ਚੋਣ ਕਮੇਟੀ ਦੇ ਚੇਅਰਮੈਨ ਅਸ਼ੋਕ ਤੰਵਰ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ’ਚ ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਚੋਣ ਕਮੇਟੀ ਦੇ ਚੇਅਰਮੈਨ ਅਸ਼ੋਕ ਤੰਵਰ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਤੰਵਰ 2022 ’ਚ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਪ੍ਰੰਤੂ ਹੁਣ 22 ਮਹੀਨਿਆਂ ਮਗਰੋਂ ਉਨ੍ਹਾਂ ਅੱਜ ਆਮ ਆਦਮੀ ਪਾਰਟੀ ਨੂੰ ਵੀ ਅਲਵਿਦਾ ਆਖ ਦਿੱਤਾ। ਅਸ਼ੋਕ ਤੰਵਰ ਨੇ ਆਪਣੇ ਅਸਤੀਫ਼ੇ ਦਾ ਕਾਰਨ ਆਮ ਆਦਮੀ ਪਾਰਟੀ ਦਾ ਇੰਡੀਆ ਗੱਠਜੋੜ ਵਿਚ ਸ਼ਾਮਲ ਹੋਣਾ ਦੱਸਿਆ ਹੈ। ਕੇਜਰੀਵਾਲ ਨੂੰ ਭੇਜੇ ਆਪਣੇ ਅਸਤੀਫ਼ੇ ’ਚ ਤੰਵਰ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦੀ ਕਾਂਗਰਸ ਨਾਲ ਵਧਦੀ ਨੇੜਤਾ ਕਾਰਨ ਮੇਰੀ ਜ਼ਮੀਰ ਮੈਨੂੰ ‘ਆਪ’ ਦੀ ਇਲੈਕਸ਼ਨ ਕਮੇਟੀ ਦਾ ਚੇਅਰਮੈਨ ਬਣੇ ਰਹਿਣ ਦੀ ਆਗਿਆ ਨਹੀਂ ਦੇ ਰਹੀ। ਇਸ ਲਈ ਮੇਰਾ ਪਾਰਟੀ ਦੀ ਮੈਂਬਰਸ਼ਿਪ ਅਤੇ ਹੋਰ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੇਰਾ ਅਸਤੀਫ਼ਾ ਸਵੀਕਾਰ ਕੀਤਾ ਜਾਵੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਲੰਘੀ 5 ਜਨਵਰੀ ਨੂੰ ਆਮ ਆਦਮੀ ਪਾਰਟੀ ਦੀ ਹਰਿਆਣਾ ਇਕਾਈ ਦੀ ਉਪ ਪ੍ਰਧਾਨ ਚਿਤਰਾ ਸਰਵਾਰਾ ਆਪਣੇ ਪਿਤਾ ਨਿਰਮਲ ਸਿੰਘ ਦੇ ਨਾਲ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤੰਵਰ 20 ਜਨਵਰੀ ਨੂੰ ਨਵੀਂ ਦਿੱਲੀ ’ਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ।