ਸੂਬੇ ‘ਚ 110 ਕੁੜੀਆਂ ਦੀ ਪਟਵਾਰੀ ਵਜੋਂ ਨਿਯੁਕਤੀ, ਥਾਣਿਆਂ ‘ਚ ਸਹਾਇਕ ਮੁਨਸ਼ੀ ਲੱਗੀਆਂ ਕੁੜੀਆਂ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੀਆਂ ਧੀਆਂ ਨੇ ਇਹ ਨਵੀਂ ਪੁਲਾਂਘ ਪੁੱਟੀ ਹੈ। ਇੱਕ ਧੀ ਮੁਨਸ਼ੀ ਤੇ ਦੂਜੀ ਪਟਵਾਰੀ। ਧੀਆਂ ਪਾਈਲਟ ਤਾਂ ਬਣੀਆਂ ਹੀ ਹਨ। ਹੁਣ ਜ਼ਮੀਨਾਂ ਦੀ ਮਿਣਤੀ ਤੇ ਤਕਸੀਮਾਂ ਦਾ ਖ਼ਾਕਾ ਵੀ ਕੁੜੀਆਂ ਵਾਹੁਣਗੀਆਂ। ਪੰਜਾਬ ਦੇ ਪਟਵਾਰ ਘਰਾਂ ਵਿਚ ਹੁਣ ਕੁੜੀਆਂ ਬੈਠਣਗੀਆਂ। ਪੰਜਾਬ ਸਰਕਾਰ ਤਰਫ਼ੋਂ ਜੋ ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਗਈ ਹੈ, ਉਸ ਵਿਚ 110 ਕੁੜੀਆਂ ਪਟਵਾਰੀ ਵਜੋਂ ਭਰਤੀ ਹੋਈਆਂ ਹਨ। ਕੋਈ ਕੁੜੀ ਐਮਟੈੱਕ ਹੈ ਤੇ ਕੋਈ ਪੀਐਚ.ਡੀ ਕਰ ਰਹੀ ਹੈ। ਇਨ੍ਹਾਂ ਕੁੜੀਆਂ ਨੂੰ ਸਿਖਲਾਈ ਮੁਕੰਮਲ ਹੋਣ ਮਗਰੋਂ ਨਿਯੁਕਤੀ ਪੱਤਰ ਮਿਲ ਗਏ ਹਨ। ਆਉਂਦੇ ਦਿਨਾਂ ਵਿਚ ਕਈ ਪਿੰਡਾਂ ਦੇ ਪਟਵਾਰ ਘਰਾਂ ਵਿਚ ਕੁੜੀਆਂ ਨਜ਼ਰ ਪੈਣਗੀਆਂ। ਪੁਰਾਣੇ ਵੇਲਿਆਂ ਵਿਚ ਇਹ ਬੋਲ ਕੰਨਾਂ ਵਿਚ ਗੂੰਜਦੇ ਹੁੰਦੇ ਸਨ ‘ਦੋ ਵੀਰ ਦੇਈਂ ਵੇ ਰੱਬਾ, ਇੱਕ ਮੁਨਸ਼ੀ ਤੇ ਇੱਕ ਪਟਵਾਰੀ’। ਪੰਜਾਬ ਵਿਚ ਪਹਿਲੀ ਦਫ਼ਾ ਪਟਵਾਰੀ ਲੱਗਣ ਵਾਸਤੇ ਕੁੜੀਆਂ ਨਿੱਤਰੀਆਂ ਹਨ। ਉਂਜ, ਤਰਸ ਦੇ ਆਧਾਰ ‘ਤੇ ਦਿੱਤੀਆਂ ਨੌਕਰੀਆਂ ਤਹਿਤ ਕੁੱਝ ਕੁੜੀਆਂ ਪਹਿਲਾਂ ਵੀ ਪਟਵਾਰ ਘਰਾਂ ਵਿਚ ਪੁੱਜੀਆਂ ਸਨ। ਨਵੀਂ ਭਰਤੀ ਵਜੋਂ ਕੁੜੀਆਂ ਪਹਿਲੀ ਵਾਰ ਪਟਵਾਰ ਘਰਾਂ ਵੱਲ ਤੁਰੀਆਂ ਹਨ। ਪੰਜਾਬ ਸਰਕਾਰ ਵਲੋਂ 1227 ਪਟਵਾਰੀ ਨਿਯੁਕਤ ਕਰਨ ਵਾਸਤੇ 2016 ਵਿਚ ਪ੍ਰਕਿਰਿਆ ਸ਼ੁਰੂ ਕੀਤੀ ਗਈ। ਕਰੀਬ 65000 ਉਮੀਦਵਾਰਾਂ ਦੀ ਮੈਰਿਟ ਸੂਚੀ ਬਣੀ। ਨਿਯੁਕਤੀ ਮਗਰੋਂ ਇਨ੍ਹਾਂ ਉਮੀਦਵਾਰਾਂ ਨੇ ਇੱਕ ਵਰ੍ਹਾ ‘ਸਟੇਟ ਪਟਵਾਰ ਸਕੂਲ ਜਲੰਧਰ’ ਅਤੇ ਦਰਜਨ ਜ਼ਿਲ੍ਹਿਆਂ ਵਿਚ ਬਣਾਏ ਆਰਜ਼ੀ ਪਟਵਾਰ ਸਕੂਲਾਂ ਵਿਚ ਸਿਖਲਾਈ ਲਈ। ਉਸ ਮਗਰੋਂ ਛੇ ਮਹੀਨੇ ਫ਼ੀਲਡ ਵਿਚ ਸਿਖਲਾਈ ਲਈ। ਹੁਣ ਇਨ੍ਹਾਂ ਉਮੀਦਵਾਰਾਂ ਨੂੰ ਸਟੇਸ਼ਨਾਂ ਦੀ ਅਲਾਟਮੈਂਟ ਕੀਤੀ ਜਾਣ ਲੱਗੀ ਹੈ। ਇਨ੍ਹਾਂ ਉਮੀਦਵਾਰਾਂ ਵਿਚ 110 ਕੁੜੀਆਂ ਵੀ ਸ਼ਾਮਿਲ ਹਨ, ਜੋ ਉੱਚ ਸਿੱਖਿਆ ਹਾਸਲ ਹਨ। ਬਠਿੰਡਾ ਜ਼ਿਲ੍ਹੇ ਵਿਚ 11 ਅਤੇ ਮੋਗਾ ਜ਼ਿਲ੍ਹੇ ਵਿਚ ਤਿੰਨ ਕੁੜੀਆਂ ਨੂੰ ਨਿਯੁਕਤੀ ਪੱਤਰ ਮਿਲੇ ਹਨ।
ਬਠਿੰਡਾ ਦੀ ਗਲੈਕਸੀ ਬਾਂਸਲ ਹੁਣ ਪੀਐੱਚਡੀ ਕਰ ਰਹੀ ਹੈ ਜੋ ਪਟਵਾਰੀ ਵਜੋਂ ਤਾਇਨਾਤ ਕੀਤੀ ਗਈ ਹੈ। ਪੋਸਟ ਗਰੈਜੂਏਟ ਲੜਕੀ ਅਨੂਪਜੀਤ ਕੌਰ ਨੇ ਹੁਣ ਸਿਖਲਾਈ ਮੁਕੰਮਲ ਕੀਤੀ ਹੈ। ਮੁਕਤਸਰ ਦੇ ਪਿੰਡ ਕਾਉਣੀ ਦਾ ਨਵ ਨਿਯੁਕਤ ਪਟਵਾਰੀ ਰੁਪਿੰਦਰ ਸਿੰਘ ਵੀ ਪੀਐੱਚਡੀ ਕਰ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦਾ ਨਵ ਨਿਯੁਕਤ ਪਟਵਾਰੀ ਮਹਾਜਨ ਵੀ ਜਲੰਧਰ ਤੋਂ ਪੀਐੱਚਡੀ ਕਰ ਰਿਹਾ ਹੈ। ਮਾਲ ਰਿਕਾਰਡ ਵਿਭਾਗ ਜਲੰਧਰ ਦੇ ਡਿਪਟੀ ਡਾਇਰੈਕਟਰ ਸੰਜੀਵ ਸ਼ਰਮਾ ਨੇ ਮੋਟੇ ਅੰਦਾਜ਼ੇ ਨਾਲ ਦੱਸਿਆ ਕਿ ਨਵੀਂ ਭਰਤੀ ਵਿਚ ਕਰੀਬ 65 ਫ਼ੀਸਦੀ ਤਾਂ ਬੀਟੈੱਕ ਅਤੇ ਐਮਟੈੱਕ ਨਵ ਨਿਯੁਕਤ ਪਟਵਾਰੀ ਹਨ। ਕਰੀਬ ਢਾਈ ਦਹਾਕੇ ਮਗਰੋਂ ਨਵੀਂ ਭਰਤੀ ਹੋਈ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਕਰੀਬ 110 ਕੁੜੀਆਂ ਵੀ ਹਨ। ਮਹਿਲਾ ਆਗੂ ਮੁਖ਼ਤਿਆਰ ਕੌਰ ਬੱਲੋ ਨੇ ਇਸ ਨੂੰ ਚੰਗੀ ਸ਼ੁਰੂਆਤ ਦੱਸਿਆ ਕਿ ਪਟਵਾਰ ਘਰਾਂ ਵਿਚ ਹੁਣ ਪੇਂਡੂ ਔਰਤਾਂ ਨੂੰ ਵੀ ਕੰਮ ਕਾਰਾਂ ਲਈ ਥੋੜ੍ਹੀ ਸੌਖ ਹੋਵੇਗੀ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਵੀ ਥਾਣਿਆਂ ਵਿਚ ਮੁੱਢਲੇ ਪੜਾਅ ‘ਤੇ ਸਹਾਇਕ ਮੁਨਸ਼ੀ ਵਜੋਂ ਮਹਿਲਾ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੈ। ਬਹੁਤੇ ਥਾਣਿਆਂ ਵਿਚ ਨਵੀਆਂ ਮਹਿਲਾ ਮੁਲਾਜ਼ਮਾਂ ਸਹਾਇਕ ਮੁਨਸ਼ੀ ਵਜੋਂ ਕੰਮ ਕਰ ਰਹੀਆਂ ਹਨ। ਬਠਿੰਡਾ ਦੇ ਦਰਜਨ ਥਾਣਿਆਂ ਵਿਚ ਮਹਿਲਾ ਮੁਲਾਜ਼ਮ ਸਹਾਇਕ ਮੁਨਸ਼ੀ ਵਜੋਂ ਤਾਇਨਾਤ ਹਨ। ਵੇਖਣ ਵਿਚ ਮਿਲਿਆ ਹੈ ਕਿ ਪਟਵਾਰੀ ਅਤੇ ਮਹਿਲਾ ਪੁਲਿਸ ਮੁਲਾਜ਼ਮ ਵਜੋਂ ਤਾਇਨਾਤ ਕੁੜੀਆਂ ਆਮ ਘਰਾਂ ਦੀਆਂ ਹਨ ਜਿਨ੍ਹਾਂ ਨੂੰ ਮੁਨਸ਼ੀ ਤੇ ਪਟਵਾਰੀ ਲੱਗਣ ਦਾ ਮਾਣ ਵੀ ਮਿਲਿਆ ਹੈ।
ਢਾਈ ਸੌ ਨੇ ਨੌਕਰੀ ਛੱਡੀ : ਭਰਤੀ ਕੀਤੇ ਨਵ ਨਿਯੁਕਤ ਪਟਵਾਰੀਆਂ ਵਿਚੋਂ ਕਰੀਬ 250 ਪਟਵਾਰੀ ਸਿਖਲਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਨੌਕਰੀ ਛੱਡ ਗਏ ਹਨ। ਪੰਜਾਬ ਸਰਕਾਰ ਨੇ ਕਰੀਬ ਤਿੰਨ ਵਰ੍ਹੇ ਤਾਂ ਪ੍ਰਕਿਰਿਆ ਵਿਚ ਹੀ ਕੱਢ ਦਿੱਤੇ ਅਤੇ ਇਸੇ ਦੌਰਾਨ ਬਹੁਤੇ ਉਮੀਦਵਾਰਾਂ ਨੇ ਹੋਰਨਾਂ ਵਿਭਾਗਾਂ ਵਿਚ ਨੌਕਰੀਆਂ ਹਾਸਲ ਕਰ ਲਈਆਂ। ਉਨ੍ਹਾਂ ਪਟਵਾਰੀ ਦੀ ਨੌਕਰੀ ਨੂੰ ਤਰਜੀਹ ਨਹੀਂ ਦਿੱਤੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …