Breaking News
Home / ਨਜ਼ਰੀਆ / ਹੀਰੋਸੀਮਾ ਅਤੇ ਨਾਗਾਸਾਕੀ ‘ਚ ਮਨੁੱਖੀ ਤਬਾਹੀ ਦਾ ਵੱਡਾ ਦੁੱਖਾਂਤ

ਹੀਰੋਸੀਮਾ ਅਤੇ ਨਾਗਾਸਾਕੀ ‘ਚ ਮਨੁੱਖੀ ਤਬਾਹੀ ਦਾ ਵੱਡਾ ਦੁੱਖਾਂਤ

ਜਗਦੀਸ਼ ਸਿੰਘ ਚੋਹਕਾ
001-403-285-4208
ਸਾਮਰਾਜੀਆਂ ਨੇ 74-ਵਰੇ ਪਹਿਲਾਂ ਮਨੁੱਖੀ ਇਤਿਹਾਸ ਅੰਦਰ, ਬਿਨਾ ਚਿਤਾਵਨੀ ਅਤੇ ਭੜਕਾਹਟ ਤੋਂ 6-ਅਗਸਤ ਅਤੇ 9-ਅਗਸਤ, 1945 ਨੂੰ ਜਾਪਾਨ ਦੇ ਦੋ ਸ਼ਹਿਰਾਂ, ‘ਹੀਰੋਸ਼ੀਮਾ ਅਤੇ ਨਾਗਾਸਾਕੀ’ ਅੰਦਰ ਘੁੱਗ ਵੱਸਦੇ ਲੋਕ ‘ਤੇ ਪ੍ਰਮਾਣੂ ਬੰਬ (ATOM BOMB) ਸੁੱਟ ਕੇ ਮਨੁੱਖੀ ਤਬਾਹੀ ਲਈ ਸਭ ਤੋਂ ਵੱਧ ਕਰੂਰਤਾ ਦਾ ਪ੍ਰਗਟਾਵਾ ਕਰਕੇ ਇੱਕ ਖੌਫਨਾਕ ਕੁਕਰਮ ਦਾ ਨਵਾਂ-ਇਤਿਹਾਸ ਸਿਰਜਿਆ ਗਿਆ ਸੀ ? ਦੂਸਰੀ ਸੰਸਾਰ ਜੰਗ ਦਾ ਇਹ ਹੌਲਨਾਕ ਅੰਤ, ਸੰਸਾਰ ਅੰਦਰ ਗਰੀਬੀ ਦੇ ਖਾਤਮੇਂ, ਅਨਪੜਤਾ ਦੂਰ ਕਰਨ ਜਾਂ ਲੋਕਾਂ ਦੀ ਖੁਸ਼ਹਾਲੀ ਲਈ ਨਹੀਂ ਸਗੋਂ ਲੋਕਾਂ ਦੀ ਮੁਕਤੀ ਦਿਵਾਉਣ ਲਈ ਨਵੀਂ-ਨਵੀਂ ਹੋਂਦ ਵਿੱਚ ਆਈ ਲੋਕ ਸ਼ਕਤੀ ”ਰੂਸੀ ਸਮਾਜਵਾਦ” ਨੂੰ ਖਤਮ ਕਰਨ ਲਈ ਸੀ ?ਪਰ ਅਮਨ ਵਿੱਚ ! ਦੁਨੀਆਂ ਅੰਦਰ ਵੱਖੋਂ ਵੱਖ ਰੂਪਾਂ ਵਿੱਚ ਪਨਪ ਰਹੀਆਂ ਸਾਮਰਾਜੀ ਸ਼ਕਤੀਆਂ ਵਲੋਂ ਲੁੱਟ ਲਈ ਮੰਡੀਆਂ ਦੀ ਭਾਲ ਅਤੇ ਕੱਚੇ ਮਾਲ ‘ਤੇ ਕਬਜ਼ਾ ਕਰਨ ਲਈ ਇਹ ਜੰਗ ਸੀ। ਅੱਜ ਦੇ ਇਤਿਹਸਕਾਰ ਭਾਵੇਂ ਸਾਮਰਾਜ ਅਤੇ ਪੂੰਜੀਪਤੀਆਂ ਦੀ ਖੁਸ਼ਾਮਦੀ ਲਈ ਇਤਿਹਾਸਕ ਨੂੰ ਭੰਨ ਤੋੜ ਕੇ ਸਾਮਰਾਜੀ ਅਮਰੀਕਾ ਦੀ ਜਿੱਤ ਦਸ ਰਹੇ ਹਨ। ਪਰ! ਵਾਸਤਵਿਕ ‘ਚ ਜਿੱਥੇ ਨਾਜੀਵਾਦ, ਫਾਸੀਵਾਦ ਅਤੇ ਰਾਜਾਸ਼ਾਹੀ ਦਾ ਖਾਤਮਾ ਹੋਇਆ, ਉੱਥੇ ਸਮਾਜਵਾਦੀ ਰੂਸ ਜੋ ਇੱਕ ਮਜ਼ਬੂਤ ਲੋਕ ਪੱਖੀ ਬਲਾਕ ਬਣ ਕੇ ਉਭਰਿਆ, ਦੀਆਂ ਬਰਕਤਾਂ ਕਾਰਨ ਹੀ ਬਸਤੀਵਾਦੀ ਸਾਮਰਾਜੀਆਂ ਵਿਰੁੱਧ ਗੁਲਾਮ ਦੇਸ਼ਾਂ ਅਤੇ ਕੌਮਾਂ ਵਲੋਂ ਆਜ਼ਾਦੀ ਅਤੇ ਮੁਕਤੀ ਲਈ ਸੰਘਰਸ਼ ਵਿੱਢ ਗਏ। ਪਰ ਇਹਨਾਂ ਘਟਨਾਵਾਂ ਤੋਂ ਭੈਅ-ਭੀਤ, ਇਤਿਹਾਸਕਾਰਾਂ ਦੀਆਂ ਕਲਮਾਂ, ਸਮਾਜਵਾਦੀ ਰੂਸ ਦੀ ਕੁਰਬਾਨੀ, ਜਿਸ ਨੇ ਹਿਟਲਰ ਦੀ ਕਬਰ ਤਿਆਰ ਕੀਤੀ ਸੀ, ਦੂਸਰੀ ਸੰਸਾਰ ਜੰਗ ਦੌਰਾਨ ਪਾਸੇ ਪਲਟ ਦਿੱਤੇ ਸਨ, ਲਿਖਣ ਤੋਂ ਰੁਕ ਜਾਂਦੀਆਂ ਹਨ।
ਸਾਮਰਾਜੀ ਸ਼ਕਤੀਆਂ ਅਤੇ ਧੜਿਆਂ ਦਾ ਮਨੁੱਖਤਾ ਵਿਰੋਧੀ ਜੰਗ ਦਾ ਕਹਿਰ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਸੁਲਗ ਰਿਹਾ ਹੈ। ਕਰੋੜਾਂ ਮਨੁੱਖੀ ਜਾਨਾਂ ਨਿਗਲਣ ਦੋਂ ਬਾਅਦ ਵੀ ਇਹ ਰੁਕਿਆ ਨਹੀਂ ਹੈ। ਪੂੰਜੀਵਾਦ ਵੱਲੋਂ ਮੁਨਾਫਿਆਂ ਦੀ ਲੁੱਟ ਲਈ ਜੰਗ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰੱਖਿਆ ਹੋਇਆ ਹੈ। ਦੁਨੀਆਂ ਭਰ ਵਿੱਚ ਅੱਜ ਨਾ ਤਾਂ ਹਿਟਲਰ ਹੈ, ਨਾ ਹੀ ਮੂਸੋਲਿਨੀ ਅਤੇ ਟੋਗੋ, ਸਮਾਜਵਾਦੀ ਰੂਸ ਵੀ ਟੁੱਟ ਗਿਆ, ਪਰ ਦੁਨੀਆ ਅੰਦਰ ਫੌਜੀ ਦਖਲ ਰਾਹੀਂ ਆਪਣੀ ਸਰਦਾਰੀ ਬਣਾ ਕੇ ਰੱਖਣ ਲਈ ਅਮਰੀਕੀ ਸਾਮਰਾਜ ਅਤੇ ਉਸ ਦੀ ਨਾਟੋ ਜੁੰਡਲੀ ਪੂਰੀ ਤਰਾਂ ਸਰਗਰਮ ਹੈ। ਪਰ ਰੋਜ਼ ਇਹ ਜੁੰਡਲੀ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਦਾ ਖੂਨ ਵਹਾਅ ਕੇ ਸਰਦਾਰੀ ਕਾਇਮ ਰੱਖ ਰਹੀ ਹੈ। ਮਿਡਲ ਈਸਟ, ਪੱਛਮੀ ਏਸ਼ੀਆ ਵਿੱਚ ਆਫਗਨਾਸਿਤਾਨ, ਇਰਾਕ ਅਤੇ ਲੀਬੀਆਂ, ਟੂਨੇਸ਼ੀਆਂ ਤੇ ਸੀਰੀਆਂ ਵਿੱਚ ਅਮਰੀਕਾ ਦੀ ਅਗਵਾਈ ਅਤੇ ਦਖਲ ਕਾਰਨ ਵਿਨਾਸ਼ਕਾਰੀ ਨਤੀਜੇ, ਜਿਨਾਂ ਕਾਰਨ ਇੱਕ ਵੱਡੀ ਗਿਣਤੀ ਵਿੱਚ ਜਾਨੀ ਅਤੇ ਮਾਲੀ ਬਰਬਾਦੀ ਹੋਈ ਹੈ। ਇਸ ਵਜਾ ਕਰਕੇ ਹੀ ਇਸਲਾਮਿਕ ਕੱਟੜਵਾਦ ਪੈਦਾ ਹੋਣ ਕਾਰਨ ਇਸਲਾਮਿਕ ਅੱਤਵਾਦ ‘ਚ ਅਥਾਹ ਉਭਾਰ ਆਇਆ ਹੈ, ਅਮਰੀਕਾ ਅਤੇ ਨਾਟੋ ਫੌਜਾਂ ਅੱਜ ਵੀ ਲਾਤੀਨੀ-ਅਮਰੀਕਾ, ਮੱਧ ਪੂਰਬ ਤੇ ਪੂ. ਯੂਰਪੀ ਦੇਸ਼ਾਂ ਅੰਦਰ ਵਿਸਥਾਰਵਾਦ ਦੇ ਰਾਹ ‘ਚ ਲੱਦਿਆ ਹੋਇਆ। ਉੱਥੋਂ ਦੀਆਂ ਚੁਣੀਆਂ ਸਰਕਾਰਾਂ ਲਈ ਤਨਾਅ ਪੈਦਾ ਕਰਕੇ ਅਮਨ ਲਈ ਖਤਰਾ ਪੈਦਾ ਕਰ ਰਹੀਆਂ ਹਨ। ਅਮਰੀਕਾ ਦਾ ਏਸ਼ੀਆ ਉੱਤੇ ਧਿਆਨ ਕੇਂਦਰਿਤ ਕਰਨਾ ਅਤੇ ਇਸ ‘ਤੇ ਚੱਲਦਿਆਂ ਹੋਇਆ ਉਸਦੇ ਯੁੱਧਨੀਤਕ ਅਤੇ ਫੌਜੀ ਪੈਂਤੜੇ, ਜਿਸਦਾ ਮਕਸਦ ਚੀਨ ਦੀ ਵੱਧਦੀ ਸ਼ਕਤੀ ਅਤੇ ਪ੍ਰਭਾਵ ਉੱਤੇ ਰੋਕ ਲਾਉਣਾ ਹੈ। ਏਸ਼ੀਆ ਅੰਦਰ ਤਨਾਅ ਪੈਦਾ ਕਰਦਾ ਹੈ। ਇਸ ਤਰਾਂ ਅਮਰੀਕਾ ਅੱਜ ਵੀ ਇਰਾਨ ਲਤੀਨੀ ਅਮਰੀਕਾ, ਮੱਧ ਪੂਰਬ ਤੇ ਏਸ਼ੀਆ ਅੰਦਰ ਅਸਥਿਰਤਾ ਪੈਦਾ ਕਰਕੇ ਜੰਗ ਵਰਗੇ ਹਾਲਾਤ ਪੈਦਾ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ?
ਦੂਸਰੇ ਸੰਸਾਰ ਯੁੱਧ ਦੀ ਸ਼ੁਰੂਆਤ ਦਾ ਮੁੱਖ ਕਾਰਨ 1930 ਦਾ ਮੰਦਾ ਸੀ। ਸਾਮਰਾਜੀ ਦੇਸ਼ਾਂ ਵਲੋਂ ਨਵੀਆਂ ਮੰਡੀਆਂ ਦੀ ਭਾਲ ਅਤੇ ਆਪਸੀ ਖਹਿਬਾਜ਼ੀ ਨੇ ਉਕਸਾਹਟ ਨੂੰ ਜਨਮ ਦਿੱਤਾ। ਪਹਿਲੀ ਸੰਸਾਰ ਜੰਗ ਦੀ ਹਾਰ ਤੋਂ ਬਾਅਦ ਹਿਟਲਰ ਨਮੋਸ਼ੀ ਦਾ ਬਦਲਾ ਲੈਣਾ ਚਾਹੁੰਦਾ ਸੀ। ਦੋ-ਧਰੁਵੀਂ ਹੋਂਦ ਲੈ ਕੇ ਸਾਹਮਣੇ ਆਇਆ ਸਮਾਜਵਾਦੀ ਰੂਸ, ਸਾਮਰਾਜੀਆਂ ਨੂੰ ਬਹੁਤ, ਚੁੱਭ ਰਿਹਾ ਸੀ। ਉਹ ਇਸ ਨਿਜ਼ਾਮ ਨੂੰ ਖਤਮ ਕਰਨਾ ਚਾਹੁੰਦੇ ਸਨ। ਅਜਿਹੇ ਹਾਲਾਤ ਅੰਦਰ ਹਿਟਲਰ ਨੇ ਸਤੰਬਰ-1939 ਨੂੰ ਪੋਲੈਂਡ ‘ਤੇ ਹਮਲਾ ਕਰ ਦਿੱਤਾ। ਬਰਤਾਨੀਆ ਅਤੇ ਫਰਾਂਸ ਨੇ ਜਰਮਨ ‘ਤੇ ਹਮਲਾ ਕਰ ਦਿੱਤਾ ਅਤੇ ਜੰਗ ਦੀ ਸ਼ੁਰੂਆਤ ਹੋ ਗਈ। ਮੂਲ ਰੂਪ ਵਿੱਚ ਜਾਪਾਨ ਦਾ ਪ੍ਰਸਾਰਵਾਦ ਜਰਮਨ ਦਾ ਸਾਰੇ ਯੂਰਪ ‘ਤੇ ਦਾਬਾ ਕਾਇਮ ਕਰਨ ਦੀ ਖਾਹਿਸ਼, ਇਟਲੀ ਤੇ ਗਰੀਕ ਦਾ ਅਫਰੀਕਾ ‘ਤੇ ਕਬਜ਼ੇ ਜਮਾਈ ਰੱਖਣੇ, ਇਸੇ ਤਰਾਂ, ਬਰਤਾਨੀਆਂ ਅਤੇ ਫਰਾਂਸ ਵੱਲੋਂ ਕਾਬਜ਼ ਕਲੋਨੀਆਂ ਦੀ ਲੁੱਟ ਜਾਰੀ ਰੱਖਣ ਦੀ ਲਾਲਸਾ ਨੇ ਧੁੱਖ ਦੀ ਜੰਗ ‘ਤੇ ਤੇਲ ਪਾ ਕੇ ਭੜਾਬੇ ਸ਼ੁਰੂ ਕਰ ਦਿੱਤੇ। ਸਭ ਤੋਂ ਵੱਡਾ ਸਾਮਰਾਜੀ ਅਮਰੀਕਾ ਇਸ ਜੰਗ ਦੀ ਤਬਾਹੀ ਬਾਅਦ ਆਪਣੀ ਸਰਦਾਰੀ ਕਾਇਮ ਕਰਨ ਲਈ ਬਾਜ਼ ਦੀ ਅੱਖ ਵਾਂਗ ਨੀਂਝ ਲਾ ਕੇ ਬੈਠਾ ਸੀ। ਇਹ ਜੰਗ 1-ਸਤੰਬਰ 1939 ਤੋਂ ਸ਼ੁਰੂ ਹੋ ਕੇ 2-ਸਤੰਬਰ 1945 ਤੱਕ ਜਾਰੀ ਰਹੀ। ਇਸ ਜੰਗ ਵਿੱਚ (AXIS) ਮੁੱਖ ਧੁਰਾ ਅਡੌਲਫ ਹਿਟਲਰ (ਜਰਮਨ) ਨਾਜੀਵਾਦ, ਬੇਨੀਟੋ ਮੂਬੋਲਿਨੀ (ਇਟਲੀ) ਫਾਸਿਸਟ ਅਤੇ ਹੀਦੇਕੀ ਟੋਜੋ (ਜਪਾਨ) ਰਾਜਸ਼ਾਹੀ ਸੀ ਅਤੇ ਇਸ ਦੇ ਵਿਰੁੱਧ ਸਾਮਰਾਜੀ ਲਾਣਾ-ਬਰਤਾਨੀਆਂ, ਫਰਾਂਸ, ਅਮਰੀਕਾ ਅਤੇ ਇਨਾਂ ਦੇ ਮਿੱਤਰ ਦੇਸ਼, ਜਿਨਾਂ ਨੂੰ ਇਤਹਾਦੀ (ALLIES) ਕਿਹਾ ਜਾਂਦਾ ਸੀ, ਸਨ। ਸਮਾਜਵਾਦੀ ਰੂਸ ਨੂੰ ਮਜ਼ਬੂਰੀ ਬਸ ਇਸ ਜੰਗ ਵਿੱਚ ਸ਼ਾਮਲ ਹੋਣਾ ਪਿਆ, ਕਿਉਂਕਿ ਜਰਮਨ ਅਤੇ ਰੂਸ ਵਿਚਕਾਰ ਜੰਗ ਨਾ ਕਰਨ ਦਾ ਸਮਝੌਤਾ (ਅਗਸਤ-1939) ਖੁਦ ਹੀ ਜਰਮਨ ਨੇ ਤੋੜ ਦਿੱਤਾ ਸੀ?
ਦੂਸਰੇ ਸੰਸਾਰ ਜੰਗ ਦਾ ਪਾਸਾ ਉਸ ਵੇਲੇ ਪਲਟ ਗਿਆ ਜਦ ਲਾਲ ਫੌਜ (RED-ARMY) ਨੇ ਸਟਾਲਿਨ-ਗ੍ਰਾਂਡ ਦੀ ਫੈਸਲਾਕੁੰਨ ਲੜਾਈ ਅੰਦਰ ਜਰਮਨ ਫੌਜਾਂ ਨੂੰ ਪਿੱਛੇ ਮੁੜਨ ਲਈ ਅਜਿਹਾ ਮਜ਼ਬੂਰ ਕੀਤਾ, ‘ਕਿ ਜਰਮਨ ਫੌਜਾਂ ਨੇ ਹਾਰ ਮੰਨ ਲਈ ਅਤੇ ਲਾਲ ਫੌਜ ਨੇ ਰੀਚਸਟਾਂਗ ‘ਤੇ ਲਾਲ ਝੰਡਾ ਲਹਿਰਾਅ ਦਿੱਤਾ। ਇਸ ਤਰਾਂ ਯੂਰਪ ਅੰਦਰ 8-ਮਈ 1945 ਨੂੰ ਜਰਮਨ ਹਥਿਆਰ ਸੁੱਟ ਗਿਆ ਅਤੇ ਇੱਕ ਹਫਤੇ ਬਾਅਦ ਹੀ ਹਿਟਲਰ ਨੇ ਆਤਮ ਹੱਤਿਆ ਕਰ ਲਈ। ਹਾਲਤ ਤੇਜ਼ੀ ਨਾਲ ਜੰਗ ਦੇ ਖਾਤਮੇ ਵੱਲ ਵੱਧ ਰਹੇ ਸਨ। ਪਰ ਸਾਮਰਾਜੀ ਅਮਰੀਕਾ ਆਪਣੀ ਤਾਕਤ ਦੇ ਪ੍ਰਦਰਸ਼ਨ ਲਈ ਬਜ਼ਿਦ ਸੀ। 24 ਜੁਲਾਈ 1945 ਨੂੰ ਹਾਰੇ ਹੋਏ ਜਰਮਨੀ ਦੇ ਸ਼ਹਿਰ ਪੋਟਸਡੈਮ ਵਿੱਚ ਟਰੂਮੈਨ ਨੇ ਸਟਾਲਿਨ ਨੂੰ ਦੱਸਿਆ, ਕਿ ਸਾਡੇ ਪਾਸ ਤਬਾਹੀ ਦਾ ਇੱਕ ਗੈਰ-ਮਮੂਲੀ ਹਥਿਆਰ ਵੀ ਹੈ। ਅਗਲੇ ਦਿਨ ਉਸ ਨੇ ਇਸ ਦੀ ਵਰਤੋਂ ਦੇ ਫੁਰਮਾਨ ‘ਤੇ ਦਸਤਖਤ ਕਰਕੇ ‘ਜਨਰਲ ਸਪਾਜ਼’ ਨੂੰ ਪ੍ਰਮਾਣੂ ਬੰਬ ਜਾਪਾਨ ‘ਤੇ ਸੁੱਟਣ ਦੇ ਆਦੇਸ਼ ਦੇ ਦਿੱਤੇ। 26-ਜੁਲਾਈ 1945 ਨੂੰ ਜਾਪਾਨ ਨੂੰ ਬਿਨਾ ਸ਼ਰਤ ਹਥਿਆਰ ਸੁੱਟਣ ਦਾ ਅਲਟੀਮੇਂਟ ਦੇ ਕੇ ਤਰੁੰਤ ਹਥਿਆਰ ਸੁੱਟਣ ਜਾਂ ਸਿੱਟੇ ਭੁਗਤਣ ਲਈ ਵੀ ਕਹਿ ਦਿੱਤਾ ਗਿਆ।
ਅਮਰੀਕਨ ਨੇਵੀ ਦੇ ਅੰਡਰ ਸੈਕਟਰੀ ਰੈਲਫ ਏ.ਬਾਰਡ ਨੇ 27-ਜੁਲਾਈ, 1945 ਨੂੰ ਫਿਰ ਆਖਿਆ, ਕਿ ਬਿਨਾਂ ਵਾਰਨਿੰਗ ਦਿੱਤੇ ਬੰਬ ਨੂੰ ਵਰਤਣਾ ਅਮਰੀਕਾ ਜਿਹੀ ਮਾਨਵਵਾਦੀ ਕੌਮ ਲਈ ਉਚਿਤ ਨਹੀਂ, ਖਾਸ ਕਰਕੇ ਉਸ ਸਮੇਂ ਜਦੋਂ ਕਿ ਜਾਪਾਨ ਵੀ ਹਥਿਆਰ ਸੁੱਟਣ ਲਈ ਸੋਚ ਰਿਹਾ ਹੈ। ਅਗਲੇ ਦਿਨ ਜ਼ਿਲਾਰਡ ਨੇ ਟਰੂਮੈਨ ਨੂੰ ਮੁੜ ਪੱਤਰ ਸਿੱਖਿਆ, ਕਿ ਐਟਮ ਬੰਬ ਸ਼ਹਿਰਾਂ ਅਤੇ ਮਨੁੱਖਤਾ ਦੀ ਬੇਰਹਿਮ ਬਰਬਾਦੀ ਦਾ ਹਥਿਆਰ ਹੈ। ਤੁਸੀਂ ਆਦੇਸ਼ ਦਿਉ ਕਿ ਅਮਰੀਕਾ ਇਸ ਨੂੰ ਇਸ ਜੰਗ ਵਿੱਚ ਬਿਲਕੁਲ ਨਾ ਵਰਤੇ। ਇਸ ਪੱਤਰ ਦੀ ਕਾਪੀ ਉਸਨੇ ੳਕ-ਰਿਜ, ਲਾਸ-ਅਲਮਾਸ ਅਤੇ ਮੈਨ ਹਟਨ ਪ੍ਰੋਜੈਕਟ ਦੇ ਸਭ ਸਾਥੀਆਂ ਨੂੰ ਅਗਲੇ ਦਿਨ ਭੇਜੀ। ਸਭ ਨੂੰ ਬੰਬ ਦੀ ਵਰਤੋਂ ਦੇ ਸਿਲਸਿਲੇ ਵਿੱਚ ਨੈਤਿਕ ਸਟੈਂਡ ਲੈਣ ਲਈ ਵੰਗਾਰਿਆ। ਇਹ ਹੈ, ਇਸ ਬਰਬਾਦੀ ਦੀ ਕਹਾਣੀ ਦਾ ਅਧਿਆਏ ? ਉਕ-ਰਿਜ ਦੇ 18 ਹੋਰ ਵਿਗਿਆਨੀਆਂ ਨੇ ਟਰੂਮੈਨ ਨੂੰ ਬੰਬੇ ਦੀ ਵਰਤੋਂ ਤੋਂ ਵਰਜ਼ਣ ਲਈ, 13 ਜੁਲਾਈ ਨੂੰ ਵੀ ਇੱਕ ਪੱਤਰ ਲਿਖਿਆ ਸੀ। 67 ਵਿਗਿਆਨੀਆਂ ਨੇ ਉਕ-ਰਿਜ ਤੋਂ ਮੁੜ ਟਰੂਮੈਨ ਨੂੰ ਬੰਬ ਦੀ ਵਰਤੋਂ ਕਰਨ ਤੋਂ ਪਹਿਲਾਂ ਇਸਦੀ ਤਾਕਤ ਦਾ ਪ੍ਰਗਟਾਵਾ ਉਚਿਤ ਤਰੀਕੇ ਨਾਲ ਕਰਨ ਲਈ ਕਿਹਾ, ਕਿ ਅੱਖਾਂ ਮੀਟ ਕੇ ਬੰਬ ਦਾ ਟੈਸਟ ਨਾ ਕੀਤਾ ਜਾਵੇ। ਅਖੀਰ ਮੈਨ ਹਟਨ ਪ੍ਰੋਜੈਕਟ ਦੇ 69 ਵਿਗਿਆਨੀਆਂ ਨੇ ਐਟਮ ਬੰਬ ਦੀ ਵਰਤੋਂ ਕਰਨ ਤੋਂ ਗਰੇਜ਼ ਕਰਨ ਲਈ ਕਿਹਾ! ਪਰ ਸਾਮਰਾਜੀ ”ਮਨੁੱਖ-ਖਾਣੇ” ਬਾਜ਼ ਨਾ ਆਏ।
6 ਅਗਸਤ-1945 ਸਮਾਂ 8 ਵਜੇ ਕੇ 14 ਮਿੰਟ ਸਵੇਰ ਦਾ, ਹਵਾਈ ਹਮਲੇ ਦਾ ਅਲਾਰਮ ਵੱਜਦਾ ਹੈ, ਸ਼ਹਿਰ ਹੈ ਹੀਰੋਸ਼ੀਮਾ। ਥੋੜੇ ਜਹਾਜ਼ ਹੋਣ ਕਰਕੇ ਅਲਟਰ ਦੀ ਸਥਿਤੀ ਖਤਮ ਕਰ ਦਿੱਤੀ ਗਈ। ਸ਼ਹਿਰ, ਯਕਦਮ ਇੱਕ ਖੁੰਬ ਵਾਂਗ ਉੱਠੇ ਬੱਦਲਾਂ ਨਾਲ ਸੜਨ ਲੱਗ ਪਿਆ ? ਅਮਰੀਕਾ ਦੇ ਬੀ-29 ਜਹਾਜ਼ ਨੇ ”ਛੋਟਾ ਬੱਚਾ” (LITTL BOY) ਨਾਂ ਦਾ 15 ਕੇ.ਟੀ. (15.000 ਟਨ ਟੀ.ਐਨ.ਟੀ.) ਸਮਰੱਥਾ ਵਾਲਾ ਪ੍ਰਮਾਣੂ ਬੰਬ ਗੈਰ-ਫੌਜੀ ਇਲਾਕੇ ‘ਤੇ ਸੁੱਟ ਕੇ ਦੁਨੀਆਂ ਅੰਦਰ ਨਵੇਂ ਢੰਗ ਨਾਲ ਤਬਾਹੀ ਕਰਕੇ ਇੱਕ ਬਹੁਤ ਹੀ ਬੇਸ਼ਰਮੀ ਵਾਲਾ ਇਤਿਹਾਸ ਸਿਰਜਿਆ ! 4.7 ਵਰਗ ਮੀਲ ਦੇ ਘੇਰੇ ਅੰਦਰ ਪੂਰੀ ਤਬਾਹੀ, 90,000 ਤੋਂ 1,66,000 ਲੋਕਾਂ ਦੀ ਮੌਕੇ ‘ਤੇ ਮੌਤ! ਅਜੇ ਸਿਵੇ ਠੰਡੇ ਵੀ ਨਹੀਂ ਹੋਏ ਸਨ, ਕਿ 9 ਅਗਸਤ 1945 ਨੂੰ 11 ਵੱਜ ਕੇ 2 ਮਿੰਟ (ਸਵੇਰੇ) ਦੋ ਬੀ-29 ਜਹਾਜ਼ਾਂ ਨੇ ਉਹੀ ਭਾਣਾ ਨਾਗਾਸਾਕੀ ‘ਤੇ ਵਰਤਾਅ ਦਿੱਤਾ ! ਅੱਖਾਂ ਅੰਨੀਆਂ ਕਰਨ ਵਾਲੀ ਲਿਸ਼ਕਾਰ, 7-ਮਿੰਟ ਵਿੱਚ 12 ਕਿਲੋਮੀਟਰ ਉੱਚਾ ਰੇਡੀਆਈ ਬੱਦਲ ਉੱਚਾ ਉਠਿਆ ! ਹਰ ਪਾਸੇ ਤਬਾਹੀ ਹੀ ਤਬਾਹੀ ! ਇਨਾਂ ਦੋਨੋਂ ਥਾਵਾਂ ‘ਤੇ ਬੰਬ ਸੁੱਟਣ ਵਾਲੀ ਟੀਮ ‘ਚ ਸ਼ਾਮਲ ਸੀ, ਚਾਰਲਸ ਡਬਲਿਊ.ਸਵੀਨੀ ਜੋ ਪਾਗਲ ਹਾਲਤ ਵਿੱਚ 19-ਜੁਲਾਈ, 2004 ਨੂੰ ਮਰਿਆ। ਨਾਗਾਸਾਕੀ ‘ਤੇ ਸੁੱਟੇ ਐਟਮ ਬੰਬ ਜਿਸ ਦਾ ਨਾਂ ਸੀ ”ਮੋਟਾ ਆਦਮੀ (FAT MAN) ਅਤੇ ਇਸ ਦੀ ਸਮਰੱਥਾ ਸੀ 21.ਕੇ.ਟੀ. (21,000 ਟਨ ਟੀ.ਐਨ.ਟੀ.) ਜਿਸਨੇ 1.8 ਵਰਗ ਮੀਲ ਘੇਰੇ ਅੰਦਰ 60,000 ਤੋਂ 80,000 ਮਨੁੱਖੀ ਜਾਨਾਂ ਦੀ ਖੌਅ ਕੀਤੀ ! ਮੌਤਾਂ ਦੀ ਘੱਟ ਗਿਣਤੀ ਦਾ ਕਾਰਨ, ਕਿ ਬਹੁਤ ਸਾਰੇ ਲੋਕ ਪਹਿਲਾਂ ਹੀ ਸ਼ਹਿਰੋ ਬਾਹਰ ਜਾ ਚੁੱਕੇ ਸਨ !
ਦੂਸਰੀ ਸੰਸਾਰ ਜੰਗ ਪਿਛਲੇ ਲੜੇ ਗਏ ਜੰਗਾਂ ਵਿਚੋਂ 20ਵੀਂ ਸਦੀ ਦੀ ਸਭ ਤੋਂ ਵੱਧ ਬੇਕਿਰਕ ਅਤੇ ਤਬਾਹੀ ਕੁੰਨ ਸੀ ! ਇਸ ਜੰਗ ਵਿੱਚ ਸੋਵੀਅਤ ਯੂਨੀਅਨ (ਸਾਬਕਾ ਯੂ.ਐਸ.ਐਸ.ਆਰ.) ਦਾ ਸਭ ਤੋਂ ਵੱਧ ਜਾਨੀ ਨੁਕਸਾਨ ਹੋਇਆ। ਇਕ ਅਨੁਮਾਨ ਅਨੁਸਾਰ ਰੂਸ ਦੇ 2.5 ਕਰੋੜ, ਚੀਨ-1.5 ਕਰੋੜ, ਜਰਮਨ 80 ਲੱਖ, ਪੋਲੈਡ 57.20 ਲੱਖ, ਇਟਲੀ 4.54 ਲੱਖ, ਯੂਨਾਨ 5.63 ਲੱਖ, ਕੈਨੇਡਾ 45 ਹਜ਼ਾਰ, ਗੁਲਾਮ ਭਾਰਤ 20.87 ਲੱਖ, ਡੱਚ-25 ਲੱਖ, ਜਾਪਾਨ 28.70 ਲੱਖ, ਇਟਲੀ 4.54 ਲੱਖ, ਫਰੈਂਚ ਇੰਡੋਚੀਨ-16 ਲੱਖ, ਫਰਾਂਸ 5.50 ਲੱਖ, ਅਸਟ੍ਰੇਲੀਆ 40 ਹਜ਼ਾਰ, ਬਰਤਾਨੀਆਂ 4.50 ਲੱਖ, ਅਮਰੀਕਾ 4.18 ਲੱਖ, ਕੁੱਲ ਮੌਤਾਂ 7,24,68,000, ਜਿਨਾਂ ਵਿੱਚੋ 2,36,37,900-ਫੌਜੀ ਅਤੇ 33,38,33,000 ਆਮ ਜਨਤਾ ਤੇ 59,07,900-ਯਹੂਦੀ ਮਾਰੇ ਗਏ ! ਤਬਾਹੀ, ਕੁਦਰਤੀ ਆਫਤਾਂ, ਕਾਲ ਅਤੇ ਬਿਮਾਰੀਆਂ ਕਾਰਨ 1.95 ਕਰੋੜ ਤੋਂ 2.50 ਕਰੋੜ ਮੌਤਾਂ ਹੋਈਆਂ ਉਸ ਵੇਲੇ ਦੁਨੀਆਂ ਦੀ ਅਬਾਦੀ 2.30 ਅਰਬ ਸੀ। 61 ਦੇਸ਼ ਸਿੱਧੇ ਸ਼ਾਮਲ ਸਨ ! 50-ਫੀਸਦ ਸਿਵਲੀਅਨ ਮੌਤਾਂ ‘ਚ ਇਸਤਰੀਆਂ ਅਤੇ ਬੱਚੇ ਸਨ। ਦੁਨੀਆਂ ਦੀ 1.7 ਅਰਬ ਆਬਾਦੀ ਪ੍ਰਭਾਵਤ ਹੋਈ। ਰੂਸ ਅੰਦਰ 1923 ਬਾਦ ਜੰਮੇ ਰੂਸੀਆਂ ਵਿੱਚੋਂ 1945 ਬਾਦ 20 ਫੀਸਦ ਹੀ ਬੱਚੇ ਜਦ ਕਿ 80 ਫੀਸਦ ਇਸ ਜੰਗ ਦੀ ਭੇਟ ਹੋਗੇ। ਕਿੰਨੀ ਭਿਆਨਕ ਅਤੇ ਤਬਾਹੀ ਕੁੰਨ ਸੀ ਇਹ ਜੰਗ ?
ਭਾਵੇਂ ਵਿਗਿਆਨੀ ਆਈਨਸਟਾਈਨ ਅਤੇ ਜ਼ਿਲਾਰਡ, ਜਿਨਾਂ ਆਪ ਰੂਜ਼ਵੈਲਟ ਨੂੰ ਬੰਬ ਬਣਾਉਣ ਲਈ ਪੱਤਰ ਲਿਖਿਆ ਸੀ, ਪਰ ਬਾਅਦ ਵਿੱਚ ਇਸ ਦੀ ਤਬਾਹੀ ਨੂੰ ਸਮਝਦੇ ਹੋਏ ਇੱਕ ਨਵਾਂ ਪੱਤਰ ਲਿਖ ਕੇ ਇਸ ਦੀ ਤਿਆਰੀ ਅਤੇ ਵਰਤੋਂ ਦੇ ਰਾਹ ਦੀ ਸ਼ਖਤ ਵਿਰੋਧਤਾ ਕੀਤੀ ਸੀ ? ਇੱਕ ਪਾਸੇ ਜਨਰਲ ਗਰਵਜ਼ ਟਰੂਮੈਨ, ਐਟਲੀ ਅਤੇ ਉਨਾਂ ਦਾ ਗੁਮਾਸ਼ਤਾ ਚਿਆਗ ਕਾਈ ਸ਼ੈਕ ਸੀ, ‘ਜੋ ਅਮਰੀਕੀ ਤਾਕਤ ਅਤੇ ਦਾਵੇ ਨੂੰ ਦਿਖਾਉਣ ਲਈ ਪੂਰੇ ਪਾਗਲ ਬਣੇ ਹੋਏ ਸਨ ! ਦੂਸਰੇ ਪਾਸੇ ”ਓਪਨੀਮਰ” ਦੀ ਟਰੂਮੈਨ ਕਮੇਟੀ ਨੇ 10 ਅਤੇ 11 ਮਈ ਦੀ ਮੀਟਿੰਗ ਵਿੱਚ ਐਟਮ ਬੰਬ ਦੀ ਬਿਹਤਰੀਨ ਵਰਤੋਂ ਦੀ ਸ਼ਿਫਾਰਿਸ਼ ਕੀਤੀ ਸੀ। ਜਦੋਂ ਕਿ ਦੂਸਰੇ ਪਾਸੇ 11 ਜੂਨ ਨੂੰ ਫਰੈਂਕ ਬਿਹਤਰੀਨ ਦੀ ਰਿਪੋਰਟ, ਜਿਸ ਵਿੱਚ ਦੁਨੀਆਂ ਭਰਦੇ ਚੋਣਵੇਂ ਵਿਗਿਆਨੀਆਂ ਨੇ ਇਹ ਕਿਹਾ, ‘ਕਿ ਕਿਸੇ ਮਾਰੂਥਲ ਜਾਂ ਉਜਾੜ ਟਾਪੂ ‘ਚ ਇਸ ਦਾ ਟੈਸਟ ਕਰਕੇ ਪਹਿਲਾ ਵਿਖਾਉ !ਪਰ ”ਫਰੈਕ” ਰਿਪੋਰਟ ਨੂੰ ਕਿਸੇ ਨਹੀਂ ਸੁਣਿਆ! 1945 ਤੱਕ ਜਰਮਨ ਪਾਸ ਕੋਈ ਐਟਮ ਬੰਬ ਨਹੀਂ ਸੀ, ਫਿਰ ਡਰ ਕਿਸਦਾ ਸੀ?ਸਾਮਰਾਜੀ ਅਮਰੀਕਾ ਅਤੇ ਉਸਦੇ ਜੰਡੀ ਯਾਰ ਇੰਗਲੈਂਡ ਨੇ, 10 ਵਿਗਿਆਨੀ ਜਿਨਾਂ ਵਿੱਚੋਂ ਨੋਬਲ ਇਨਾਮ ਜੇਤੂ, ਹਾਈਜਨ ਬਰਗ, ਸੀਔਟੋ ਹਾਨ, ਸੀ.ਮੈਕਸ (ਹਾਈਜਨ ਬਰਗ ਦਾ ਸਾਥੀ) ਨੂੰ ਕੈਦ ਕਰ ਰੱਖਿਆ। ਉਨਾਂ ਪਾਸੋਂ ਆਈਨ ਸਟਾਈਨ ਦੇ ਸਿਧਾਂਤ ਈ.ਇਕਲ ਟੂ.ਐਮ. ਸੀ.ਸੁਕੇਅਰ (ਥ]ਝਙ2) ਨੂੰ ਅਮਲੀ ਰੂਪ ਦੇਣ ਲਈ ਪਹਿਲਾ ਇੰਗਲੈਂਡ ਦੇ ਫਾਰਮ ਹਾਲ ‘ਚ 1945 ਨੂੰ ਕੈਦ ਰੱਖਿਆ। 24 ਅਪ੍ਰੈਲ ਤੋਂ 3 ਮਈ 1945 ਵਰਸੇਲਜ਼, ਫਿਰ ਲੀ-ਵੇਜੀਨੇ (ਫਰਾਂਸ), ਹਾਈ (ਬੈਲਜੀਅਮ) ਵਿੱਚ ਕੈਦ ਰੱਖ ਕੇ ਐਂਟਮ ਬੰਬ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਾਇਆ। ਫਾਰਮ ਹਾਲ ਵਿੱਚ ਔਟੇ ਹਾਨ, ਹਾਈਜਨ ਬਰਗ, ਮੈਕਸ ਲਾਉ, ਡਬਲਿਯੂ ਗਰਲੈਕ, ਪੀ.ਹਾਰਟੈਕ, ਕੇ.ਡੀਥਨਰ, ਈ.ਬੈਗੇ, ਐਚ ਕੋਰ ਸ਼ਿੰਗ, ਕਾਰਲ ਵਾਈਜੈਕਰ, ਕੇ.ਵਰਟਜ਼ ਦੀ ਟੀਮ ਸੀ, ਜਿਨਾਂ ਨੇ ਮਨੁੱਖਤਾ ਦੇ ਸਭ ਤੋਂ ਵੱਡੇ ਕਾਤਲ ਐਟਮ ਬੰਬ ਨੂੰ ਤਿਆਰ ਕੀਤਾ ਸੀ ਅਤੇ ਇਨਾਂ ਦੀ ਰਿਹਾਈ 3-ਜਨਵਰੀ 1946 ਨੂੰ ਹੋਈ।
ਅਸਲ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦਾ ਇਹ ਦੁਖਾਂਤ ਸਾਮਰਾਜੀ ਅਮਰੀਕਾ ਅਤੇ ਉਸਦੇ ਭਾਈਵਾਲ ਇੰਗਲੈਂਡ, ਫਰਾਂਸ ਆਦਿ ਦੇਸ਼ਾਂ ਦੇ ਹਾਕਮਾਂ ਦੀ ਕਰੂਰਤਾਂ ਦੀ ਇੱਕ ਬਹੁਤ ਹੀ ਦਰਦਨਾਕ ਕਹਾਣੀ ਹੈ। ਐਟਮ ਬੰਬ ਦੀ ਤਿਆਰੀ ਲਈ ਮੈਨਹਟਨ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ ਨੂੰ ਸੈਨਿਕ ਅਫਸਰਾਂ ਅਤੇ ਸਿਆਸਤਦਾਨਾਂ ਨੇ ਇਹੀ ਡਰ ਪਾਈ ਰੱਖਿਆ ਕਿ, ”ਇਹ ਬੰਬ ਦੁਨੀਆਂ ਅੰਦਰ ਅਮਨ ਅਤੇ ਸ਼ਾਤੀ ਦੀ ਰੱਖਿਆ ਲਈ ਜਰੂਰੀ ਹੈ। ਜਦ ਕਿ ਅਮਰੀਕਾ ਵਲੋਂ ਨਵੰਬਰ 1944 ਨੂੰ ”ਸਟਰਾਸ ਬਰਮੇਂ” ਤੋਂ ਗੁਪਤ ਦਸਤਾਵੇਜ਼ ਫੜੇ ਗਏ ਸਨ, ਤੋਂ ਪਤਾ ਚੱਲ ਗਿਆ ਸੀ, ਕਿ ਜਰਮਨ ਪਾਸ ਨਾ ਯੂਰੇਨੀਅਮ-235 ਦੇ ਨਿਖੇੜ ਲਈ ਫੈਕਟਰੀ ਅਤੇ ਨਾ ਰੀ-ਐਕਟਰ ਸੀ। ਇਸੇ ਤਰਾਂ ਜਾਪਾਨ ਪਾਸ ਵੀ ਅਜਿਹੀ ਕੋਈ ਸੰਭਾਵਨਾ ਸੀ। ਅਸਲ ਸਾਮਰਾਜ ਸ਼ੁਰੂ ਤੋਂ ਸੰਸਾਰ ਸਰਦਾਰੀ ਲਈ ਯਤਨਸ਼ੀਲ ਸੀ। ਖਤਰਾ ਸਮਾਜਵਾਦੀ ਰੂਸ ਤੋਂ ਸੀ, ਜੋ ਇੱਕ ਤੇਜ਼ੀ ਨਾਲ ਲੋਕ ਸ਼ਕਤੀ ਵੱਲ ਵੱਧ ਰਿਹਾ ਸੀ?
ਦੂਸਰੇ ਸੰਸਾਰ ਯੁੱਧ ਬਾਦ ਪਹਿਲਾ ਸਬਕ ਜੋ ਅਸੀਂ ਸਿੱਖਿਆ ਹੈ, ਕਿ ਵਿਗਿਆਨੀ ਦੀ ਵਰਤੋਂ ਮਨੁੱਖੀ ਹਿੱਤਾਂ ਨਾਲੋਂ ਮਨੁੱਖਤਾ ਦੀ ਤਬਾਹੀ ਅਤੇ ਸਰਵਨਾਸ ਵਾਸਤੇ ਵਧੇਰੇ ਹੋ ਰਹੀ ਹੈ। ਪਰ ਦੁਨੀਆਂ ਨੂੰ ਤਬਾਹ ਕਰਕੇ ਕੀ ਕੋਈ ਤਾਨਾਸ਼ਾਹ ਖੁਦ ਜਿਉਂਦਾ ਰਹਿ ਸੱਕੇਗਾ। ਉਹ ਕਿਹੜੇ ਲੋਕਾਂ ਤੇ ਫਿਰ ਸਰਦਾਰੀ ਕਰੇਗਾ? ਸਮਾਜਵਾਦੀ ਰੂਸ ਦੇ ਟੁੱਟਣ ਦੇ ਬਾਅਦ ਇੱਕ ਧਰੁਵੀਂ ਦੁਨੀਆਂ ਨੇ ਹੁਣ ਪਿਛਲੇ 28-ਸਾਲਾਂ ਅੰਦਰ ਸਾਮਰਾਜੀਆਂ ਹੱਥੋਂ ਲੋਕਾਂ ਦੀ ਹੋ ਰਹੀ ਬਰਬਾਦੀ ਦੇਖ ਲਈ ਹੈ। ਅੱਜ ਲੋੜ ਹੈ। ਸੰਸਾਰ ਅਮਨ, ਸੀ.ਟੀ.ਵੀ.ਟੀ. ਅਤੇ ਐਨ.ਪੀ.ਟੀ. ਨੂੰ ਸਖ਼ਤੀ ਨਾਲ ਲਾਗੂ ਕਰਕੇ ਸਾਰੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਇੱਕ ਲਹਿਰ ਚਲਾਉਣ ਦੀ। ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ਕਰਕੇ ਮੁਨਾਫੇ ਕਮਾਉਣ ਦੀ ਦੌੜ ਨੇ, ਅੱਜ ਮਨੁੱਖੀ ਸੱਭਿਅਤਾ ਲਈ ਬਹੁਤ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਖੁਸ਼ਹਾਲੀ ਘੱਟ ਰਹੀ ਹੈ, ਬ੍ਰਹਿਮੰਡ ਫੈਲ ਰਿਹਾ ਹੈ ਅਤੇ ਮਨੁੱਖਤਾ ਸੂੰਗੜ ਰਹੀ ਹੈ ? ਇੱਕ ਸਾਰੇ ਵਰਤਾਰੇ ਅਤੇ ਗੁਨਾਹਾਂ ਲਈ ਜਿੰਮੇਵਾਰ ਵਾਰ ਸਾਮਰਾਜ ਅਤੇ ਸਾਮਰਾਜੀ ਸ਼ਕਤੀਆਂ ਨੂੰ ਪਛਾਣ ਕੇ, ‘ਉਨਾਂ ਵਿਰੁੱਧ ਇੱਕ ਦ੍ਰਿੜਤਾ ਨਾਲ ਸੰਘਰਸ਼ ਕਰਨ ਦੀ ਮੁੱਖ ਲੋੜ ਹੈ।
ੲੲੲ

Check Also

ਚਿੱਤਰ ਕਲਾ ਖੇਤਰ ਦੀ ਸੰਸਾਰ ਪ੍ਰਸਿੱਧ ਸ਼ਖਸੀਅਤ ਸ. ਜਰਨੈਲ ਸਿੰਘ ਆਰਟਿਸਟ ਦਾ ਦੇਹਾਂਤ

ਪੰਜਾਬੀ ਕਲਾ ਅਤੇ ਸਾਹਿਤ ਖੇਤਰ ਦੇ ਪ੍ਰੇਮੀਆਂ ਲਈ ਇਹ ਦੁਖਦਾਈ ਖਬਰ ਹੈ ਕਿ ਸਰਦਾਰ ਜਰਨੈਲ …