Breaking News
Home / ਹਫ਼ਤਾਵਾਰੀ ਫੇਰੀ / ਐਸ ਵਾਈ ਐਲ ਮੁੱਦੇ ‘ਤੇ ਕੈਪਟਨ ਤੇ ਖੱਟਰ ਭਿੜੇ

ਐਸ ਵਾਈ ਐਲ ਮੁੱਦੇ ‘ਤੇ ਕੈਪਟਨ ਤੇ ਖੱਟਰ ਭਿੜੇ

ਖੱਟਰ : ਨਹਿਰੀ ਪਾਣੀ ‘ਤੇ ਮਾਰਾ ਹੱਕ- ਅਮਰਿੰਦਰ : ਸਾਡੇ ਕੋਲ ਨਹੀਂ ਫਾਲਤੂ ਪਾਣੀ
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਸਾਹਮਣੇ ਐਸ ਵਾਈ ਐਲ ਦੇ ਮੁੱਦੇ ‘ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਹੋਈ ਤਕਰਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਸਤਲੁਜ-ਯਮੁਨਾ ਲਿੰਕਾ ਨਹਿਰ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਸਾਹਮਣੇ ਹੋਈ ਬੈਠਕ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਭਿੜ ਗਏ। ਹਰਿਆਣਾ ਦਾ ਕਹਿਣਾ ਸੀ ਕਿ ਪਾਣੀ ਲੈ ਕੇ ਰਹਿਣਗੇ ਜਦਕਿ ਪੰਜਾਬ ਨੇ ਕਿਹਾ ਕਿ ਧਮਕਾਉਣ ਨਾਲ ਪਾਣੀ ਨਹੀਂ ਮਿਲੇਗਾ। ਹਾਲਾਂਕਿ ਰਾਜਨਾਥ ਸਿੰਘ ਨੇ ਦਖਲ ਦਿੰਦੇ ਹੋਏ ਸਬੰਧਤ ਪੱਖਾਂ ਨੂੰ ਇਸ ਮਾਮਲੇ ‘ਤੇ ਗੱਲਬਾਤ ਰਾਹੀਂ ਹੱਲ ਕੱਢਣ ਦੀ ਸਲਾਹ ਦਿੱਤੀ। ਜਿਸ ‘ਤੇ ਕੈਪਟਨ ਨੇ ਕੇਂਦਰ ਦੇ ਸਹਿਯੋਗ ਦੀ ਮੰਗ ਰੱਖੀ। ਰਾਜਨਾਥ ਨੇ ਸਹਿਮਤੀ ਪ੍ਰਗਟਾਈ ਅਤੇ ਹਰਿਆਣਾ-ਰਾਜਸਥਾਨ ਨੇ ਵੀ ਕੋਰਟ ਦੇ ਬਾਹਰ ਇਸ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ‘ਤੇ ਆਪਣੀ ਮਨਜ਼ੂਰੀ ਦੇ ਦਿੱਤੀ ਪ੍ਰੰਤੂ ਸ਼ਾਮ ਤੱਕ ਹਰਿਆਣਾ ਸਰਕਾਰ ਵੱਲੋਂ ਜਾਰੀ ਪ੍ਰੈਸ ਬਿਆਨ ‘ਚ ਇਸ ਗੱਲ ਦਾ ਖੰਡਨ ਕੀਤਾ ਗਿਆ ਕਿ ਰਾਜ ਸਰਕਾਰ ਸੁਪਰੀਮ ਕੋਰਟ ਤੋਂ ਬਾਹਰ ਐਸਵਾਈਐਸ ਦਾ ਮੁੱਦਾ ਹੱਲ ਕਰਨ ਲਈ ਰਾਜੀ ਹੋ ਗਈ ਹੈ। ਭਾਖੜਾ ਮੇਨ ਲਾਈਨ ‘ਚ ਪੰਜਾਬ ਵੱਲੋਂ 27 ਮਾਈਕਰੋ ਪਾਵਰ ਪ੍ਰੋਜੈਕਟ ਲਗਾਉਣ ਦੀ ਗੱਲ ‘ਤੇ ਵੀ ਮਾਹੌਲ ਗਰਮ ਹੋ ਗਿਆ। ਹਰਿਆਣਾ ਨੇ ਤਰਕ ਦਿੱਤਾ ਕਿ ਇਸ ਨਾਲ ਪਾਣੀ ‘ਚ ਕਮੀ ਆਵੇਗੀ ਅਤੇ ਵਰਤਮਾਨ ‘ਚ ਜੋ ਪਾਣੀ ਹਰਿਆਣਾ ਨੂੰ ਮਿਲ ਰਿਹਾ ਹੈ ਉਹ ਪ੍ਰਭਾਵਿਤ ਹੋਵੇਗਾ। ਜੇਕਰ ਇਹ ਪ੍ਰੋਜੈਕਟ ਬਣੇ ਵੀ ਹਨ ਤਾਂ ਉਹ ਬੀਬੀਐਮਬੀ ਬਣਾਏ।
ਹਰਿਆਣਾ ਨੂੰ ਅਜੇ ਵੀ ਪੰਜਾਬ ਤੋਂ ਮਿਲ ਰਿਹੈ 60 ਲੱਖ ਏਕੜ ਫੁੱਟ ਪਾਣੀ : ਹਰਿਆਣਾ ਨੂੰ ਇਸ ਸਮੇਂ ਪੰਜਾਬ ਤੋਂ 60 ਲੱਖ ਏਕੜ ਫੁੱਟ ਪਾਣੀ ਮਿਲ ਰਿਹਾ ਹੈ। ਇਹ ਪਾਣੀ ਨਰਵਾਣਾ ਬ੍ਰਾਂਚ ਤੋਂ ਲੈ ਰਹੇ ਹਨ ਕਿਉਂਕਿ ਭਾਖੜਾ ਮੇਨ ਲਾਈਨ ਦੀ ਇੰਨਾ ਸਮਰਥਾ ਨਹੀਂ ਹੈ। ਹਰਿਆਣਾ ਦਾ ਦਾਅਵਾ ਕਿ ਉਨ੍ਹਾਂ ਦੇ ਹਿੱਸੇ ‘ਚ 79 ਲੱਖ ਏਕੜ ਫੁੱਟ ਪਾਣੀ ਆਉਂਦਾ ਹੈ। ਜੋ 19 ਲੱਖ ਏਕੜ ਫੁੱਟ ਪਾਣੀ ਬਚਦਾ ਹੈ ਇਹ ਪਾਣੀ ਐਸਵਾਈਐਲ ਨਹਿਰ ਰਾਹੀਂ ਲੈਣ ਲਈ ਸਾਰੀ ਲੜਾਈ ਚੱਲ ਰਹੀ ਹੈ।
ਰਾਜਸਥਾਨ ਨੇ ਕੀਤੀ ਕੁੱਦਣ ਦੀ ਕੋਸ਼ਿਸ਼ : ਰਾਜਸਥਾਨ ਦੇ ਜਲ ਸਰੋਤ ਮੰਤਰੀ ਨੇ ਹਰਿਆਣਾ-ਪੰਜਾਬ ਦੀ ਲੜਾਈ ‘ਚ ਕੁੱਦਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇਸ ਮਾਮਲੇ ‘ਤੇ ਹਰਿਆਣਾ-ਪੰਜਾਬ ਇਕ ਹੋ ਗਏ। ਦੱਸ ਦੇਈਏ ਰਾਜਸਥਾਨ ਬੀਬੀਐਮਬੀ ਦਾ ਸਥਾਈ ਮੈਂਬਰ ਨਹੀਂ ਹੈ ਅਤੇ ਸਮੇਂ-ਸਮੇਂ ‘ਤੇ ਸਥਾਈ ਮੈਂਬਰੀ ਦੀ ਮੰਗ ਕਰਦਾ ਹੈ।
ਇੰਝ ਹੋਈ ਗਰਮਾ-ਗਰਮੀ : ਬੈਠਕ ‘ਚ ਮਨੋਹਰ ਲਾਲ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਹਰਿਆਣਾ ਦੇ ਹੱਕ ‘ਚ ਹੈ। ਲਿਹਾਜਾ ਅਸੀਂ ਪਾਣੀ ਲੈ ਕੇ ਰਹਾਂਗੇ। ਕੈਪਟਨ ਨੇ ਪਾਣੀ ਦੇਣ ਤੋਂ ਇਨਕਾਰ ਕੀਤਾ ਤਾਂ ਦੋਵਾਂ ‘ਚ ਤਣਾਤਣੀ ਹੋ ਗਈ। ਫਿਰ ਮਨਪ੍ਰੀਤ ਬਾਦਲ ਨੇ ਉਠ ਕਿਹਾ ਧਮਕਾਉਣ ਨਾਲ ਪਾਣੀ ਨਹੀਂ ਦਿਆਂਗੇ। ਜਦੇ ਹਰਿਆਣਾ ਦੇ ਖੇਤੀ ਮੰਤਰੀ ਧਨਖੜ ਨੇ  ਕਿਹਾ ਕਿ ਧਮਕਾਉਣ ਨਾਲ ਨਹੀਂ ਤਾਂ ਬੜੇ ਮਨ ਨਾਲ ਪਾਣੀ ਦੇ ਦਿਓ। ਅਮਰਿੰਦਰ ਨੇ ਸਾਫ਼ ਕਿਹਾ ਕਿ ਸਾਡੇ ਦੇਣ ਲਈ ਫਾਲਤੂ ਪਾਣੀ ਨਹੀਂ, ਬਸ ਫਿਰ ਤਕਰਾਰ ਵਧ ਗਈ।
ਪੰਜਾਬ ਦੇ ਦਿੱਤੇ 60:40 ਵਾਲੇ ਫਾਰਮੂਲੇ ‘ਤੇ ਵੀ ਨਾ ਮੰਨਿਆ ਹਰਿਆਣਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਲਕੁਲ ਨਵੀਂ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਰਾਜਧਾਨੀ ਚੰਡੀਗੜ੍ਹ ‘ਚ ਪੰਜਾਬ ਅਤੇ ਹਰਿਆਣਾ ਦਾ ਹਿੱਸਾ 60:40 ਨਿਸ਼ਚਿਤ ਕੀਤਾ ਹੋਇਆ ਹੈ, ਉਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੇ ਕੁੱਲ ਪਾਣੀ ਦਾ ਮੁਲਾਂਕਣ ਕੀਤਾ ਜਾਵੇ ਅਤੇ ਉਸ ਨੂੰ ਦੋਵੇਂ ਰਾਜਾਂ ਦੇ ਵਿਚਾਲੇ 60:40 ਦੇ ਅਨੁਪਾਤ ‘ਚ ਹੀ ਵੰਡ ਦਿੱਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਖਤ ਇਤਰਾਜ ਕਰਦੇ ਹੋਏ ਇਥੋਂ ਤੱਕ ਕਹਿ ਦਿੱਤਾ ਕਿ ਰਾਜ ਸਰਕਾਰ ਹਰ ਮੁੱਦੇ ਦੇ ਹੱਲ ਦੇ ਪੱਖ ‘ਚ ਹੈ ਪ੍ਰੰਤੂ ਆਉਣ ਵਾਲੇ ਸਮੇਂ ‘ਚ ਹਰ ਸਮਝੌਤੇ ਦਾ ਸਨਮਾਨ ਹੋਣਾ ਚਾਹੀਦਾ ਹੈ। ਆਖਰ ਰਾਜਨਾਥ ਸਿੰਘ ਹੁਰਾਂ ਨੇ ਵਿਚ ਬਚਾਅ ਕਰਦਿਆਂ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਤੇ ਮੁੜ ਗੱਲਬਾਤ ਲਈ ਬੈਠਣ ‘ਤੇ ਸਹਿਮਤ ਕੀਤਾ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …