ਪਾਰ ਕਰਨੀ ਹੋਵੇ ਤਾਂ ਕਾਰਾਂ ਰੁਕ ਜਾਂਦੀਆਂ ਹਨ ਤੇ ਪੈਦਲ ਬੰਦੇ ਨੂੰ ਸੜਕ ਪਾਰ ਕਰਨ ਲਈ ਪਹਿਲ ਦਿੱਤੀ ਜਾਂਦੀ ਹੈ। ਪਹਿਲਾਂ ਮੈਂ ਸੜਕ ਕੰਢੇ ਖੜ੍ਹ ਕੇ ਆਸੇ ਪਾਸੇ ਵੇਖਦਾ ਸੀ ਕਿ ਕਾਰਾਂ ਦਾ ਆਉਣ ਜਾਣ ਬੰਦ ਹੋਵੇ ਤਾਂ ਸੜਕ ਪਾਰ ਕਰਾਂ। ਦੇਸ਼ ਵਿਚ ਇਸ ਤਰ੍ਹਾਂ ਹੀ ਹੁੰਦਾ ਹੈ। ਪਰ ਅਮਰੀਕਾ-ਕੈਨੇਡਾ ਵਿਚ ਮੈਂ ਹੈਰਾਨ ਹੋਣਾ ਕਿ ਕਾਰਾਂ ਵਾਲਿਆਂ ਨੇ ਕਾਰਾਂ ਰੋਕ ਲੈਣੀਆਂ ਤੇ ਅਦਬ ਨਾਲ ਇਸ਼ਾਰਾ ਕਰਨਾ ਕਿ ਤੁਸੀਂ ਪਹਿਲਾਂ ਸੜਕ ਪਾਰ ਕਰ ਲਓ। ਬਾਅਦ ਵਿਚ ਪਤਾ ਲੱਗਾ ਕਿ ਇਹ ਕੋਈ ਅਹਿਸਾਨ ਨਹੀਂ ਸਗੋਂ ਉਥੋਂ ਦਾ ਟ੍ਰੈਫਿਕ ਨਿਯਮ ਹੈ ਕਿ ਸੜਕਾਂ ਉਤੇ ਪਹਿਲਾ ਹੱਕ ਪੈਦਲ ਯਾਤਰੀ ਦਾ ਹੈ।
ਬਹਾਨੇਬਾਜ਼, ਆਲਸੀ ਤੇ ਫੋਕੇ ਵੇਖਵਿਖਾਵੇ ਵਾਲਿਆਂ ਨੂੰ ਨੇਕ ਸਲਾਹ ਹੈ ਕਿ ਉਹ ਭਲਕ ਤੋਂ ਹੀ ਥੋੜ੍ਹਾ ਬਹੁਤਾ ਤੁਰਨ ਦਾ ਪ੍ਰੋਗਰਾਮ ਬਣਾ ਲੈਣ। ਕਿਵੇਂ ਬਣੇਗਾ? ਇਹ ਵੀ ਭਲੀ ਪੁੱਛੀ। ਇਹ ਕੋਈ ਡੈਮ ਬਣਾਉਣ ਜਾਂ ਛਾਉਣੀ ਪਾਉਣ ਦਾ ਪ੍ਰੋਜੈਕਟ ਨਹੀਂ। ਤੇ ਨਾ ਹੀ ਇਹਦੇ ਲਈ ਮਹੂਰਤ ਦਾ ਦਿਨ ਕਢਾਉਣ ਦੀ ਲੋੜ ਹੈ। ਮਾਮੂਲੀ ਉੱਦਮ ਨਾਲ ਪਹਿਲਾਂ ਨਾਲੋਂ ਕੁਝ ਸਮਾਂ ਪਹਿਲਾਂ ਬਿਸਤਰੇ ਤੋਂ ਉਠਿਆ ਜਾ ਸਕਦੈ। ਵਿਹੜਾ, ਬੀਹੀ, ਫਿਰਨੀ, ਸੜਕ, ਖੇਡ ਮੈਦਾਨ, ਪਾਰਕ, ਪਟੜੀ, ਪਹੇ ਤੇ ਡੰਡੀਆਂ ਕਿਤੇ ਵੀ ਤੁਰਿਆ ਜਾ ਸਕਦੈ। ਜੀਹਦੇ ਘਰ ਪੌੜੀਆਂ ਬਣੀਆਂ ਹੋਈਆਂ ਹਨ ਉਨ੍ਹਾਂ ਉਤੇ ਵੀਹ ਤੀਹ ਵਾਰ ਚੜ੍ਹਿਆ ਉਤਰਿਆ ਜਾ ਸਕਦੈ। ਕੇਵਲ ਛੱਤ ਹੋਵੇ ਤਾਂ ਛੱਤ ਉਤੇ ਹੀ ਅੱਧਾ ਘੰਟਾ ਚਹਿਲ ਕਦਮੀ ਕੀਤੀ ਜਾ ਸਕਦੀ ਹੈ। ਅਖ਼ਬਾਰ ਪੈ ਕੇ ਜਾਂ ਬਹਿ ਕੇ ਨਹੀਂ ਖੜ੍ਹ ਕੇ ਜਾਂ ਟਹਿਲਦੇ ਹੋਏ ਪੜ੍ਹ ਲੈਣਾ ਚਾਹੀਦੈ। ਸਬਜ਼ੀ ਭਾਜੀ ਤੁਰ ਕੇ ਲਿਆਂਦੀ ਜਾ ਸਕਦੀ ਹੈ। ਬੱਸ ਅੱਡੇ, ਦੁਕਾਨ ਤੇ ਦਫਤਰ ਤੁਰ ਕੇ ਜਾਇਆ ਜਾ ਸਕਦੈ। ਬਹਿ ਕੇ ਕੰਮ ਕਰਨ ਵਾਲੇ ਵਿਚੋਂ-ਵਿਚੋਂ ਉੱਠ ਵੀ ਖੜ੍ਹੇ ਹੋਣ ਤੇ ਸਰੀਰ ਦੇ ਸਾਰੇ ਅੰਗ ਹਿਲਾਉਣ ਦੀ ਥੋੜ੍ਹੀ ਜਿੰਨੀ ਕਸਰਤ ਕਰ ਲੈਣ। ਸੌ ਨਹੀਂ ਹਜ਼ਾਰ ਰਾਹ ਕੱਢਿਆ ਜਾ ਸਕਦੈ। ਬੱਸ ਤੁਰਨ ਤੇ ਕਸਰਤ ਕਰਨ ਦੀ ਤਮੰਨਾ ਹੋਣੀ ਚਾਹੀਦੀ ਹੈ। ਚਾਅ ਹੋਣਾ ਚਾਹੀਦੈ।
ਤੁਰਨ ਫਿਰਨ ਦੀ ਮਾੜੀ ਮੋਟੀ ਕਸਰਤ ਨਾਲ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੁੰਦਾ ਹੈ, ਭੱਸ ਡਕਾਰ ਨਹੀਂ ਆਉਂਦੇ, ਜੁੱਸਾ ਫਿੱਟ ਰਹਿੰਦਾ ਹੈ, ਬੰਦਾ ਕੰਮ ਕਾਰ ਜੀਅ ਲਾ ਕੇ ਕਰਦਾ ਹੈ ਤੇ ਛੇਤੀ ਕੀਤਿਆਂ ਨਿੱਕੀ ਮੋਟੀ ਬਿਮਾਰੀ ਨੇੜੇ ਨਹੀਂ ਆਉਂਦੀ। ਸਰੀਰਕ ਭਾਰ ਨੂੰ ਥਾਂ ਸਿਰ ਰੱਖਣ ਲਈ ਤਿੱਖੀਆਂ ਤੋਰਾਂ ਬੜੀਆਂ ਸਹਾਈ ਹੁੰਦੀਆਂ ਹਨ। ਦਵਾਈਆਂ ਦੀ ਨੀਂਦ ਨਾਲੋਂ ਲੰਮੀਆਂ ਤੋਰਾਂ ਦੀ ਨੀਂਦ ਕਿਤੇ ਵੱਧ ਸੁਖਦਾਈ ਹੁੰਦੀ ਹੈ।
ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪੈਰੀਂ ਤੁਰਨਾ ਸਾਰੀਆਂ ਬਿਮਾਰੀਆਂ ਦਾ ਹੱਲ ਹੈ। ਹਾਂ ਇਹ ਜ਼ਰੂਰ ਕਹਿੰਦਾ ਹਾਂ ਕਿ ਲੱਤਾਂ ਤੇ ਪੈਰ ਤੁਰਨ ਲਈ ਹਨ ਤੇ ਜਿਹੜਾ ਵੀ ਇਹਨਾਂ ਤੋਂ ਕੰਮ ਲੈਂਦਾ ਰਹੇਗਾ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹੇਗਾ। ਜਿਥੋਂ ਤਕ ਸੁਹੱਪਣ ਦੀ ਗੱਲ ਹੈ ਸੋਹਣੇ ਸੁਡੌਲ ਜੁੱਸੇ ਪੈਰੀਂ ਤੁਰਨ ਤੇ ਕਸਰਤ ਕਰਨ ਵਾਲਿਆਂ ਦੇ ਹੀ ਹੁੰਦੇ ਹਨ। ਜਿਨ੍ਹਾਂ ਨੇ ਤੁਰਨ ਦੇ ਰਾਹ ਨਹੀਂ ਪੈਣਾ ਉਨ੍ਹਾਂ ਦਾ ਮਾਸ ਥਲਥਲ ਹੀ ਕਰਨਾ ਹੈ। ਮੁਟਾਪਾ ਆਉਣਾ ਹੈ। ਉਸ ਵਿਚ ਖਿੱਚ ਨਹੀਂ ਰਹਿਣੀ। ਬਿਊਟੀ ਪਾਰਲਰ ਵਾਲੇ ਸਿਹਲੀਆਂ ਘੜ ਦੇਣਗੇ, ਨਹੁੰ ਪਾਲਸ਼ ਲਾ ਦੇਣਗੇ, ਕਰੀਮਾਂ ਮਲ ਕੇ ਰੰਗ ਗੋਰਾ ਕਰ ਦੇਣਗੇ ਪਰ ਸਰੀਰ ਦਾ ਸੁਹੱਪਣ ਤਦ ਹੀ ਨਿਖਰੇਗਾ ਜਦੋਂ ਜੁੱਸੇ ਨੂੰ ਛਾਂਟ ਕੇ ਸਡੌਲਤਾ ਵਿਚ ਢਾਲਿਆ ਗਿਆ। ਜੁੱਸੇ ਨੂੰ ਛਾਂਟਵਾਂ ਬਣਾਉਣ ਲਈ ਲੰਮੀਆਂ ਵਾਟਾਂ ਦੀ ਸੈਰ ਅਹਿਮ ਹੈ। ਸੈਰ ਕਰਨ ‘ਤੇ ਕੁਝ ਵੀ ਨਹੀਂ ਲੱਗਦਾ ਜਦ ਕਿ ‘ਬਿਊਟੀ’ ਦੇ ਨਾਂ ‘ਤੇ ਵਿਕਣ ਵਾਲੀਆਂ ਵਸਤਾਂ ਜੇਬਾਂ ਖਾਲੀ ਕਰ ਦਿੰਦੀਆਂ ਨੇ। ਸੁੰਦਰਤਾ ਮਹਿੰਗੇ ਕਪੜਿਆਂ, ਗਹਿਣਿਆਂ, ਫੈਸ਼ਨਾਂ ਤੇ ਰੰਗ-ਰੋਗਨਾਂ ਵਿਚ ਨਹੀਂ ਸਗੋਂ ਸਰੀਰ ਦੀ ਸਡੌਲਤਾ ਵਿਚ ਹੈ। ਸਡੌਲ ਬਦਨ ਉਤੇ ਪਹਿਨੀ ਸਾਦੀ ਪੁਸ਼ਾਕ ਵੀ ਸਿਲਮੇ ਸਤਾਰਿਆਂ ਵਾਲੇ ਸੂਟਾਂ ਨਾਲੋਂ ਵਧੇਰੇ ਜਚਦੀ ਹੈ।
ਬੰਦੇ ਦੇ ਸਰੀਰ ਵਿਚ ਏਨੀ ਸਮਰੱਥਾ ਹੈ ਕਿ ਉਹ ਦੋ ਚਾਰ ਕਿਲੋਮੀਟਰ ਨਹੀਂ ਸਗੋਂ ਸੈਂਕੜੇ ਹਜ਼ਾਰਾਂ ਕਿਲੋਮੀਟਰ ਤੁਰਦਾ ਰਹਿ ਸਕਦਾ ਹੈ। ਗੱਲ ਸਾਰੀ ਹਿੰਮਤ ਦੀ ਹੈ। ਸਾਡੇ ਵੱਡਵਡੇਰੇ ਪੰਜਾਹ ਕੋਹਾਂ ਦਾ ਪੈਂਡਾ ਕੇਵਲ ਲੱਤਾਂ ਹਿਲਾਣ ਲਈ ਮਾਰਦੇ ਰਹੇ ਹਨ। ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵਿਚ ਉਹ ਤੁਰ ਕੇ ਜਾਂਦੇ ਸਨ। ਉਹ ਪਹੁਫੁਟਾਲੇ ਨਾਲ ਤੁਰਦੇ ਤੇ ਲੰਮੀਆਂ ਮੰਜ਼ਲਾਂ ਮਾਰਨ ਪਿੱਛੋਂ ਵੀ ਥਕੇਵਾਂ ਉਨ੍ਹਾਂ ਦੇ ਨੇੜੇ ਨਾ ਆਉਂਦਾ। ਉਦੋਂ ਨਾ ਮੁਟਾਪੇ ਦੀ ਸਮੱਸਿਆ ਸੀ, ਨਾ ਸ਼ੂਗਰਾਂ ਦੀ ਤੇ ਨਾ ਬਲੱਡ ਪ੍ਰੈਸ਼ਰਾਂ ਦੀ। ਸਰੀਰਕ ਮਿਹਨਤ ਛੱਡਣੀ ਕੋਈ ਸਰਦਾਰੀ ਨਹੀਂ ਸਗੋਂ ਘੋਰ ਬਿਮਾਰੀ ਹੈ।
ਜਿਹੜੇ ਥੋੜ੍ਹਾ ਜਿਹਾ ਤੁਰਨ ਤੋਂ ਵੀ ਤ੍ਰਹਿੰਦੇ ਤੇ ਹਾਏ-ਹਾਏ ਕਰਦੇ ਹਨ ਉਨ੍ਹਾਂ ਲਈ ਉਨ੍ਹਾਂ ਬੰਦਿਆਂ ਦੀਆਂ ਮਿਸਾਲਾਂ ਹਾਜ਼ਰ ਹਨ ਜਿਨ੍ਹਾਂ ਨੂੰ ਹੋਰਨਾਂ ਵਾਂਗ ਕੁਦਰਤ ਨੇ ਦੋ ਲੱਤਾਂ ਹੀ ਦਿੱਤੀਆਂ ਸਨ। ਫਰਾਂਸ ਦੇ ਗਿਲਬਰਟ ਰਾਜਨ ਨੇ 315 ਮੀਲ ਦੀ ਵਾਕ ਦੇ ਵਿਸ਼ਵ ਮੁਕਾਬਲੇ ਛੇ ਵਾਰ ਜਿੱਤੇ। ਉਹ ਅਭਿਆਸ ਵਜੋਂ ਕਿੰਨੇ ਮੀਲ ਵਗਿਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾ ਸਕਿਆ। ਉਂਜ ਅਨੁਮਾਨ ਹੈ ਕਿ ਉਹ ਘੱਟੋਘੱਟ ਦੋ ਲੱਖ ਮੀਲ ਤਾਂ ਵਗਿਆ ਹੀ ਹੋਵੇਗਾ। ਵੈਸੇ 315 ਮੀਲ ਲੰਮੀ ਵਾਟ ਤੇਜ਼ ਤੋਂ ਤੇਜ਼ ਵਗਣ ਦਾ ਰਿਕਾਰਡ ਬੈਲਜੀਅਮ ਦੇ ਰਾਜਰ ਪਿਟਕੁਇਨ ਦਾ ਹੈ। ਉਸ ਨੇ ਇਹ ਦੂਰੀ 60 ਘੰਟੇ 1 ਮਿੰਟ 15 ਸਕਿੰਟ ਵਿਚ ਤਹਿ ਕੀਤੀ ਸੀ। ਇੰਜ ਉਸ ਦੀ ਵਗਣ ਰਫਤਾਰ ਸਵਾ ਪੰਜ ਮੀਲ ਪ੍ਰਤੀ ਘੰਟਾ ਪਈ।
ਚੌਵੀ ਘੰਟਿਆਂ ਵਿਚ ਵੱਧ ਤੋਂ ਵੱਧ ਵਗਣ ਦਾ ਦਾਅਵਾ ਬੇਸ਼ਕ ਕੈਨੇਡਾ ਦਾ ਜੈਸੀ ਕਾਸਟਾਨੇਡਾ ਕਰਦਾ ਰਿਹਾ ਪਰ ਪ੍ਰਮਾਣਿਕ ਰਿਕਾਰਡ ਬਰਤਾਨੀਆਂ ਦੇ ਹਿਊ ਨੈਲਸਨ ਦਾ ਹੈ। ਜੈਸੀ ਦਾ ਕਹਿਣਾ ਹੈ ਕਿ ਉਹ ਨਿਊ ਮੈਕਸੀਕੋ ਦੇ ਇਕ ਮੇਲੇ ਵਿਚ 24 ਘੰਟਿਆਂ ‘ਚ 142 ਮੀਲ 448 ਗਜ਼ ਵਗਿਆ। ਔਰਤਾਂ ਦਾ ਇਹ ਰਿਕਾਰਡ ਬਰਤਾਨੀਆਂ ਦੀ ਐੱਨ ਸਾਬੇਰ ਦਾ ਹੈ। ਉਸ ਨੇ 24 ਘੰਟਿਆਂ ਵਿਚ 118.5 ਮੀਲ ਪੰਧ ਤਹਿ ਕੀਤਾ ਸੀ।
ਫਰਾਂਸ ਦੇ ਵਗਣ ਵਾਲਿਆਂ ਦੀ ਇਕ ਕਲੱਬ ਵੱਲੋਂ 1 ਅਪਰੈਲ 1910 ਨੂੰ 62137 ਮੀਲ ਯਾਨੀ ਇਕ ਲੱਖ ਕਿਲੋਮੀਟਰ ਵਗਣ ਦਾ ਮੁਕਾਬਲਾ ਆਰੰਭਿਆ ਗਿਆ। ਇਹ ਕਿਸੇ ਦਾ ਅਪ੍ਰੈਲ ਫੂਲ ਬਣਾਉਣ ਵਾਲਾ ਮਖੌਲ ਨਹੀਂ ਸੀ। ਉਸ ਮੁਕਾਬਲੇ ਵਿਚ ਦੋ ਸੌ ਵਗਣ ਵਾਲਿਆਂ ਨੇ ਭਾਗ ਲਿਆ ਤੇ ਰੁਮਾਨੀਆਂ ਦਾ ਦਮਿਤਰੀ ਡਾਨ ਪ੍ਰਥਮ ਆਇਆ।
ਖ਼ੈਰ, ਅਜਿਹੇ ਮਾਅਰਕੇ ਮਾਰਨ ਵਾਲਿਆਂ ਦਾ ਕੋਈ ਅੰਤ ਨਹੀਂ। ਆਪਾਂ ਤਾਂ ਏਨਾ ਹੀ ਉੱਦਮ ਕਰ ਲਈਏ ਕਿ ਮੀਂਹ ਜਾਵੇ, ਨ੍ਹੇਰੀ ਜਾਵੇ, ਪੰਜ ਸੱਤ ਕਿਲੋਮੀਟਰ ਤੁਰਨਾ ਹੀ ਤੁਰਨਾ ਹੈ। ਤੇ ਏਨਾ ਕੁ ਲੱਖ ਰੁਝੇਵਿਆਂ ਦੇ ਬਾਵਜੂਦ ਤੁਰਿਆ ਜਾ ਸਕਦੈ। ਬੰਦਾ ਮਨ ‘ਚ ਧਾਰ ਲਵੇ ਕਿ ਬਿਨਾਂ ਖ਼ਾਸ ਕਾਰਨ ਦੇ ਐਵੇਂ ਹੀ ਕਾਰਾਂ, ਮੋਟਰ ਸਾਈਕਲਾਂ, ਰਿਕਸ਼ਿਆਂ-ਟੈਂਪੂਆਂ ਤੇ ਬੱਸਾਂ-ਗੱਡੀਆਂ ‘ਤੇ ਚੜ੍ਹੀ ਜਾਣਾ ਗੁਨਾਹ ਹੈ, ਖੱਜਲ ਖੁਆਰੀ ਹੈ ਤੇ ਆਪ ਸਹੇੜੀ ਬਿਮਾਰੀ। ਮਨ ‘ਚੋਂ ਇਹ ਵਹਿਮ ਕੱਢ ਦੇਈਏ ਕਿ ਲੋਕ ਕੀ ਆਖਦੇ ਹਨ? ਲੋਕਾਂ ਨੇ ਕੀ ਆਖਣਾ ਹੈ?ਤੁਰਨਾ ਤੇ ਆਪਣੇ ਪੈਰੀਂ ਤੁਰਨਾ ਕੋਈ ਐਬ ਨਹੀਂ ਤੇ ਨਾ ਕੋਈ ਚੋਰੀ ਯਾਰੀ ਹੈ। ਫਿਰ ਤੁਰਦਿਆਂ ਨੂੰ ਕਾਹਦਾ ਮਿਹਣਾ?
ਜਿਹੜੇ ਟੋਲੀਆਂ ਬਣਾ ਕੇ ਤੁਰ ਸਕਦੇ ਹਨ, ਰਲ ਕੇ ਸੈਰਾਂ ਕਰ ਸਕਦੇ ਹਨ, ਪ੍ਰੇਮੀ ਤੁਰਦੇ ਹੋਏ ਪਿਆਰੀਆਂ ਗੱਲਾਂ ਕਰ ਸਕਦੇ ਹਨ ਉਨ੍ਹਾਂ ਦਾ ਬਹਿਸ਼ਤ ਇਥੇ ਹੀ ਹੈ। ਬੁੱਢੇ-ਬੁੱਢੀਆਂ ਤੁਰਨ ਤਾਂ ਉਨ੍ਹਾਂ ਨੂੰ ਮੁੜ ਕੇ ਜੁਆਨੀ ਚੜ੍ਹ ਸਕਦੀ ਹੈ। ਇਕੱਲ ਵਿਚ ਤੁਰਦਿਆਂ ਕਲਪਨਾ ਦੇ ਉਹ ਹੁਲਾਰੇ ਲਏ ਜਾ ਸਕਦੇ ਹਨ ਜਿਹੜੇ ਸਿਰਫ ਕਵੀਆਂ ਦੀ ਅਮਾਨਤ ਸਮਝੇ ਗਏ ਹਨ। ਕੋਈ ਤੁਰ ਕੇ ਤਾਂ ਵੇਖੇ। ਵੇਖੇ ਕਿ ਪੈਰੀਂ ਤੁਰਨ ਦਾ ਕਿਹੋ ਜਿਹਾ ਨਸ਼ਾ ਹੈ, ਕਿਹੋ ਜਿਹਾ ਅਨੰਦ ਹੈ!
ਪਿਛਲੇ ਦਿਨੀਂ ਮੈਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰ ਕਲੱਬ ਵਾਲੇ ਵੀਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਹ ਫਿਜ਼ੀਕਲ ਫਿਟਨੈੱਸ ਲਈ ਵਾਕ ਕਰਨ, ਨਿੱਕੀ ਵੱਡੀ ਮੈਰਾਥਨ ਦੌੜਨ ਤੇ ਸੀ ਐੱਨ ਟਾਵਰ ਦੀਆਂ ਪੌੜੀਆਂ ਚੜ੍ਹਨ ਵਰਗੇ ਕਾਰਜ ਕਰਨ ਲੱਗੇ ਹਨ। ਗਰੇਟਰ ਟੋਰਾਂਟੋ ਮਾਰਗੇਜ ਗਰੁੱਪ ਦੇ ਬਲਜਿੰਦਰ ਲੇਲ੍ਹਣਾ, ਜਸਪਾਲ ਗਰੇਵਾਲ, ਸੁਰਿੰਦਰ ਧਾਲੀਵਾਲ, ਸੁਭਾਸ਼ ਸ਼ਰਮਾ ਤੇ ਮਨਜੀਤ ਢੀਂਡਸਾ ਵੱਲੋਂ ਕਲੱਬ ਨੂੰ ਸਪਾਂਸਰ ਕੀਤਾ ਜਾ ਰਿਹੈ। ਸੰਧੂਰਾ ਸਿੰਘ ਬਰਾੜ ਤੇ ਜੈਪਾਲ ਸਿੰਘ ਸਿੱਧੂ ਦੀ ਅਗਵਾਈ ਵਿਚ ਕਲੱਬ ਦਿਨੋ ਦਿਨ ਅੱਗੇ ਵਧ ਰਿਹੈ।
8 ਅਪ੍ਰੈਲ ਨੂੰ ਸੀ ਐਨ ਟਾਵਰ ਦੀਆਂ ਪੌੜੀਆਂ ਚੜ੍ਹਨ ਵਾਲੇ ਲੋਕਾਂ ਵਿਚਇਸ ਕਲੱਬ ਦੀ ਟੀਮ ਦੇ ਮੈਂਬਰ 73 ਸਾਲਾ ਈਸ਼ਰ ਸਿੰਘ ਚਾਹਲ, 72 ਸਾਲਾ ਬਲਕਾਰ ਸਿੰਘ ਹੇਅਰ ਤੇ 70 ਸਾਲਾ ਕੇਸਰ ਸਿੰਘ 21 ਮਿੰਟ ਤੋਂ ਘੱਟ ਸਮੇਂ ਵਿਚ ਟਾਵਰ ਦੀਆਂ 1776 ਪੌੜੀਆਂ ਚੜ੍ਹੇ। ਇਸੇ ਕਲੱਬ ਦੇ 24 ਸਾਲਾ ਮੈਂਬਰ ਮਨਜਿੰਦਰ ਸਿੰਘ ਸੰਧੂ 18 ਮਿੰਟ 29 ਸੈਕੰਡ, ਸੁਖਦੇਵ ਸਿੰਘ ਸੰਧੂ 19 ਮਿੰਟ 43 ਸੈਕੰਡ ਤੇ ਹਰਜਿੰਦਰ ਸਿੰਘ ਸੰਧੂ 19 ਮਿੰਟ 59 ਸੈਕੰਡ ਵਿਚ ਸਿਖਰ ‘ਤੇ ਪਹੁੰਚੇ। ਯਾਦਵਿੰਦਰ ਸਿੰਘ ਬਰਾੜ, ਗੁਰਜੀਤ ਸਿੰਘ ਲੋਟੇ, ਹਰਜੀਤ ਸਿੰਘ, ਤੇਜਿੰਦਰ ਸਿੰਘ ਗਰੇਵਾਲ, ਮਹਿੰਦਰ ਸਿੰਘ ਘੁਮਾਣ, ਜਸਵੀਰ ਸਿੰਘ ਪਾਸੀ, ਰਾਜਿੰਦਰ ਸਿੰਘ ਪੰਨੂੰ, ਬਲਵਿੰਦਰ ਸਿੰਘ ਤੂਰ ਤੇ ਪ੍ਰਭਦੀਪ ਸਿੰਘ ਸੰਧੂ ਨੇ ਵੀ 1816 ਫੁੱਟ ਉੱਚੇ ਟਾਵਰ ਦੀ ਚੜ੍ਹਾਈ ਸਰ ਕੀਤੀ।
21 ਮਈ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਮੈਰਾਥਨ ਦੌੜ ਲੁਆਈ ਜਾ ਰਹੀ ਹੈ। ਉਸ ਵਿਚ ਭਾਗ ਲੈਣ ਲਈ ਕਲੱਬ ਦੇ ਮੈਂਬਰ ਤਿਆਰੀ ਕਰ ਰਹੇ ਹਨ। ਪੰਜਾਬੀ ਭਾਈਚਾਰੇ ਦਾ ਫਿਜ਼ੀਕਲ ਫਿਟਨੈੱਸ ਲਈ ਸੁਚੇਤ ਹੋਣਾ ਸ਼ੁਭ ਸ਼ਗਨ ਹੈ। ਸੰਧੂਰਾ ਸਿੰਘ ਹੋਰਾਂ ਦਾ ਸੁਨੇਹਾ ਹੈ ਕਿ ਜਿਸ ਨੇ ਵੀ ਕਲੱਬ ਦਾ ਮੈਂਬਰ ਬਣਨਾ ਹੈ ਉਹ ਉਨ੍ਹਾਂ ਨਾਲ ਫੋਨ 416-275-9337 ਤੇ 416-450-6608 ‘ਤੇ ਸੰਪਰਕ ਕਰ ਸਕਦੇ ਹਨ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …