ਕੈਪਟਨ ਹੀ ਹੋਣਗੇ ਪੰਜਾਬ ਦੇ ਕਪਤਾਨ
ਕੈਪਟਨ ਨੂੰ ਹਟਾਉਣ ਲਈ ਦੇਹਰਾਦੂਨ ਗਏ ਬਾਗੀ ਕਾਂਗਰਸੀਆਂ ਨੂੰ ਹਰੀਸ਼ ਰਾਵਤ ਨੇ ਭੇਜਿਆ ਵਾਪਸ
ਰਾਵਤ ਨੇ ਪੰਜਾਬ ‘ਚ ਲੀਡਰਸ਼ਿਪ ਬਦਲਣਤੋਂ ਕੀਤਾ ਇਨਕਾਰ
ਦੇਹਰਾਦੂਨ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਕਾਂਗਰਸ ਵਿਚ ਕਲੇਸ਼ ਵੀ ਵਧਦਾ ਹੀ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਇਕ ਗਰੁੱਪ ਨੇ ਝੰਡਾ ਚੁੱਕਿਆ ਹੋਇਆ ਹੈ ਕਿ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਬਦਲਿਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਕਈ ਮੰਤਰੀ ਤੇ ਵਿਧਾਇਕ ਕੈਪਟਨ ਅਮਰਿੰਦਰ ਨਾਲ ਚਟਾਨ ਵਾਂਗ ਖੜ੍ਹੇ ਹਨ। ਇੱਥੇ ਇਕ ਗੱਲ ਹੋਰ ਸਾਹਮਣੇ ਆਈ ਹੈ ਕਿ ਜਿਹੜੇ ਕਾਂਗਰਸੀ ਵਿਧਾਇਕ ਬਗਾਵਤ ਕਰਨ ਵਾਲਿਆਂ ਵਿਚ ਸ਼ਾਮਲ ਸਨ, ਉਨ੍ਹਾਂ ਵਿਚੋਂ ਵੀ ਹੁਣ ਕਈਆਂ ਨੇ ਕੈਪਟਨ ਅਮਰਿੰਦਰ ਨਾਲ ਖੜ੍ਹਨ ਦੀ ਗੱਲ ਕਰ ਦਿੱਤੀ ਹੈ। ਜਿਨ੍ਹਾਂ ‘ਚ ਰਾਜਾ ਵੜਿੰਗ, ਅੰਗਦ ਸਿੰਘ ਅਤੇ ਕੁਲਦੀਪ ਸਿੰਘ ਵੈਦ ਦੇ ਨਾਮ ਜ਼ਿਕਰਯੋਗ ਹਨ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਹੁਣ ਬਾਗੀ ਕਾਂਗਰਸੀਆਂ ਵਿਚ ਹੀ ਵੰਡ ਪੈ ਗਈ ਹੈ।
ਇਸੇ ਦੌਰਾਨ ਚਾਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸਮੇਤ ਤਿੰਨ ਵਿਧਾਇਕ ਕੈਪਟਨ ਅਮਰਿੰਦਰ ਖਿਲਾਫ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਲਈ ਦੇਹਰਾਦੂਨ ਪਹੁੰਚ ਗਏ। ਮੀਟਿੰਗ ਦੌਰਾਨ ਹਰੀਸ਼ ਰਾਵਤ ਨੇ ਬਾਗੀ ਕਾਂਗਰਸੀਆਂ ਨੂੰ ਸਪੱਸ਼ਟ ਕਹਿ ਦਿੱਤਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਹੀ ਲੜੀਆਂ ਜਾਣਗੀਆਂ। ਉਨ੍ਹਾਂ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਲੀਡਰਸ਼ਿਪ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਵਤ ਨੂੰ ਮਿਲਣ ਜਾਣ ਤੋਂ ਪਹਿਲਾਂ 30 ਦੇ ਕਰੀਬ ਕਾਂਗਰਸੀ ਵਿਧਾਇਕਾਂ ਨੇ ਤ੍ਰਿਪਤ ਰਾਜਿੰਦਰ ਬਾਜਵਾ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਮੀਟਿੰਗ ਵੀ ਕੀਤੀ ਸੀ। ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਨੂੰ ਆਪਣੇ ਵਿਧਾਇਕਾਂ ਤੋਂ ਕੋਈ ਖ਼ਤਰਾ ਨਹੀਂ ਹੈ ਤੇ ਨਾ ਹੀ ਕਾਂਗਰਸ ਦਾ ਕੋਈ ਨੁਕਸਾਨ ਹੋਣ ਵਾਲਾ ਹੈ।
ਹਰੀਸ਼ ਰਾਵਤ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਕਾਂਗਰਸ ਸਰਕਾਰ ਦੇ ਸੀਨੀਅਰ ਮੰਤਰੀਆਂ ਤੇ ਵਿਧਾਇਕਾਂ ਨੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਾਇਆ ਹੈ। ਉਹ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਦੀਆਂ ਪ੍ਰਸ਼ਾਸਨ ਦੇ ਤਰੀਕੇ ਨੂੰ ਲੈ ਕੇ ਕੁਝ ਸ਼ਿਕਾਇਤਾਂ ਹਲ। ਕਾਂਗਰਸ ਦਾ ਕੋਈ ਵਿਧਾਇਕ ਜੇਕਰ ਖੁਦ ਨੂੰ ਅਸੁਰੱਖਿਅਤ ਸਮਝਦਾ ਹੈ ਤੇ ਮੰਨਦਾ ਹੈ ਕਿ ਪ੍ਰਸ਼ਾਸਨ ਉਸ ਨੂੰ ਹਰਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਜਾਂ ਉਸ ਦੇ ਖਿਲਾਫ ਕੰਮ ਕਰ ਸਕਦਾ ਹੈ ਤਾਂ ਇਹ ਬਹੁਤ ਚਿੰਤਾ ਵਾਲੀ ਗੱਲ ਹੈ। ਰਾਵਤ ਨੇ ਕਿਹਾ ਕਿ ਕਾਂਗਰਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬ ਵਿਚ ਮਿਲ ਕੇ ਚੋਣ ਲੜੀ ਜਾਵੇ।
ਇਸੇ ਦੌਰਾਨ ਰਾਵਤ ਨੂੰ ਮਿਲਣ ਪਹੁੰਚੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਰੋਧ ਕਿਸੇ ਵਿਅਕਤੀ ਨਾਲ ਨਹੀਂ ਹੈ, ਉਹ ਚਾਹੁੰਦੇ ਹਨ ਕਿ ਚੋਣਾਂ ਵਿਚ ਪਾਰਟੀ ਇਕ ਸਪੱਸ਼ਟ ਰੋਡਮੈਪ ਨਾਲ ਊਤਰੇ। ਕੈਬਨਿਟ ਮੰਤਰੀ ਚਰਨਜੀਤ ਸਿੰਘ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਅਸੀਂ ਪੰਜਾਬ ਦੇ ਨਾਗਰਿਕਾਂ ਤੇ ਪੰਜਾਬ ਤੇ ਵਿਧਾਇਕਾਂ ਦੀਆਂ ਭਾਵਨਾਵਾਂ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਗਏ ਸੀ ਅਤੇ ਉਹ ਸਾਡੀਆਂ ਗੱਲਾਂ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਜਿਹੇ ਮਸਲੇ ਲੈ ਕੇ ਗਏ, ਜਿਹੜੇ ਅਜੇ ਤੱਕ ਹੱਲ ਨਹੀਂ ਹੋਏ। ਚੰਨੀ ਨੇ ਦੱਸਿਆ ਕਿ ਰਾਵਤ ਹੋਰਾਂ ਨੇ ਸਾਡੀ ਗੱਲ ਸੁਣ ਕੇ ਹਾਈਕਮਾਨ ਨਾਲ ਸੰਪਰਕ ਕਰਨ ਦੀ ਗੱਲ ਕਹੀ ਹੈ।
ਇਸੇ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਬਦਲਣ ਦੇ ਇਕ ਮਹੀਨੇ ਵਿਚ ਉਹ ਕਾਂਗਰਸ ਦੀ ਛਵੀ ਸੁਧਾਰ ਦੇਣਗੇ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਅਸੀਂ ਪੰਜਾਬ ਵਿਚ ਅਧੂਰੇ ਰਹਿ ਗਏ ਕਾਰਜਾਂ ਨੂੰ ਪੂਰਾ ਕਰਨ ਦੀ ਗੱਲ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕੀਤਾ ਸ਼ਕਤੀ ਪ੍ਰਦਰਸ਼ਨ
ਹੁਣ ਕੈਪਟਨ ਅਮਰਿੰਦਰ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਂਦਿਆਂ 65 ਐਮ ਐਲ ਏ ਨਾਲ ਹੋਣ ਦਾ ਦਾਅਵਾ ਕੀਤਾ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਘਰ ਹੋਈ ਡਿਨਰ ਪਾਰਟੀ ਵਿਚ 60 ਦੇ ਕਰੀਬ ਕਾਂਗਰਸੀ ਐਮ ਐਲ ਏ ਮੌਜੂਦ ਦੱਸੇ ਗਏ। ਕੈਪਟਨ ਅਮਰਿੰਦਰ ਦੀ ਮੌਜੂਦਗੀ ਵਿਚ ਹੋਏ ਇਸ ਸ਼ਕਤੀ ਪ੍ਰਦਰਸ਼ਨ ਬਾਰੇ ਰਾਜ ਕੁਮਾਰ ਵੇਰਕਾ ਨੇ ਦਾਅਵਾ ਕੀਤਾ ਕਿ 65 ਐਮ ਐਲ ਏ ਤੇ ਕੁਝ ਐਮ ਪੀ ਇਸ ਮੀਟਿੰਗ ਵਿਚ ਸ਼ਾਮਲ ਸਨ।
ਸਿੱਧੂ ਨੂੰ ਪ੍ਰਧਾਨਗੀ ਸੌਂਪੀ ਹੈ ਪਾਰਟੀ ਨਹੀਂ
ਰਾਵਤ ਨੇ ਇਹ ਵੀ ਸਪਸ਼ਟ ਕਹਿ ਦਿੱਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਇਹ ਨਾ ਸਮਝਣ ਕਿ ਪਾਰਟੀ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਤੋਂ ਕੋਈ ਵੱਡਾ ਨਹੀਂ ਹੈ ਅਤੇ ਸਿੱਧੂ ਪਾਰਟੀ ਵਿਚ ਨਵੇਂ ਹਨ। ਉਹ ਦੂਜੇ ਮਾਹੌਲ ਵਿਚੋਂ ਆਏ ਹਨ ਤੇ ਉਨ੍ਹਾਂ ਨੂੰ ਪਾਰਟੀ ਵਿਚ ਤਾਲਮੇਲ ਬਣਾਉਣ ਵਿਚ ਸਮਾਂ ਲੱਗੇਗਾ।
ਅਜਿਹੇ ਸਲਾਹਕਾਰਾਂ ਦੀ ਲੋੜ ਨਹੀਂ ਜੋ ਪਾਰਟੀ ਦਾ ਨੁਕਸਾਨ ਕਰਨ : ਰਾਵਤ
ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਲਾਹਕਾਰ ਹਟਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਅਜਿਹਾ ਨਹੀਂ ਕਰਦੇ ਤਾਂ ਹਾਈ ਕਮਾਂਡ ਉਨ੍ਹਾਂ ਨੂੰ ਹਟਾ ਦੇਵੇਗੀ। ਉਨ੍ਹਾਂ ਲੰਘੇ ਦਿਨੀਂ ਸਿੱਧੂ ਦੇ ਸਲਾਹਕਾਰਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਗਲਤ ਮਾਨਸਿਕਤਾ ਵਾਲਾ ਵੀ ਦੱਸਿਆ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਅਜਿਹੇ ਸਲਾਹਕਾਰਾਂ ਦੀ ਕੋਈ ਲੋੜ ਨਹੀਂ, ਜਿਨ੍ਹਾਂ ਦੇ ਨਿੱਤ ਨਵੇਂ ਬਿਆਨਾਂ ਕਾਰਨ ਪਾਰਟੀ ਨੂੰ ਸ਼ਰਮਸ਼ਾਰ ਹੋਣਾ ਪਵੇਗਾ।