ਕਿਹਾ : ਭਾਜਪਾ ਮੈਨੂੰ ਗਿ੍ਰਫ਼ਤਾਰ ਕਰਵਾਉਣਾ ਚਾਹੁੰਦੀ ਹੈ, ਤਾਂ ਜੋ ਮੈਂ ਚੋਣ ਪ੍ਰਚਾਰ ਨਾ ਕਰ ਸਕਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਲੰਘੇ ਦਿਨੀਂ ਚੌਥਾ ਸੰਮਨ ਭੇਜ ਕੇ 18 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਪ੍ਰੰਤੂ ਕੇਜਰੀਵਾਲ ਅੱਜ ਵੀ ਈਡੀ ਦੇ ਦਫ਼ਤਰ ਨਹੀਂ ਪਹੁੰਚੇ। ਚੌਥੇ ਸੰਮਨ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਮੈਨੂੰ ਗਿ੍ਰਫ਼ਤਾਰ ਕਰਵਾਉਣਾ ਚਾਹੁੰਦੀ ਹੈ ਤਾਂ ਕਿ ਮੈਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਨਾ ਕਰ ਸਕਾਂ। ਇਸ ਤੋਂ ਪਹਿਲਾਂ 2 ਨਵੰਬਰ 2023 ਨੂੰ , 21 ਦਸੰਬਰ 2023 ਨੂੰ ਅਤੇ ਲੰਘੀ 3 ਜਨਵਰੀ ਨੂੰ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਸਨ ਪੰ੍ਰਤੂ ਉਹ ਤਿੰਨੋਂ ਵਾਰ ਈਡੀ ਸਾਹਮਣੇ ਪੇਸ਼ ਨਹੀਂ ਹੋਏ। 3 ਜਨਵਰੀ ਨੂੰ ਭੇਜੇ ਗਏ ਸੰਮਨ ਦੇ ਜਵਾਬ ’ਚ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਰਾਜ ਸਭਾ ਦੀ ਚੋਣ ਅਤੇ ਗਣਤੰਤਰ ਦਿਵਸ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਹਨ ਅਤੇ ਈਡੀ ਨੇ ਜੋ ਕੁੱਝ ਵੀ ਪੁੱਛਣਾ ਉਹ ਲਿਖ ਕੇ ਭੇਜ ਦੇਣ। ਜਦਕਿ ਇਸ ਤੋਂ ਪਹਿਲਾਂ ਭੇਜੇ ਗਏ ਸੰਮਨਾਂ ਨੂੰ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ।