Breaking News
Home / ਕੈਨੇਡਾ / ਫੈੱਡਰਲ ਸਰਕਾਰ ਵੱਲੋਂ ਐਲਾਨੀ ਹੜ੍ਹ ਸੁਰੱਖਿਆ ਪ੍ਰੋਜੈਕਟ ਫੰਡਿੰਗ ਨਾਲ ਬਰੈਂਪਟਨ ਡਾਊਨਟਾਊਨ ਦੀ ਬਦਲੇਗੀ ਨੁਹਾਰ

ਫੈੱਡਰਲ ਸਰਕਾਰ ਵੱਲੋਂ ਐਲਾਨੀ ਹੜ੍ਹ ਸੁਰੱਖਿਆ ਪ੍ਰੋਜੈਕਟ ਫੰਡਿੰਗ ਨਾਲ ਬਰੈਂਪਟਨ ਡਾਊਨਟਾਊਨ ਦੀ ਬਦਲੇਗੀ ਨੁਹਾਰ

ਸੋਨੀਆ ਸਿੱਧੂ ਨੇ ਕਿਹਾ – ਵਸਨੀਕਾਂ ਅਤੇ ਕਾਰੋਬਾਰੀਆਂ ਨੂੰ ਹੋਵੇਗਾ ਫਾਇਦਾ
ਬਰੈਂਪਟਨ/ਬਿਊਰੋ ਨਿਊਜ਼ : ਮਾਣਯੋਗ ਮੰਤਰੀ ਕੈਥਰੀਨ ਮੈਕੇਨਾ, (ਇਨਫ੍ਰਾਸਟ੍ਰਕਚਰ ਅਤੇ ਕਮਿਊਨਟੀ ਮੰਤਰੀ) ਨੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨਾਲ ਮਿਲ ਕੇ ਡਾਊਨਟਾਊਨ ਬਰੈਂਪਟਨ ਹੜ੍ਹ ਸੁਰੱਖਿਆ ਪ੍ਰੋਜੈਕਟ (ਫਲੱਡ ਪ੍ਰੋਟੈਕਸ਼ਨ ਪ੍ਰੋਜੈਕਟ) ਲਈ ਫੰਡਿੰਗ ਦਾ ਐਲਾਨ ਕੀਤਾ ਹੈ। ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਸਮੇਤ ਬਰੈਂਪਟਨ ਤੋਂ 4 ਹੋਰ ਐੱਮ.ਪੀ ਰੂਬੀ ਸਹੋਤਾ (ਬਰੈਂਪਟਨ ਨਾਰਥ), ਕਮਲ ਖਹਿਰਾ (ਬਰੈਂਪਟਨ ਵੈਸਟ), ਮਨਿੰਦਰ ਸਿੱਧੂ (ਬਰੈਂਪਟਨ ਈਸਟ) ਅਤੇ ਰਮੇਸ਼ ਸੰਘਾ (ਬਰੈਂਪਟਨ ਸੈਂਟਰ) ਵੀ ਮੌਜੂਦ ਰਹੇ। ਇਸ ਪ੍ਰਾਜੈਕਟ ਲਈ ਕੈਨੇਡਾ ਸਰਕਾਰ ਵੱਲੋਂ ਡੀ.ਐੱਮ.ਏ.ਐੱਫ. (ਆਪਦਾ ਨਿਵਾਰਣ ਅਤੇ ਅਡੈਪਟੇਸ਼ਨ ਫੰਡ) ਦੁਆਰਾ 38.8 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਜਦਕਿ ਬਰੈਂਪਟਨ ਸਿਟੀ ਵੱਲੋਂ ਕਰੀਬ 58.2 ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਜਾਵੇਗਾ।
ਇਸ ਪ੍ਰਾਜੈਕਟ ਦੇ ਤਹਿਤ ਮੁੱਖ ਕੰਮਾਂ ਵਿਚ ਡਾਊਨਟਾਊਨ ਬਰੈਂਪਟਨ ਦੇ 600 ਮੀਟਰ ਕੰਕਰੀਟ ਚੈਨਲ ਨੂੰ ਚੌੜਾ ਕਰਨ, ਪੁਲਾਂ ਨੂੰ ਬਦਲਣ ਅਤੇ ਰੋਡਵੇਜ਼ ਵਧਾਉਣ ਦੇ ਟੀਚੇ ਨੂੰ ਪੂਰਾ ਕੀਤਾ ਜਾਵੇਗਾ। ਮੌਜੂਦਾ ਚੈਨਲ, ਜੋ 1952 ਵਿਚ ਬਣਾਇਆ ਗਿਆ ਸੀ, ਨੂੰ ਵਧਾ ਕੇ ਚੌੜਾ ਅਤੇ ਡੂੰਘਾ ਕੀਤਾ ਜਾਏਗਾ। ਇਸ ਤੋਂ ਇਲਾਵਾ ਇਟੋਬੀਕੋ ਕਰੀਕ ਦੀ ਸਮਰੱਥਾ ਦੇ ਪੱਧਰ ਨੂੰ ਵਧਾਉਣ ਲਈ, ਪ੍ਰਾਜੈਕਟ ਦੇ ਖੇਤਰ ਵਿਚ ਪੁਲਾਂ ਨੂੰ ਵੱਡੇ ਵੱਡੇ ਸਪੈਨ ਢਾਂਚਿਆਂ ਨਾਲ ਤਬਦੀਲ ਕੀਤਾ ਜਾਵੇਗਾ ਅਤੇ ਉੱਚੇ ਬਣੇ ਰੋਡਵੇਜ ਸ਼ਹਿਰੀ ਇਲਾਕਿਆਂ ਵਿਚ ਹੜ੍ਹਾਂ ਨੂੰ ਰੋਕਣ ਦੇ ਸਮਰੱਥ ਹੋ ਸਕਣਗੇ। ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ, ਐੱਮ.ਪੀ ਬਰੈਂਪਟਨ ਸਾਊਥ ਨੇ ਕਿਹਾ ਕਿ ਬਰੈਂਪਟਨ ਡਾਊਨਟਾਊਨ ਹੜ੍ਹ ਖੇਤਰ ਵਿਚ ਆਉਂਦਾ ਹੈ ਅਤੇ ਇਸ ਲਈ ਮੁੱਢਲਾ ਕਦਮ ਹੈ – ਬਰੈਂਪਟਨ ਡਾਊਨਟਾਊਨ ਤੋਂ ਹੜ੍ਹ ਦੇ ਖ਼ਤਰੇ ਨੂੰ ਰੋਕਣ ਲਈ ਕਦਮ ਚੁੱਕਣੇ, ਜਿਸ ਨਾਲ ਵਾਤਾਵਰਨ ਤਬਦੀਲੀ ਨਾਲ ਲ਼ੜ੍ਹਣ ਸਬੰਧੀ ਮਸਲੇ ਵੀ ਹਲ ਹੋ ਸਕਣਗੇ। ਇਸ ਫੰਡਿੰਗ ਨਾਲ ਬਰੈਂਪਟਨ ਡਾਊਨਟਾਊਨ ਵਿਚ ਹੋਇਆ ਅਪਗ੍ਰੇਡ ਨਾ ਸਿਰਫ ਸਾਡੇ ਵਸਨੀਕਾਂ ਅਤੇ ਕਾਰੋਬਾਰੀਆਂ ਦਾ ਫਾਇਦਾ ਹੋਵੇਗਾ ਬਲਕਿ ਇਸ ਨਾਲ ਬਰੈਂਪਟਨ ਦੇ ਡਾਊਨਟਾਊਨ ਕੋਰ ਦੀ ਨੁਹਾਰ ਬਦਲਣ ਅਤੇ ਤਬਦੀਲੀ ਵਿੱਚ ਵੀ ਸਹਾਇਤਾ ਹੋਵੇਗੀ। ਉਹਨਾਂ ਕਿਹਾ ਕਿ ਬਰੈਂਪਟਨ ਡਾਊਨਟਾਊਨ ਵਿਚ ਹੋਣ ਵਾਲੇ ਇਸ ਸਾਰਥਕ ਬਦਲਾਅ ਨਾਲ ਇਨਵੈਸਟਰਾਂ ਦੀ ਇਸ ਪ੍ਰਤੀ ਦਿਲਚਸਪੀ ਵਧੇਗੀ ਅਤੇ ਕਾਰੋਬਾਰਾਂ ਦੇ ਨਾਲ-ਨਾਲ ਇੱਥੋਂ ਦੇ ਸਥਾਨਕ ਵਸਨੀਕਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਆਸਾਨੀ ਨਾਲ ਉਪਲਬਧ ਹੋ ਸਕਣਗੀਆਂ। ਕੈਨੇਡਾ ਫੈੱਡਰਲ ਸਰਕਾਰ ਵੱਲੋਂ 38.8 ਮਿਲੀਅਨ ਡਾਲਰ ਦਾ ਨਿਵੇਸ਼ ਬਰੈਂਪਟਨ ਨੂੰ ਬਦਲਣ ਵਿੱਚ ਸਹਾਇਤਾ ਕਰੇਗਾ, ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ, ਅਤੇ ਸਥਾਨਕ ਕਾਰੋਬਾਰਾਂ ‘ਤੇ ਹੜ੍ਹਾਂ ਦੇ ਪ੍ਰਭਾਵ ਨੂੰ ਸੀਮਤ ਕਰੇਗਾ। ਇਸ ਤੋਂ ਇਲਾਵਾ ਮਾਣਯੋਗ ਕੈਥਰੀਨ ਮੈਕੇਨਾ, ਇਨਫ੍ਰਾਸਟ੍ਰਕਚਰ ਅਤੇ ਕਮਿਊਨਟੀਜ਼ ਮੰਤਰੀ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਕਨੈਡਾ ਸਰਕਾਰ ਦਾ ਆਪਦਾ ਨਿਵਾਰਣ ਅਤੇ ਅਨੁਕੂਲਤਾ ਫੰਡ ਵੱਡੇ ਪੱਧਰ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਸਮਰਥਨ ਕਰਦਾ ਹੈ ਤਾਂ ਜੋ ਕਮਿਊਨਟੀਆਂ ਨੂੰ ਕੁਦਰਤੀ ਖ਼ਤਰਿਆਂ ਕਾਰਨ ਪੈਦਾ ਹੋਈਆਂ ਆਫ਼ਤਾਂ ਦੇ ਜੋਖਮਾਂ ਨੂੰ ਬਿਹਤਰ ਢੰਗ ਨਾਲ ਸੰਭਾਲਣ ਵਿੱਚ ਸਹਾਇਤਾ ਕੀਤੀ ਜਾ ਸਕੇ।
ਇਸੇ ਲਈ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਬਰੈਂਪਟਨ ਡਾਊਨਟਾਊਨ ਲਈ ਇਹ ਫੰਡਿੰਗ ਜਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਸਥਾਨਕ ਲੋਕਾਂ ਅਤੇ ਕਾਰੋਬਾਰਾਂ ਨੂੰ ਫਾਇਦਾ ਹੋਵੇਗਾ ਅਤੇ ਹੜ੍ਹ ਜਿਹੀ ਕੁਦਰਤੀ ਆਫ਼ਤ ਤੋਂ ਉਹਨਾਂ ਦੀ ਸੁਰੱਖਿਆ ਯਕੀਨੀ ਬਣੇਗੀ।

Check Also

ਸੰਦੀਪ ਰਾਣੀ ਦੀ ਪੁਸਤਕ ‘ਇੱਕ ਕਦਮ ਮੰਜ਼ਿਲ ਵੱਲ’ ਰਿਲੀਜ਼

ਸਰੀ/ਹਰਦਮ ਮਾਨ : ਪੰਜਾਬ ਭਵਨ ਸਰੀ ਵਿਖੇ ਉੱਭਰਦੀ ਪੰਜਾਬੀ ਕਵਿੱਤਰੀ ਸੰਦੀਪ ਰਾਣੀ ਦੀ ਪਹਿਲੀ ਪੁਸਤਕ …