Breaking News
Home / ਰੈਗੂਲਰ ਕਾਲਮ / ਨਵੀਂ ਨੌਕਰੀ

ਨਵੀਂ ਨੌਕਰੀ

ਜਰਨੈਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਗੁਰਮੀਤ ਹੇਅਰ ਸਾਹਿਤ ਸਭਾ ਸ਼ਾਮਚੁਰਾਸੀ ਦਾ ਮੈਂਬਰ ਸੀ। ਉਸਦੇ ਕਹਿਣ ‘ਤੇ ਮੈਂ ਵੀ ਉਸ ਸਭਾ ਨਾਲ਼ ਜੁੜ ਗਿਆ। ਸਭਾ ਦੇ ਇਕ ਸਮਾਗਮ ਵਿਚ ਪ੍ਰੇਮ ਗੋਰਖੀ ਨਾਲ਼ ਜਾਣ-ਪਛਾਣ ਹੋ ਗਈ। ਮੈਂ ਉਸ ਨੂੰ ਕੁਝ ਕਹਾਣੀਆਂ ਭੇਜੀਆਂ। ਉਸਦੀ ਰਾਇ ਉਤਸ਼ਾਹੀ ਟੋਨ ਵਾਲ਼ੀ ਸੀ। ਵਾਕਫੀਅਤ ਬਣ ਗਈ।
ਭੈਣ ਜੀ ਅਮਰ ਕੌਰ ਦੇ ਪਰਿਵਾਰ ਨਾਲ਼ ਨੇੜਤਾ ਆਦਮਪੁਰ ਅਸੀਂ ਕਿਰਾਏ ਦੇ ਮਕਾਨ ‘ਚ ਰਹਿੰਦੇ ਸਾਂ। ਸਾਡੇ ਸ਼ਰੀਕੇ ‘ਚੋਂ ਲਗਦੇ ਤਾਏ ਮੁਣਸ਼ਾ ਸਿੰਘ ਦੀ ਧੀ ਬੀਬੀ ਅਮਰ ਕੌਰ ਵੀ ਆਦਮਪੁਰ ਵਸਦੀ ਸੀ। ਉਹ ਉਮਰ ਵਿਚ ਮੈਥੋਂ ਕਾਫ਼ੀ ਵੱਡੀ ਸੀ। ਉਸਦਾ ਪਤੀ ਸ.ਲਾਲ ਸਿੰਘ ਬੈਂਸ ਇੰਗਲੈਂਡ ‘ਚ ਸੀ। ਭੈਣ ਜੀ ਸਾਨੂੰ ਕਹਿਣ ਲੱਗੀ, ”ਅਸੀਂ ਹੁਣ ਇੰਗਲੈਂਡ ਚਲੇ ਜਾਣਾ ਆਂ, ਤੁਸੀਂ ਸਾਡੇ ਮਕਾਨ ‘ਚ ਆ ਜਾਉ।” ਭੈਣ ਦੇ ਮਕਾਨ ‘ਚ ਮੁਫਤ ਰਹਿਣਾ ਠੀਕ ਨਹੀਂ ਸੀ। ਕਿਰਾਏ ਦੀ ਗੱਲ ਟੁੱਕ ਕੇ ਅਸੀਂ ਉਨ੍ਹਾਂ ਦੇ ਘਰ ਰਹਿਣ ਲੱਗ ਪਏ। ਉਨ੍ਹਾਂ ਦੀ ਇਕੋ-ਇਕ ਸੰਤਾਨ ਹੈ, ਬਲਵਿੰਦਰ। ਉਮਰ ਵਿਚ ਮੈਥੋਂ ਥੋੜ੍ਹਾ ਹੀ ਛੋਟਾ ਹੋਣ ਕਰਕੇ ਉਹ ਮੈਨੂੰ ਮਾਮਾ ਨਹੀਂ ਭਾ ਜੀ ਸੱਦਦਾ ਹੈ। ਕਾਨਵੈਂਟ ਸਕੂਲ ਦਿਗਸ਼ਈ ਦਾ ਪੜ੍ਹਿਆ, ਵਧੀਆ ਦੌੜਾਕ ਬਲਵਿੰਦਰ ਸਮਾਰਟ ਤੇ ਸੂਝਵਾਨ ਨੌਜਵਾਨ ਹੈ। ਉਹ ਕੁਝ ਸਮਾਂ ਪਹਲਿਾਂ ਇੰਗਲੈਂਡ ਚਲਾ ਗਿਆ ਸੀ। ਭੈਣ ਜੀ ਨੇ ਠਹਿਰ ਕੇ ਜਾਣਾ ਸੀ। ਉਹ ਵੱਖਰੀ ਰੋਟੀ ਪਕਾਉਣੀ ਚਾਹੁੰਦੀ ਸੀ ਪਰ ਅਸੀਂ ਉਸਨੂੰ ਆਪਣੇ ਨਾਲ਼ ਹੀ ਖਾਣ-ਪੀਣ ਲਈ ਮਨਾ ਲਿਆ। ਭੈਣ ਜੀ ਸੁਭਾਅ ਦੇ ਥੋੜ੍ਹੇ ਗਰਮ ਸਨ। ਪਰ ਦਿਲ ਵਿਚ ਅਪਣਤ ਬਹੁਤ ਸੀ। ਹਿੰਮਤ-ਹੌਸਲਾ ਵੀ ਬੜਾ ਸੀ। ਸ.ਲਾਲ ਸਿੰਘ ਸਾਧੂ ਸੁਭਾਅ ਦੇ ਸਨ। ਡੇਢ ਕੁ ਸਾਲ ਬਾਅਦ ਭੈਣ ਜੀ ਵੀ ਇੰਗਲੈਂਡ ਚਲੇ ਗਏ। ਆਪਣੀ ਜ਼ਮੀਨ ਤੇ ਦੁਕਾਨਾਂ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਗਏ। ਮੈਂ ਉਨ੍ਹਾਂ ਦੀ ਜ਼ਮੀਨ ਦੇ ਠੇਕੇ ਅਤੇ ਦੁਕਾਨਾਂ ਦੇ ਕਿਰਾਏ ਦੇ ਇਕ-ਇਕ ਪੈਸੇ ਦਾ ਹਿਸਾਬ ਲਿਖਦਾ ਤੇ ਉਨ੍ਹਾਂ ਦੇ ਬੈਂਕ-ਖਾਤੇ ‘ਚ ਜਮ੍ਹਾਂ ਕਰਵਾ ਦਿੰਦਾ। ਮਕਾਨ ਕਾਫ਼ੀ ਵੱਡਾ ਸੀ। ਪਿਛਲੇ ਕਈ ਸਾਲਾਂ ਤੋਂ ਘਰ ਦੀ ਸਫਾਈ ਤੇ ਭਾਂਡਾ-ਟੀਂਡਾ ਧੋਣ ਦਾ ਕੰਮ ਸੀਬੋ ਨਾਂ ਦੀ ਔਰਤ ਕਰਦੀ ਸੀ। ਉਸਨੂੰ ਹਟਾਉਣ ਨਾਲ਼ ਉਸਦਾ ਹੱਥ ਤੰਗ ਹੋ ਜਾਣਾ ਸੀ। ਉਸਦੇ ਪਹਿਲਾਂ ਜਿੰਨੇ ਮਿਹਨਤਾਨੇ ‘ਤੇ ਅਸੀਂ ਉਸਨੂੰ ਕੰਮ ਜਾਰੀ ਰੱਖਣ ਲਈ ਆਖ ਦਿੱਤਾ। ਭੈਣ ਜੀ ਤੇ ਉਨ੍ਹਾਂ ਦਾ ਪਰਿਵਾਰ ਜਦੋਂ ਇੰਡੀਆ ਆਉਂਦੇ ਤਾਂ ਘਰ ਵਿਚ ਰੌਣਕ ਲੱਗ ਜਾਂਦੀ। ਅਸੀਂ ਸਾਰੇ ਜਣੇ ਇਕੱਠੇ ਬਹਿ ਕੇ ਖਾਂਦੇ-ਪੀਂਦੇ, ਗੱਲਾਂ-ਬਾਤਾਂ ਮਾਰਦੇ। ਅਸੀਂ ਕਦੀ ਵੀ ਉਨ੍ਹਾਂ ਨੂੰ ਵੱਖਰੀ ਰਸੋਈ ਨਹੀਂ ਸੀ ਤਪਾਉਣ ਦਿੱਤੀ। ਉਨ੍ਹਾਂ ਮੈਥੋਂ ਮਕਾਨ ਦਾ ਕਿਰਾਇਆ ਲੈਣਾ ਬੰਦ ਕਰ ਦਿੱਤਾ ਸੀ।
ਅਸੀਂ ਪਿੰਡ ਵਾਲ਼ੇ ਪਰਿਵਾਰ ਨਾਲ਼ ਵੀ ਜੁੜੇ ਹੋਏ ਸਾਂ। ਤਕਰੀਬਨ ਹਰੇਕ ਵੀਕ-ਐਂਡ ਅਸੀਂ ਪਿੰਡ ਚਲੇ ਜਾਂਦੇ। ਜ਼ਰੂਰਤ ਪੈਣ ‘ਤੇ ਮੈਂ ਹੋਰ ਦਿਨਾਂ ਵਿਚ ਵੀ ਆਦਮਪੁਰ ਮੁੜਨ ਦੀ ਬਜਾਇ ਪਿੰਡ ਚਲਾ ਜਾਂਦਾ। ਸਾਡੇ ਪਰਿਵਾਰ ਸਮੇਤ ਪੰਜਾਬ ਦੇ ਆਮ ਕਿਸਾਨ, ਘਰਾਂ-ਪਰਿਵਾਰਾਂ ਦੇ ਗੁਜ਼ਾਰੇ ਚਲਾਈ ਤਾਂ ਜਾਂਦੇ ਸਨ ਪਰ ਹੱਥ ਘੁੱਟ ਕੇ। ਦਰਅਸਲ ਹਰੇ ਇਨਕਲਾਬ ਨਾਲ਼ ਕਿਸਾਨਾਂ ਦੀ ਬਿਹਤਰ ਹੋਈ ਆਰਥਿਕਤਾ ਦਾ ਗਰਾਫ ਹੇਠਾਂ ਆਉਣ ਲੱਗ ਪਿਆ ਸੀ। ਖਾਦਾਂ, ਫ਼ਸਲੀ-ਦਵਾਈਆਂ, ਬੀਜ ਆਦਿ ਦੇ ਖਰਚੇ ਵਧ ਗਏ ਸਨ ਤੇ ਜਿਣਸਾਂ ਦਾ ਭਾਅ ਬਹੁਤ ਘਟ ਸੀ।
ਸਾਥੋਂ ਸਭ ਤੋਂ ਵੱਡੀ ਭੈਣ ਬਖ਼ਸ਼ੀਸ਼ ਕੌਰ ਦੇ ਸਹੁਰਾ-ਪਰਿਵਾਰ ਦਾ ਮਾਹੌਲ ਠੀਕ ਨਹੀਂ ਸੀ। ਜੀਜਾ ਜੀ ਜੋਗਿੰਦਰ ਸਿੰਘ ਸਹੋਤਾ ਮਿਹਨਤੀ ਸੀ। ਟਰੱਕ ਡਰਾਈਵਰੀ ਕਰਦਿਆਂ ਉਸਨੇ ਆਪਣਾ ਟਰੱਕ ਲੈ ਲਿਆ ਸੀ। ਚਾਰ ਪੈਸੇ ਹੱਥ ‘ਚ ਹੈਗੇ ਸਨ। ਸਾਡੀ ਅਜੜਾਮ ਵਾਲ਼ੀ ਜ਼ਮੀਨ ਲਾਗੇ, ਲਿੰਕ ਰੋਡ ਨਾਲ਼ ਲਗਦੀ 9 ਘੁਮਾਂ ਜ਼ਮੀਨ ਵਿਕਾਊ ਸੀ। ਬਾਪੂ ਜੀ ਨੇ ਸਲਾਹ ਦਿੱਤੀ ਤੇ ਜੋਗਿੰਦਰ ਸਿੰਘ ਨੇ ਉਹ ਖ਼ਰੀਦ ਲਈ। ਸਾਡੇ ਇੰਗਲੈਂਡ ਵਸਦੇ ਕਜ਼ਨ ਪ੍ਰੀਤਮ ਸਿੰਘ ਦੀ ਜ਼ਮੀਨ ਅਸੀਂ ਠੇਕੇ ‘ਤੇ ਵਾਹੁੰਦੇ ਸਾਂ। ਉਸਦਾ ਪਿੰਡ ਵਾਲ਼ਾ ਘਰ ਖਾਲੀ ਸੀ। ਉਸਨੂੰ ਪੁੱਛ ਕੇ ਅਸੀਂ ਭੈਣ ਜੀ ਦੇ ਪਰਿਵਾਰ ਨੂੰ ਉਸ ਘਰ ਵਿਚ ਲੈ ਆਏ।
ਬਾਪੂ ਜੀ ਤੇ ਕੁਲਦੀਪ ਦੀ ਰਜ਼ਾਮੰਦੀ ਨਾਲ਼ ਬਾਬਾ ਨਿਹਾਲ ਸਿੰਘ ਨੇ ਦਲਜੀਤ ਸਿੰਘ ਨੂੰ ਆਪਣਾ ਡਰਾਈਵਰ ਬਣਾ ਲਿਆ। ਦਲਜੀਤ ਸਿੰਘ ਕੋਈ ਤਨਖਾਹ ਨਹੀਂ ਸੀ ਲੈਂਦਾ। ਪਰਿਵਾਰ ਦੀ ਨਿਸ਼ਕਾਮ ਸੇਵਾ ਸੀ ਉਹ।ਮੁੱਖ ਗੁਰਦਵਾਰਾ ‘ਹਰੀਆਂ ਵੇਲਾਂ’ ਤੋਂ ਇਲਾਵਾ ਜਥੇਬੰਦੀ ਦੇ ਹੋਰ ਵੀ ਕਈ ਗੁਰਦਵਾਰੇ ਸਨ। ਬੀਬੀ ਤੇ ਭਰਾ ਕੁਲਦੀਪ ਵੀ ਅੰਮ੍ਰਿਤਧਾਰੀ ਹੋ ਗਏ ਸਨ। ਕੁਲਦੀਪ ਸਿੰਘ ਹੁਣ ਸੁਹੇਲ ਸਿੰਘ ਬਣ ਗਿਆ ਸੀ।
ਬਾਬਾ ਜੀ ਨੇ ਧਾਰਮਿਕ ਖੇਤਰ ਤੋਂ ਇਲਾਵਾ ਵਿਦਿਆ ਦੇ ਖੇਤਰ ਵਿਚ ਵੀ ਯੋਗਦਾਨ ਪਾਇਆ ਹੈ। ਇਲਾਕੇ ਵਿਚ ਲੜਕੀਆਂ ਦੇ ਕਾਲਜ ਦੀ ਲੋੜ ਮਹਿਸੂਸ ਕਰਦਿਆਂ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਪ੍ਰੇਰਿਆ… ਤਰਨਾ ਦਲ ਜਥੇਬੰਦੀ, ਇਲਾਕੇ ਦੇ ਪਰਵਾਸੀਆਂ ਤੇ ਪਿੰਡਾਂ ਦੇ ਲੋਕਾਂ ਦੇ ਸਾਂਝੇ ਯਤਨਾਂ ਨਾਲ਼ ਪਿੰਡ ਚੱਬੇਵਾਲ਼ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਦੀ ਉਸਾਰੀ ਹੋ ਗਈ। ਬਾਬਾ ਜੀ ਦੀ ਅਗਵਾਈ ਇਹ ਕਾਲਜ ਵਧੀਆ ਢੰਗ ਨਾਲ਼ ਚਲ ਰਿਹਾ ਹੈ।
ਬਾਪੂ ਜੀ ਅੱਖਾਂ ਮੀਟ ਗਏ
ਬਾਪੂ ਜੀ ਨੂੰ ਲੱਗੀ ਮਰੋੜਾਂ ਦੀ ਬਿਮਾਰੀ ਵਧਦੀ ਜਾ ਰਹੀ ਸੀ। ਮੈਂ ਉਨ੍ਹਾਂ ਨੂੰ ਜਲੰਧਰ ਦੇ ਗੁਲਾਬ ਦੇਵੀ ਹਸਪਤਾਲ ਲੈ ਗਿਆ। ਕੁਝ ਟੈਸਟਾਂ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਬਾਪੂ ਜੀ ਦੇ ਪੇਟ ‘ਚ ਕੈਂਸਰ ਸੀ। ਕੈਂਸਰ ਦਾ ਨਾਂ ਸੁਣ ਕੇ ਮੇਰਾ ਸਿਰ ਚਕਰਾ ਗਿਆ। ਡਾਕਟਰਾਂ ਨੇ ਸੀ.ਐਮ.ਸੀ ਲੁਧਿਆਣਾ ਜਾਣ ਦੀ ਸਲਾਹ ਦਿੱਤੀ। ਨਾਮੁਰਾਦ ਬਿਮਾਰੀ ਬਾਰੇ ਮੈਂ ਦੋਨਾਂ ਭਰਾਵਾਂ ਨੂੰ ਤਾਂ ਦੱਸ ਦਿੱਤਾ ਪਰ ਬਾਪੂ ਜੀ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਧੁਸਕ ਨਾ ਲੱਗਣ ਦਿੱਤੀ।
ਸੀ.ਐਮ.ਸੀ ਦੇ ਡਾਕਟਰਾਂ ਨੇ ਕੁਝ ਹੋਰ ਟੈਸਟ ਕੀਤੇ ਅਤੇ ਕਹਿਣ ਲੱਗੇ, ”ਅਪਰੇਸ਼ਨ ਕਰਵਾ ਲਉ। ਤੁਹਾਡਾ ਮਰੀਜ਼ ਪੰਜ ਸਾਲ ਠੀਕ-ਠਾਕ ਰਹੇਗਾ।” ਉਸ ਸਥਿਤੀ ‘ਚ ਸਾਡੇ ਲਈ ਪੰਜ ਸਾਲ ਹੀ ਬਹੁਤ ਸਨ। ਬਾਪੂ ਜੀ ਨੇ ਜ਼ਿੰਦਗੀ ‘ਚ ਬਹੁਤ ਸੰਘਰਸ਼ ਕੀਤਾ ਸੀ ਪਰ ਅਜੇ ਤੱਕ ਸੁੱਖ-ਆਰਾਮ ਨਹੀਂ ਸੀ ਮਾਣ ਸਕੇ। ਹੁਣ ਉਨ੍ਹਾਂ ਦੇ ਇਹ ਪੰਜ ਸਾਲ ਸੁਖ-ਆਰਾਮ ਵਾਲ਼ੇ ਬਣਾਏ ਜਾ ਸਕਦੇ ਸਨ। ਅਸੀਂ ਅਪਰੇਸ਼ਨ ਵਾਸਤੇ ਹਾਂ ਕਰ ਦਿੱਤੀ।
ਸਾਨੂੰ ਬਾਅਦ ‘ਚ ਪਤਾ ਲੱਗਾ ਕਿ ਡਾਕਟਰਾਂ ਨੇ ਬਾਪੂ ਜੀ ਦੇ ਵਧ ਗਏ ਕੈਂਸਰ ਦੀ ਗੱਲ ਸਾਥੋਂ ਲੁਕੋ ਲਈ ਸੀ। ਉਨ੍ਹਾਂ ਦਾ ਗੁੱਝਾ ਮੰਤਵ ਬਾਪੂ ਜੀ ਨੂੰ ਕੇਸ-ਸਟੱਡੀ ਬਣਾਉਣਾ ਸੀ, ਹਸਪਤਾਲ ਨਾਲ਼ ਚਲਦੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਲਈ। ਅਪਰੇਸ਼ਨ ਤੋਂ ਬਾਅਦ ਮੈਂ ਦੇਖਿਆ ਕਿ ਸਰਜੀਕਲ ਸਪੈਸ਼ਲਿਸਟ ਤੇ ਵਿਦਿਆਰਥੀ ਹਰ ਰੋਜ਼ ਬਾਪੂ ਜੀ ਦੇ ਬੈੱਡ ਕੋਲ਼ ਆ ਕੇ, ਉਨ੍ਹਾਂ ਦਾ ਕੇਸ ਡਿਸਕਸ ਕਰਿਆ ਕਰਦੇ ਸਨ।
ਹਸਪਤਾਲੋਂ ਛੁੱਟੀ ਮਿਲਣ ‘ਤੇ ਬਾਪੂ ਜੀ ਨੂੰ ਮੈਂ ਤਿੰਨ ਹਫ਼ਤੇ ਆਦਮਪੁਰ ਆਪਣੇ ਕੋਲ਼ ਰੱਖਿਆ। ਪਿੰਡ ਜਾ ਕੇ ਡੇਢ ਕੁ ਮਹੀਨੇ ਬਾਅਦ ਹੀ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਮੈਂ ਤੇ ਦਲਜੀਤ ਸਿੰਘ ਉਨ੍ਹਾਂ ਨੂੰ ਟੈਕਸੀ ‘ਚ ਸੀ.ਐਮ.ਸੀ ਹਸਪਤਾਲ ਲੈ ਤੁਰੇ। ਰਾਮਾ ਮੰਡੀ (ਜਲੰਧਰ ਛਾਉਣੀ) ਲੰਘ ਕੇ ਫਗਵਾੜੇ ਤੋਂ ਉਰੇ ਚਹੇੜੂ ਹੀ ਪਹੁੰਚੇ ਸਾਂ ਕਿ ਬਾਪੂ ਜੀ ਦੀ ਤਬੀਅਤ ਨਾਜ਼ਕ ਹੋ ਗਈ। ਲੁਧਿਆਣਾ ਦੂਰ ਸੀ। ਅਸੀਂ ਵਾਪਸ ਮੁੜ ਕੇ ਜਲੰਧਰ ਛਾਉਣੀ ਦੇ ਰੁਬੀ ਨੈਲਸਨ ਹਸਪਤਾਲ ਚਲੇ ਗਏ। ਜਰਮਨ ਈਸਾਈਆਂ ਦੇ ਉਸ ਹਸਪਤਾਲ ਦੀਆਂ ਸਿਫਤਾਂ ਲੋਕਾਂ ਕੋਲ਼ੋਂ ਸੁਣੀਆਂ ਹੋਈਆਂ ਸਨ। ਬਾਪੂ ਜੀ ਨੂੰ ਅੰਦਰ ਲਿਜਾਣ ਲਈ ਸਟਰੈਚਰ ਦੀ ਲੋੜ ਸੀ। ਹਸਪਤਾਲ ਅੰਦਰ ਜਾ ਕੇ ਮੈਂ ਦੇਖਿਆ ਕਿ ਹਸਪਤਾਲ ਦਾ ਮੁੱਖ-ਡਾਕਟਰ ਆਪਣੇ ਦਫ਼ਤਰ ‘ਚ ਸੀ। ਸੀ.ਐਮ.ਸੀ ਦੀ ਫਾਈਲ ਦਿਖਾਉਂਦਿਆਂ ਮੈਂ ਉਸ ਕੋਲ਼ ਸਥਿਤੀ ਬਿਅਨ ਕੀਤੀ। ”ਮੈਂ ਮਰੀਜ਼ ਨੂੰ ਪਹਿਲਾਂ ਟੈਕਸੀ ‘ਚ ਹੀ ਦੇਖਦਾਂ”,ਆਖਦਿਆਂ ਉਹ ਨੇਕ ਇਨਸਾਨ ਮੇਰੇ ਨਾਲ਼ ਹੀ ਬਾਹਰ ਆ ਗਿਆ। ਟੈਕਸੀ ਕੋਲ਼ ਪਹੁੰਚ ਕੇ ਮੈਂ ਦੇਖਿਆ ਕਿ ਦਲਜੀਤ ਸਿੰਘ ਦੇ ਚਿਹਰੇ ‘ਤੇ ਸੋਗ ਸੀ। ਬਾਪੂ ਜੀ ਦਾ ਸਿਰ ਉਸਦੀ ਗੋਦ ‘ਚ ਸੀ। ਭਰੜਾਈ ਆਵਾਜ਼ ‘ਚ ਉਹ ਬੋਲਿਆ, ”ਬਾਪੂ ਜੀ ਸਾਨੂੰ ਛੱਡ ਗਏ।”ਡੂੰਘਾ ਹਾਉਕਾ ਭਰਦਿਆਂ ਮੇਰੀਆਂ ਅੱਖਾਂ ਵਹਿ ਤੁਰੀਆਂ। ਨਬਜ਼ ਚੈੱਕ ਕਰਦਿਆਂ ਡਾਕਟਰ ਨੇ ”ਵੈਰ੍ਹੀ ਸੌਰੀ” ਦੇ ਸ਼ਬਦਾਂ ਨਾਲ਼ ਦੁੱਖ ਦਾ ਇਜ਼ਹਾਰ ਕੀਤਾ।
ਸੀ.ਐਮ.ਸੀ ਦੇ ਡਾਕਟਰਾਂ ਦੀ ਬਦਨੀਤੀ ਬਾਰੇ ਜਾਣ ਕੇ ਮੇਰੇ ਮਨ ‘ਚ ਫ਼ਿਕਰ ਤਾਂ ਸੀ ਪਰ ਫਿਰ ਵੀ ਏਨੀ ਕੁ ਆਸ ਹੈਗੀ ਸੀ ਕਿ ਬਾਪੂ ਜੀ, ਜੇ ਪੰਜ ਸਾਲ ਨਹੀਂ ਤਾਂ ਸਾਲ-ਡੇਢ ਸਾਲ ਤਾਂ ਕੱਟ ਹੀ ਜਾਣਗੇ। 40 ਸਾਲ ਪਹਿਲਾਂ ਦੀ ਇਸ ਘਟਨਾ ਵਰਗੀਆਂ, ਡਾਕਟਰਾਂ ਦੀਆਂ ਬੇਈਮਾਨੀਆਂ ਤੇ ਧੋਖੇਬਾਜ਼ੀਆਂ ਭਾਰਤ ਵਿਚ ਹੁਣ ਤਾਂ ਹੋਰ ਵੀ ਵਧ ਗਈਆਂ ਹਨ। ਬਾਪੂ ਜੀ ਦੀ ਮੌਤ ਸਾਡੇ ਪਰਿਵਾਰ ਲਈ ਬਹੁਤ ਵੱਡੀ ਘਾਟ ਸੀ।
ਕਬੀਲਦਾਰੀ ਦੇ ਸਿਲਸਲੇ ਵਿਚ ਜ਼ਿੰਮੇਵਾਰੀਆਂ ਤਾਂ ਭਾਵੇਂ ਪਰਿਵਾਰ ਦੇ ਸਾਰੇ ਮੈਂਬਰ ਨਿਭਾ ਰਹੇ ਸਨ ਪਰ ਅਗਵਾਈ ਬਾਪੂ ਜੀ ਦੀ ਹੀ ਸੀ। ਜ਼ਿੰਦਗੀ ‘ਚ ਕਰੜੇ ਵਕਤ ਹੰਢਾਏ ਹੋਣ ਕਰਕੇ ਉਨ੍ਹਾਂ ਨੂੰ ਡੂੰਘੀ ਸੂਝ-ਸਿਆਣਪ ਸੀ। ਪਰਿਵਾਰਕ ਕਾਰਜਾਂ ਦੇ ਨਾਲ਼-ਨਾਲ਼ ਉਹ ਲੋਕਾਂ ਦੇ ਕੰਮ ਵੀ ਆਉਂਦੇ ਸਨ। ਕਈ ਵਾਰ ਆਪਣਾ ਗੁਆ ਕੇ ਲੋਕਾਂ ਦਾ ਸੁਆਰਦੇ ਸਨ। ਉਨ੍ਹਾਂ ਦੇ ਸਸਕਾਰ ‘ਤੇ ਪਿੰਡ ਅਤੇ ਆਸੇ-ਪਾਸੇ ਦੇ ਅਨੇਕਾਂ ਲੋਕ ਢੁੱਕੇ ਸਨ।
ਸੁਸਾਇਟੀਆਂ ਦੀ ਪੜਤਾਲ ਸੰਬੰਧੀ ਅਗਲੀ ਕਾਰਵਾਈ ਲਈ ਰੀਵਿਊ ਕਮੇਟੀ (ReviewCommittee) ਬਣਾਈ ਗਈ। ਜਿਨ੍ਹਾਂ ਕੇਂਦਰੀ ਸਹਿਕਾਰੀ ਬੈਂਕਾਂ ਦੇ ‘ਸ਼ਕੀਆ ਤੇ ਡੁੱਬ ਰਹੇ ਕਰਜ਼ੇ’ ਜ਼ਿਆਦਾ ਸਨ, ਇਹ ਕਮੇਟੀਆਂ ਉਨ੍ਹਾਂ ਬੈਂਕਾਂ ਵਿਚ ਬਣਾਈਆਂ ਗਈਆਂ ਸਨ। ਕੇਂਦਰੀ ਬੈਂਕ ਦਾ ਜਨਰਲ ਮੈਨੇਜਰ, ਏਪੈੱਕਸ ਬੈਂਕ ਤੇ ਰਿਜ਼ਰਵ ਬੈਂਕ ਦਾ ਇਕ-ਇਕ ਪ੍ਰਤਿਨਿਧ ਅਤੇ ਜ਼ਿਲ੍ਹੇ ਦਾ ਡਿਪਟੀ ਰਜਿਸਟਰਾਰ ਇਸ ਕਮੇਟੀ ਦੇ ਮੈਂਬਰ ਸਨ। ਹਰ ਤਿੰਨ ਮਹੀਨੇ ਬਾਅਦ ਇਸ ਕਮੇਟੀ ਦੀ ਮੀਟਿੰਗ ਹੁੰਦੀ ਸੀ। ਜਿੰਨੀਆਂ ਕੁ ਸੁਸਾਇਟੀਆਂ ‘ਤੇ ਵਿਚਾਰ ਕਰਨੀ ਸੰਭਵ ਹੁੰਦੀ, ਮੈਂ ਓਨੀਆਂ ਕੁ ਦੀ ਪੜਤਾਲ ਦੇ ਵੇਰਵੇ ਪੇਸ਼ ਕਰ ਦੇਂਦਾ। ਹਰ ਸੁਸਾਇਟੀ ਦੀ ਪੜਤਾਲ ਨੂੰ ਵਿਸਥਾਰ ਸਹਿਤ ਵਿਚਾਰਿਆ ਜਾਂਦਾ। ਵਿਚਾਰ-ਵਟਾਂਦਰੇ ਬਾਅਦ ਵਸੂਲ ਹੋ ਸਕਣ ਵਾਲ਼ੇ ਕਰਜਿਆਂ ਲਈ ਸੰਬੰਧਿਤ ਇਨਸਪੈਕਟਰਾਂ ਨੂੰ ਐਕਸ਼ਨ ਤੇਜ਼ ਕਰਨ ਲਈ ਤਾਕੀਦ ਕੀਤੀ ਜਾਂਦੀ। ਜਿਹੜੇ ਕਰਜ਼ਦਾਰ ਮਰ-ਮੁੱਕ ਗਏ ਸਨ ਤੇ ਉਨ੍ਹਾਂ ਦੇ ਜਾਮਨਾਂ ਦੀ ਹਾਲਤ ਪਤਲੀ ਸੀ, ਉਨ੍ਹਾਂ ‘ਤੇ ਕਲਮ ਫੇਰਨ ਦੀ ਸਿਫਾਰਿਸ਼ ਕੀਤੀ ਜਾਂਦੀ ਸੀ। ਕਰਜਿਆਂ ‘ਤੇ ਕਲਮ ਫੇਰਨ ਲਈ ‘ਰਿਹੈਬਲੀਟੇਸ਼ਨ ਫੰਡ’ (RehabilitationFund) ਕਾਇਮ ਕੀਤਾ ਗਿਆ ਸੀ।
(ਚਲਦਾ)

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 16ਵੀਂ ਸਹਿਜ-ਸੁਖਾਵੇਂ ਹਾਲਾਤ ਦੇ ਫਲਸਰੂਪ ਮੇਰੀ ਸੁੱਕ ਚੁੱਕੀ ਸਿਰਜਣਾਤਮਿਕ ਨਦੀ ਮੁੜ ਸਿੰਮ …