Breaking News
Home / ਕੈਨੇਡਾ / ਬਿਲ ਸੀ-237 ‘ਨੈਸ਼ਨਲ ਫਰੇਮਵਰਕ ਫਾਰ ਡਾਇਬਟੀਜ਼’ ਨਾਲ ਸ਼ੂਗਰ ਤੋਂ ਪ੍ਰੇਸ਼ਾਨ ਕੈਨੇਡੀਅਨਾਂ ਨੂੰ ਹੋਵੇਗਾ ਫਾਇਦਾ : ਸੋਨੀਆ ਸਿੱਧੂ

ਬਿਲ ਸੀ-237 ‘ਨੈਸ਼ਨਲ ਫਰੇਮਵਰਕ ਫਾਰ ਡਾਇਬਟੀਜ਼’ ਨਾਲ ਸ਼ੂਗਰ ਤੋਂ ਪ੍ਰੇਸ਼ਾਨ ਕੈਨੇਡੀਅਨਾਂ ਨੂੰ ਹੋਵੇਗਾ ਫਾਇਦਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼
ਨਵੰਬਰ 14 ਨੂੰ ਵਰਲਡ ਡਾਇਬਟੀਜ਼ ਡੇਅ ਵਾਲੇ ਦਿਨ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਲੰਡਨ ਵਿਖੇ ਸਥਿਤ ਬੈਂਟਿੰਗ ਹਾਊਸ ਦਾ ਦੌਰਾ ਕੀਤਾ ਗਿਆ, ਜਿੱਥੇ ਉਹਨਾਂ ਨੇ ਇੰਸੁਲਿਨ ਦੀ ਖੋਜ ਕਰਨ ਵਾਲੇ ਸਰ ਫ੍ਰੈਡਰਿਕ ਬੈਂਟਿੰਗ ਦੀ ਯਾਦ ਵਿਚ ”ਫਲੇਮ ਆਫ਼ ਹੋਪ” ਭਾਵ ਉਮੀਦ ਦੀ ਮਸ਼ਾਲ ਨੂੰ ਜਲਾਇਆ ਅਤੇ ਉੱਥੇ ਮੌਜੂਦ ਪ੍ਰਮੁੱਖ ਹਸਤੀਆਂ ਨਾਲ ਡਾਇਬਟੀਜ਼ ਰੋਕਥਾਮ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਭਾਸ਼ਣ ਦਿੰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ 2012 ਵਿਚ ਜਿੱਥੇ ਪੀਲ ਰੀਜਨ ‘ਚ 10 ਵਿਚੋਂ 1 ਵਿਅਕਤੀ ਸ਼ੂਗਰ ਰੋਗ ਤੋਂ ਪੀੜ੍ਹਤ ਸੀ, ਉਥੇ ਹੀ 2018 ਤੱਕ ਇਹ ਅੰਕੜਾ ਵੱਧ ਕੇ 6 ਹੋ ਗਿਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਡਾਇਬਟੀਜ਼ ਜਾਗਰੂਕਤਾ ਅਤੇ ਸੁਰੱਖਿਆ ਰਾਹੀਂ ਸ਼ੂਗਰ ਰੋਗ ਨੂੰ ਮਾਤ ਪਾਉਣ ਵਿਚ ਸਫ਼ਲਤਾ ਹਾਸਲ ਕਰਨ ਨੂੰ ਲੈ ਕੇ ਉਮੀਦ ਜਾਹਰ ਕੀਤੀ ਅਤੇ ਆਪਣੇ ਸਵਾਲ ਨੂੰ ਦੁਹਰਾਉਂਦਿਆਂ ਕਿਹਾ ਕਿ ਆਖ਼ਰ ਇੰਸੁਲਿਨ ਦੀ ਖੋਜ ਕਰਨ ਵਾਲਾ ਮੁਲਕ ਕੈਨੇਡਾ ਡਾਇਬਟੀਜ਼ ਨੂੰ ਮਾਤ ਪਾਉਣ ਵਿਚ ਦੁਨੀਆ ਭਰ ‘ਚ ਮੋਹਰੀ ਕਿਉਂ ਨਹੀਂ ਹੋ ਸਕਦਾ? ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਨਵੰਬਰ ਦਾ ਮਹੀਨਾ ‘ਡਾਇਬਟੀਜ਼ ਜਾਗਰੂਕਤਾ ਮਹੀਨਾ’ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸਦਾ ਸਿਹਰਾ ਜਾਂਦਾ ਹੈ, ਬਰੈਂਪਟਨ ਸਾਊਥ ਤੋਂ ਮੁੜ ਚੁਣੇ ਗਏ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੂੰ। ਸੋਨੀਆ ਸਿੱਧੂ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ਸ਼ੱਕਰ ਰੋਗ ਸਬੰਧੀ ਜਾਗਰੂਕਤਾ ਫੈਲਾਉਣ ਲਈ ਮੋਸ਼ਨ ਐਮ – 173 ਪੇਸ਼ ਕੀਤਾ ਗਿਆ ਸੀ, ਜੋ ਕਿ ਸਦਨ ਵਿਚ ਪਿਛਲੇ ਸਾਲ ਜੂਨ ਦੇ ਮਹੀਨੇ ਸਰਬਸੰਮਤੀ ਨਾਲ ਪਾਸ ਹੋਇਆ, ਅਤੇ ਕੈਨੇਡਾ ਵਿਚ ਨਵੰਬਰ ਨੂੰ ਰਾਸ਼ਟਰੀ ਡਾਇਬਟੀਜ਼ ਜਾਗਰੂਕਤਾ ਮਹੀਨਾ ਐਲਾਨਿਆ ਗਿਆ ਸੀ। ਇਸ ਤੋਂ ਇਲਾਵਾ ਐੱਮ.ਪੀ ਸੋਨੀਆ ਸਿੱਧੂ ਵੱਲੋਂ ਆਲ-ਪਾਰਟੀ ਡਾਇਬਟੀਜ਼ ਕਾਕਸ ਦੀ ਚੇਅਰ ਵਜੋਂ ਇਸ ਖੇਤਰ ਵਿਚ ਕਈ ਅਹਿਮ ਕੰਮ ਜਾਂਦੇ ਰਹੇ ਹਨ, ਜਿਨ੍ਹਾਂ ਵਿਚੋਂ ਕੁਝ ਦਾ ਬਿਓਰਾ ਇਸ ਤਰ੍ਹਾਂ ਹੈ:
ਬਿਲ ਸੀ 237 – ”ਨੈਸ਼ਨਲ ਫਰੇਮਵਰਕ ਫਾਰ ਡਾਇਬਟੀਜ਼” : ਕੋਵਿਡ-19 ਤੋਂ ਪਹਿਲਾਂ ਸੋਨੀਆ ਸਿੱਧੂ ਵੱਲੋਂ ਸੰਸਦ ਵਿਚ ਬਿਲ ਸੀ-237 ”ਨੈਸ਼ਨਲ ਫਰੇਮਵਰਕ ਫਾਰ ਡਾਇਬਟੀਜ਼” ਦੀ ਪਹਿਲੀ ਰੀਡਿੰਗ ਕੀਤੀ ਗਈ ਸੀ, ਜਿਸ ‘ਤੇ ਹੁਣ ਦੁਬਾਰਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਬਿਲ ਤਹਿਤ ਐੱਮ.ਪੀ ਸਿੱਧੂ ਵੱਲੋਂ ਡਾਇਬਟੀਜ਼ ਨੂੰ ਲੈ ਕੇ ਨੈਸ਼ਨਲ ਫਰੇਮਵਰਕ ਤਿਆਰ ਕਰਨ ਦੀ ਮੰਗ ਰੱਖੀ ਗਈ ਹੈ, ਜਿਸ ਨਾਲ ਉਹਨਾਂ ਮੁਤਾਬਕ ਡਾਇਬਟੀਜ਼ ਅਤੇ ਪ੍ਰੀ- ਡਾਇਬਟੀਜ਼ ਤੋਂ ਜੂਝ ਰਹੇ ਕਰੀਬ 11 ਮਿਲੀਅਨ ਕੈਨੇਡੀਅਨਜ਼ ਨੂੰ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਇਸ ਰੋਗ ਤੋਂ ਬਚਾਅ ਕਰਨ ਸਬੰਧੀ ਜ਼ਰੂਰੀ ਜਾਣਕਾਰੀ ਅਤੇ ਸਹੂਲਤਾਂ ਲੈਣ ਵਿਚ ਵੀ ਮਦਦ ਮਿਲੇਗੀ।

Check Also

551ਵੇਂ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਹੋਵੇਗਾ ਸਿੱਧਾ ਪ੍ਰਸਾਰਣ   

ਪਾਕਿਸਤਾਨ ਤੋਂ ਗੁਰਪੁਰਬ ਮੌਕੇ ਤਿੰਨ ਦਿਨਾਂ ਦੇ ਸਿੱਧੇ ਪ੍ਰਸਾਰਣ ਨੂੰ ਕੈਨੇਡਾ, ਅਮਰੀਕਾ ਤੇ ਭਾਰਤ ਸਣੇ …