ਮੁੰਬਈ/ਬਿਊਰੋ ਨਿਊਜ਼
ਮਹਾਰਾਸ਼ਟਰ ਦੇ ਦਿੱਗਜ਼ ਕਾਂਗਰਸੀ ਆਗੂ ਅਸ਼ੋਕ ਚਵਾਨ ਨੇ ਕਾਂਗਰਸ ਪਾਰਟੀ ਵਿਚੋਂ ਅਸਤੀਫਾ ਦੇ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਵਿਧਾਇਕ ਦਾ ਅਹੁਦਾ ਵੀ ਛੱਡ ਦਿੱਤਾ ਹੈ। ਅਸ਼ੋਕ ਚਵਾਨ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ ਕਿ ਅਸ਼ੋਕ ਚਵਾਨ ਹੁਣ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਸ਼ੋਕ ਚਵਾਨ ਦੇ ਨਾਲ ਕਈ ਹੋਰ ਕਾਂਗਰਸੀ ਆਗੂ ਅਤੇ ਵਿਧਾਇਕ ਵੀ ਭਾਜਪਾ ਵਿਚ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਮਹਾਰਾਸ਼ਟਰ ਵਿਚੋਂ ਕਾਂਗਰਸ ਦਾ ਇਕ ਵੀ ਰਾਜ ਸਭਾ ਮੈਂਬਰ ਨਹੀਂ ਚੁਣਿਆ ਜਾ ਸਕੇਗਾ। ਇਸਦੇ ਚੱਲਦਿਆਂ ਮਹਾਰਾਸ਼ਟਰ ਦੇ ਡਿਪਟੀ ਸੀਐਮ ਦੇਵਿੰਦਰ ਫੜਨਵੀਸ ਨੇ ਕਿਹਾ ਹੈ ਕਿ ਅੱਗੇ ਅੱਗੇ ਦੇਖੋ ਹੁੰਦਾ ਕੀ ਹੈ। ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਤਿੰਨ ਵੱਡੇ ਆਗੂ ਕਾਂਗਰਸ ਪਾਰਟੀ ਵਿਚੋਂ ਅਸਤੀਫਾ ਦੇ ਚੁੱਕੇ ਹਨ, ਜਿਨ੍ਹਾਂ ਵਿਚ ਕਾਂਗਰਸੀ ਆਗੂ ਮਿਲਿੰਦ ਦੇਵੜਾ ਦਾ ਨਾਂ ਵੀ ਸ਼ਾਮਲ ਹੈ।