ਨਵੀਂ ਦਿੱਲੀ/ਬਿਊਰੋ ਨਿਊਜ਼
ਲੱਦਾਖ ਵਿਚ ਚੀਨ ਨਾਲ ਜਾਰੀ ਤਣਾਅ ਵਿਚਾਲੇ ਭਾਰਤ ਦੀ ਕੇਂਦਰ ਸਰਕਾਰ ਨੇ ਚੀਨ ਖਿਲਾਫ਼ ਆਰਥਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਆਈ.ਟੀ. ਤੇ ਇਲੈਕਟ੍ਰਾਨਿਕਸ ਮੰਤਰਾਲੇ ਨੇ ਭਾਰਤ ਵਿਚ ਪ੍ਰਚਲਿਤ ਚੀਨ ਦੀਆਂ 59 ਐਪ ‘ਤੇ ਪਾਬੰਦੀ ਲਗਾ ਦਿੱਤੀ। ਇਨ੍ਹਾਂ ਵਿਚ ਟਿਕਟਾਕ, ਹੈਲੋ, ਵੀਚੈਟ, ਯੂਸੀ ਨਿਊਜ਼ ਵਰਗੇ ਪ੍ਰਮੁੱਖ ਐਪ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਚੀਨ ਦੇ ਪ੍ਰਸਿੱਧ ਟਿੱਕ ਟੌਕ ਐਪ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਉਧਰ ਦੂਜੇ ਪਾਸੇ ਚੀਨ ਤੋਂ ਦਰਾਮਦ ‘ਤੇ ਲਗਾਮ ਲਈ ਵੀ ਮੰਥਨ ਸ਼ੁਰੂ ਹੋ ਗਿਆ ਹੈ। ਸਨਅਤੀ ਸੰਗਠਨਾਂ ਨਾਲ ਸਲਾਹ-ਮਸ਼ਵਰਾ ਸ਼ੁਰੂ ਹੋ ਗਿਆ ਹੈ ਕਿ ਕਦੋਂ ਤੇ ਕਿਵੇਂ ਦਰਾਮਦ ‘ਤੇ ਰੋਕ ਲਾਈ ਜਾ ਸਕਦੀ ਹੈ। ਚੀਨ ਦੇ ਐਪ ਨੂੰ ਲੈ ਕੇ ਕੌਮਾਂਤਰੀ ਪੱਧਰ ‘ਤੇ ਖਦਸ਼ਾ ਪ੍ਰਗਟਾਇਆ ਜਾਂਦਾ ਰਿਹਾ ਹੈ। ਸੋਮਵਾਰ ਨੂੰ ਸਰਕਾਰ ਨੇ ਇਸੇ ਮਾਪਦੰਡ ‘ਤੇ ਫੈਸਲਾ ਕੀਤਾ ਕਿ ਚੀਨ ਦੇ ਇਹ 59 ਐਪ ਭਾਰਤ ਦੀ ਪ੍ਰਭੂਸੱਤਾ, ਅਖੰਡਤਾ ਤੇ ਸੁਰੱਖਿਆ ਨੂੰ ਲੈ ਕੇ ਖ਼ਤਰਾ ਹਨ। ਇਸ ਲਈ ਸਰਕਾਰ ਨੇ ਆਈ.ਟੀ. ਐਕਟ ਦੇ 69ਏ ਸੈਕਸ਼ਨ ਤਹਿਤ ਇਨ੍ਹਾਂ 59 ਐਪ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੂੰ ਇਨ੍ਹਾਂ ਐਪ ਦੀ ਗਲਤ ਵਰਤੋਂ ਨੂੰ ਲੈ ਕੇ ਕਈ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ। ਸਰਕਾਰ ਨੂੰ ਇਹ ਵੀ ਸ਼ਿਕਾਇਤ ਮਿਲ ਰਹੀ ਸੀ ਕਿ ਇਹ ਐਪ ਐਂਡ੍ਰਾਇਡ ਤੇ ਆਈਓਐੱਸ ਪਲੇਟਫਾਰਮ ਤੋਂ ਡਾਟਾ ਚੋਰੀ ਕਰਨ ਵਿਚ ਵੀ ਸਹਾਇਕ ਹੈ ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਸਨ। ਸਰਕਾਰ ਦੇ ਸਾਈਬਰ ਕ੍ਰਾਈਮ ‘ਤੇ ਨਜ਼ਰ ਰੱਖਣ ਵਾਲੇ ਸੈਂਟਰ ਤੇ ਗ੍ਰਹਿ ਮੰਤਰਾਲੇ ਵੱਲੋਂ ਵੀ ਇਨ੍ਹਾਂ ਐਪ ‘ਤੇ ਰੋਕ ਲਾਉਣ ਦੀ ਸਿਫਾਰਸ਼ ਕੀਤੀ ਗਈ ਸੀ। ਭਾਰਤ ਵਿਚ ਟਿੱਕ ਟੌਕ ਦੇ ਲੱਖਾਂ ਫਾਲੋਅਰਜ਼ ਹਨ। ਸਰਕਾਰ ਦੇ ਇਸ ਫੈਸਲੇ ਨਾਲ ਭਾਰਤ ਵਿਚ ਬਣੇ ਐਪ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ, ਉੱਥੇ ਚੀਨ ਨੂੰ ਵੱਡਾ ਝਟਕਾ ਲੱਗੇਗਾ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …