ਪੀਐਮ ਨੇ ਵਿਰੋਧੀ ਗੱਠਜੋੜ ਦੇ ਆਗੂਆਂ ਨੂੰ ‘ਕਾਇਰ’ ਦੱਸਿਆ
ਮੁਜ਼ੱਫਰਪੁਰ(ਬਿਹਾਰ)/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ‘ਤੇ ਜ਼ੋਰਦਾਰ ਹੱਲਾ ਬੋਲਦਿਆਂ ਇਸ ਦੀ ਲੀਡਰਸ਼ਿਪ ਨੂੰ ‘ਕਾਇਰ’ ਆਖਿਆ ਅਤੇ ਕਿਹਾ ਕਿ ਉਹ ਪਾਕਿਸਤਾਨ ਦੀ ਪ੍ਰਮਾਣੂ ਸ਼ਕਤੀ ਤੋਂ ਡਰੀ ਹੋਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਹਾਜ਼ੀਪੁਰ, ਮੁਜ਼ੱਫਰਪੁਰ ਅਤੇ ਸਾਰਨ ਲੋਕ ਸਭਾ ਹਲਕਿਆਂ ਵਿੱਚ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਮੋਦੀ ਨੇ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਦਾ ਨਾਮ ਲਏ ਬਿਨਾਂ ਉਨ੍ਹਾਂ ਦੇ ਤਾਜ਼ਾ ਬਿਆਨ ‘ਤੇ ਇਹ ਟਿੱਪਣੀ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ”ਇੰਡੀਆ’ ਗੱਠਜੋੜ ਦੇ ਆਗੂਆਂ ਦੇ ਇਹ ਕਿਸ ਤਰ੍ਹਾਂ ਦੇ ਬਿਆਨ ਆ ਰਹੇ ਹਨ।
ਇਹ ਲੋਕ ਇੰਨੇ ਡਰੇ ਹੋਏ ਹਨ ਕਿ ਇਨ੍ਹਾਂ ਨੂੰ ਰਾਤ ਨੂੰ ਸੁਪਨੇ ਵਿੱਚ ਵੀ ਪਾਕਿਸਤਾਨ ਦਾ ਪਰਮਾਣੂ ਬੰਬ ਦਿਖਾਈ ਦਿੰਦਾ ਹੈ।
ਕਹਿੰਦੇ ਹਨ ਕਿ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ।” ਉਨ੍ਹਾਂ ਕਿਹਾ, ਜੇਕਰ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ ਤਾਂ ਅਸੀਂ ਪਾ ਦੇਵਾਂਗੇ। ਉਨ੍ਹਾਂ ਨੂੰ ਆਟਾ ਵੀ ਚਾਹੀਦਾ ਹੈ, ਬਿਜਲੀ ਵੀ ਨਹੀਂ ਹੈ। ਹੁਣ ਤੱਕ ਸਾਨੂੰ ਪਤਾ ਨਹੀਂ ਸੀ ਕਿ ਉਸ ਕੋਲ ਚੂੜੀਆਂ ਵੀ ਨਹੀਂ ਹਨ।”
ਤਖਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਨਰਿੰਦਰ ਮੋਦੀ
ਪਟਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖ਼ਤ ਸੁਰੱਖਿਆ ਹੇਠ ਸੋਮਵਾਰ ਨੂੰ ਪਟਨਾ ਦੇ ਗੁਰਦੁਆਰਾ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ। ਪ੍ਰਧਾਨ ਮੰਤਰੀ ਦੀ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਦਸਤਾਰ ਸਜਾ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਗੁਰਦੁਆਰੇ ਵਿੱਚ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ। ਉਨ੍ਹਾਂ ਨੇ ਇੱਕ ਦਿਨ ਪਹਿਲਾਂ ਪਟਨਾ ਵਿੱਚ ਰੋਡ ਸ਼ੋਅ ਕੀਤਾ ਸੀ। ਉਨ੍ਹਾਂ ‘ਐਕਸ’ ‘ਤੇ ਪੰਜਾਬੀ ਵਿੱਚ ਲਿਖਿਆ, ”ਅੱਜ ਸਵੇਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿੱਚ ਅਰਦਾਸ ਕੀਤੀ। ਇਸ ਪਵਿੱਤਰ ਸਥਾਨ ਦੀ ਪਵਿੱਤਰਤਾ, ਸ਼ਾਂਤੀ ਅਤੇ ਅਮੀਰ ਇਤਿਹਾਸ ਦਾ ਅਨੁਭਵ ਕਰਕੇ ਸਚਮੁੱਚ ਧੰਨ ਮਹਿਸੂਸ ਕੀਤਾ। ਇਸ ਗੁਰਦੁਆਰਾ ਸਾਹਿਬ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਡੂੰਘਾ ਸਬੰਧ ਹੈ। ਸਾਡੀ ਸਰਕਾਰ ਨੂੰ 350ਵਾਂ ਪ੍ਰਕਾਸ਼ ਪੁਰਬ ਸ਼ਾਨਦਾਰ ਢੰਗ ਨਾਲ ਮਨਾਉਣ ਦਾ ਮਾਣ ਹਾਸਲ ਹੋਇਆ ਹੈ। ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਅਤੇ ਮਾਰਗਦਰਸ਼ਨ ਕਰਦੀਆਂ ਹਨ।”