Breaking News
Home / ਪੰਜਾਬ / 30 ਸਤੰਬਰ ਤੱਕ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਤ ਸਾਰਾ ਕੰਮ ਹੋ ਜਾਵੇਗਾ ਮੁਕੰਮਲ

30 ਸਤੰਬਰ ਤੱਕ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਤ ਸਾਰਾ ਕੰਮ ਹੋ ਜਾਵੇਗਾ ਮੁਕੰਮਲ

ਵਿਜੈ ਇੰਦਰ ਸਿੰਗਲਾ ਨੇ ਕਰਤਾਰਪੁਰ ਲਾਂਘੇ ਦੇ ਉਸਾਰੀ ਕੰਮਾਂ ਦਾ ਲਿਆ ਜਾਇਜ਼ਾ
ਬਟਾਲਾ/ਬਿਊਰੋ ਨਿਊਜ਼ : ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਜਾਰੀ ਉਸਾਰੀ ਕਾਰਜਾਂ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡੇਰਾ ਬਾਬਾ ਨਾਨਕ ਪੁੱਜੇ ਸਿੰਗਲਾ ਦੇ ਨਾਲ ਹਲਕਾ ਵਿਧਾਇਕ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੀਦਾਰ ਵੀ ਕੀਤੇ। ਸਿੰਗਲਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਨੂੰ ਚੌੜਾ ਕੀਤਾ ਜਾਵੇਗਾ ਤਾਂ ਜੋ ਦੂਰ-ਦੁਰੇਡਿਓਂ ਆਉਣ ਵਾਲੀ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ। ਮੰਤਰੀ ਨੇ ਕਿਹਾ ਕਿ 30 ਸਤੰਬਰ ਤੱਕ ਕੌਰੀਡੋਰ ਦੇ ਰਾਹ ਨਾਲ ਸਬੰਧਤ ਕਾਰਜ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਦੀ 550ਵੀਂ ਜਨਮ ਵਰ੍ਹੇਗੰਢ ਤੋਂ ਪਹਿਲਾਂ ਹੀ ਬਟਾਲਾ-ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ ਅਤੇ ਅੰਮ੍ਰਿਤਸਰ-ਰਮਦਾਸ ਤੋਂ ਡੇਰਾ ਬਾਬਾ ਨਾਨਕ ਤੱਕ ਆਉਣ ਵਾਲੀ ਸੜਕ ਨੂੰ ਚੌੜਾ ਕੀਤਾ ਜਾਵੇਗਾ। ਸਿੰਗਲਾ ਨੇ ਕਿਹਾ ਕਿ ਕੈਪਟਨ ਸਰਕਾਰ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਤੇ ਜਲਦੀ ਸਾਰੇ ਕਾਰਜ ਮੁਕੰਮਲ ਕੀਤੇ ਜਾਣਗੇ।
ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਫਤਹਿਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਤੱਕ ਸੜਕ ਦੀ ਹਾਲਤ ਖ਼ਸਤਾ ਰਹੀ ਹੈ ਤੇ ਲੋਕ ਲੰਮੇ ਸਮੇਂ ਤੋਂ ਮੁਰੰਮਤ ਮੰਗ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਨੂੰ ਬਟਾਲਾ-ਡੇਰਾ ਬਾਬਾ ਨਾਨਕ ਸੜਕ ਨੂੰ ‘ਕੌਮੀ ਮਾਰਗ’ ਐਲਾਨਣ ਬਾਰੇ ਲਿਖਿਆ ਹੈ।
ਰੰਧਾਵਾ ਨੇ ਦੱਸਿਆ ਕਿ ਮੰਗਲਵਾਰ ਨੂੰ ਸੜਕਾਂ ਸਬੰਧੀ ਟੈਂਡਰ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਸਬੇ ਨੂੰ ਵਿਰਾਸਤੀ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿੰਗਲਾ ਨੇ ਸਥਾਨਕ ਪੀਡਬਲਿਊਡੀ ਰੈਸਟ ਹਾਊਸ ਵਿਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਤੇ ਚੱਲ ਰਹੇ ਵਿਕਾਸ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਤੇ ਸਮੇਂ ਸਿਰ ਮੁਕੰਮਲ ਕਰਨ ਲਈ ਹਦਾਇਤਾਂ ਵੀ ਦਿੱਤੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐੱਸਡੀਐਮ ਗੁਰਸਿਮਰਨ ਸਿੰਘ, ਚੀਫ਼ ਇੰਜਨੀਅਰ ਜੇ.ਐੱਸ. ਮਾਨ ਤੇ ਅਰੁਣ ਕੁਮਾਰ, ਐੱਸਈ ਭੁਪਿੰਦਰ ਸਿੰਘ ਤੁਲੀ ਤੇ ਹੋਰ ਹਾਜ਼ਰ ਸਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …