Breaking News
Home / ਕੈਨੇਡਾ / ਅਹਿਮਦੀਆ ਮੁਸਲਿਮ ਜਮਾਤ ਦੇ 40ਵੇਂ ਸਲਾਨਾ ਜਲਸੇ ‘ਚ ਤਿੰਨੇ ਦਿਨ ਰਹੀ ਭਾਰੀ ਰੌਣਕ

ਅਹਿਮਦੀਆ ਮੁਸਲਿਮ ਜਮਾਤ ਦੇ 40ਵੇਂ ਸਲਾਨਾ ਜਲਸੇ ‘ਚ ਤਿੰਨੇ ਦਿਨ ਰਹੀ ਭਾਰੀ ਰੌਣਕ

logo-2-1-300x105-3-300x105ਲੰਡਨ ਤੋਂ ਜਮਾਤ ਦੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਕੀਤੀ ਸ਼ਿਰਕਤ, ਵੱਖ-ਵੱਖ ਦੇਸ਼ਾਂ ਤੋਂ 25,960 ਲੋਕ ਸ਼ਾਮਲ ਹੋਏ
ਮਿਸੀਸਾਗਾ/ਡਾ. ਸੁਖਦੇਵ ਸਿੰਘ ਝੰਡ
ਲੰਘੀ 7, 8 ਤੇ 9 ਅਕਤੂਬਰ ਨੂੰ ਅਹਿਮਦੀਆ ਜਮਾਤ ਵੱਲੋਂ ਕੈਨੇਡਾ ਵਿੱਚ ਆਮਦ ਦੇ 50 ਵਰ੍ਹੇ ਪੂਰੇ ਕਰਨ ‘ਤੇ ‘ਜੁਬਲੀ ਜਸ਼ਨ’ ਮਨਾਉਂਦਿਆਂ ਹੋਇਆਂ ਇੱਥੇ ਟੋਰਾਂਟੋ ਦੀ ਧਰਤੀ ‘ਤੇ ‘ਇੰਟਰਨੈਸ਼ਨਲ ਸੈਂਟਰ’ ਵਿੱਚ ਤਿੰਨ-ਦਿਨਾਂ ਸਮਾਗ਼ਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਵਿੱਚ ਨਾ ਕੇਵਲ ਕੈਨੇਡਾ ਅਤੇ ਇਸ ਦੇ ਗਵਾਂਢੀ ਮੁਲਕ ਅਮਰੀਕਾ ਤੋਂ ਹੀ ਅਹਿਮਦੀਆ ਜਮਾਤ ਦੇ ਲੋਕਾਂ ਨੇ ਇਸ ਵਿੱਚ ਵੱਡੀ ਗਿਣਤੀ ਵਿੱਚ ਭਾਗ ਲਿਆ, ਸਗੋਂ ਇੰਗਲੈਂਡ, ਜਰਮਨੀ, ਫਰਾਂਸ, ਸਪੇਨ ਆਦਿ ਕਈ ਯੌਰਪੀਨ ਦੇਸ਼ਾਂ ਅਤੇ ਅਰਬ ਦੇਸ਼ਾਂ ਸਮੇਤ ਦੁਨੀਆਂ-ਭਰ ਦੇ 32 ਮੁਲਕਾਂ ਤੋਂ ਬਹੁਤ ਸਾਰੇ ਅਹਿਮਦੀਆ ਮੁਸਲਮਾਨਾਂ ਇਸ ਮਹਾਨ-ਸਮਾਗ਼ਮ ਵਿੱਚ ਹਿੱਸਾ ਲੈਣ ਲਈ ਬੜੇ ਜੋਸ਼-ਓ-ਖ਼ਰੋਸ਼ ਨਾਲ ਪਹੁੰਚੇ, ਜਦ ਕਿ ਇਹ ਜਮਾਤ ਇਸ ਸਮੇਂ 209 ਦੇਸ਼ਾਂ ਵਿੱਚ ਆਪਣੇ ਝੰਡੇ ਗੱਡ ਚੁੱਕੀ ਹੈ। ਸਮਾਗ਼ਮ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਕੰਪਿਊਟਰ ਰਾਹੀਂ ਹੋਈ ਰਜਿਸਟ੍ਰੇਸ਼ਨ ਅਨੁਸਾਰ ਇਸ ਵਿੱਚ 25,960 ਲੋਕਾਂ ਨੇ ਇਸ ਵਿੱਚ ਭਾਗ ਲਿਆ ਜੋ ਕਿ ਹੁਣ ਤੱਕ ਦਾ ਰਿਕਾਰਡ ਹੈ। ਪਿਛਲੇ ਸਾਲ ਇਸ ਵਿੱਚ 18,972 ਲੋਕ ਸ਼ਾਮਲ ਹੋਏ ਸਨ।
ਇਸ ਮੌਕੇ ਇਸ ਵਿਸ਼ਾਲ ਸਮਾਗ਼ਮ ਨੂੰ ਸੰਬੋਧਨ ਕਰਦਿਆਂ ਹੋਇਆ ਅਹਿਮਦੀਆ ਜਮਾਤ ਦੇ ਮੌਜੂਦਾ ਪੰਜਵੇਂ ਮੁੱਖੀ ਹਜ਼ਰਤ ਮਿਰਜਾ ਮਸਰੂਰ ਅਹਿਮਦ ਨੇ ਮਜ਼ਹਬੀ ਰੂਹਾਨੀਅਤ ਨਾਲ ਲਬਰੇਜ਼ ਅਮਨ ਅਤੇ ਸ਼ਾਂਤੀ ਦਾ ਪੈਗ਼ਾਮ ਦਿੰਦਿਆਂ ਕਿਹਾ ਕਿ ਮਜ਼ਹਬ ਜਾਂ ਧਰਮ ਕਦੇ ਵੀ ਕਿਸੇ ਫ਼ਸਾਦ ਜਾਂ ਲੜਾਈ ਦੀ ਵਜ੍ਹਾ ਨਹੀਂ ਹੁੰਦੇ। ਉਹ ਤਾਂ ਸਾਰੇ ਪਿਆਰ ਤੇ ਮੁਹੱਬਤ ਦਾ ਹੀ ਸੁਨੇਹਾ ਦਿੰਦੇ ਹਨ। ਹਮੇਸ਼ਾ ਸਿਆਸਤ ਦਾ ਸੌੜਾਪਨ ਹੀ ਇਨ੍ਹਾਂ ਲੜਾਈਆਂ ਦਾ ਮੁੱਖ ਕਾਰਨ ਬਣਦਾ ਹੈ। ਆਪਣੀ ਇਸ ਅਹਿਮ ਦਲੀਲ ਨੂੰ ਇਤਿਹਾਸਕ ਹਵਾਲਿਆਂ ਨਾਲ ਅੱਗੇ ਵਧਾਉਂਦਿਆਂ ਉਨ੍ਹਾਂ ਕਿਹਾ ਕਿ ਸੰਸਾਰ ਦੀਆਂ ਦੋਵੇਂ ਵੱਡੀਆਂ ਜੰਗਾਂ ਵਿੱਚ ਕਿਸੇ ਦਾ ਵੀ ਸਬੱਬ ਧਰਮ ਜਾਂ ਮਜ਼ਹਬ ਨਹੀਂ ਸੀ, ਸਗੋਂ ਇਨ੍ਹਾਂ ਦੇ ਕਾਰਨ ਤਾਂ ਕਈ ਹੋਰ ਸਨ। ਆਪਣੇ ਭਾਸ਼ਨ ਦੌਰਾਨ ਇਰਾਕ ਦੀ ਉਦਾਹਰਣ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਅੱਜਕੱਲ਼੍ਹ ਕਈ ਮੁਸਲਿਮ ਮੁਲਕਾਂ ਨੂੰ ਲੜਾਈ ਦਾ ਮੈਦਾਨ ਬਣਾਇਆ ਜਾ ਰਿਹਾ ਹੈ। ਲੋਕਾਂ ਵਿੱਚ ਬੇਚੈਨੀ ਦਿਨੋਂ-ਦਿਨ ਵੱਧ ਰਹੀ ਹੈ ਅਤੇ ਪਿਆਰ-ਮੁਹੱਬਤ ਦਾ ਮਿਆਰ ਨੀਵਾਂ ਹੋ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਨਿਰੀ ਲਫ਼ਜ਼ੀ-ਮੁਹੱਬਤ ਕੋਈ ਮਾਇਨੇ ਨਹੀਂ ਰੱਖਦੀ, ਸਗੋਂ ਇਸ ਨੂੰ ਅਮਲ ਵਿੱਚ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਹੋਰ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚਕਾਰ ਚੱਲ ਰਹੀ ‘ਠੰਢੀ-ਜੰਗ’ ਦੇ ‘ਐਟਮੀ-ਜੰਗ’ ਵਿੱਚ ਬਦਲਣ ਦੇ ਖ਼ਤਰੇ ਨੂੰ ਘੱਟ ਕਰਨ ਲਈ ਯੂ.ਐੱਨ.ਓ. ਨੂੰ ਆਪਣਾ ਅਹਿਮ ਰੋਲ ਨਿਭਾਉਣਾ ਚਾਹੀਦਾ ਹੈ ਕਿਉਂਕਿ ਐਟਮੀ ਜੰਗ ਵਿੱਚ ਹੋਣ ਵਾਲੀ ਤਬਾਹੀ ਦਾ ਅੰਦਾਜ਼ਾ ਲਗਾਉਣਾ ਬਹੁਤ ਹੀ ਮੁਸ਼ਕਲ ਹੈ।
ਸਾਰਿਆਂ ਮੁਲਕਾਂ ਨੂੰ ਆਪਸ ਵਿੱਚ ਅਸਰ-ਰਸੂਖ਼ ਨੂੰ ਵਧਾਉਣਾ ਚਾਹੀਦਾ ਹੈ ਅਤੇ ਲੜਾਈ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਨਸਾਨਾਂ ਨੂੰ ਮਿਹਨਤ ਕਰਨ, ਨੇਕੀ ਕਰਨ ਅਤੇ ਬਗ਼ੈਰ ਕਿਸੇ ‘ਸ਼ੁਕਰੀਆ’ ਦੇ ਇਸ ਨੂੰ ਜਾਰੀ ਰੱਖਣ ਦੀ ਗੱਲ ਵੀ ਕਹੀ। ਉਨਾਂ ਹੋਰ ਕਿਹਾ ਕਿ ਅਹਿਮਦੀਆ ਮੁਸਲਿਮ ਜਮਾਤ ਸਾਰਿਆਂ ਨੂੰ ਪਿਆਰ ਕਰਨ ਅਤੇ ਕਿਸੇ ਨਾਲ ਵੀ ਨਫ਼ਰਤ ਨਾ ਕਰਨ ਵਿੱਚ ਯਕੀਨ ਰੱਖਦੀ ਹੈ।
ਇਸ ਤੋਂ ਪਹਿਲਾਂ ਸਮਾਗ਼ਮ ਨੂੰ ਫ਼ੈਡਰਲ ਖੋਜ, ਸਾਇੰਸ ਤੇ ਆਰਥਿਕ ਮਾਮਲਿਆਂ ਦੇ ਮੰਤਰੀ ਨਵਦੀਪ ਬੈਂਸ, ਇਨਫਰਾਸਟਰੱਕਚਰ ਤੇ ਕਮਿਊਨਿਟੀਜ਼ ਮੰਤਰੀ ਅਮਰਜੀਤ ਸੋਹੀ, ਟੋਰਾਂਟੋ ਦੇ ਮੇਅਰ ਜੌਹਨ ਟੋਰੀ, ਓਨਟਾਰੀਓ ਸੂਬਾ ਸਰਕਾਰ ਦੇ ਚੀਫ਼ ਵਿੱਪ੍ਹ ਐਂਡਰਿਊ ਲੈਜ਼ਲੀ, ਬਰੈਂਪਟਨ ਤੋਂ ਐੱਮ.ਪੀ.ਪੀ. ਜਗਮੀਤ ਸਿੰਘ, ਬਰੈਂਪਟਨ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ ਅਤੇ ਅਹਿਮਦੀਆ ਮੁਸਲਿਮ ਜਮਾਤ ਨੂੰ ਇਸ ਮਹਾਨ ਸਲਾਨਾ ਸਮਾਗ਼ਮ ਦੀ ਵਧਾਈ ਦਿੱਤੀ। ਨਵਦੀਪ ਬੈਂਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਜਦੋਂ ਵੀ ਅਹਿਮਦੀਆ ਜਮਾਤ ਦੇ ਜਲਸੇ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਨਾਨਾ ਜੀ ਕਹੇ ਹੋਏ ਸ਼ਬਦ ਯਾਦ ਆ ਜਾਂਦੇ ਹਨ ਕਿ ਕਿਵੇਂ 1947 ਵਿੱਚ ਹੋਈ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਨੂੰ ਅਹਿਮਦੀਆ ਜਮਾਤ ਦੇ ਲੋਕਾਂ ਵੱਲੋਂ ਬੇਹੱਦ ਪਿਆਰ ਮਿਲਦਾ ਹੁੰਦਾ ਸੀ।
ਸਮਾਗ਼ਮ ਵਿੱਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲਿਆਂ ਨੂੰ ਖ਼ਲੀਫਾ ਸਾਹਿਬ ਵੱਲੋਂ ਇਨਾਮ ਵੀ ਦਿੱਤੇ ਗਏ ਜਿਨ੍ਹਾਂ ਵਿੱਚ ਕਈ ਟੈਕਨੀਕਲ ਕੋਰਸਾਂ ਅਤੇ ਉਚੇਰੀ ਸਿੱਖਿਆ ਵਿੱਚ ਵਧੀਆ ਕਾਰਗ਼ੁਜ਼ਾਰੀ ਵਿਖਾਉਣ ਵਾਲੇ ਵਿਦਿਆਰਥੀ ਸ਼ਾਮਲ ਸਨ। ਅਜਿਹਾ ਹੀ ਇੱਕ ਖ਼ਾਸ ਐਵਾਰਡ ਪੰਜਾਬ ਦੇ ਜ਼ਿਲੇ ਗੁਰਦਾਸਪੁਰ ਦੇ ਸ਼ਹਿਰ ‘ਕਾਦੀਆਂ’ ਜੋ ਅਹਿਮਦੀਆ ਜਮਾਤ ਦਾ ਹੈੱਡ-ਕੁਆਟਰ ਮੰਨਿਆ ਜਾਂਦਾ ਹੈ, ਤੋਂ 1913 ਵਿੱਚ ਸ਼ੁਰੂ ਹੋਈ ਉਰਦੂ ਰੋਜ਼ਾਨਾ ਅਖ਼ਬਾਰ ‘ਅਲਫ਼ਜ਼ਲ’ ਦੇ 1947 ਤੋਂ ਬਾਅਦ ਪਹਿਲਾਂ 1954 ਤੀਕ ਲਾਹੌਰ ਵਿੱਚ ਛਪਣ ਅਤੇ ਫਿਰ ਵਿੱਚ ‘ਰੱਬਵਾ’ ਵਿੱਚ 2013 ਵਿੱਚ 100 ਸਾਲ ਪੂਰੇ ਕਰਨ ‘ਤੇ ਇਸ ਦੇ ਸਬੰਧੀ ਲਿਖੇ ਗਏ 50,000 ਸ਼ਬਦਾਂ ਦੇ ਥੀਸਿਜ਼-ਮੁਕਾਬਲੇ ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਵਾਲੇ ਅਬਦੁਲ ਬਾਸਿਤ ਕਮਰ ਨੂੰ ਦਿੱਤਾ ਗਿਆ। ਅੱਜਕੱਲ੍ਹ ਇਹ ਲੰਡਨ ਤੋਂ ਅੰਗਰੇਜ਼ੀ ਵਿੱਚ ਵੀ ਹਫ਼ਤਾਵਾਰੀ ‘ਰੱਬਵਾ ਟਾਈਮਜ਼’ ਦੇ ਨਾਂ ਹੇਠ ਛਪ ਰਹੀ ਹੈ।
ਅਹਿਮਦੀਆ ਜਮਾਤ ਵਿੱਚ ਕਾਫ਼ੀ ਮਕਬੂਲ ਸ਼ਖਸੀਅਤਾਂ ਜਨਾਬ ਮਕਸੂਦ ਚੌਧਰੀ ਅਤੇ ਅਬਦੁਲ ਕਮਰ ਬਾਸਿਤ ਹੁਰਾਂ ਦੇ ਵਿਸ਼ੇਸ਼ ਸੱਦੇ ‘ਤੇ ਹਰ ਸਾਲ ਦੀ ਤਰ੍ਹਾਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਕਈ ਮੈਂਬਰ ਕਰਨ ਅਜਾਇਬ ਸਿੰਘ ਸੰਘਾ, ਡਾ. ਸੁਖਦੇਵ ਸਿੰਘ ਝੰਡ, ਪ੍ਰੋ. ਮਹਿੰਦਰਦੀਪ ਗਰੇਵਾਲ, ਇਕਬਾਲ ਸਿੰਘ ਬਰਾੜ, ਡਾ. ਜਗਮੋਹਨ ਸਿੰਘ ਸੰਘਾ, ਬੇਅੰਤ ਸਿੰਘ ਬਿਰਦੀ ਆਦਿ ਇਸ ਜਲਸੇ ਵਿੱਚ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਪੰਜਾਬੀ ਕਮਿਊਨਿਟੀ ਦੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਇਸ ਤਿੰਨ-ਦਿਨਾਂ ਸਮਾਗ਼ਮ ਦਾ ਸਮੁੱਚਾ ਪ੍ਰਬੰਧ ਅਤੇ ਇਸ ਦੌਰਾਨ ਅਨੁਸਾਸ਼ਨ ਵੇਖਣ ਹੀ ਵਾਲਾ ਅਤੇ ਕਾਬਲੇ-ਤਾਰੀਫ਼ ਸੀ। ਸਾਰੇ ਹੀ ਵਾਲੰਟੀਅਰ ਆਪੋ-ਆਪਣੀਆਂ ਡਿਊਟੀਆਂ ਬੜੇ ਵਧੀਆ ਤਰੀਕੇ ਨਾਲ ਨਿਭਾ ਰਹੇ ਸਨ। ਸਮਾਗ਼ਮ ਦੌਰਾਨ ਇਹ ਵੇਖਣ ਵਿੱਚ ਆਇਆ ਕਿ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਜੀ ਵਰਗੀ ਅਤੀ-ਵਿਸ਼ੇਸ਼ ਸ਼ਖ਼ਸੀਅਤ ਦੀ ਸੁਰੱਖਿਆ ਲਈ ਪੋਲੀਸ ਜਾਂ ਕੋਈ ਹੋਰ ਵਿਸ਼ੇਸ਼ ਸੁਰੱਖਿਆ ਕਰਮਚਾਰੀ ਨਹੀਂ ਸਨ, ਸਗੋਂ ਇਹ ਕੰਮ ਵੀ ਵਾਲੰਟੀਅਰ ਆਪਣੀਆਂ ਬਾਹਵਾਂ ਨਾਲ ‘ਹਿਊਮਨ-ਚੇਨ’ ਬਣਾ ਕੇ ਹੀ ਕਰ ਰਹੇ ਸਨ।
ਹਾਜ਼ਰੀਨ ਲਈ ਲੰਗਰ ਦਾ ਏਨੇ ਵੱਡੇ ਪੱਧਰ ‘ਤੇ ਕੀਤਾ ਗਿਆ ਪ੍ਰਬੰਧ ਬਹੁਤ ਹੀ ਵਧੀਆ ਸੀ। ਮਹਿਮਾਨਾਂ ਦੇ ਲਈ ਇਹ ਇੰਤਜ਼ਾਮ ਇੱਕ ਵੱਖਰੇ ਹਾਲ ਵਿੱਚ ਕੀਤਾ ਗਿਆ ਸੀ, ਜਦ ਕਿ ਜਮਾਤ ਦੇ ਸਮੂਹ ਮੈਂਬਰਾਂ ਲਈ ਇਹ ਪ੍ਰਬੰਧ ਇੱਕ ਹੋਰ ਬਹੁਤ ਵਡੇਰੇ ਹਾਲ ਵਿੱਚ ਸੀ। ਲੰਗਰ ਦੀ ਸਮਾਮਤੀ ਸਮੇਂ ਕੈਨੇਡਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਜਨਾਬ ਮਲਿਕ ਲਾਲ ਖ਼ਾਨ ਨੇ ਮੁੱਖ-ਮਹਿਮਾਨ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ, ਆਏ ਹੋਏ ਸਾਰੇ ਮਹਿਮਾਨਾਂ ਅਤੇ ਇਸ ਵਿੱਚ ਹਾਜ਼ਰ ਹੋਣ ਵਾਲੇ ਸਾਰੇ ਲੋਕਾਂ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਬੜੀ ਹੀ ਖ਼ੁਸ਼ੀ ਵਾਲੀ ਗੱਲ ਹੈ ਕਿ ਇਸ ਸਮਾਗ਼ਮ ਵਿੱਚ ਲੋਕਾਂ ਨੇ ਏਨੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …