ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਸੇਖੂਪੁਰ ਪਹੁੰਚੇ। ਗੁਰਦੁਆਰਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਜੋ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਹਿ ‘ਤੇ ਹੀ ਹੋਈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸੰਘਰਸ਼ ਨੂੰ ਦਬਾਉਣ ਲਈ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਭਾਈ ਭੁਪਿੰਦਰ ਸਿੰਘ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿਚ ਪਵਿੱਤਰ ਕੁਰਾਨ ਦੀ ਬੇਅਦਬੀ ਤੇ ਲੁਧਿਆਣਾ ਵਿਚ ਗੀਤਾ ਦੀ ਬੇਅਦਬੀ ਪਿੱਛੇ ਵੀ ਪੰਜਾਬ ਸਰਕਾਰ ਦਾ ਹੱਥ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਜਾਂਚ ਪੂਰੀ ਹੋਵੇਗੀ ਤਾਂ ਬਾਦਲ ਸਰਕਾਰ ਹੀ ਦੋਸ਼ੀ ਪਾਈ ਜਾਵੇਗੀ। ਇਸ ਦੌਰਾਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਬਾਦਲ ਸਰਕਾਰ ਉਨ੍ਹਾਂ ‘ਤੇ ਹੋਏ ਹਮਲੇ ਸਬੰਧੀ ਦੋਹਰੇ ਮਾਪਦੰਡ ਅਪਣਾ ਰਹੀ ਹੈ, ਕਿਉਂਕਿ ਆਰ.ਐਸ.ਐਸ. ਆਗੂ ਦੇ ਹਮਲਾਵਰਾਂ ਨੂੰ ਫੜਨ ਲਈ 10 ਲੱਖ ਰੁਪਏ ਦਾ ਇਨਾਮ ਅਤੇ ਪੁਲਿਸ ਦੀ ਨੌਕਰੀ ਦਾ ਐਲਾਨ ਕੀਤਾ ਗਿਆ ਹੈ ਜਦੋਂ ਕਿ ਉਨ੍ਹਾਂ ‘ਤੇ ਹੋਏ ਹਮਲੇ ਦੇ ਦੋਸ਼ੀ ਅਜੇ ਤੱਕ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਸਬੰਧੀ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਹਮਲਾਵਰਾਂ ਦਾ ਪਤਾ ਲੱਗ ਜਾਣ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ। ਇੱਥੇ ਸਿੱਖਾਂ ਲਈ ਵੱਖਰਾ ਕਾਨੂੰਨ ਚਲਾਇਆ ਜਾ ਰਿਹਾ ਹੈ। ਸਾਰਾ ਕੁਝ ਸ਼ੀਸ਼ੇ ਵਾਂਗ ਸਾਫ਼ ਹੋ ਚੁੱਕਾ ਹੈ। ਦੋਸ਼ੀਆਂ ਦਾ ਪਤਾ ਚੱਲ ਚੁੱਕਾ ਹੈ, ਸੰਸਥਾ ਦਾ ਪਤਾ ਲੱਗ ਗਿਆ ਹੈ, ਗੱਡੀਆਂ ਕਿਸ ਦੀਆਂ ਹਨ ਇਹ ਪਤਾ ਲੱਗ ਗਿਆ। ਫਿਰ ਵੀ ਇਸ ‘ਤੇ ਪਰਦਾ ਪਾਇਆ ਜਾ ਰਿਹਾ ਹੈ। ਸੰਤ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਅਦਾਲਤ ਤੋਂ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ।
ਸੰਤ ਢੱਡਰੀਆਂ ਵਾਲੇ ‘ਤੇ ਹਮਲੇ ਪਿੱਛੇ ਪੰਜਾਬ ਸਰਕਾਰ : ਅਮਰਿੰਦਰ ਸਿੰਘ
RELATED ARTICLES

