ਜਸਟਿਨ ਟਰੂਡੋ ਨੇ ਵਾਇਰਸ ਦੀ ਦੂਜੀ ਸੰਭਾਵੀ ਲਹਿਰ ਤੋਂ ਦੇਸ਼ ਵਾਸੀਆਂ ਨੂੰ ਕੀਤਾ ਸੁਚੇਤ
ਟਰੂਡੋ ਦੀ ਸਲਾਹ ਕੈਨੇਡੀਅਨ ਦੇਸ਼ ਤੋਂ ਬਾਹਰ ਜਾਣ ਦੀ ਨਾ ਕਰਨ ਜਲਦਬਾਜ਼ੀ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਕਰੋਨਾ ਵਾਇਰਸ ਨਾਲ 8600 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਦੇਸ਼ ਭਰ ਵਿਚ ਕੋਵਿਡ-19 ਦੇ 27000 ਤੋਂ ਵੱਧ ਮਰੀਜ਼ ਅਜੇ ਵੀ ਮੌਜੂਦ ਹਨ। ਬੀਤੇ ਹਫ਼ਤਿਆਂ ਦੌਰਾਨ ਨਵੇਂ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਦੀ ਦਰ ਲਗਾਤਾਰ ਘਟੀ ਹੈ ਪਰ ਨਵੇਂ ਕੇਸ ਆਉਣੇ ਬੰਦ ਨਹੀਂ ਹੋਏ ਅਤੇ ਮੌਤਾਂ ਵੀ ਹੋ ਰਹੀਆਂ ਹਨ। ਜਿੱਥੇ ਹੁਣ ਤੱਕ ਵਾਇਰਸ ਦਾ ਸਭ ਤੋਂ ਵੱਧ ਖਤਰਾ ਬਜ਼ੁਰਗਾਂ ਨੂੰ ਦੱਸਿਆ ਜਾਂਦਾ ਸੀ ਪਰ ਹਾਲ ਹੀ ਵਿਚ 40 ਸਾਲ ਤੋਂ ਘੱਟ ਉਮਰ ਦੇ ਮਰੀਜ਼ ਵੀ ਵਧੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਦੇਸ਼ ਦੇ ਲੋਕਾਂ ਦੇ ਸਹਿਯੋਗ ਨਾਲ ਵਾਇਰਸ ਨੂੰ ਕਾਬੂ ਕੀਤਾ ਜਾ ਸਕਿਆ ਹੈ।ਉਨ੍ਹਾਂ ਇਹ ਵੀ ਆਖਿਆ ਕਿ ਸਾਨੂੰ ਵਾਇਰਸ ਦੀ ਦੂਸਰੀ ਸੰਭਾਵੀ ਲਹਿਰ ਪ੍ਰਤੀ ਵੀ ਸੁਚੇਤ ਰਹਿਣਾ ਚਾਹੀਦਾ ਹੈ। ਉਨਟਾਰੀਓ ਵਿਚ 10 ਤੋਂ ਵੱਧ ਲੋਕਾਂ ਦੀ ਇਕੱਤਰਤਾ ਕਰਨ ਦੀ ਸਖਤ ਮਨਾਹੀ ਨੂੰ ਐਮਰਜੈਂਸੀ ਹੁਕਮ ਸਮੇਤ 10 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ। ਸ਼ਹਿਰਾਂ ਵਿਚ ਬੱਸਾਂ ‘ਚ ਮਾਸਕ ਲਾਜ਼ਮੀ ਕੀਤੇ ਜਾ ਰਹੇ ਹਨ। ਏਅਰ ਕੈਨੇਡਾ ਅਤੇ ਵੈਸਟਜੈਟ ਏਅਰਲਾਈਨ ਵਲੋਂ ਜਹਾਜ਼ਾਂ ਵਿਚ ਵਿਚਾਲੇ ਦੀ ਸੀਟ ਖਾਲੀ ਰੱਖਣ ਦੀ ਸ਼ਰਤ ਹਟਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਦੇਸ਼ ਦੀ ਮੁੱਖ ਮੈਡੀਕਲ ਅਫ਼ਸਰ ਥਰੇਸਾ ਟੈਮ ਨੇ ਆਖਿਆ ਹੈ ਕਿ ਹਵਾਈ ਜਹਾਜ਼ਾਂ ਵਿਚ (ਜੇਕਰ ਸੀਟ ਖਾਲੀ ਨਹੀਂ ਰੱਖੀ ਜਾ ਸਕਦੀ ਤਾਂ) ਯਾਤਰੀਆਂ ਲਈ ਮਾਸਕ ਅਤੇ ਵਾਇਰਸ ਤੋਂ ਬਚਾਅ ਦੀਆਂ ਸਾਰੀਆਂ ਸਾਵਧਾਨੀਆਂ ਅਪਨਾਉਣਾ ਵਿਸ਼ੇਸ਼ ਤੌਰ ‘ਤੇ ਜ਼ਰੂਰੀ ਹੈ। ਅਮਰੀਕਾ ਵਿਚ ਕਰੋਨਾ ਵਾਇਰਸ ਬੇਕਾਬੂ ਹੋਣ ਕਾਰਨ ਕੈਨੇਡਾ ਵਿਚ ਵੱਡੀ ਚਿੰਤਾ ਹੈ ਅਤੇ ਆਮ ਲੋਕ ਇਸ ਗੱਲ ਤੋਂ ਡਰ ਵਿਚ ਹਨ ਕਿ ਸਰਹੱਦ ਖੋਲ੍ਹਣ ਤੋਂ ਬਾਅਦ ਅਮਰੀਕਾ ਤੋਂ ਲੋਕਾਂ ਦੇ ਆਉਣ ਨਾਲ ਵਾਇਰਸ ਦਾ ਦੁਬਾਰਾ ਜ਼ੋਰ ਵੱਧ ਸਕਦਾ ਹੈ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਹੈ ਕਿ ਸਥਿਤੀ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਰਹੱਦ ਖੋਲ੍ਹਣ ਦੀ ਕਾਹਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੈਨਡਾ ਦੇ ਲੋਕਾਂ ਨੂੰ ਦੇਸ਼ ਤੋਂ ਬਾਹਰ ਜਾਣ ਦੀ ਕੋਈ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਅੰਤਰਰਾਸ਼ਟਰੀ ਪੱਧਰ ‘ਤੇ ਸਥਿਤੀ ਅਜੇ ਚਿੰਤਜਨਕ ਹੈ। ਉਨਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਅਮਰੀਕਾ ਵਿੱਚ ਹੋ ਰਹੀਆਂ ਮੌਤਾਂ ਅਤੇ ਵੱਧ ਰਹੇ ਪਾਜ਼ੀਟਿਵ ਕੇਸਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਦੋਵਾਂ ਦੇਸ਼ਾਂ ਵਿਚਕਾਰ ਆਵਾਜਾਈ ਖੋਲ੍ਹਣ ਦਾ ਜੋਖਮ ਨਹੀਂ ਪੈਣਾ ਚਾਹੀਦਾ। ਕੈਨੇਡਾ ਦੇ ਹੋਰ ਰਾਜਾਂ ਦੇ ਮੁੱਖ ਮੰਤਰੀ ਵੀ ਅਜਿਹੀ ਚਿੰਤਾ ਪ੍ਰਗਟਾ ਚੁੱਕੇ ਹਨ। ਅਮਰੀਕਾ ਅਤੇ ਕੈਨੇਡਾ ਵਿਚਕਾਰ ਗੈਰ-ਜ਼ਰੂਰੀ ਆਵਾਜਾਈ (ਸੈਰ) ਦੀ 21 ਜੁਲਾਈ ਤੱਕ ਮਨਾਹੀ ਹੈ ਅਤੇ ਟਰੂਡੋ ਨੇ ਇਸ਼ਾਰਾ ਦਿੱਤਾ ਹੈ ਕਿ ਇਹ ਮਨਾਹੀ ਅਗਸਤ ਵਿਚ ਵੀ ਜਾਰੀ ਰਹਿ ਸਕਦੀ ਹੈ।
ਪ੍ਰਧਾਨ ਮੰਤਰੀ ਟਰੂਡੋ ਦਾ ਕੈਨੇਡਾ ਦਿਵਸ ਮੌਕੇ ਸੰਦੇਸ਼-ਬਹੁ-ਸੱਭਿਆਚਾਰਕਤਾ ਸਾਡੀ ਤਾਕਤ ਹੈ
ਟੋਰਾਂਟੋ : ਸੰਸਾਰ ਵਿਚ ਰਹਿਣ-ਮਾਨਣ ਲਈ ਅਤੇ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਵਜੋਂ ਜਾਣਿਆ ਜਾਂਦਾ ਦੇਸ਼ ਕੈਨੇਡਾ 1 ਜੁਲਾਈ 1867 ਨੂੰ ਹੋਂਦ ਵਿਚ ਆਇਆ ਸੀ, ਇਸ ਕਰਕੇ ਹਰੇਕ ਸਾਲ 1 ਜੁਲਾਈ ਨੂੰ ਕੈਨੇਡਾ ਡੇਅ ਵਜੋਂ ਮਨਾਇਆ ਜਾਂਦਾ ਹੈ । ਕੋਰੋਨਾ ਦੇ ਪ੍ਰਭਾਵ ਕਾਰਨ ਭਾਵੇਂ ਕੈਨੇਡਾ ਵਿਚ ਵੱਡੀ ਪੱਧਰ ਦੇ ਜਸ਼ਨ ਨਹੀਂ ਮਨਾਏ ਜਾ ਸਕੇ, ਪਰ ਲੋਕਾਂ ਨੇ ਆਪੋ ਆਪਣੇ ਪੱਧਰ ‘ਤੇ ਨਿੱਕੀਆਂ ਇਕੱਤਰਤਾਵਾਂ ਕੀਤੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸੰਦੇਸ਼ ਵਿਚ ਆਖਿਆ ਕਿ ਕੈਨੇਡਾ ਬਹੁਤ ਵਧੀਆ ਜਗ੍ਹਾ ਹੈ ਜਿਸ ਨੂੰ ਅਸੀਂ ਆਪਣਾ ਘਰ ਕਹਿੰਦੇ ਹਾਂ ਅਤੇ ਇਥੇ ਇਕ-ਦੂਸਰੇ ਨਾਲ ਮਿਲਜੁਲ ਕੇ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਬਹੁ-ਸੱਭਿਆਚਾਰਕਤਾ ਸਾਡੀ ਤਾਕਤ ਹੈ ਅਤੇ ਅਸੀਂ ਆਪਣੀਆਂ ਕਦਰਾਂ-ਕੀਮਤਾਂ ਦੀ ਆਪਸ ਵਿਚ ਸਾਂਝ ਪਾਉਂਦੇ ਹਾਂ।
ਦੁਨੀਆ ਦੇ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਮੁਲਕਾਂ ਵਿਚ ਤੀਜੇ ਨੰਬਰ ਦਾ ਮੁਲਕ ਬਣਨ ਵੱਲ ਵਧਿਆ ਭਾਰਤ
ਕਰੋਨਾ ਦੇ ਮਾਮਲੇ ਭਾਰਤ ‘ਚ 6 ਲੱਖ ਤੋਂ ਪਾਰ, ਕਿਸੇ ਵੀ ਪਲ਼ ਪਛਾੜ ਸਕਦਾ ਹੈ ਰੂਸ ਨੂੰ
ਨਵੀਂ ਦਿੱਲੀ : ਭਾਰਤ ਵਿਚ ਬੇਸ਼ੱਕ ਅਨਲੌਕ-2 ਸ਼ੁਰੂ ਹੋ ਗਿਆ ਹੈ ਪਰ ਕਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਬੇਸ਼ੱਕ ਭਾਰਤ ਵਿਚ ਸਿਹਤਯਾਬ ਹੋਣ ਵਾਲਿਆਂ ਦੀ ਦਰ 55 ਫੀਸਦੀ ਤੋਂ ਜ਼ਿਆਦਾ ਹੈ ਪਰ ਹਰ ਰੋਜ਼ ਔਸਤਨ 20 ਹਜ਼ਾਰ ਮਾਮਲੇ ਨਿੱਤ ਸਾਹਮਣੇ ਆ ਰਹੇ ਹਨ ਤੇ ਪਿਛਲੇ ਪੰਜ ਦਿਨਾਂ ਵਿਚ ਹੀ ਭਾਰਤ ਵਿਚ 1 ਲੱਖ ਮਾਮਲੇ ਆਉਣ ਨਾਲ ਕਰੋਨਾ ਪੀੜਤਾਂ ਦਾ ਅੰਕੜਾ 6 ਲੱਖ ਤੋਂ ਪਾਰ ਜਾ ਚੁੱਕਾ ਹੈ। ਜੇਕਰ ਇਸੇ ਤੇਜੀ ਨਾਲ ਮਾਮਲੇ ਸਾਹਮਣੇ ਆਉਂਦੇ ਰਹੇ ਤਾਂ ਆਉਂਦੇ 2 ਜਾਂ 3 ਦਿਨਾਂ ਦੇ ਦਰਮਿਆਨ ਹੀ ਭਾਰਤ, ਰੂਸ ਨੂੰ ਪਛਾੜ ਕੇ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਮੁਲਕ ਬਣ ਜਾਵੇਗਾ। ਇਕ ਦਿਨ ਪਹਿਲਾਂ ਵੀ ਭਾਰਤ ਵਿਚ 24 ਘੰਟਿਆਂ ਦੇ ਅੰਦਰ 21 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਤੇ ਖਬਰ ਲਿਖੇ ਜਾਣ ਦੇ ਸਮੇਂ ਤੱਕ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 6 ਲੱਖ 27 ਹਜ਼ਾਰ ਤੱਕ ਅੱਪੜ ਚੁੱਕੀ ਸੀ ਜਦੋਂਕਿ ਰੂਸ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 6 ਲੱਖ 61 ਹਜ਼ਾਰ ਦੇ ਕਰੀਬ ਹੈ। ਭਾਰਤ ਵਿਚ ਸਭ ਤੋਂ ਜ਼ਿਆਦਾ ਖ਼ਤਰਨਾਕ ਸਥਿਤੀ ਮਹਾਂਰਾਸ਼ਟਰ, ਤਾਮਿਲਨਾਡੂ, ਦਿੱਲੀ ਤੇ ਗੁਜ਼ਰਾਤ ਵਿਚ ਬਣੀ ਹੋਈ ਹੈ। ਭਾਰਤ ਦੇ ਕੁੱਲ ਕਰੋਨਾ ਪੀੜਤ ਮਾਮਲਿਆਂ ਵਿਚੋਂ 30 ਫੀਸਦੀ ਮਾਮਲੇ ਮਹਾਂਰਾਸ਼ਟਰ ਤੋਂ ਅਤੇ 15-15 ਫੀਸਦੀ ਦੇ ਕਰੀਬ ਮਾਮਲੇ ਤਾਮਿਲਨਾਡੂ ਤੇ ਦਿੱਲੀ ਤੋਂ ਸਾਹਮਣੇ ਆ ਰਹੇ ਹਨ। ਜਦੋਂਕਿ ਇਸ ਤੋਂ ਬਾਅਦ ਗੁਜ਼ਰਾਤ, ਉਤਰ ਪ੍ਰਦੇਸ਼ ਦੀ ਵਾਰੀ ਆਉਂਦੀ ਹੈ। ਪੰਜਾਬ ਵਿਚ ਬੇਸ਼ੱਕ ਸਥਿਤੀ ਕੰਟਰੋਲ ਵਿਚ ਪਰ ਫਿਰ ਵੀ ਚਿੰਤਾ ਇਸ ਗੱਲ ਦੀ ਹੈ ਕਿ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਖਾਸ ਕਰਕੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ ਨਿੱਤ ਨਵੇਂ ਮਾਮਲੇ ਆਉਣ ਨਾਲ ਪੰਜਾਬ ਦੀ ਸਥਿਤੀ ਚਿੰਤਾਜਨਕ ਹੈ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …