Breaking News
Home / ਰੈਗੂਲਰ ਕਾਲਮ / … ਇੰਡੀਆ ਚੰਗਾ ਲੱਗਦਾ ਹੈ

… ਇੰਡੀਆ ਚੰਗਾ ਲੱਗਦਾ ਹੈ

ਕੂੜੇ ਦੇ ਥਾਂ ਥਾਂ ਢੇਰ,
ਅਵਾਰਾ ਪਸ਼ੂ ਘੁੰਮਣ ਚੁਫ਼ੇਰ,
ਰਾਹੀਆਂ ਨੂੰ ਲੈਂਦੇ ਘੇਰ,
ਤੰਗ ਕਰਦੇ ਨੇਰ੍ਹ ਸਵੇਰ,
ਹਰ ਕੋਈ ਡਰਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਬੁਰੀ ਮੰਗਣ ਦੀ ਬਿਮਾਰੀ,
ਆ ਕਰਦੇ ਤੰਗ ਭਿਖਾਰੀ,
ਐਂਵੇ ਬਦਨੀਤੀ ਧਾਰੀ,
ਤੇ ਕਰਦੇ ਫਿਰਨ ਮਕਾਰੀ,
ਧੋਖ਼ਾ ਕਰਕੇ ਠਗਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਮਿਲੀ ਹੱਦੋਂ ਵੱਧ ਅਜ਼ਾਦੀ,
ਹੋਏ ਨਸ਼ਿਆਂ ਦੇ ਵੀ ਆਦੀ,
ਕਰਦੇ ਧਨ ਉਹ ਬਰਬਾਦੀ,
ਹੁੰਦੀ ਮੁੰਡਿਆਂ ਦੀ ਨਾ ਸ਼ਾਦੀ,
ਡਰ ਮਾਪਿਆਂ ਨੂੰ ਡੰਗਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਇੱਥੇ ਕਰਦੇ ਲੋਕ ਦਿਖਾਵੇ,
ਕੌਣ ਇਹਨਾਂ ਨੂੰ ਸਮਝਾਵੇ,
ਕਰਜ਼ਾ ਭਾਰੀ ਸਿਰ ਚੜ੍ਹ ਜਾਵੇ,
ਮਗਰੋਂ ਕਿਸ ਕੰਮ ਦੇ ਪਛਤਾਵੇ,
ਜੱਟ ਖੁਦਕੁਸ਼ੀਆਂ ਕਰਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਖਾਣ ਪੀਣ ਦੇ ਬਹੁਤ ਸ਼ੁਕੀਨ,
ਖਾਂਦੇ ਪਾ ਕੇ ਵੱਧ ਨਮਕੀਨ,
ਖੁੱਲ੍ਹੇ ਠੇਕੇ ਦਾਰੂ ਪੀਣ,
ਵੇਚ ਕੇ ਖਾ ਗਏ ਕਈ ਜਮੀਨ,
ਹੁਣ ਤਾਂ ਭੁੱਖਾ ਮਰਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਮੁੰਡੇ ਕੰਮ ਨੂੰ ਹੱਥ ਨਾ ਲਾਉਂਦੇ,
ਮੋਟਰ ਸਾਈਕਲ ਰਹਿਣ ਘੁੰਮਾਉਂਦੇ,
ਬਸ ਏਧਰ ਉਧਰ ਭੌਂਦੇ,
ਕਿਵੇਂ ਮਹਿੰਗਾ ਤੇਲ ਪੁਆਉਂਦੇ,
ਕੋਈ ਪਤਾ ਨਾ ਚਲਦਾ ਹੈ…..
ਫੇਰ ਵੀ ਯਾਰੋ ਇੰਡੀਆ ਮੈਨੂੰ ਚੰਗਾ ਲੱਗਦਾ ਹੈ।

ਖੁੱਲ੍ਹੀਆਂ ਆਈਲੈਟਸ ਦੀਆਂ ਦੁਕਾਨਾਂ,
ਨਾਲ ਭਰੀਆਂ ਕੁੜੀਆਂ ਤੇ ਜੁਆਨਾਂ,
ਹਰ ਕੋਈ ਹੋਇਆ ਫਿਰੇ ਦੀਵਾਨਾ,
ਕੇਹਾ ਆਇਆ ਏ ਜ਼ਮਾਨਾ,
ਆਪਣਾ ਸਭ ਕੁੱਝ ਹਰਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਹੱਥਾਂ ‘ਚ ਫੋਨ ਵੀ ਆਮ,
ਹੋਵੇ ਸ਼ਹਿਰ ਭਾਵੇਂ ਗਰਾਮ,
ਰਹਿਣ ਬਿਜੀ ਸਵੇਰੇ ਸ਼ਾਮ,
ਸਭ ਨਕਲੀ ਤਾਮ ਝਾਮ,
ਇਹੀ ਹਾਲ ਹੁਣ ਸਭ ਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਵਿਹਲੇ ਘੁੰਮਣ ਕਾਕੇ ਇੱਥੇ,
ਕਰਦੇ ਰੋਜ਼ ਹੀ ਵਾਕੇ ਇੱਥੇ
ਕੋਈ ਫ਼ਿਕਰ ਨਾ ਫਾਕੇ ਇੱਥੇ,
ਭਾਵੇਂ ਪੁਲਸ ਦੇ ਨਾਕੇ ਇੱਥੇ,
ਪਰ ਕੋਈ ਨਾ ਡਰਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਕੋਠੀਆਂ ਪਿੰਡਾਂ ‘ਚ ਪਈਆਂ ਖਾਲੀ,
ਕੋਈ ਕਰਦਾ ਨਾ ਰਖਵਾਲੀ,
ਭਾਵੇਂ ਕਈਆਂ ਰੱਖੇ ਮਾਲੀ,
ਹੜੱਪੀ ਪੇਪਰ ਬਣਾ ਕੇ ਜਾਹਲੀ,
ਬੰਦਾ ਸਰਦਾ ਪੁੱਜਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਹਸਪਤਾਲਾਂ ‘ਚ ਹੋਵੇ ਲੁੱਟ,
ਮਾੜਾ ਬੰਦਾ ਜਾਂਦਾ ਟੁੱਟ,
ਆਵੇ ਸਾਹ ਨਾ ਜਾਵੇ ਘੁੱਟ,
ਕੱਢ ਕੇ ਬਾਹਰ ਵੀ ਦਿੰਦੇ ਸੁੱਟ,
ਜਦੋਂ ਕੋਈ ਬਿੱਲ ਨਾ ਭਰਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਫਿਰਨ ਖੁੱਲ੍ਹੇ ਚੋਰ ਉਚੱਕੇ,
ਮਾੜੇ ਨੂੰ ਤਾਂ ਪੈਂਦੇ ਧੱਕੇ,
ਕਈ ਜੇਹਲੀਂ ਐਵੇਂ ਡੱਕੇ,
ਕੌਣ ਤਕੜੇ ਵੱਲ ਤੱਕੇ,
ਉਹ ਨਾ ਕਿਸੇ ਤੋਂ ਡਰਦਾ ਹੈ…..
ਫੇਰ ਵੀ ਯਾਰੋ ਇੰਡੀਆ ਮੈਨੂੰ ਚੰਗਾ ਲੱਗਦਾ ਹੈ।

ਨਸ਼ਿਆਂ ਦੇ ਫਿਰਨ ਵਪਾਰੀ,
ਪਾਈ ਨਾਲ ਨੇਤਾਵਾਂ ਯਾਰੀ,
ਇਹ ਰਹਿੰਦੇ ਨਾਲ ਤਿਆਰੀ,
ਮੌਤ ਵੇਚਣ ਨਾਲ ਮਕਾਰੀ,
ਕੋਈ ਵੀ ਰਿਹਾ ਨਾ ਪਰਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਹੋਇਆ ਔਖਾ ਘੁੰਮਣ ਲੁਟੇਰੇ,
ਫਿਰਦੇ ਚਾੜ੍ਹ ਮਖੌਟੇ ਚਿਹਰੇ,
ਕਿਵੇਂ ਵਧੇ ਹੋਏ ਨੇ ਜੇਰੇ,
ਰਿਹਾ ਵੱਸ ਨਾ ਤੇਰੇ ਮੇਰੇ,
ਹਰ ਕੋਈ ਹਾਉਂਕੇ ਭਰਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਸੜਕਾਂ ਤੇ ਥਾਂ ਥਾਂ ਟੋਲ,
ਹੋਏ ਬੰਦ ਨਾ ਕੀਤੇ ਘੋਲ,
ਕੋਈ ਕਰਦਾ ਨਾ ਪੜਚੋਲ,
ਗੱਲ ਕਰਦੇ ਨੇ ਗੋਲ ਮੋਲ,
ਜ਼ਿੰਮੇਂਵਾਰੀ ਤੋਂ ਭੱਜਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਜਾਈਏ ਵਿਦੇਸ਼ੋਂ ਵਾਰ ਵਾਰ,
ਚਲਦਾ ਟੈਕਸੀ ਦਾ ਕੰਮ ਕਾਰ,
ਮਿਲੀਏ ਜਾ ਕੇ ਰਿਸ਼ਤੇਦਾਰ,
ਭਾਵੇਂ ਨਕਲੀ ਜਿਹਾ ਪਿਆਰ,
ਗੱਲ ਮਤਲਬ ਦੀ ਕਰਦਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।

ਸ਼ਾਮ ਸਵੇਰੇ ਰੱਬ ਧਿਆਉਂਦੇ,
ਗੁਰਪੁਰਬ ਨੂੰ ਰਲ ਮਨਾਉਂਦੇ,
ਲੰਗਰ ਵੀ ਥਾਂ ਥਾਂ ਲਾਉਂਦੇ,
ਬੜੇ ਪਿਆਰ ‘ਨਾ ਖੜ੍ਹ ਛਕਾਉਂਦੇ,
‘ਸੁਲੱਖਣਾ’ ਇੱਕ ਸ਼ਰਧਾ ਹੈ…..
ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ।
– ਸੁਲੱਖਣ ਮਹਿਮੀ ,
+647-786-6329

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …