Breaking News
Home / ਹਫ਼ਤਾਵਾਰੀ ਫੇਰੀ / ਮੋਦੀ ਦੀ ਤੀਜੀ ਪਾਰੀ ਵਿਚ ਬਣੇ 71 ਮੰਤਰੀ

ਮੋਦੀ ਦੀ ਤੀਜੀ ਪਾਰੀ ਵਿਚ ਬਣੇ 71 ਮੰਤਰੀ

ਹਾਰ ਕੇ ਵੀ ਰਵਨੀਤ ਬਿੱਟੂ ਮੋਦੀ ਕੈਬਨਿਟ ‘ਚ ਲੈ ਗਏ ਕੁਰਸੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਵਿਚ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੇ ਬਹੁਮਤ ਹਾਸਲ ਕੀਤਾ ਅਤੇ ਨਰਿੰਦਰ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਬਣ ਗਏ ਹਨ। ਮੋਦੀ ਦੀ ਇਸ ਤੀਜੀ ਪਾਰੀ ਵਿਚ 71 ਮੰਤਰੀ ਬਣਾਏ ਗਏ ਹਨ ਅਤੇ ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ, ਭਾਵੇਂ ਚੋਣ ਹਾਰ ਗਏ, ਪਰ ਫਿਰ ਉਨ੍ਹਾਂ ਨੂੰ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਦੇ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਦੇਸ਼ ਦੀ ਨਵੀਂ ਸਰਕਾਰ ਤਬਦੀਲੀ ਤੇ ਲਗਾਤਾਰਤਾ ਦਾ ਸੰਕੇਤ ਦਿੰਦਿਆਂ ਕੰਮ ‘ਤੇ ਲੱਗ ਗਈ ਹੈ। ਸੋਮਵਾਰ ਨੂੰ ਜਿਨ੍ਹਾਂ ਕੈਬਨਿਟ ਮੰਤਰੀਆਂ ਤੇ ਰਾਜ ਮੰਤਰੀਆਂ ਨੂੰ ਮੰਤਰਾਲੇ ਵੰਡੇ ਗਏ ਸਨ, ਉਨ੍ਹਾਂ ਨੇ ਆਪੋ ਆਪਣੇ ਵਿਭਾਗਾਂ ਦਾ ਕਾਰਜਭਾਰ ਸੰਭਾਲ ਲਿਆ। ਮੋਦੀ ਤੇ ਉਨ੍ਹਾਂ ਦੀ ਕੇਂਦਰੀ ਕੈਬਨਿਟ ਦੇ 71 ਮੰਤਰੀਆਂ ਨੇ ਐਤਵਾਰ ਨੂੰ ਰਾਸ਼ਟਰਪਤੀ ਭਵਨ ਵਿਚ ਰੱਖੇ ਵਿਸ਼ਾਲ ਸਮਾਗਮ ਦੌਰਾਨ ਅਹੁਦੇ ਦਾ ਹਲਫ ਲਿਆ ਸੀ। ਸੱਤਾ ਦੇ ਤਬਾਦਲੇ ਦੌਰਾਨ ਐੱਨਡੀਏ ਦੀ ਮੁੱਖ ਭਾਈਵਾਲ ਭਾਜਪਾ ਨੇ ਚਾਰ ਅਹਿਮ ਮੰਤਰਾਲੇ- ਅਮਿਤ ਸ਼ਾਹ ਨੂੰ ਗ੍ਰਹਿ, ਐੱਸ.ਜੈਸ਼ੰਕਰ ਨੂੰ ਵਿਦੇਸ਼ ਮਾਮਲੇ, ਨਿਰਮਲਾ ਸੀਤਾਰਮਨ ਨੂੰ ਵਿੱਤ ਤੇ ਰਾਜਨਾਥ ਸਿੰਘ ਨੂੰ ਰੱਖਿਆ ਵਿਭਾਗ- ਆਪਣੇ ਕੋਲ ਹੀ ਰੱਖੇ ਹਨ।
ਐੱਸ.ਜੈਸ਼ੰਕਰ ਨੇ ਵਿਦੇਸ਼ ਮੰਤਰਾਲੇ ਦਾ ਚਾਰਜ ਲੈਣ ਮੌਕੇ ਕਿਹਾ ਕਿ ‘ਭਾਰਤ ਪਹਿਲਾਂ’ ਤੇ ‘ਵਾਸੂਦੇਵ ਕੁਟੁੰਬਕਮ’ (ਵਿਸ਼ਵ ਹੀ ਸਾਡਾ ਪਰਿਵਾਰ ਹੈ) ਭਾਰਤ ਦੀ ਵਿਦੇਸ਼ ਨੀਤੀ ਨੂੰ ਸੇਧ ਦੇਣ ਵਾਲੇ ਦੋ ਅਹਿਮ ਸਿਧਾਂਤ ਹਨ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਸਿਹਤ ਦੇ ਨਾਲ ਨਾਲ ਰਸਾਇਣ ਤੇ ਫਰਟੀਲਾਈਜ਼ਰਜ਼ ਮੰਤਰਾਲਿਆਂ ਦਾ ਚਾਰਜ ਵੀ ਸੰਭਾਲਿਆ। ਅਸ਼ਵਨੀ ਵੈਸ਼ਨਵ, ਜਿਨ੍ਹਾਂ ਕੋਲ ਨਵੀਂ ਸਰਕਾਰ ਵਿਚ ਇਕ ਵਾਰ ਮੁੜ ਰੇਲਵੇ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਜਿਹੇ ਅਹਿਮ ਵਿਭਾਗ ਹਨ, ਨੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਸੂਚਨਾ ਤੇ ਪ੍ਰਸਾਰਨ ਮੰਤਰੀ ਵਜੋਂ ਚਾਰਜ ਲਿਆ। ਇਸ ਮੌਕੇ ਸੂਚਨਾ ਤੇ ਪ੍ਰਸਾਰਨ ਸਕੱਤਰ ਸੰਜੈ ਜਾਜੂ ਵੀ ਹਾਜ਼ਰ ਸਨ।
ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਰੇਲ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ। ਜਿਤੇਂਦਰ ਸਿੰਘ, ਜਿਨ੍ਹਾਂ ਉੱਤਰੀ ਬਲਾਕ ਸਥਿਤ ਆਪਣੇ ਦਫ਼ਤਰ ਵਿਚ ਰਾਜ ਮੰਤਰੀ ਵਜੋਂ ਅਮਲਾ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ ਮੰਤਰਾਲੇ ਦਾ ਚਾਰਜ ਸੰਭਾਲਿਆ, ਨੇ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਸੁਸ਼ਾਸਨ ਵਿਚ ਕੀਤੇ ਗਏ ਸੁਧਾਰ ਅੱਗੋਂ ਵੀ ਜਾਰੀ ਰਹਿਣਗੇ ਤੇ ਹਰੇਕ ਨਾਗਰਿਕ ਲਈ ਸੁਖਾਲਾ ਜੀਵਨ ਯਕੀਨੀ ਬਣਾਇਆ ਜਾਵੇਗਾ। ਉਂਜ ਇਹ ਮਹਿਕਮਾ ਪ੍ਰਧਾਨ ਮੰਤਰੀ ਮੋਦੀ ਕੋਲ ਹੈ। ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨੂੰ ਕਿਹਾ, ”ਪਿਛਲੇ ਦਸ ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸ਼ਾਸਨ ਵਿਚ ਲੜੀਵਾਰ ਇਨਕਲਾਬੀ ਸੁਧਾਰ ਦੇਖਣ ਨੂੰ ਮਿਲੇ ਹਨ। ਮੋਦੀ ਬੁਨਿਆਦੀ ਤੌਰ ‘ਤੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦੀ ਭਾਵਨਾ ਤੋਂ ਪ੍ਰੇਰਿਤ ਹਨ।” ਜਿਓਤਿਰਦਿੱਤਿਆ ਸਿੰਧੀਆ, ਜਿਨ੍ਹਾਂ ਨੂੰ ਸੰਚਾਰ ਮੰਤਰੀ ਨਿਯੁਕਤ ਕੀਤਾ ਗਿਆ ਹੈ, ਨੇ ਕਿਹਾ ਕਿ ਟੈਲੀਕਾਮ ਸੈਕਟਰ ਤੇ ਇੰਡੀਆ ਪੋਸਟ ਡਿਵੀਜ਼ਨ ਦੀ ਆਲਮੀ ਦੇ ਨਾਲ ਨਾਲ ਸਥਾਨਕ ਮੰਚ ‘ਤੇ ਅਹਿਮ ਭੂਮਿਕਾ ਹੈ।
ਸਿੰਧੀਆ ਨੇ ਕਿਹਾ, ”ਬਹੁਤ ਸਾਲ ਪਹਿਲਾਂ 2007, 2008 ਤੇ 2009 ਦੌਰਾਨ ਮੈਂ ਇਸ ਵਿਭਾਗ ਵਿਚ ਜੂਨੀਅਰ ਮੰਤਰੀ ਵਜੋਂ ਕੰਮ ਕੀਤਾ ਸੀ। ਲਿਹਾਜ਼ਾ ਮੇਰੇ ਲਈ ਇਹ ਉਹ ਵਿਭਾਗ ਹੈ ਜਿਸ ਨਾਲ ਮੇਰੇ ਭਾਵਨਾਤਮਕ ਰਿਸ਼ਤੇ ਹਨ।” ਦੇਸ਼ ਦੀ ਨਵੀਂ ਮਹਿਲਾ ਤੇ ਬਾਲ ਵਿਕਾਸ ਮੰਤਰੀ ਅੰਨਾਪੂਰਨਾ ਦੇਵੀ, ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਕੰਮ ਕਰਨਗੇ। ਸਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਵੀ ਵਿਕਸਤ ਭਾਰਤ ਦੀ ਦਿਸ਼ਾ ‘ਚ ਕੰਮ ਕਰੇਗਾ।
ਸੁਨੀਲ ਜਾਖੜ ਨੇ ਪੀਐਮ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵੀਦਾਸ ਜੀ ਦੇ ਨਾਮ ‘ਤੇ ਰੱਖਣ ਦੀ ਕੀਤੀ ਅਪੀਲ
ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਆਦਮਪੁਰ ਏਅਰਪੋਰਟ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ‘ਤੇ ਰੱਖਣ ਅਤੇ ਤੁਗਲਕਾਬਾਦ ‘ਚ ਗੁਰੂ ਰਵਿਦਾਸ ਮੰਦਿਰ ਦੇ ਪੁਨਰ ਨਿਰਮਾਣ ਅਤੇ ਮੁਰੰਮਤ ਦੌਰਾਨ ਉਸ ਦੇ ਚਾਰੋਂ ਪਾਸੇ ਇਕ ਸੁੰਦਰ ਬਗੀਚਾ ਬਣਾਉਣ ਬਾਰੇ ਅਪੀਲ ਕੀਤੀ ਹੈ। ਉਨ੍ਹਾਂ ਪੱਤਰ ‘ਚ ਅੱਗੇ ਲਿਖਿਆ ਕਿ ਇਸ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੁਸ਼ਿਆਰਪੁਰ ‘ਚ ਕੀਤੀ ਗਈ ਚੋਣ ਰੈਲੀ ਦੌਰਾਨ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵੀਦਾਸ ਦੇ ਨਾਮ ‘ਤੇ ਰੱਖਣ ਦਾ ਵਾਅਦਾ ਕੀਤਾ। ਇਸ ਦੇ ਮੱਦੇਨਜ਼ਰ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰਧਾਨ ਮੰਤਰੀ ਨੂੰ ਇਹ ਪੱਤਰ ਲਿਖਿਆ ਗਿਆ ਹੈ। ਸੁਨੀਲ ਜਾਖੜ ਨੇ ਪੱਤਰ ਰਾਹੀਂ ਨਰਿੰਦਰ ਮੋਦੀ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਵੀ ਦਿੱਤੀ।
ਨਵੀਂ ਲੋਕ ਸਭਾ ਦਾ ਪਹਿਲਾ ਇਜਲਾਸ 24 ਜੂਨ ਤੋਂ
ਨਵੀਂ ਦਿੱਲੀ : 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ 24 ਜੂਨ ਤੋਂ ਸ਼ੁਰੂ ਹੋਵੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਦੱਸਿਆ ਕਿ ਇਜਲਾਸ ਦੌਰਾਨ ਨਵੇਂ ਮੈਂਬਰ ਹਲਫ ਲੈਣਗੇ ਅਤੇ ਸਪੀਕਰ ਦੀ ਚੋਣ ਕੀਤੀ ਜਾਵੇਗੀ। ਰਾਸ਼ਟਰਪਤੀ ਦਰੋਪਦੀ ਮੁਰਮੂ 27 ਜੂਨ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਜਿਸ ‘ਚ ਉਹ ਨਵੀਂ ਸਰਕਾਰ ਦੇ ਅਗਲੇ ਪੰਜ ਸਾਲ ਦਾ ਖਾਕਾ ਵੀ ਪੇਸ਼ ਕਰ ਸਕਦੇ ਹਨ। ਇਜਲਾਸ 3 ਜੁਲਾਈ ਨੂੰ ਸਮਾਪਤ ਹੋਵੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਰਿਜਿਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੂਨ ਨੂੰ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਦੀ ਸਦਨ ਦੇ ਮੈਂਬਰਾਂ ਨਾਲ ਜਾਣ-ਪਛਾਣ ਕਰਾਉਣਗੇ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਉਪਰ ਬਹਿਸ ‘ਚ ਵਿਰੋਧੀ ਧਿਰ ਦੇ ਤਿੱਖੇ ਤੇਵਰ ਦੇਖਣ ਨੂੰ ਮਿਲ ਸਕਦੇ ਹਨ ਕਿਉਂਕਿ ਇਸ ਵਾਰ 543 ਮੈਂਬਰੀ ਸਦਨ ‘ਚ ਉਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਹੈ। ਰਿਜਿਜੂ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਇਜਲਾਸ ਦੌਰਾਨ ਉਸਾਰੂ ਬਹਿਸ ਹੋਵੇ ਕਿਉਂਕਿ ਮੁਲਕ ਸਦਨ ‘ਚ ਵਧੀਆ ਬਹਿਸ ਦੇਖਣਾ ਚਾਹੁੰਦਾ ਹੈ।

 

Check Also

ਵੱਡੀ ਗਿਣਤੀ ‘ਚ ਸਟੂਡੈਂਟ ਸਟੱਡੀ ਵੀਜ਼ਾ ਦੇ ਨਾਮ ‘ਤੇ ਕੈਨੇਡਾ ਦੀ ਪੀਆਰ ਦਾ ਲੈਂਦੇ ਹਨ ਸੁਪਨਾ

ਸਟੱਡੀ ਪਰਮਿਟ ਕੈਨੇਡਾ ‘ਚ ਪੀਆਰ ਦੀ ਗਾਰੰਟੀ ਨਹੀਂ : ਮਾਰਕ ਮਿੱਲਰ ਇੰਟਰਨੈਸ਼ਨਲ ਸਟੂਡੈਂਟ ਨੂੰ ਇਸ …