Breaking News
Home / ਪੰਜਾਬ / ‘ਆਪ’ ਸਰਕਾਰ ਪੰਜਾਬ ‘ਚ ਨਿਵੇਸ਼ ਲਿਆਉਣ ‘ਚ ਫੇਲ੍ਹ ਰਹੀ : ਸੁਖਬੀਰ

‘ਆਪ’ ਸਰਕਾਰ ਪੰਜਾਬ ‘ਚ ਨਿਵੇਸ਼ ਲਿਆਉਣ ‘ਚ ਫੇਲ੍ਹ ਰਹੀ : ਸੁਖਬੀਰ

ਕਿਹਾ : ‘ਆਪ’ ਦੇ ਕਾਰਜਕਾਲ ਦੌਰਾਨ ਨਿਵੇਸ਼ ‘ਚ ਆਈ ਵੱਡੀ ਗਿਰਾਵਟ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿੱਚ ਲਗਾਤਾਰ ਵਿਗੜ ਰਹੀ ਆਰਥਿਕਤਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਅਰਥਚਾਰੇ ਅਤੇ ਉਦਯੋਗਿਕ ਮਾਹੌਲ ਨੂੰ ਤਬਾਹ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਪਹਿਲੇ ਸਾਲ ਦੌਰਾਨ ਨਿਵੇਸ਼ ਵਿੱਚ 85 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਐੱਮਐੱਸਐੱਮਈ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਐਂਡ ਕਨਫੈਡਰੇਸ਼ਨ ਆਫ ਆਰਗੈਨਿਕ ਫੂਡ ਪ੍ਰੋਡਿਊਸਰਜ਼ ਐਂਡ ਮਾਰਕੀਟਿੰਗ ਏਜੰਸੀਜ਼ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਵਿਚ ਸਾਲ 2021-22 ਵਿਚ 23,655 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ, ਜੋ 2022-23 ਵਿਚ ਘਟ ਕੇ 3492 ਕਰੋੜ ਰੁਪਏ ਰਹਿ ਗਿਆ।
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਅਜਿਹੇ ਮਾੜੇ ਹਾਲਾਤ ਲਈ ਇਕੱਲੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਸੀਂ ਵਾਰ-ਵਾਰ ਚਿਤਾਵਨੀਆਂ ਦੇ ਰਹੇ ਸੀ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਰਹੀ ਹੈ, ਪੰਜਾਬ ‘ਚੋਂ ਸਨਅਤਕਾਰ ਹਿਜਰਤ ਕਰ ਰਹੇ ਹਨ। ਅਜਿਹੇ ਹਾਲਾਤ ਵਿੱਚ ਨਿਵੇਸ਼ ਲਿਆਉਣ ਦੀ ਤਾਂ ਗੱਲ ਛੱਡੋ ਪੰਜਾਬ ‘ਚੋਂ ਪਿਛਲੇ ਸਾਲ ਪੰਜਾਬੀ ਵਪਾਰੀਆਂ ਦਾ 22,000 ਕਰੋੜ ਰੁਪਏ ਦਾ ਵਪਾਰ ਉੱਤਰ ਪ੍ਰਦੇਸ਼ ਚਲਾ ਗਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਦਾਅਵਾ ਕੀਤਾ ਸੀ ਕਿ ਬੀਐੱਮਡਬਲਿਊ ਕਾਰ ਕੰਪਨੀ ਪੰਜਾਬ ਵਿਚ ਉਤਪਾਦਨ ਪਲਾਂਟ ਲਗਾਏਗੀ, ਜਦੋਂਕਿ ਕੰਪਨੀ ਨੇ ਇਸ ਦਾਅਵੇ ਦਾ ਖੰਡਨ ਕੀਤਾ ਸੀ। ਇਹ ਬਹੁਤ ਹੀ ਨਿੰਦਣਯੋਗ ਹੈ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਸਥਾਪਤ ਕੀਤਾ ਗਿਆ ਸਿੰਗਲ ਵਿੰਡੋ ਇਨਵੈਸਟ ਪੰਜਾਬ ਵਿਭਾਗ ਤਕਰੀਬਨ ਠੱਪ ਪਿਆ ਹੈ ਤੇ ਸੂਬੇ ਵਿਚ ਨਿਵੇਸ਼ ਆਕਰਸ਼ਿਤ ਕਰਨ ਵਾਸਤੇ ਸੰਜੀਦਗੀ ਨਾਲ ਕੋਈ ਯਤਨ ਨਹੀਂ ਕੀਤਾ ਗਿਆ।
ਬਾਦਲ ਨੇ ਯੂਕੇ ‘ਚ ਚੁਣੇ ਗਏ ਸਿੱਖ ਸੰਸਦ ਮੈਂਬਰਾਂ ਨੂੰ ਦਿੱਤੀ ਵਧਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਕੇ ਵਿੱਚ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ ਕਾਮਨਜ਼’ ਲਈ ਚੁਣੇ ਗਏ ਸਿੱਖ ਮੈਂਬਰਾਨ ਪਾਰਲੀਮੈਂਟ (ਐੱਮਪੀਜ਼) ਨੂੰ ਵਧਾਈ ਦਿੱਤੀ ਹੈ ਅਤੇ ਅਪੀਲ ਕੀਤੀ ਕਿ ਉਹ ਸਿੱਖੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਾਂਝੇ ਤੌਰ ‘ਤੇ ਕੰਮ ਕਰਨ ਤਾਂ ਜੋ ਸਿੱਖ ਕੌਮ ਖਿਲਾਫ ਨਫਰਤੀ ਅਪਰਾਧ ਰੋਕੇ ਜਾ ਸਕਣ। ਉਨ੍ਹਾਂ ਕਿਹਾ ਸਿੱਖ ਭਾਈਚਾਰਾ ਇੰਗਲੈਂਡ ਦਾ ਚੌਥਾ ਸਭ ਤੋਂ ਵੱਡਾ ਧਾਰਮਿਕ ਸਮੂਹ ਹੈ। ਉਨ੍ਹਾਂ ਕਿਹਾ ਕਿ ਇਹ ਦੁਨੀਆਂ ਭਰ ਵਿਚ ਵਸਦੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਕੌਮ ਦੇ 10 ਮੈਂਬਰ ਐੱਮਪੀ ਚੁਣੇ ਗਏ ਹਨ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …