Breaking News
Home / ਨਜ਼ਰੀਆ / ਦੇਸ਼ ਤੇ ਕੌਮ ਲਈ ਇਮਾਨਦਾਰ ਮੀਡੀਆ

ਦੇਸ਼ ਤੇ ਕੌਮ ਲਈ ਇਮਾਨਦਾਰ ਮੀਡੀਆ

ਹਰਦੇਵ ਸਿੰਘ ਧਾਲੀਵਾਲ
ਐਸ.ਐਸ.ਪੀ. (ਰਿਟਾ.)
ਮੀਡੀਏ ਦੀ ਪੰਜਾਬੀ ਸੰਚਾਰ ਸਾਧਨ ਹੈ। ਪਰ ਅੱਜਕੱਲ ਅਸੀਂ ਮੀਡੀਏ ਦੀ ਵਰਤੋਂ ਹੀ ਕਰੀ ਜਾ ਰਹੇ ਹਾਂ। ਇਹ ਸੰਚਾਰ ਸਾਧਨ ਰਾਜੇ ਮਹਾਰਾਜਿਆਂ ਵੇਲੇ ਵੀ ਸਨ, ਉਹ ਸਮੇਂ ਦੇ ਸਾਧਨਾਂ ਰਾਹੀਂ ਲੋਕਾਂ ਵਿੱਚ ਰੱਖਦੇ, 19ਵੀਂ ਸਦੀ ਤੋਂ 20ਵੀਂ ਸਦੀ ਤੱਕ ਪ੍ਰਚਾਰ ਦਾ ਸਾਧਨ ਅਖਬਾਰ ਹੀ ਸਨ। ਜਿਹੜੀ ਜੁਬਾਨ ਜਿਆਦਾ ਵਿਕਸਿਤ ਹੁੰਦੀ ਸੀ, ਉਸਦੇ ਅਖਬਾਰ ਵੱਧ ਛਪਦੇ ਸਨ। ਪੰਜਾਬੀ ਅਥਵਾ ਗੁਰਮੁਖੀ ਵਿੱਚ ਪੇਪਰ 19ਵੀਂ ਸਦੀ ਦੇ ਅਖੀਰ ਵਿੱਚ ਚਲੇ। 20ਵੀਂ ਸਦੀ ਵਿੱਚ ਪੰਜਾਬੀ ਦੇ ਬਹੁਤ ਪੇਪਰ ਆਏ। ਗਦਰ ਲਹਿਰ, ਬਬਰ ਲਹਿਰ ਤੇ ਅਕਾਲੀ ਲਹਿਰ ਨੇ ਵੀ ਪੇਪਰਾਂ ਰਾਹੀਂ ਪ੍ਰਚਾਰ ਕੀਤਾ। ਪੰਜਾਬੀ ਦਾ ਬਹੁਤ ਪੁਰਾਣਾ ਪੇਪਰ ਖਾਲਸਾ ਸਮਾਚਾਰ ਸੀ, ਜੋ ਕਿ ਭਾਈ ਵੀਰ ਸਿੰਘ ਕੱਢਦੇ ਸਨ। ਉਹ ਬਹੁਤਾ ਜਿਆਦਾ ਸਿਆਸੀ ਨਹੀਂ ਸੀ। ਗੁਰਦੁਆਰਾ ਲਹਿਰ ਵੇਲੇ ‘ਅਕਾਲੀ ਤੇ ਪ੍ਰਦੇਸੀ’ ਅਖਬਾਰ ਕੱਢਿਆ। ਮਾਸਟਰ ਤਾਰਾ ਸਿੰਘ ਲਿਖਦੇ ਹਨ, ਕਿ ਉਸਦੇ ਉਹ ਗੁਰਮੁਖੀ ਦੇ ਐਡਿਟਰ ਸਨ ਤੇ ਉਰਦੂ ਦੇ ਐਡੀਟਰ ਗਿਆਨੀ ਸ਼ੇਰ ਸਿੰਘ ਸਨ। 1947 ਤੱਕ ਉਰਦੂ ਪੰਜਾਬ ਦੀ ਰਾਜਸੀ ਭਾਸ਼ਾ ਸੀ, ਇਸ ਕਰਕੇ ਉਰਦੂ ਦੇ ਬਹੁਤ ਪੇਪਰ ਚੱਲੇ। ਬਹੁਤੇ ਹਿੰਦੂ ਲੀਡਰ ਵੀ ਉਰਦੂ ਦੇ ਪੇਪਰ ਕੱਢਦੇ ਸਨ ਤੇ ਪ੍ਰਚਾਰ ਕਰਦੇ ਸਨ। ਹਰ ਲੀਡਰ ਨੇ ਆਪਣੀ ਆਵਾਜ ਪੇਪਰਾਂ ਰਾਹੀਂ ਲੋਕਾਂ ਵਿੱਚ ਪਹੁੰਚਾਈ, ਪਾਰਟੀਆਂ ਹੁਣ ਤੱਕ ਪੇਪਰਾਂ ਤੇ ਹੀ ਚੱਲਦੀਆਂ ਹਨ। ਹਰ ਅਖਬਾਰ ਆਪਣੀ ਪਾਲਿਸੀ ਉਸਨੂੰ ਮਿਲਣ ਵਾਲੀ ਰਾਸ਼ੀ ਤੇ ਅਧਾਰਤ ਕਰਦਾ ਹੈ। ਉਸ ਪੇਪਰ ਦੀ ਚੜ੍ਹ ਹੁੰਦੀ ਹੈ ਜਿਹੜਾ ਸੱਚ ਲਿਖੇ, ਪਰ ਉਸਨੂੰ ਅੜਚਨਾਂ ਵੀ ਆਉਂਦੀਆਂ ਸਨ।
ਪਿਛਲੇ 15-20 ਸਾਲਾਂ ਤੋਂ ਟੀ.ਵੀ. ਚੈਨਲ ਬਹੁਤ ਵਧਿਆ ਹੈ, ਪਿਛਲੇ 5 ਸਾਲਾਂ ਤੋਂ ਤਾਂ ਬਹੁਤ ਹੀ ਜਿਆਦਾ। ਵੱਡੇ-ਵੱਡੇ ਅਮੀਰਾਂ ਨੇ ਚੈਨਲ ਬਣਾਏ ਹੋਏ ਹਨ, ਉਹ ਉਹਨਾਂ ਅਨੁਸਾਰ ਹੀ ਚੱਲਦੇ ਸਨ। ਦੂਜੀ ਯੂ.ਪੀ.ਏ. ਸਰਕਾਰ ਵੇਲੇ ਜਿੰਦਲ ਇੱਕ ਕਾਂਗਰਸੀ ਲੀਡਰ ਨੇ ਜੀ.ਟੀ.ਵੀ. ਤੇ 100 ਕਰੋੜ ਮੰਗਣ ਦਾ ਦੋਸ਼ ਲਾਇਆ, ਪਤਾ ਨਹੀਂ ਠੀਕ ਸੀ। ਪਰ ਇਹ ਚੈਨਲ ਕਾਂਗਰਸ ਦਾ ਕੱਟੜ ਵਿਰੋਧੀ ਹੈ। ਅਕਾਸ਼ਬਾਣੀ ਤਾਂ ਸਮੇਂ ਅਨੁਸਾਰ ਹੀ ਚਲਦਾ ਹੈ, ਜਿਸਦੀ ਸਰਕਾਰ ਹੋਵੇ। ਪਰ ਜੀ.ਨਿਊਜ, ਆਜ ਤੱਕ, ਏ.ਬੀ.ਪੀ. ਨਿਊਜ, ਇੰਡੀਆ ਟੀ.ਵੀ., ਨਿਊਜ 24, ਆਈ.ਬੀ.ਐਨ 7 ਤੇ ਇੰਡੀਆ ਨਿਊਜ ਆਦਿ ਬਹੁਤ ਹਨ। ਦਲਿਤ ਵਿਦਿਆਰਥੀ ਰੋਹਿਤ ਬੇਮੂਲਾ ਨੇ ਹੈਦਰਾਬਾਦ ਯੂਨੀਵਰਸਿਟੀ ਵਿੱਚ ਆਤਮਹੱਤਿਆ ਕੀਤੀ। ਵਿਰੋਧੀ ਉਸਦੀ ਆਤਮਹੱਤਿਆ ਦਾ ਕਾਰਨ ਸਰਕਾਰ ਚਲਾ ਰਹੀ ਪਾਰਟੀ ਅਥਵਾ ਬੀ.ਜੇ.ਪੀ. ਤੇ ਆਰ.ਐਸ.ਐਸ. ਨੂੰ ਗਰਦਾਨਦੇ ਸੀ। ਸਵੀਤਾ ਰਾਣੀ ਦੀਆਂ ਚਿੱਠੀਆਂ ਦਾ ਜਿਕਰ ਹੋਇਆ। ਸਰਕਾਰ ਕਹਿੰਦੀ ਸੀ ਕਿ ਯੂਨੀਵਰਸਿਟੀ ਵਿੱਚ ਯੈਕੂਬ ਮੈਨਨ ਦੇ ਨਾਅਰੇ ਲਗਾਏ ਗਏ। ਜਿਸਨੂੰ ਰਾਸ਼ਟਰਪਤੀ ਨੇ ਫਾਂਸੀ ਮਨਜੂਰ ਕੀਤੀ ਸੀ। ਰੋਹਿਤ ਬੇਮੂਲਾ ਕਹਿੰਦਾ ਸੀ ਕਿ ਯੂਨਵਰਸਿਟੀ ਵਿੱਚ ਮਨੁੱਖ ਦੀ ਫਾਂਸੀ ਦੀ ਸਜ਼ਾ ਖਤਮ ਕਰਨ ਤੇ ਡਿਬੇਟ ਸੀ ਕਿਉਂਕਿ ਦੁਨੀਆਂ ਤੇ ਬਹੁਤ ਦੇਸ਼ਾਂ ਨੇ ਫਾਂਸੀ ਦੀ ਸਜਾ ਖਤਮ ਕਰ ਦਿੱਤੀ ਹੈ। ਇਸ ਸਬੰਧੀ ਤਕਰੀਬਨ ਹਰ ਚੈਨਲ ਤੇ ਗੱਲ ਹੁੰਦੀ ਰਹੀ, ਤਰਕ ਬਹਿਸ ਵੀ ਹੋਈ। ਬੀ.ਜੇ.ਪੀ. ਆਰ.ਐਸ.ਐਸ. ਤੇ ਵਿਸ਼ਵ ਹਿੰਦੂ ਪ੍ਰੀਸ਼ਦ ਸਰਕਾਰ ਦੇ ਪੱਖ ਤੇ ਦ੍ਰਿੜ ਸਨ। ਕਾਂਗਰਸ ਮੁੱਖ ਵਿਰੋਧੀ ਪਾਰਟੀ ਹੈ। ਸਮਾਜਵਾਦੀ ਪਾਰਟੀ ਵੀ ਵਿਰੋਧੀ ਹੀ ਰਹੀ।
ਫੇਰ ਇਹ ਗੱਲਬਾਤ ਜਵਾਹਰ ਲਾਲ ਯੂਨਵੀਰਸਿਟੀ ਤੇ ਆ ਗਈ। ਇਸ ਤੇ ਦੇਸ਼ ਵਿਰੋਧੀ ਨਾਅਰੇ ਲਗਾਏ ਗਏ। ਕਈ ਚੈਨਲਾਂ ਨੇ ਉਹ ਨਾਅਰੇ ਕਈ ਦਿਨ ਵਿਖਾਏ। ਕਮਿਊਨਿਸਟ ਪੱਖੀ ਐਸੋਸੀਏਸ਼ਨ ਦੇ ਪ੍ਰਧਾਨ ਘਨਈਆ ਹਨ। ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ, 2 ਵਾਰ ਉਸਦਾ ਪੁਲਿਸ ਰਿਮਾਂਡ ਲਿਆ, ਅਦਾਲਤ ਦੀ ਪੇਸ਼ੀ ਸਮੇਂ ਵਕੀਲਾਂ ਦੀ ਵਰਦੀ ਵਿੱਚ ਉਸਦੀ ਖਿੱਚ-ਧੂਹ ਹੋਈ, ਸੁਪਰੀਮ ਕੋਰਟ ਨੇ ਸੱਚ ਜਾਨਣ ਲਈ ਆਪਣੇ ਵਿਸ਼ੇਸ਼ ਨੁਮਾਇੰਦੇ ਭੇਜੇ ਤੇ ਦੇਸ਼ ਦੀ ਸਰਵ ਉੱਚ ਅਦਾਲਤ ਨੇ ਇਸਤੇ ਖੇਦ ਪ੍ਰਗਟ ਕੀਤਾ। ਮੂੰਹ ਢੱਕ ਕੇ ਦੇਸ਼ ਵਿਰੋਧੀ ਨਾਅਰੇ ਲਗਾਉਣ ਵਾਲੇ ਅਜੇ ਤੱਕ ਫੜੇ ਨਹੀਂ ਗਏ। ਜੀ.ਟੀ.ਵੀ. ਸਮੇਤ 3 ਚੈਨਲਾਂ ਤੇ ਗਲਤ ਸੀਡੀਜ਼ ਦਿਖਾਉਣ ਦਾ ਦੋਸ਼ ਲੱਗਿਆ, ਪਤਾ ਲੱਗਿਆ ਕਿ ਉਨ੍ਹਾਂ ਸੀਡੀਆਂ ਦੇ ਵਿੱਚ ਛੇੜਖਾਣੀ ਕੀਤੀ ਗਈ ਹੈ। ਇਹ ਸਾਡੇ ਟੀ.ਵੀ. ਮੀਡੀਏ ਦੀ ਘੋਰ ਭੈੜੀ ਗੱਲ ਹੈ, ਪਰ ਅੱਜ ਤੱਕ ਨਾਅਰੇ ਲਗਾਉਣ ਵਾਲੇ ਫੜੇ ਨਾ ਜਾਣ ਕਾਰਨ ਸ਼ੱਕ ਵਧਦਾ ਹੈ। ਕੀ ਦੇਸ਼ ਦਾ ਪ੍ਰਬੰਧਕੀ ਢਾਂਚਾ ਇੱਕ ਯੂਨੀਵਰਸਿਟੀ ਵਿੱਚ ਦੇਸ਼ ਵਿਰੋਧੀ ਨਾਅਰੇ ਲਾਉਣ ਵਾਲਿਆਂ ਨੂੰ ਫੜ ਹੀ ਨਹੀਂ ਸਕਿਆ। ਦਿੱਲੀ ਪੁਲਿਸ ਤੇ ਵੀ ਸ਼ੱਕ ਦੀ ਸੂਈ ਜਾਂਦੀ ਹੈ। ਪਰ ਦੇਸ਼ ਵਿੱਚ ਪੁਲਿਸ ਸਿਆਸੀ ਆਦਮੀਆਂ ਅਨੁਸਾਰ ਚਲਦੀ ਹੈ। ਦੇਸ਼ ਦੀਆਂ ਵੱਡੀਆਂ ਬਹੁਤੀਆਂ ਯੂਨੀਵਰਸਿਟੀਆਂ ਵਿੱਚ ਖਾਸ ਥਾਵਾਂ ਤੇ ਵਿਦਿਆਰਥੀ ਸੰਗਠਨਾਂ ਤੇ ਕਮਿਊਨਿਸਟ ਪ੍ਰਭਾਵ ਹੈ। ਪਰ ਬੀ.ਜੇ.ਪੀ. ਤੇ ਆਰ.ਐਸ.ਐਸ. ਚਾਹੁੰਦੀ ਹੈ, ਕਿ ਇਹ ਪ੍ਰਬੰਧ ਅਖਿਲ ਵਿਦਿਆਰਥੀ ਪ੍ਰੀਸ਼ਦ ਦੇ ਹੇਠ ਆ ਜਾਵੇ। ਜਿਹੜਾ ਕਿ ਆਰ.ਐਸ.ਐਸ. ਦਾ ਸਮੱਰਥਕ ਹੈ। ਜੇ.ਐਨ.ਯੂ. ਹੁਣ ਵਿਦਿਆਰਥੀਆਂ ਵਿਰੁੱਧ ਅਨੁਸ਼ਾਸਨ ਦੀ ਕਾਰਵਾਈ ਕਰ ਰਹੀ ਹੈ।
ਆਈ.ਬੀ.ਐਨ 7 ਦੇ ਐਂਕਰ ਸੁਮਿਤ ਅਵਸਥੀ ਹਨ। ਤਕਰੀਬਨ 5 ਦਿਨ ਇਸਤੇ ਭਖਦੇ ਮਸਲਿਆਂ ਤੇ ਬਹਿਸ ਸੁਣਦੇ ਹਾਂ, ਉਹ ਹਰ ਸਮੇਂ ਕੋਸ਼ਿਸ਼ ਵਿੱਚ ਰਹਿੰਦੇ ਹਨ ਕਿ ਬਰਾਬਰ ਦੀ ਬਹਿਸ ਵਿੱਚ ਬੀ.ਜੇ.ਪੀ. ਦੇ ਬੁਲਾਰੇ ਦਾ ਹੱਥ ਉੱਚਾ ਰਹੇ, ਜੇਕਰ ਉਹ ਢਿੱਲਾ ਪੈਂਦਾ ਦਿੱਸੇ ਤਾਂ ਆਰ.ਐਸ.ਐਸ. ਦੇ ਬੁਲਾਰੇ ਨੂੰ ਸਵਾਲ ਪੁੱਛ ਲੈਂਦੇ ਹਨ। ਸੰਦੀਪ ਚੌਧਰੀ ਨਿਊਜ 24 ਦੇ ਵੱਡੇ ਐਂਕਰ ਹਨ। ਉਹ ਬੁਲਾਰਿਆਂ ਨੂੰ ਕੰਟਰੋਲ ਵਿੱਚ ਰੱਖਦੇ ਹਨ, ਆਪਣੀ ਕਾਬਲੀਅਤ ਹੈ, ਨਿਰਪੱਖਤਾ ਦੀ ਗੱਲ ਵੀ ਕਰਦੇ ਹਨ, ਪਰ ਅਖੀਰ ਨੂੰ ਬੀ.ਜੇ.ਪੀ. ਦੇ ਬੁਲਾਰੇ ਦੀ ਗੱਲ ਨੂੰ ਤਕੜੀ ਗੱਲ ਕਰ ਦਿੰਦੇ ਹਨ। ਇੰਡੀਆ ਨਿਊਜ਼ ਦਾ ਵੱਡੇ ਐਂਕਰ ਦੀਪਕ ਚੌਰਸੀਆ ਹੈ, ਉਨ੍ਹਾਂ ਦਾ ਨਾਂ ਮੀਡੀਆ ਵਿੱਚ ਬਹੁਤ ਉੱਚਾ ਹੈ। ਆਪਣੀ ਆਵਾਜ਼ ਤੇ ਕੰਟਰੋਲ ਕਾਰਨ ਹਰ ਪੱਖ ਨੂੰ ਨੀਵਾਂ ਦਿਖਾ ਸਕਦੇ ਹਨ, ਪਰ ਫੇਰ ਬੀ.ਜੇ.ਪੀ. ਨੂੰ ਤਕੜਾ ਕਰਨ ਵੱਲ ਹੋ ਜਾਂਦੇ ਹਨ। ਰੋਹਿਤ ਸਰਦਾਨਾ ਜੀ.ਨਿਊਜ ਦੇ ਵੱਡੇ ਐਂਕਰ ਹਨ, ਉਨ੍ਹਾਂ ਦੇ ਸਵਾਲ ਇਸ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਕਿ ਉਹ ਖੁਦ ਆਰ.ਐਸ.ਐਸ. ਦੇ ਬੁਲਾਰੇ ਹੋਣ। ਉਹ ਬੀ.ਜੇ.ਪੀ. ਨੂੰ ਥੱਲੇ ਨਹੀਂ ਦੇਖ ਸਕਦੇ। 8 ਮਾਰਚ ਨੂੰ ਪ੍ਰੋਫੈਸਰ ਮਕਰੰਦ ਪਰੋਲੇ ਨੂੰ ਬੋਲਣ ਹੀ ਨਾ ਦਿੱਤਾ। ਜਿਹੜਾ ਕਹਿਣਾ ਚਾਹੁੰਦਾ ਸੀ ਕਿ ਜੇ.ਐਨ.ਯੂ. ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਡਾਕਟਰ ਸੁਮਿਤ ਪਾਤਰਾ ਬੀ.ਜੇ.ਪੀ. ਦੇ ਵੱਡੇ ਪ੍ਰਵਕਤਾ ਹਨ, ਉਹ ਜੋਰ ਨਾਲ ਕੋਸ਼ਿਸ਼ ਕਰਦੇ ਹਨ ਕਿ ਉਹ ਜਿੱਤਣ। ਹੁਣ ਕਾਂਗਰਸ ਵਾਲਿਆਂ ਨੇ ਵੀ ਉਹੀ ਪੁਜੀਸ਼ਨ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਦੇ ਪ੍ਰਵਕਤਾ ਵੀ ਉਨ੍ਹਾਂ ਦੀ ਰੀਸ ਕਰਕੇ ਉੱਚੀ ਬੋਲਣਾ ਜਰੂਰੀ ਸਮਝਦੇ ਹਨ। ਜੇ ਰੁੱਕ ਜਾਵੇ ਤਾਂ ਟੀ.ਵੀ. ਦਾ ਐਂਕਰ ਬਹਿਸ ਹੀ ਬੰਦ ਕਰ ਦਿੰਦਾ ਹੈ। ਜਦੋਂ ਆਰ.ਐਸ. ਅਨੁਸਾਰ ਬੀ.ਜੇ.ਪੀ. ਚੱਲਦੀ ਹੈ ਤਾਂ ਆਰ.ਐਸ.ਐਸ. ਦੇ ਨੁਮਾਇੰਦੇ ਦੀ ਕੀ ਲੋੜ ਹੈ! ਉਹ ਸਿਆਸੀ ਪਾਰਟੀ ਆਪਣੇ ਆਪ ਨੂੰ ਮੰਨਦੀ ਨਹੀਂ। ਹੁਣ ਭਾਰਤ ਮਾਤਾ ਦੀ ਜੈ ਤੇ ਫਿਰ ਕੋਝੀ ਬਹਿਸ ਛਿੜ ਗਈ ਹੈ।
ਐਂਕਰ ਨੂੰ ਚਾਹੀਦਾ ਹੈ, ਕਿ ਜਦੋਂ ਉਹ ਕੁਰਸੀ ਤੇ ਬੈਠੇ ਤਾਂ ਆਪਣੇ ਖਿਆਲ ਤੇ ਪਾਰਟੀ ਪਾਸੇ ਰੱਖ ਦਿੱਤੀ ਜਾਵੇ। ਹਰ ਇੱਕ ਨੂੰ ਮਿਥਿਆ ਸਮਾਂ ਦੇਵੇ, ਜੇਕਰ ਉਹ ਹਟਦਾ ਨਹੀਂ ਤਾਂ ਤੁਰੰਤ ਉਸਦਾ ਸਪੀਕਰ ਬੰਦ ਕਰ ਦੇਵੇ, ਪੱਖਪਾਤ ਨਾ ਹੋਵੇ। ਕਈ ਐਂਕਰਾਂ ਤੇ ਤਾਂ ਅਰਬਾਂ ਦੀ ਜਾਇਦਾਦ ਦੀਆਂ ਗੱਲਾਂ ਹੁੰਦੀਆਂ ਹਨ। ਪਤਾ ਨਹੀਂ ਸੱਚ ਹੈ ਜਾਂ ਨਹੀਂ। ਪਰ ਨਿਰਪੱਖ ਮੀਡੀਏ ਬਿਨਾਂ ਦੇਸ਼ ਅੱਗੇ ਨਹੀਂ ਵਧ ਸਕੇਗਾ। ਦੇਸ਼ ਸਭ ਦਾ ਸਾਂਝਾ ਹੈ। ਇਕੱਲਾ ਕੋਈ ਤਰੱਕੀ ਨਹੀਂ ਕਰ ਸਕਦਾ।

Check Also

ਵਾਤਾਵਰਣ ਸੰਬੰਧਤ ਵਿਗਿਆਨ ਗਲਪ ਕਹਾਣੀ

ਤਰਲ ਰੁੱਖ (ਕੰਕਰੀਟ ਦਾ ਜੰਗਲ ਤੇ ਕੁਦਰਤ ਦੀ ਵਾਪਸੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) …