Breaking News
Home / ਹਫ਼ਤਾਵਾਰੀ ਫੇਰੀ / ਕੈਨੇਡੀਅਨ ਨਾਗਰਿਕਾਂ ਲਈ ਭਾਰਤ ਸਰਕਾਰ ਨੇ ਸਾਰੀਆਂ ਕੈਟੇਗਰੀਆਂ ‘ਚ ਮੁੜ ਸ਼ੁਰੂ ਕੀਤੀ ਈ-ਵੀਜ਼ਾ ਸਰਵਿਸ

ਕੈਨੇਡੀਅਨ ਨਾਗਰਿਕਾਂ ਲਈ ਭਾਰਤ ਸਰਕਾਰ ਨੇ ਸਾਰੀਆਂ ਕੈਟੇਗਰੀਆਂ ‘ਚ ਮੁੜ ਸ਼ੁਰੂ ਕੀਤੀ ਈ-ਵੀਜ਼ਾ ਸਰਵਿਸ

ਦੋ ਮਹੀਨਿਆਂ ਬਾਅਦ ਭਾਰਤ ਨੇ ਇਹ ਸੇਵਾਵਾਂ ਕੀਤੀਆਂ ਸ਼ੁਰੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਕਰੀਬ ਦੋ ਮਹੀਨਿਆਂ ਬਾਅਦ ਕੈਨੇਡੀਅਨ ਨਾਗਰਿਕਾਂ ਲਈ ਸਾਰੀਆਂ ਕੈਟੇਗਰੀਆਂ ਵਿਚ ਇਲੈਕਟ੍ਰਾਨਿਕ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਧਿਆਨ ਰਹੇ ਕਿ ਪਿਛਲੇ ਦਿਨੀਂ ਭਾਰਤ ਅਤੇ ਕੈਨੇਡਾ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਕੁਝ ਖੜੋਤ ਆ ਗਈ ਸੀ।
ਇਸਦੇ ਚੱਲਦਿਆਂ ਦੋਵਾਂ ਦੇਸ਼ਾਂ ਨੇ ਸੀਨੀਅਰ ਡਿਪਲੋਮੇਟਾਂ ਨੂੰ ਵੀ ਕੱਢ ਦਿੱਤਾ ਸੀ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਥਾਂ ਛੱਡਣ ਲਈ ਕਿਹਾ ਸੀ। ਇਸ ਦੌਰਾਨ ਭਾਰਤ ਵਲੋਂ 21 ਸਤੰਬਰ ਨੂੰ ਕੈਨੇਡੀਅਨ ਨਾਗਰਿਕਾਂ ਦੀਆਂ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਬੀ.ਐਲ.ਐਸ. ਇੰਟਰਨੈਸ਼ਨਲ ਵਲੋਂ ਜਾਰੀ ਨਿਰਦੇਸ਼ ਵਿਚ ਕਿਹਾ ਗਿਆ ਸੀ ਕਿ ਉਪਰੇਸ਼ਨਲ ਕਾਰਨਾਂ ਕਰਕੇ ਤੁਰੰਤ ਪ੍ਰਭਾਵ ਨਾਲ ਕੈਨੇਡਾ ਵਿਚ ਭਾਰਤੀ ਵੀਜ਼ਾ ਸੇਵਾਵਾਂ ਨੂੰ ਅਗਲੀ ਸੂਚਨਾ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
ਹਾਲਾਂਕਿ ਇਸ ਤੋਂ ਬਾਅਦ 26 ਅਕਤੂਬਰ ਤੋਂ ਭਾਰਤ ਨੇ ਕੁਝ ਵਿਸ਼ੇਸ਼ ਸ਼੍ਰੇਣੀਆਂ ਵਿਚ ਵੀਜ਼ਾ ਸੇਵਾਵਾਂ ਫਿਰ ਤੋਂ ਸ਼ੁਰੂ ਕਰਨ ਦੀ ਗੱਲ ਕਹੀ ਸੀ। ਇਸ ਵਿਚ ਟੂਰਿਸਟ ਵੀਜ਼ਾ, ਬਿਜਨਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਸ਼ਾਮਲ ਸਨ।
ਭਾਰਤ ਨੇ ਹੁਣ ਕੈਨੇਡਾ ਦੇ ਨਾਗਰਿਕਾਂ ਲਈ ਹਰ ਤਰ੍ਹਾਂ ਦੀਆਂ ਈ-ਵੀਜ਼ਾ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ। ਦੋਹਾਂ ਦੇਸ਼ਾਂ ਦੀ ਖਟਾਸ ਕਾਰਨ ਭਾਰਤ ਵਲੋਂ ਪਿਛਲੇ ਮਹੀਨੇ ਕੈਨੇਡਾ ਦੇ 41 ਰਾਜਦੂਤਾਂ ਨੂੰ ਚਲੇ ਜਾਣ ਲਈ ਕਹੇ ਜਾਣ ਤੋਂ ਬਾਅਦ ਖਟਾਸ ਵੀ ਵਧੀ ਤੇ ਭਾਰਤ ‘ਚੋਂ ਸਟਾਫ ਦੀ ਕਮੀ ਕਾਰਨ ਕੈਨੇਡਾ ਲਈ ਵੀਜ਼ਾ ਸੇਵਾਵਾਂ ਵੀ ਪ੍ਰਭਾਵਤ ਹੋਈਆਂ। ਹੁਣ ਸਮੁੱਚੇ ਰੂਪ ਵਿਚ ਈ ਵੀਜ਼ਾ ਸਹੂਲਤ ਦੀ ਬਹਾਲੀ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ। ਕੁਝ ਵਿਅਕਤੀਆਂ ਨੇ ਦੱਸਿਆ ਕਿ ਈ-ਵੀਜ਼ਾ ਪੋਰਟਲ ਕੰਮ ਕਰਨ ਲੱਗਾ ਹੈ।

 

 

Check Also

ਕੈਨੇਡਾ ‘ਚ ਵਿਦੇਸ਼ੀ ਕਾਮਿਆਂ ‘ਤੇ ਨਿਰਭਰਤਾ ਘਟਾਉਣਾ ਜ਼ਰੂਰੀ : ਟਰੂਡੋ

ਵਰਕ ਪਰਮਿਟ ਸਿਸਟਮ ‘ਚ ਤਬਦੀਲੀਆਂ ਕਰਨ ਦਾ ਕੀਤਾ ਐਲਾਨ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ …