Breaking News
Home / ਰੈਗੂਲਰ ਕਾਲਮ / ਗੁਰਦਾਸਪੁਰੀਆਂ ਵਿਚਾਲੇ ਘਿਰੀ ‘ਹੀਰ’

ਗੁਰਦਾਸਪੁਰੀਆਂ ਵਿਚਾਲੇ ਘਿਰੀ ‘ਹੀਰ’

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਭਾਰਤੀ ਲੋਕ-ਸੰਗੀਤ ਤੇ ਸਾਹਿਤ ਵਿਚ ‘ਵਾਰਿਸ ਦੀ ਹੀਰ’ ਦਾ ਆਪਣਾ ਵਿਲੱਖਣ ਤੇ ਮਹੱਤਵਪੂਰਨ ਸਥਾਨ ਹੈ। ਜੋ ਹੀਰ ਵਾਰਸ ਸ਼ਾਹ ਲਿਖ ਗਿਆ, ਉਸ ਬਾਅਦ ਉਹੋ ਜਿਹੀ ਹੀਰ ਕੋਈ ਹੋਰ ਨਹੀਂ ਲਿਖ ਸਕਿਆ। ਚਾਹੇ ਕਿੰਨਿਆਂ ਹੋਰਾਂ ਨੇ ਹੀਰਾਂ ਲਿਖੀਆਂ ਤੇ ਗਾਈਆਂ ਨੇ। ਵਾਰਸ ਸ਼ਾਹ ਦੇ ਵਾਰਸ ਬਥੇਰੇ ਪੈਦਾ ਹੋਏ। ਵਾਰਸ ਦੀ ਹੀਰ ਦਾ ਗਾਇਨ ਦੁਨੀਆਂ ਭਰ ਦੇ ਗਵੱਈਆਂ ਨੇ ਕੀਤਾ ਹੈ ਤੇ ਕਰੀ ਜਾ ਰਹੇ ਨੇ। ਸਭਨਾਂ ਦੇ ਆਪਣੇ ਨਵੇ-ਨਿਵੇਕਲੇ ਤੇ ਸਿਖਰ ਨੂੰ ਪਹੁੰਚੇ ਹੋਏ ਸੰਗੀਤਕ ਤਜਰਬੇ ਹਨ।
ਵਾਰਸ ਸ਼ਾਹ ਹੀਰ ਕੀ ਲਿਖ ਗਿਆ ਉਹ ਤਾਂ ਗਵੱਈਆਂ ਤੇ ਸੰਗੀਤਕਾਰਾਂ ਲਈ ਵੀ ਇੱਕ ਤਰ੍ਹਾਂ ਵਖਤ ਖੜਾ ਕਰ ਗਿਆ। ਜਿਵੇਂ ਕਿਹਾ ਜਾਂਦਾ ਹੈ ਕਿ ਮਿਰਜ਼ਾ ਗਾਉਣਾ ਹਾਰੀ-ਸਾਰੀ ਦੇ ਵੱਸ ਦਾ ਕੰਮ ਨਹੀਂ, ਮਿਰਜ਼ਾ ਗਾਉਣਾ ਤਾਂ ‘ਮਰ ਜਾਣ’ ਵਾਂਗ ਹੈ। ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਮਿਰਜ਼ਾ ਗਾਉਣ ਤੋਂ ਪਹਿਲਾਂ ਕਿਹਾ ਕਰਦਾ ਸੀ, ”ਆਪ ਤਾਂ ਪਤੰਦਰ ਦਾ ਮਰ ਗਿਆ ਪਰ ਸਾਨੂੰ ਵਖਤਾਂ ‘ਚ ਪਾ ਗਿਐ।” ਪਿਛਲੇ ਦਿਨੀਂ ਦਿੱਲੀ ਦੇ ਭਾਈ ਵੀਰ ਸਾਹਿਤ ਵਿਚ ਡੂੰਘੀ ਆਥਣ ਵੇਲੇ ਵਾਰਿਸ ਦੀ ਹੀਰ ਗੁਰਦਾਸਪੁਰੀਆਂ ਵਿਚਾਲੇ ਘਿਰੀ ਖਲੋਤੀ ਦਿਸੀ। ਗਾਉਣ ਵਾਲੇ ਦੋਵੇਂ ਮਝੈਲ। ਦੋਵੇਂ ਸਿਰਨਾਵੀਏਂ। ਇੱਕ ਪੁਰਾਣਾ ਗੁਰਦਾਸਪੁਰੀ ਅਮਰਜੀਤ ਤੇ ਦੂਜਾ ਨਵਾਂ ਗੁਰਦਾਸਪੁਰੀ ਜੱਸੀ ਜਸਬੀਰ। ਉਸਤਾਦ ਯਮਲੇ ਜੱਟ ਦਾ ਪੋਤਾ ਵਿਜੈ ਯਮਲਾ ਵੀ ਤੂੰਬੀ ਤੇ ਅਲਗੋਜਿਆਂ ਨਾਲ ਆਪਣਾ ਵਿਲੱਖਣ ਲੋਕ ਸੰਗੀਤਕ ਰੰਗ ਬਿਖੇਰ ਰਿਹਾ ਸੀ ਪਰ ਨਵੇਂ ਜੱਸੀ ਨੇ ਗੋਡਿਆਂ ਭਾਰ ਬਹਿ ਕੇ ਹੀਰ ਦੇ ਆਪਣੇ ਕਲਤਾਮਿਕਤਾ ਭਰਪੂਰ ਗਾਇਨ ਦੀ ਅਜਿਹੀ ਪੇਸ਼ਕਾਰੀ ਕੀਤੀ ਕਿ ਲਗਣ ਲੱਗਿਆ ਸਾਵੀਂ ਦੀ ਸਾਵੀਂ ਸ੍ਰੋਤਿਆਂ ਸਾਹਵੇਂ ਆਣ ਸਨਮੁਖ ਹੋ ਗਈ ਹੋਵੇ! ਸਤਾਸੀ ਸਾਲਾਂ ਨੂੰ ਢੁੱਕ ਚੁੱਕੇ ਬਾਬਾ ਬੋਹੜ ਗੁਰਦਾਸਪੁਰੀ ਅਮਰਜੀਤ ਨੂੰ ਆਸਰਾ ਦੇ ਕੇ ਜਦ ਮੰਚ ‘ਤੇ ਲਿਆਂਦਾ ਤਾਂ ਤਾੜੀਆਂ ਥੰਮਣ ਦਾ ਨਾਂ ਨਾ ਲੈਣ, ਦਿੱਲੀ ਦੇ ਪੰਜਾਬੀਆਂ ਦਾ ਦਿਲੀ ਮੋਹ! ਪੁਰਾਣੇ ਸਰੋਤਿਆਂ ਨੁੰ ਅਮਰਜੀਤ ਗੁਰਦਾਸਪੁਰੀ ਅਜੇ ਨਹੀਂ ਭੁੱਲਿਆ ਹੋਣਾ, ਜਿਹੜੇ ਕਿਸੇ ਵੇਲੇ ਕਾਮਰੇਡਾਂ ਲੋਕ ਪੱਖੀ ਸਟੇਜਾਂ ਦੇਖਦੇ ਰਹੇ ਹੋਣੇ। ਜਾਂ ਜਿਹੜੇ ਅਕਾਸ਼ਵਾਣੀ ਜਲੰਧਰ ਉਤੋਂ ਦੁਪੈਹਿਰ ਮਗਰੋਂ ਢਾਈ ਵਜੇ ਵਾਲੇ ਲੋਕ ਗੀਤਾਂ ਤੇ ਗਾਥਾਵਾਂ ਦਾ ਅਨੰਦ ਮਾਣਦੇ ਰਹੇ ਹੋਣੇ ਤੇ ਜਾਂ ਨਵਿਆਂ ਸ੍ਰੋਤਿਆਂ ‘ਚੋਂ ਜਿਹੜੇ ਲੁਧਿਆਣੇ ਪੰਜਾਬੀ ਭਵਨ ਵਿਚ ਪ੍ਰੋ ਮੋਹਨ ਸਿੰਘ ਦਾ ਮੇਲਾ ਵੇਖਣ ਜਾਂਦੇ ਰਹੇ ਹੋਣੇ। ਮੇਲੇ ਤੋਂ ਕੁਝ ਦਿਨ ਪਹਿਲਾਂ ਹੀ ਗੁਰਦਾਸਪੁਰੀ ਗੁਰਭਜਨ ਗਿੱਲ ਕੋਲ ਆ ਡੇਰਾ ਲਾਉਂਦਾ ਹੁੰਦਾ ਸੀ। ਜੱਸੋਵਾਲ ਨੇ ਹਜ਼ਾਰਾਂ ਸ੍ਰੋਤਿਆਂ ਦੇ ਇਕੱਠ ਵਿਚ ਹੀਰ ਦੀ ਫਰਮਾਇਸ਼ ਕਰਨੀ ਤਾਂ ਸ੍ਰੋਤਿਆਂ ਸਾਹ ਰੋਕ ਕੇ ਸੁਣਨਾ। ਸੋ, ਸਮੇਂ ਬੜੇ ਤੇਜ਼ੀ ਨਾਲ ਬੀਤੇ ਨੇ। ਦਿੱਲੀ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਚ ਮੈਨੂੰ ਸਾਡਾ ਪੰਜਾਬੀ ਭਵਨ ਚੇਤੇ ਆ ਰਿਹਾ ਸੀ। ਪਜਾਬ ਉਤੇ ਕਾਲੇ ਦਿਨ ਸਨ। ਮੇਲਾ ਲੱਗਿਆ। ਗੁਰਦਾਸਪੁਰੀ ਨੇ ਹੌਰ ਦੇ ਬੋਲ ਛੁਹੇ:
ਵੀਰਾ ਅੰਮੜੀ ਜਾਇਆ ਵੇ ਤੂੰ ਜਾਹ ਨਾਹੀਂ
ਤੇ ਸਾਨੂੰ ਨਾਲ ਫਿਰਾਕਦੇ ਮਾਰ ਨਾਹੀਂ
ਭਾਈਆਂ ਬਾਝ ਨਾਮਜਲਿਸਾਂ ਸੋਂਹਦੀਆਂ ਨੇ
ਤੇ ਬਿਨਾਂ ਭਾਈਆਂ ਦੇਕੋਈ ਸਿਰਦਾਰ ਨਾਹੀਂ
ਦਸ ਹਜ਼ਾਰ ਤੋਂ ਵੀ ਵੱਧ ਸ੍ਰੋਤੇ। ਸਭ ਨੇ ਸਾਹ ਰੋਕ ਰੱਖੇ। ਵਿਯੋਗ ਹਾਵੀ ਹੋ ਗਿਆ। ਗੁਰਦਾਸਪੁਰੀ ਗਾ ਕੇ ਆਪਣੀ ਕੁਰਸੀ ‘ਤੇ ਬਹਿਣ ਲੱਗਿਆ ਤਾਂ ਕੈਫੀ ਆਜ਼ਮੀ ਦੀ ਜੜਿਨ ਸਾਥਣ ਤੇ ਇਪਟਾ ਲਹਿਰ ਦੀ ਮਜ਼ਬੂਤ ਥੰਮ ਰਹੀ ਸ਼ੌਕਤ ਆਜ਼ਮੀ ਆਪਣੀ ਕੁਰਸੀ ਉਤੋਂ ਉੱਠੀ ਤੇ ਮਾੲਕਿ ‘ਤੇ ਆਣ ਬੋਲੀ, ”ਐ ਪੰਜਾਬ ਵਾਲੋ, ਇਤਨਾ ਕੀਮਤੀ ਹੀਰਾ ਛੁਪਾਏ ਬੈਠੇ ਹੋ, ਮੇਰਾ ਸਭੀ ਕੁਛ ਲੇ ਲੋ ਔਰ ਮੁਝੇ ਅਮਰਜੀਤ ਗੁਰਸਾਦਪੁਰੀ ਦੇਦੋ, ਅਭੀ ਇਸ ਨੇ ਜੋ ਪੰਜਾਬ ਕਾ ਦਰਦ ਗਾਇਆ ਹੈ…ਕਾਸ਼! ਕਿ ਵੋ ਮੇਰਾ ਹਿੱਸਾ ਬਨ ਜਾਏ ਔਰ ਵੋ ਦਿਨ ਕਭੀ ਨਾ ਆਏ ਜਬ ਹਿੰਦੂ ਭਾਈਂਓ ਕੇ ਜਾਨੇ ਕਾ ਰੁਦਨ ਗੁਰਦਾਸਪੁਰੀ ਜੈਸੇ ਫ਼ਨਕਾਰ ਕੋ ਫਿਰ ਕਰਨਾ ਪੜੇ ਔਰ ਮੁਝੇ ਤੋ ਏਸਾ ਲਗਤਾ ਹੈ ਜੈਸੇ ਵਾਰਿਸ ਨੇ ਹੀਰ ਗੁਰਦਾਸਪੁਰੀ ਜੈਸੇ ਫਨਕਾਰ ਕੇ ਗਾਨੇ ਕੇ ਲੀਏ ਹੀ ਲਿਖੀ ਥੀ।”
ਦਿੱਲੀ ਵਾਲੇ ਸਮਾਗਮ ਵਿਚ ਗੁਰਦਾਸਪੁਰੀ ਹੀਰ ਗਾ ਹਟਿਆ ਸੀ ਜਦੋਂ ਕੁਲਦੀਪ ਨਈਅਰ ਕੁਝ ਪਲ ਪਛੜ ਕੇ ਪੁੱਜੇ ਤੇ ਆਣ ਕੇ ਕਹਿੰਦੇ ਕਿ ਮੈਂ ਗੁਰਾਦਸਪੁਰੀ ਦੀ ਹੀਰ ਸੁਣਨੀ ਏਂ। ਉਹਨਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਜੀਵਨ ਸਾਥਣ ਬੀਬੀ ਗੁਰਸ਼ਰਨ ਕੌਰ, ਡਾ ਮਨੋਹਰ ਸਿੰਘ ਗਿੱਲ, ਰਾਜ ਸਭਾ ਮੈਂਬਰ ਕੇ ਟੀ ਐਸ ਤੁਲਸੀ ਸਮੇਤ ਕਈ ਸਿਰਕੱਢ ਹਸਤੀਆਂ ਬੈਠੀਆਂ ਸੁਣ ਰਹੀਆਂ ਸਨ। ਕੋਈ ਹੱਥ ਅਜਿਹਾ ਨਹੀਂ ਸੀ ਜੋ ਆਪਣੇ ਫੋਨ ਕੈਮਰੇ ਨਾਲ ਹੀਰ ਨੂੰ ਕੈਦ ਨਹੀਂ ਸੀ ਕਰ ਰਿਹਾ। ਜਸਬੀਰ ਜੱਸੀ ਕਹਿ ਰਿਹਾ ਸੀ ਕਿ ਮੈਂ ਨਿੱਕਾ ਹੁੰਦਾ ਇਹਨਾਂ ਦੀ ਹੀਰ ਸੁਣ-ਸੁਣ ਵੱਡਾ ਹੋਇਆ ਤੇ ਅਵਚੇਤਨ ਮਨ ਵਿਚ ਕਿਧਰੇ ਉਦੋਂ ਹੀ ‘ਹੀਰ’ ਦਾ ਗਾਇਨ ਵਸ ਗਿਆ ਸੀ। ਆਥਣ ਕਦੋਂ ਦੀ ਲੰਘ ਚੁੱਕੀ ਸੀ ਪਰ ਦਿੱਲੀ ਦੇ ਪੰਜਾਬੀ ਸ੍ਰੋਤੇ ਹਾਲੇ ਆਪਣੇ ਘਰਾਂ ਵੱਲ ਲੰਘਣ ਨੂੰ ਤਿਆਰ ਨਹੀਂ ਸਨ ਕਿਉਂਕਿ ਹੀਰ ਗੁਰਦਾਸਪੁਰੀਆਂ ਵਿਚਾਲੇ ਹਾਲੇ ਵੀ ਘਿਰੀ ਹੋਈ ਸੀ। ਜਸਬੀਰ ਜੱਸੀ ਗੁਰਦਾਸਪੁਰੀ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …