Breaking News
Home / ਨਜ਼ਰੀਆ / ਲੁਧਿਆਣਾ ਵਿਚ ਬਿਨਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ

ਲੁਧਿਆਣਾ ਵਿਚ ਬਿਨਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ

ਲੁਧਿਆਣਾ ਸ਼ਹਿਰ ਦੇ ਮਾਡਲ ਟਾਊਨ ਵਿਚ ਪੈਂਦੇ ਤਿਕੋਨਾ ਪਾਰਕ ‘ਚ ਖੁੱਲ੍ਹੇ ਅਸਮਾਨ ਥੱਲੇ ਭੁੰਜੇ ਸੌਣ ਵਾਲੇ ਲਾਵਾਰਸ ਬਿਮਾਰ ਬਜ਼ੁਰਗ ਨੂੰ ਸਰਾਭਾ ਆਸ਼ਰਮ ਦੇ ਮੁੱਖ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਅਤੇ ਉਹਨਾਂ ਦੇ ਸਹਿਯੋਗੀ ਸੇਵਾਦਾਰ ਚੁੱਕ ਕੇ ਸਰਾਭਾ ਪਿੰਡ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿਚ ਲੈ ਆਏ। ਆਸ਼ਰਮ ਵਿਚ ਮਿਲਦੀ ਮੈਡੀਕਲ ਸਹਾਇਤਾ ਅਤੇ ਹੋਰ ਸੁਵਿਧਾਵਾਂ ਨੇ ਉਸਦੀ ਜ਼ਿੰਦਗੀ ਹੀ ਰੁਸ਼ਨਾ ਦਿੱਤੀ।
ਪਿਛਲੇ ਕੁੱਝ ਹਫ਼ਤਿਆਂ ਤੋਂ 65 ਸਾਲਾ ਸ਼ੰਕਰ ਨਾਮ ਦਾ ਇਹ ਲਵਾਰਸ ਮਰੀਜ਼ ਲੁਧਿਆਣਾ ਮਾਡਲ ਟਾਊਨ ਦੇ ਤਿਕੋਨਾ ਪਾਰਕ ਵਿੱਚ ਪਿਆ ਸੀ। ਇਸ ਪਾਰਕ ਦੇ ਨਜ਼ਦੀਕ ਹੀ ਰਹਿਣ ਵਾਲੀ ਨਿਸ਼ੂ ਨਾਮ ਦੀ ਲੜਕੀ ਨੇ ਆਸ਼ਰਮ ਵਿੱਚ ਫ਼ੋਨ ਕਰਕੇ ਉਪਰੋਕਤ ਬਜ਼ੁਰਗ ਦੇ ਪਾਰਕ ਵਿੱਚ ਪਿਆ ਹੋਣ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਇਹ ਬਜ਼ੁਰਗ ਮਲ-ਮੂਤਰ ਵੀ ਕੱਪੜਿਆਂ ਵਿੱਚ ਹੀ ਕਰਦਾ ਹੈ ਅਤੇ ਇਸਦੀ ਹਾਲਤ ਬਹੁਤ ਖਰਾਬ ਹੈ। ਜੇਕਰ ਇਸਨੂੰ ਰਹਿਣ ਲਈ ਯੋਗ ਜਗ੍ਹਾ ਤੇ ਮੈਡੀਕਲ ਸਹਾਇਤਾ ਨਾ ਮਿਲੀ ਤਾਂ ਇਸਦਾ ਬਚਣਾ ਅਸੰਭਵ ਹੈ। ਆਸ਼ਰਮ ਦੇ ਮੁੱਖ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ, ਸੇਵਾਦਾਰ ਪ੍ਰੇਮ ਸਿੰਘ ਅਤੇ ਡਰਾਇਵਰ ਹਰਦੀਪ ਸਿੰਘ ਨੇ ਤੁਰੰਤ ਉਸ ਪਾਰਕ ਵਿੱਚ ਪਹੁੰਚ ਕੇ ਦੇਖਿਆ ਕਿ ਬਜ਼ੁਰਗ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਸੀ। ਹੱਥਾਂ-ਪੈਰਾਂ ਦੇ ਵਧੇ ਹੋਏ ਨੰਹੁ, ਪੈਰਾਂ ਤੋਂ ਨੰਗਾ, ਤਨ ‘ਤੇ ਪਾਏ ਮੈਲੇ-ਕੁਚੈਲੇ ਕੱਪੜਿਆਂ ਦੇ ਵਿੱਚ ਹੀ ਮਲ-ਮੂਤਰ ਆਦਿ ਕੀਤਾ ਹੋਇਆ ਸੀ। ਆਸ਼ਰਮ ਦੇ ਸੇਵਾਦਰਾਂ ਵੱਲੋਂ ਇਸ ਬਜ਼ੁਰਗ ਨੂੰ ਚੁੱਕ ਕੇ ਆਸ਼ਰਮ ਵਿਚ ਲਿਆਂਦਾ ਗਿਆ। ਆਸ਼ਰਮ ‘ਚ ਇਸਨੂੰ ਇਸ਼ਨਾਨ ਕਰਵਾਇਆ ਗਿਆ, ਪ੍ਰਸ਼ਾਦਾ-ਪਾਣੀ ਛਕਾਇਆ ਗਿਆ, ਮੰਜਾਂ-ਬਿਸਤਰਾ ਦਿੱਤਾ ਗਿਆ ਅਤੇ ਮੈਡੀਕਲ ਸਹਾਇਤਾ ਦਿੱਤੀ ਗਈ।
ਹਾਲਤ ਵਿੱਚ ਕੁਝ ਸੁਧਾਰ ਹੋਣ ਉਪਰੰਤ ਇਹਨਾਂ ਨਾਲ ਗੱਲ-ਬਾਤ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਇਹ 12 ਸਾਲ ਦੀ ਉਮਰ ਵਿਚ ਹੀ ਲੁਧਿਆਣੇ ਆ ਗਏ ਸਨ। ਉਸ ਸਮੇਂ ਤੋਂ ਹੀ ਲੁਧਿਆਣੇ ਵਿੱਚ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਰਹਿਣ ਲਈ ਕੋਈ ਜਗ੍ਹਾ ਨਾ ਹੋਣ ਕਰਕੇ ਜ਼ਿਆਦਾਤਰ ਇਹ ਸੜਕਾਂ ਕਿਨਾਰੇ ਜਾਂ ਮੰਦਰਾਂ ਦੇ ਬਾਹਰ ਹੀ ਸੌਂ ਜਾਂਦੇ ਸਨ। ਹੁਣ ਕੁੱਝ ਹਫ਼ਤਿਆਂ ਤੋਂ ਇਹ ਮਾਡਲ ਟਾਊਨ ਦੇ ਤਿਕੋਨਾ ਪਾਰਕ ਵਿੱਚ ਭੁੰਜੇ ਹੀ ਸੌਂਦੇ ਸਨ। ਉਮਰ ਜ਼ਿਆਦਾ ਹੋਣ ਕਰਕੇ ਹੁਣ ਕੋਈ ਕੰਮ-ਕਾਜ ਵੀ ਨਹੀਂ ਮਿਲਦਾ ਸੀ, ਜਿਸ ਕਰਕੇ ਕਈ ਵਾਰ ਭੁੱਖਾ ਹੀ ਸੌਣਾ ਪੈਂਦਾ ਸੀ। ਹੁਣ ਆਸ਼ਰਮ ਵਿਚ ਆਉਣ ਉਪਰੰਤ ਚੰਗੀ ਸੇਵਾ-ਸੰਭਾਲ ਦਾ ਸਦਕਾ ਇਹ ਬਜ਼ੁਰਗ ਬਹੁਤ ਖੁਸ਼ ਦਿਖਾਈ ਦੇ ਰਹੇ ਹਨ ਕਿਉਂਕਿ ਕਿੱਥੇ ਭੁੱਖੇ ਪੇਟ ਸੜਕਾਂ ਕਿਨਾਰੇ ਭੁੰਜੇ ਹੱਡ ਰਗੜਨੇ, ਹੁਣ ਰੱਜਵਾਂ ਭੋਜਨ ਤੇ ਗਦੈਲਿਆਂ ‘ਤੇ ਸੌਣਾ।
ਇਸ ਸੰਸਥਾ ਦੇ ਬਾਨੀ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸੈਂਕੜੇ ਹੀ ਮਰੀਜ਼ਾਂ ਨੂੰ ਸੜਕਾਂ ਤੋਂ ਚੁੱਕ ਕੇ ਇਸ ਆਸ਼ਰਮ ਵਿਚ ਲਿਆਂਦਾ ਗਿਆ ਹੈ। ਇਸ ਆਸ਼ਰਮ ਵਿੱਚ ਦੋ ਸੌ (200) ਦੇ ਕਰੀਬ ਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਹੋਰ ਬਿਮਾਰੀਆਂ ਨਾਲ ਪੀੜਤ ਲਾਵਾਰਸ-ਬੇਘਰ ਮਰੀਜ਼ ਪੱਕੇ ਤੌਰ ‘ਤੇ ਰਹਿੰਦੇ ਹਨ ਜਿਨ੍ਹਾਂ ਵਿਚ ਬਹੁਤ ਸਾਰੇ ਮਰੀਜ਼ ਪੂਰੀ ਸੁੱਧ-ਬੁੱਧ ਨਾ ਹੋਣ ਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਆਸ਼ਰਮ ਵਲੋਂ ਕੀਤੀ ਜਾ ਰਹੀ ਇਹ ਨਿਰਸਵਾਰਥ ਸੇਵਾ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ।

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …